ਵੱਡੇ ਅਫ਼ਸਰਾਂ ''ਤੇ ਡਿੱਗੇਗੀ ਗਾਜ, ਐਕਸ਼ਨ ਮੋਡ ''ਚ ਜਲੰਧਰ ਦੇ ਮੇਅਰ ਵਿਨੀਤ ਧੀਰ, ਦਿੱਤੀ ਸਖ਼ਤ ਚਿਤਾਵਨੀ
Wednesday, Mar 12, 2025 - 11:17 AM (IST)

ਜਲੰਧਰ (ਖੁਰਾਣਾ)–ਜਲੰਧਰ ਨਗਰ ਨਿਗਮ ਦੇ 7ਵੇਂ ਅਤੇ ਸ਼ਹਿਰ ਦੇ ਪਹਿਲੇ ਆਮ ਆਦਮੀ ਪਾਰਟੀ ਦੇ ਮੇਅਰ ਵਨੀਤ ਧੀਰ ਨੇ ਅੱਜ ਤੋਂ ਠੀਕ 2 ਮਹੀਨੇ ਪਹਿਲਾਂ ਯਾਨੀ 11 ਜਨਵਰੀ ਨੂੰ ਮੇਅਰ ਦੀ ਪੋਸਟ ਦਾ ਕਾਰਜਭਾਰ ਸੰਭਾਲਿਆ ਸੀ। ਇਸ ਤੋਂ ਪਹਿਲਾਂ 2 ਸਾਲ ਤੋਂ ਵੀ ਜ਼ਿਆਦਾ ਲੰਮੇ ਸਮੇਂ ਤਕ ਜਲੰਧਰ ਨਿਗਮ ’ਤੇ ਅਫ਼ਸਰਸ਼ਾਹੀ ਦਾ ਰਾਜ ਰਿਹਾ ਅਤੇ ਉਨ੍ਹਾਂ 2 ਸਾਲਾਂ ਵਿਚ ਜਲੰਧਰ ਨਗਰ ਨਿਗਮ ਦਾ ਸਿਸਟਮ ਬਿਲਕੁਲ ਵਿਗੜ ਗਿਆ। ਉਨ੍ਹਾਂ ਦਿਨਾਂ ਵਿਚ ਨਗਰ ਨਿਗਮ ਨੇ ਅਫ਼ਸਰਾਂ ਨੇ ਖ਼ੂਬ ਮਨਮਾਨੀਆਂ ਕੀਤੀਆਂ, ਜਿਸ ਕਾਰਨ ਲੋਕਾਂ ਦੀ ਨਿਗਮ ਵਿਚ ਸੁਣਵਾਈ ਬਿਲਕੁਲ ਬੰਦ ਹੋ ਗਈ। ਦਸੰਬਰ 2024 ਵਿਚ ਜਦੋਂ ਪੰਜਾਬ ਸਰਕਾਰ ਨੇ ਜਲੰਧਰ ਨਿਗਮ ਦੀਆਂ ਚੋਣਾਂ ਕਰਵਾਉਣ ਦਾ ਪ੍ਰੋਗਰਾਮ ਬਣਾਇਆ ਤਾਂ ਲਗਭਗ ਇਕ ਮਹੀਨੇ ਪਹਿਲਾਂ ਮੁੱਖ ਮੰਤਰੀ ਦਫ਼ਤਰ ਤੋਂ ਆਏ ਨਿਰਦੇਸ਼ਾਂ ਅਤੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੇ ਦਬਾਅ ਹੇਠ ਨਿਗਮ ਦੇ ਅਫ਼ਸਰਾਂ ਨੇ ਸ਼ਹਿਰ ਦੀ ਸ਼ਕਲ-ਸੂਰਤ ਬਦਲਣ ਦਾ ਕੰਮ ਸ਼ੁਰੂ ਕੀਤਾ। ਇਕ ਮਹੀਨੇ ਵਿਚ ਨਿਗਮ ਦੇ ਅਫ਼ਸਰਾਂ ਵੱਲੋਂ ਕੋਟੇਸ਼ਨ ਅਤੇ ਸੈਂਕਸ਼ਨ ਦੇ ਆਧਾਰ ’ਤੇ ਕਰੋੜਾਂ ਰੁਪਏ ਦੇ ਕੰਮ ਕਰਵਾ ਲਏ ਗਏ। ਇਸ ਦੇ ਬਾਵਜੂਦ ਜਲੰਧਰ ਨਗਰ ਨਿਗਮ ਵਿਚ ਆਮ ਆਦਮੀ ਪਾਰਟੀ ਨੂੰ ਬਹੁਮਤ ਪ੍ਰਾਪਤ ਨਹੀਂ ਹੋਇਆ ਅਤੇ ਸੱਤਾ ਧਿਰ ਨੂੰ ਜੋੜ-ਤੋੜ ਦਾ ਸਹਾਰਾ ਲੈਣਾ ਪਿਆ।
ਇਹ ਵੀ ਪੜ੍ਹੋ : ਪੰਜਾਬ 'ਚ 14 ਮਾਰਚ ਲਈ ਹੋ ਗਿਆ ਵੱਡਾ ਐਲਾਨ, ਵੱਡੀ ਮੁਸੀਬਤ 'ਚ ਪੈ ਸਕਦੇ ਨੇ ਲੋਕ !
ਮੇਅਰ ਵਨੀਤ ਧੀਰ ਦੇ 2 ਮਹੀਨੇ ਦੀ ਕਾਰਜਕਾਲ ਦੀ ਗੱਲ ਕਰੀਏ ਤਾਂ ਇਸ ਦੌਰਾਨ ਉਨ੍ਹਾਂ ਦੇ ਸਾਹਮਣੇ ਕਈ ਚੁਣੌਤੀਆਂ ਆਈਆਂ। ਨਗਰ ਨਿਗਮ ਦੀਆਂ ਦੋਵਾਂ ਯੂਨੀਅਨਾਂ ਨੇ ਉਨ੍ਹਾਂ ਦੇ ਸਾਹਮਣੇ ਆਪਣੀਆਂ-ਆਪਣੀਆਂ ਮੰਗਾਂ ਦੇ ਚਾਰਟਰ ਰੱਖੇ, ਜਿਨ੍ਹਾਂ ਵਿਚ ਮੇਅਰ ਕਾਫੀ ਉਲਝੇ ਵੀ ਰਹੇ। ਮੇਅਰ ਨੂੰ ਸਭ ਤੋਂ ਜ਼ਿਆਦਾ ਤੰਗੀ ਨਿਗਮ ਦੇ ਓ. ਐਂਡ ਐੱਮ. ਵਿਭਾਗ ਤੋਂ ਆਈ, ਜਿਸ ਦੇ ਜ਼ਿੰਮੇ ਸ਼ਹਿਰ ਦੀ ਵਾਟਰ ਸਪਲਾਈ ਅਤੇ ਸੀਵਰੇਜ ਵਿਵਸਥਾ ਦੀ ਜ਼ਿੰਮੇਵਾਰੀ ਹੈ। ਇਨ੍ਹਾਂ 2 ਮਹੀਨਿਆਂ ਵਿਚ ਸ਼ਾਇਦ ਇਕ ਦਿਨ ਵੀ ਅਜਿਹਾ ਨਹੀਂ ਬੀਤਿਆ ਜਦੋਂ ਪਾਣੀ ਅਤੇ ਸੀਵਰ ਨੂੰ ਲੈ ਕੇ ਨਿਗਮ ਵਿਰੁੱਧ ਪ੍ਰਦਰਸ਼ਨ ਨਾ ਹੋਏ ਹੋਣ। ਖੁਦ ਮੇਅਰ ਦਾ ਆਪਣਾ ਵਾਰਡ ਸੀਵਰ ਦੇ ਗੰਦੇ ਪਾਣੀ ਵਿਚ ਕਈ-ਕਈ ਦਿਨ ਡੁੱਬਿਆ ਰਿਹਾ। ਇਸ ਤੋਂ ਇਲਾਵਾ ਉਨ੍ਹਾਂ ਨੂੰ ਬੰਦ ਪਈਆਂ ਸਟਰੀਟ ਲਾਈਟਾਂ, ਟੁੱਟੀਆਂ ਸੜਕਾਂ, ਜਗ੍ਹਾ-ਜਗ੍ਹਾ ਲੱਗੇ ਕੂੜੇ ਦੇ ਢੇਰਾਂ ਅਤੇ ਸੜਕਾਂ ’ਤੇ ਹੋਏ ਕਬਜ਼ਿਆਂ ਅਤੇ ਸਾਫ਼-ਸਫ਼ਾਈ ਵਿਵਸਥਾ ਸਬੰਧੀ ਕਈ ਦਿੱਕਤਾਂ ਆਈਆਂ, ਜਿਸ ਬਾਬਤ ਉਨ੍ਹਾਂ ਨਿਗਮ ਅਧਿਕਾਰੀਆਂ ਨਾਲ ਅਣਗਿਣਤ ਮੀਟਿੰਗਾਂ ਵੀ ਕੀਤੀਆਂ ਅਤੇ ਕਈ ਹੁਕਮ ਵੀ ਕੱਢੇ।
2 ਮਹੀਨੇ ’ਚ ਹੀ ਟੁੱਟ ਗਿਆ ਮੇਅਰ ਦੇ ਸਬਰ ਦਾ ਬੰਨ੍ਹ
ਵਿਨੀਤ ਧੀਰ ਨੂੰ ਉਂਝ ਤਾਂ ਕਾਫ਼ੀ ਸ਼ਾਂਤ ਸੁਭਾਅ ਦਾ ਮੰਨਿਆ ਜਾਂਦਾ ਹੈ ਪਰ ਮੇਅਰ ਦੀ ਪੋਸਟ ਦਾ ਚਾਰਜ ਸੰਭਾਲਣ ਦੇ 2 ਮਹੀਨਿਆਂ ਅੰਦਰ ਹੀ ਉਨ੍ਹਾਂ ਦੇ ਸਬਰ ਦਾ ਬੰਨ੍ਹ ਟੁੱਟ ਗਿਆ। ਪਿਛਲੇ ਹਫ਼ਤੇ ਦੇ ਆਖਿਰ ਵਿਚ ਉਨ੍ਹਾਂ ਨਗਰ ਨਿਗਮ ਦੇ ਵੱਡੇ ਅਫ਼ਸਰਾਂ ਨੂੰ ਸਾਫ਼ ਸ਼ਬਦਾਂ ਵਿਚ ਚਿਤਾਵਨੀ ਦੇ ਦਿੱਤੀ ਕਿ ਜੇਕਰ ਉਨ੍ਹਾਂ ਦਾ ਕੰਮ ਕਰਨ ਦਾ ਮਨ ਨਹੀਂ ਹੈ ਤਾਂ ਜਲੰਧਰ ਤੋਂ ਆਪਣੀ ਬਦਲੀ ਉਹ ਕਿਸੇ ਦੂਜੇ ਸ਼ਹਿਰ ਵਿਚ ਕਰਵਾ ਲੈਣ। ਮੇਅਰ ਨੇ ਅਜਿਹੇ ਸ਼ਬਦਾਂ ਦੀ ਵੀ ਵਰਤੋਂ ਕੀਤੀ ਜੇਕਰ ਇਸ ਕੰਮ ਵਿਚ ਕਿਸੇ ਅਫ਼ਸਰ ਨੂੰ ਉਨ੍ਹਾਂ ਦੀ ਮਦਦ ਚਾਹੀਦੀ ਹੈ ਤਾਂ ਉਹ ਬਦਲੀ ਕਰਵਾਉਣ ਵਿਚ ਮਦਦ ਕਰਨ ਨੂੰ ਵੀ ਤਿਆਰ ਹਨ।
ਕਿਹਾ ਜਾਂਦਾ ਹੈ ਕਿ ਮੇਅਰ ਨੇ ਅਫ਼ਸਰਾਂ ਨੂੰ ਇਹ ਅਲਟੀਮੇਟਮ ਵੀ ਦਿੱਤਾ ਹੈ ਕਿ ਵੱਡੇ ਅਫ਼ਸਰਾਂ ਦੀ ਏ. ਸੀ. ਆਰ. ਉਨ੍ਹਾਂ ਹੀ ਲਿਖਣੀ ਹੈ ਅਤੇ ਉਹ ਏ. ਸੀ. ਆਰ. ਵਿਚ ਸਭ ਕੁਝ ਲਿਖ ਦੇਣਗੇ। ਮੇਅਰ ਨੇ ਇਹ ਵੀ ਕਿਹਾ ਕਿ ਅਫ਼ਸਰਾਂ ਦੀ ਕਾਰਗੁਜ਼ਾਰੀ ਸਬੰਧੀ ਰਿਪੋਰਟ ਸਰਕਾਰ ਨੂੰ ਦਿੱਤੀ ਜਾਵੇਗੀ ਅਤੇ ਲਾਪ੍ਰਵਾਹੀ ਕਿਸੇ ਵੀ ਸੂਰਤ ਵਿਚ ਬਰਦਾਸ਼ਤ ਨਹੀਂ ਹੋਵੇਗੀ। ਜਿਸ ਅਫਸਰ ਦੇ ਜ਼ਿੰਮੇ ਜਿਹੜਾ ਵੀ ਕੰਮ ਹੈ, ਉਸ ਨੂੰ ਕਰਨਾ ਹੀ ਹੋਵੇਗਾ।
ਇਹ ਵੀ ਪੜ੍ਹੋ : 17 ਮਾਰਚ ਨੂੰ ਹੋਵੇਗੀ SGPC ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ, ਲਏ ਜਾਣਗੇ ਵੱਡੇ ਫ਼ੈਸਲੇ
ਇਕ ਹੀ ਦਿਨ ’ਚ ਮੇਅਰ ਨੇ ਦਿੱਤੀ 2 ਵਾਰ ਚਿਤਾਵਨੀ
ਨਗਰ ਨਿਗਮ ਦੇ ਅਫਸਰਾਂ ਦੀ ਕਾਰਗੁਜ਼ਾਰੀ ਤੋਂ ਮੇਅਰ ਵਿਨੀਤ ਧੀਰ ਇੰਨੇ ਪ੍ਰੇਸ਼ਾਨ ਰਹੇ ਕਿ ਉਨ੍ਹਾਂ ਇਕ ਹੀ ਦਿਨ ਵਿਚ ਵੱਡੇ-ਵੱਡੇ ਅਫ਼ਸਰਾਂ ਨੂੰ 2 ਵਾਰ ਚਿਤਾਵਨੀ ਜਾਰੀ ਕੀਤੀ। ਪਹਿਲੀ ਚਿਤਾਵਨੀ ਉਨ੍ਹਾਂ ਮਾਡਲ ਟਾਊਨ ਸਥਿਤ ਮੇਅਰ ਹਾਊਸ ਵਿਚ ਸ਼ਾਮ ਦੇ ਸਮੇਂ ਅਫ਼ਸਰਾਂ ਨਾਲ ਹੋਈ ਇਕ ਮੀਟਿੰਗ ਦੌਰਾਨ ਆਹਮੋ-ਸਾਹਮਣੇ ਦਿੱਤੀ ਅਤੇ ਕਿਹਾ ਕਿ ਹੁਣ ਉਨ੍ਹਾਂ ਦੇ ਸਬਰ ਦਾ ਪੈਮਾਨਾ ਭਰ ਚੁੱਕਾ ਹੈ। ਅਫ਼ਸਰਾਂ ਨੇ ਜੇਕਰ ਲੋਕਾਂ ਦੀ ਸੁਣਵਾਈ ਨਹੀਂ ਕਰਨੀ ਹੈ ਅਤੇ ਕੰਮ ਹੀ ਨਹੀਂ ਕਰਨਾ ਤਾਂ ਅਜਿਹੇ ਅਫ਼ਸਰਾਂ ਦੀ ਜਲੰਧਰ ਨੂੰ ਕੋਈ ਲੋੜ ਵੀ ਨਹੀਂ ਹੈ, ਇਸ ਬਾਰੇ ਸਰਕਾਰ ਨੂੰ ਪੂਰੀ ਜਾਣਕਾਰੀ ਦਿੱਤੀ ਜਾਵੇਗੀ।
ਕਿਹਾ ਜਾਂਦਾ ਹੈ ਕਿ ਆਹਮੋ-ਸਾਹਮਣੇ ਹੋਈ ਮੀਟਿੰਗ ਦੇ ਕੁਝ ਘੰਟਿਆਂ ਬਾਅਦ ਹੀ ਰਾਤ ਦੇ ਸਮੇਂ ਮੇਅਰ ਨੇ ਅਫ਼ਸਰਾਂ ਨੂੰ ਲੈ ਕੇ ਬਣਾਏ ਗਏ ਵ੍ਹਟਸਐਪ ਗਰੁੱਪ ਵਿਚ ਆਪਣੀ ਭੜਾਸ ਕੱਢੀ ਅਤੇ ਉਥੇ ਕਈ ਮੈਸੇਜ ਲਿਖੇ, ਜਿਨ੍ਹਾਂ ਵਿਚ ਸਾਫ਼ ਕਿਹਾ ਗਿਆ ਕਿ ਜਿਸ ਅਫ਼ਸਰ ਨੇ ਜਲੰਧਰ ਵਿਚ ਕੰਮ ਨਹੀਂ ਕਰਨਾ ਹੈ, ਉਹ ਇਥੋਂ ਬਦਲੀ ਕਰਵਾ ਕੇ ਜਾ ਸਕਦਾ ਹੈ। ਅਫ਼ਸਰ ਦੀ ਏ. ਸੀ. ਆਰ. ਲਿਖਣ ਸਬੰਧੀ ਅਲਟੀਮੇਟਮ ਵੀ ਮੇਅਰ ਨੇ ਵ੍ਹਟਸਐਪ ਗਰੁੱਪ ਵਿਚ ਹੀ ਦਿੱਤਾ।
ਸੀਨੀਅਰ ਡਿਪਟੀ ਮੇਅਰ ਬਿੱਟੂ ਵੀ ਅਫ਼ਸਰਸ਼ਾਹੀ ਤੋਂ ਪ੍ਰੇਸ਼ਾਨ ਦਿਸੇ
ਮੇਅਰ ਦੇ ਨਾਲ-ਨਾਲ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਵੀ ਨਿਗਮ ਦੀ ਅਫਸਰਸ਼ਾਹੀ ਤੋਂ ਕਾਫੀ ਪ੍ਰੇਸ਼ਾਨ ਦਿਸ ਰਹੇ ਹਨ। ਬੀਤੇ ਦਿਨੀਂ ਉਨ੍ਹਾਂ ਵੀ ਮੇਅਰ ਆਫਿਸ ਵਿਚ ਬੈਠ ਕੇ ਨਿਗਮ ਦੇ 2 ਅਫਸਰਾਂ ਐੱਸ. ਈ. ਰਾਹੁਲ ਗਗਨੇਜਾ ਅਤੇ ਐਕਸੀਅਨ ਜਸਪਾਲ ਸਿੰਘ ਨੂੰ ਖੂਬ ਖਰੀਆਂ-ਖੋਟੀਆਂ ਸੁਣਾਈਆਂ। ਬਲਬੀਰ ਬਿੱਟੂ ਨੇ ਕਿਹਾ ਕਿ ਕੌਂਸਲਰਾਂ ਨੂੰ ਛੋਟੇ-ਛੋਟੇ ਕੰਮਾਂ ਲਈ ਮੇਅਰ, ਕਮਿਸ਼ਨਰ ਜਾਂ ਐੱਸ. ਈ. ਕੋਲ ਆਉਣਾ ਪੈ ਰਿਹਾ ਹੈ। ਸਾਰੇ ਜ਼ੋਨ ਦਫ਼ਤਰ ਜੇ. ਈਜ਼ ਦੇ ਹਵਾਲੇ ਕਰ ਦਿੱਤੇ ਗਏ ਹਨ ਪਰ ਨਾ ਉਹ ਕਿਸੇ ਦਾ ਕੰਮ ਕਰਦੇ ਹਨ, ਨਾ ਫੋਨ ਚੁੱਕਦੇ ਹਨ ਅਤੇ ਨਾ ਹੀ ਮਿਲਦੇ ਹਨ। ਜੇਕਰ ਕੱਚੇ ਆਧਾਰ ’ਤੇ ਰੱਖੇ ਜੇ. ਈਜ਼ ਦਾ ਇਹ ਹਾਲ ਹੈ ਤਾਂ ਉਨ੍ਹਾਂ ਦੀ ਬਜਾਏ ਦੂਜਿਆਂ ਨੂੰ ਨੌਕਰੀ ਦਿੱਤੀ ਜਾਣੀ ਚਾਹੀਦੀ ਹੈ। ਬਲਬੀਰ ਬਿੱਟੂ ਦਾ ਸਾਫ਼ ਕਹਿਣਾ ਸੀ ਕਿ ਚੋਣਾਂ ਜਿੱਤਣ ਤੋਂ ਬਾਅਦ ਲੋਕਾਂ ਕੋਲ ਜਾਣ ਸਮੇਂ ਉਨ੍ਹਾਂ ਨੂੰ ਕਈ ਪ੍ਰੇਸ਼ਾਨੀਆਂ ਆ ਰਹੀਆਂ ਹਨ ਪਰ ਨਿਗਮ ਦੇ ਅਧਿਕਾਰੀ ਉਨ੍ਹਾਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ। ਅਫਸਰਾਂ ਦੀ ਦਲੀਲ ਸੀ ਕਿ ਵਿਭਾਗ ਵਿਚ ਕਰਮਚਾਰੀਆਂ ਅਤੇ ਸਟਾਫ਼ ਦੀ ਕਾਫ਼ੀ ਕਮੀ ਹੈ, ਜਿਸ ਨੂੰ ਪੂਰਾ ਕੀਤੇ ਬਿਨਾਂ ਸਿਸਟਮ ਵਿਚ ਸੁਧਾਰ ਹੋ ਹੀ ਨਹੀਂ ਸਕਦਾ।
ਇਹ ਵੀ ਪੜ੍ਹੋ : ਪੰਜਾਬ 'ਚ ਇਸ ਖ਼ਤਰਨਾਕ ਬੀਮਾਰੀ ਨੂੰ ਲੈ ਕੇ ਸਿਹਤ ਮਹਿਕਮਾ ਚੌਕਸ, ਐਡਵਾਈਜ਼ਰੀ ਕਰ 'ਤੀ ਜਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e