ਜਲੰਧਰ ਸਿਵਲ ਹਸਪਤਾਲ ''ਚ ਕਲਰਕ ਦਾ ਕਾਰਾ, DNB ਮਹਿਲਾ ਸਟੂਡੈਂਟਸ ਦੀ ਰਿਹਾਇਸ਼ ’ਤੇ ਸ਼ਰਾਬ ਦੇ ਨਸ਼ੇ ''ਚ ਪੁੱਜਾ
Thursday, Apr 24, 2025 - 06:56 PM (IST)

ਜਲੰਧਰ (ਜ. ਬ.)–ਅਕਸਰ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਅਖਬਾਰਾਂ ਦੀਆਂ ਸੁਰਖੀਆਂ ਵਿਚ ਰਹਿਣ ਵਾਲੇ ਜ਼ਿਲ੍ਹਾ ਸਿਵਲ ਹਸਪਤਾਲ ਵਿਚ ਦੋਬਾਰਾ ਇਕ ਪੰਗਾ ਪੈ ਗਿਆ, ਜਿਸ ਕਾਰਨ ਜੱਚਾ-ਬੱਚਾ ਹਸਪਤਾਲ ਦੀ ਦੂਜੀ ਮੰਜ਼ਿਲ ’ਤੇ ਸਥਿਤ ਡੀ. ਐੱਨ. ਬੀ. ਸਟੂਡੈਂਟਸ ਦੀ ਰਿਹਾਇਸ਼ ਵਿਚ ਹੰਗਾਮਾ ਵੀ ਵੇਖਣ ਨੂੰ ਮਿਲਿਆ। ਹਸਪਤਾਲ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸਿਵਲ ਹਸਪਤਾਲ ਵਿਚ ਤਾਇਨਾਤ ਇਕ ਕਲਰਕ ਸੋਮਵਾਰ ਰਾਤ ਨੂੰ ਮਹਿਲਾ ਡੀ. ਐੱਨ. ਬੀ. ਰਿਹਾਇਸ਼ ਵਿਚ ਪਹੁੰਚਿਆ ਅਤੇ ਡਾਕਟਰ ਦਾ ਦਰਵਾਜ਼ਾ ਖੁੱਲ੍ਹਵਾ ਕੇ ਆਪਣੇ ਮੋਬਾਈਲ ਤੋਂ ਡਾਕਟਰ ਦੀ ਵੀਡੀਓ ਬਣਾਉਣ ਲੱਗਾ।
ਦੋਸ਼ ਇਹ ਵੀ ਹੈ ਕਿ ਕਲਰਕ ਰਾਤ ਲਗਭਗ 10 ਵਜੇ ਆਇਆ ਅਤੇ ਸ਼ਰਾਬ ਦੇ ਨਸ਼ੇ ਵਿਚ ਧੁੱਤ ਸੀ। ਮਹਿਲਾ ਡਾਕਟਰ ਨੇ ਇਸ ਗੱਲ ਦਾ ਵਿਰੋਧ ਕਰਦਿਆਂ ਆਪਣੇ ਸੀਨੀਅਰ ਡਾਕਟਰਾਂ ਨੂੰ ਫੋਨ ਕਰਨ ਦੇ ਨਾਲ-ਨਾਲ ਹਸਪਤਾਲ ਵਿਚ ਤਾਇਨਾਤ ਸੁਰੱਖਿਆ ਜਵਾਨਾਂ ਨੂੰ ਬੁਲਾਇਆ, ਹਾਲਾਂਕਿ ਕਲਰਕ ਮੌਕੇ ਤੋਂ ਚਲਾ ਗਿਆ ਅਤੇ ਇਸ ਕਾਰਨ ਉਸਦਾ ਮੈਡੀਕਲ ਨਹੀਂ ਹੋ ਸਕਿਆ। ਜੇਕਰ ਮੈਡੀਕਲ ਹੁੰਦਾ ਤਾਂ ਸ਼ਰਾਬ ਪੀਣ ਦੀ ਪੁਸ਼ਟੀ ਹੋ ਸਕਦੀ ਸੀ। ਉਥੇ ਹੀ ਸਿਵਲ ਹਸਪਤਾਲ ਵਿਚ ਕਾਰਜਕਾਰੀ ਮੈਡੀਕਲ ਸੁਪਰਿੰਟੈਂਡੈਂਟ ਡਾ. ਸਤਿੰਦਰ ਬਜਾਜ ਦਾ ਕਹਿਣਾ ਹੈ ਕਿ ਮਾਮਲੇ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਉਨ੍ਹਾਂ ਨੇ 3 ਡਾਕਟਰਾਂ ਦੀ ਕਮੇਟੀ ਗਠਿਤ ਕੀਤੀ ਹੈ, ਜੋ ਕਿ ਜਾਂਚ ਕਰੇਗੀ ਅਤੇ ਦੋਸ਼ ਸਿੱਧ ਹੋਣ ’ਤੇ ਕਲਰਕ ’ਤੇ ਵਿਭਾਗੀ ਕਾਰਵਾਈ ਹੋਵੇਗੀ।
ਇਹ ਵੀ ਪੜ੍ਹੋ: ਵਿਦੇਸ਼ੋਂ ਮਿਲੀ ਮੰਦਭਾਗੀ ਖ਼ਬਰ ਨੇ ਪੁਆਏ ਵੈਣ, ਪਿੰਡ ਕੁਰਾਲਾ ਦੇ ਵਿਅਕਤੀ ਦੀ ਦੁਬਈ 'ਚ ਮੌਤ
ਪੇਸਕੋ ਸੁਰੱਖਿਆ ਜਵਾਨਾਂ ਨੇ ਮਾਹੌਲ ਕੀਤਾ ਸ਼ਾਂਤ : ਇੰਚ. ਯਸ਼ਪਾਲ ਸਿੰਘ
ਉਥੇ ਹੀ ਸਿਵਲ ਹਸਪਤਾਲ ਵਿਚ ਸੁਰੱਖਿਆ ਦੀ ਜ਼ਿੰਮੇਵਾਰੀ ਸੰਭਾਲਣ ਵਾਲੀ ਕੰਪਨੀ ਪੇਸਕੋ ਸੁਰੱਖਿਆ ਜਵਾਨਾਂ ਦੇ ਇੰਚਾਰਜ ਯਸ਼ਪਾਲ ਸਿੰਘ ਦਾ ਕਹਿਣਾ ਹੈ ਕਿ ਰਾਤ ਨੂੰ ਹੰਗਾਮੇ ਦੀ ਸੂਚਨਾ ਮਿਲਣ ’ਤੇ ਉਨ੍ਹਾਂ ਦੇ ਜਵਾਨ ਤੁਰੰਤ ਜੱਚਾ-ਬੱਚਾ ਹਸਪਤਾਲ ਪਹੁੰਚੇ ਅਤੇ ਮਾਹੌਲ ਸ਼ਾਂਤ ਕੀਤਾ। ਸਿਵਲ ਹਸਪਤਾਲ ਵਿਚ ਕਿਸੇ ਨੂੰ ਹਾਲਾਤ ਖਰਾਬ ਕਰਨ ਦੀ ਇਜਾਜ਼ਤ ਨਹੀਂ ਹੈ। ਉਨ੍ਹਾਂ ਦੇ ਜਵਾਨ ਦਿਨ-ਰਾਤ ਹਸਪਤਾਲ ਵਿਚ ਈਮਾਨਦਾਰੀ ਨਾਲ ਡਿਊਟੀ ਨਿਭਾਉਂਦੇ ਹਨ।
ਇਹ ਵੀ ਪੜ੍ਹੋ: ਡੰਕੀ ਲਗਾ ਕੇ ਨੌਜਵਾਨਾਂ ਨੂੰ ਡੌਂਕਰਾਂ ਕੋਲ ਫਸਾਉਣ ਦੇ ਮਾਮਲੇ 'ਚ ਵੱਡਾ ਖ਼ੁਲਾਸਾ, ਜਲੰਧਰ ਨਾਲ ਜੁੜੇ ਤਾਰ
ਡੀ. ਐੱਨ. ਬੀ. ਸਟੂਡੈਂਟਸ ਵਿਚ ਰੋਸ : ਕਲਰਕ ਹੈ ਕਮਾਊ ਪੁੱਤਰ, ਇਸ ਲਈ ਨਹੀਂ ਹੋਵੇਗੀ ਕਾਰਵਾਈ
ਦੂਜੇ ਪਾਸੇ ਕੁਝ ਡੀ. ਐੱਨ. ਬੀ. ਸਟੂਡੈਂਟਸ ਦਾ ਨਾਂ ਨਾ ਛਾਪਣ ਦੀ ਸ਼ਰਤ ’ਤੇ ਇਥੋਂ ਤਕ ਕਹਿਣਾ ਹੈ ਕਿ ਉਕਤ ਕਲਰਕ ਇਕ ਸੀਨੀਅਰ ਮਹਿਲਾ ਡਾਕਟਰ ਜੋ ਕੁਝ ਦਿਨਾਂ ਤਕ ਰਿਟਾਇਰ ਹੋਣ ਵਾਲੀ ਹੈ, ਦਾ ਕਮਾਊ ਪੁੱਤਰ ਹੈ। ਡਾਕਟਰ ਨੇ ਕਲਰਕ ਨੂੰ ਮਲਾਈਦਾਰ ਸੀਟ ਵੀ ਸੌਂਪੀ ਹੋਈ ਹੈ, ਜਦਕਿ ਉਕਤ ਕਲਰਕ ਤੋਂ ਇਲਾਵਾ ਸੀਨੀਅਰ ਕਲਰਕ ਵੀ ਹਸਪਤਾਲ ਵਿਚ ਤਾਇਨਾਤ ਹੈ। ਹੁਣ ਮਾਮਲੇ ਨੂੰ ਸ਼ਾਂਤ ਕਰਨ ਲਈ ਖਾਨਾਪੂਰਤੀ ਲਈ ਜਾਂਚ ਕਮੇਟੀ ਬਣਾਈ ਗਈ ਹੈ। ਸਟੂਡੈਂਟਸ ਦੀ ਮੰਗ ਹੈ ਕਿ ਉਕਤ ਕਲਰਕ ਖ਼ਿਲਾਫ਼ ਸਖ਼ਤ ਕਾਰਵਾਈ ਕਰ ਕੇ ਉਸ ਦਾ ਤਬਾਦਲਾ ਸਿਵਲ ਹਸਪਤਾਲ ਤੋਂ ਬਾਹਰ ਕੀਤਾ ਜਾਵੇ ਤਾਂ ਜੋ ਕੋਈ ਦੂਸਰਾ ਅਜਿਹੀ ਗਲਤੀ ਨਾ ਕਰ ਸਕੇ। ਇੰਨਾ ਹੀ ਨਹੀਂ, ਉਕਤ ਕਲਰਕ ਕਾਰਨ ਕਈ ਵਾਰ ਹਰ ਮਹੀਨੇ ਡੀ. ਐੱਨ. ਬੀ. ਸਟੂਡੈਂਟਸ ਨੂੰ ਮਿਲਣ ਵਾਲਾ ਵਜ਼ੀਫਾ ਨਿਰਧਾਰਿਤ ਤਰੀਕ ਤੋਂ ਕਾਫ਼ੀ ਦੇਰ ਬਾਅਦ ਮਿਲਦਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e