ਚੋਣਾਂ 'ਚ ਕਾਂਗਰਸ ਨਹੀਂ ਲਏਗੀ ਡੇਰਾ ਸਿਰਸਾ ਤੋਂ ਸਮਰਥਨ : ਜਾਖੜ (ਵੀਡੀਓ)
Friday, Mar 15, 2019 - 01:31 PM (IST)
ਜਲੰਧਰ— ਕਾਂਗਰਸ 2019 ਦੀਆਂ ਲੋਕ ਸਭਾ ਚੋਣਾਂ ਵਿਚ ਡੇਰਾ ਸਿਰਸਾ ਤੋਂ ਕਿਸੇ ਵੀ ਤਰ੍ਹਾਂ ਦਾ ਸਮਰਥਨ ਨਹੀਂ ਲਏਗੀ, ਕਿਉਂਕਿ ਕਾਂਗਰਸ ਪਾਰਟੀ ਇਕ ਧਰਮ ਨਿਰਪੱਖ ਪਾਰਟੀ ਹੈ। ਇਹ ਕਹਿਣਾ ਹੈ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਦਾ। ਦੱਸ ਦੇਈਏ ਕਿ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਵੱਲੋਂ ਅੱਜ ਜਲੰਧਰ ਵਿਖੇ ਇਕ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ਵਿਚ ਉਨ੍ਹਾਂ ਨੇ ਇਸ ਗੱਲ ਦਾ ਖੁਲਾਸਾ ਕੀਤਾ।
ਇਸ ਦੌਰਾਨ ਜਾਖੜ ਨੇ ਇਹ ਵੀ ਕਿਹਾ ਕਿ ਸਾਰੇ ਡੇਰੇ ਇਕੋ ਜਿਹੇ ਨਹੀਂ ਹੁੰਦੇ ਪਰ ਡੇਰਾ ਸਿਰਸਾ ਦੀ ਜੋ ਸਥਿਤੀ ਸੀ ਉਹ ਸਾਰਿਆਂ ਸਾਹਮਣੇ ਸਪੱਸ਼ਟ ਹੋ ਚੁੱਕੀ ਹੈ। ਜਾਖੜ ਨੇ ਸ਼੍ਰੋਮਣੀ ਅਕਾਲੀ ਦਲ 'ਤੇ ਦੋਸ਼ ਲਾਇਆ ਹੈ ਕਿ ਉਹ ਲੋਕ ਸਭਾ ਚੋਣਾਂ ਵਿਚ ਮੁੜ ਡੇਰਾ ਸੱਚਾ ਸੌਦਾ ਤੋਂ ਹਮਾਇਤ ਲੈਣ ਦੇ ਯਤਨਾਂ ਵਿਚ ਲੱਗੇ ਹੋਏ ਹਨ। ਜਾਖੜ ਨੇ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਦੇ ਬਿਆਨ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਬੀਬੀ ਨੇ ਕਿਹਾ ਹੈ ਕਿ ਉਹ ਤਾਂ ਖੁਦ ਚੋਣਾਂ ਵਿਚ ਡੇਰਾ ਸੱਚਾ ਸੌਦਾ ਦੀ ਮਦਦ ਨਹੀਂ ਲੈਣਗੇ ਪਰ ਪਾਰਟੀ ਦੀ ਸਥਿਤੀ ਬਾਰੇ ਸੁਖਬੀਰ ਹੀ ਸਥਿਤੀ ਨੂੰ ਸਪੱਸ਼ਟ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਬੀਬੀ ਜਗੀਰ ਕੌਰ 2 ਵਾਰ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਰਹਿ ਚੁੱਕੀ ਹੈ ਅਤੇ ਨਾਲ ਹੀ ਪਾਰਟੀ ਦੀ ਸੀਨੀਅਰ ਨੇਤਾ ਵੀ ਹੈ। ਜੇਕਰ ਜਗੀਰ ਕੌਰ ਇਹ ਕਹਿ ਰਹੀ ਹੈ ਕਿ ਸੁਖਬੀਰ ਹੀ ਡੇਰਾ ਸੱਚਾ ਸੌਦਾ ਤੋਂ ਹਮਾਇਤ ਲੈਣ ਬਾਰੇ ਪਾਰਟੀ ਦੀ ਸਥਿਤੀ ਨੂੰ ਸਪੱਸ਼ਟ ਕਰਨਗੇ ਤਾਂ ਇਸ ਨਾਲ ਦਾਲ ਵਿਚ ਕੁਝ ਨਾ ਕੁਝ ਕਾਲਾ ਜ਼ਰੂਰ ਦਿਖਾਈ ਦੇ ਰਿਹਾ ਹੈ।
ਉਨ੍ਹਾਂ ਕਿਹਾ ਕਿ ਉਹ ਕਈ ਵਾਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਕੋਲੋਂ ਪੁੱਛ ਚੁੱਕੇ ਹਨ ਕਿ ਉਹ ਦੱਸਣ ਕਿ ਮੁੰਬਈ ਵਿਚ ਉਨ੍ਹਾਂ ਡੇਰਾ ਸੱਚਾ ਸੌਦਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਤੋਂ ਹਮਾਇਤ ਲੈਣ ਲਈ ਖੁਫੀਆ ਮੁਲਾਕਾਤ ਕੀਤੀ ਸੀ ਪਰ ਅੱਜ ਤੱਕ ਸੁਖਬੀਰ ਨੇ ਇਸ ਸਵਾਲ ਦਾ ਜਵਾਬ ਨਹੀਂ ਦਿੱਤਾ ਹੈ। ਜਾਖੜ ਨੇ ਕਿਹਾ ਕਿ ਅਦਾਲਤ ਨੇ ਤਾਂ ਗੁਰਮੀਤ ਰਾਮ ਰਹੀਮ ਨੂੰ ਜਬਰ-ਜ਼ਨਾਹ ਦੇ ਮਾਮਲੇ ਵਿਚ ਸਜ਼ਾ ਦੇ ਦਿੱਤੀ ਹੈ ਪਰ ਅਕਾਲੀ ਦਲ ਹੁਣ ਵੀ ਡੇਰਾ ਸੱਦਾ ਤੋਂ ਪਿੱਛਾ ਛੁਡਾ ਨਹੀਂ ਪਾ ਰਿਹਾ ਹੈ। ਪੰਜਾਬ ਵਿਚ ਸਾਬਕਾ ਅਕਾਲੀ-ਭਾਜਪਾ ਗਠਜੋੜ ਸਰਕਾਰ ਦੇ ਕਾਰਜਕਾਲ ਵਿਚ ਧਾਰਮਿਕ ਗ੍ਰੰਥਾਂ ਦੀ ਹੋਈ ਬੇਅਦਬੀ ਦੀਆਂ ਘਟਨਾਵਾਂ 'ਤੇ ਟਿੱਪਣੀ ਕਰਦੇ ਹੋਏ ਜਾਖੜ ਨੇ ਕਿਹਾ ਕਿ ਐੱਸ. ਆਈ. ਟੀ. ਇਸ ਦੀ ਜਾਂਚ ਕਰ ਰਹੀ ਹੈ ਅਤੇ ਜੋ ਵੀ ਦੋਸ਼ੀ ਪਾਇਆ ਜਾਵੇਗਾ, ਨੂੰ ਛੱਡਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਦਿਲਚਸਪ ਗੱਲ ਇਹ ਹੈ ਕਿ ਅਜੇ ਤੱਕ ਬੇਅਦਬੀ ਮਾਮਲਿਆਂ ਵਿਚ ਜਿਨ੍ਹਾਂ-ਜਿਨ੍ਹਾਂ ਲੋਕਾਂ ਜਾਂ ਪੁਲਸ ਅਧਿਕਾਰੀਆਂ ਦੇ ਨਾਂ ਸਾਹਮਣੇ ਆਏ ਹਨ, ਉਨ੍ਹਾਂ ਸਭ ਦਾ ਵਕੀਲ ਇਹੀ ਵਿਅਕਤੀ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਅਧਿਕਾਰੀਆਂ ਨੂੰ ਧਮਕੀਆਂ ਦੇਣਾ ਬੰਦ ਕਰੇ। ਅਧਿਕਾਰੀ ਨਿਰਪੱਖਤਾ ਨਾਲ ਜਾਂਚ ਕਰ ਰਹੇ ਹਨ। ਉਨ੍ਹਾਂ ਪੁਲਸ ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਨੂੰ ਦਿੱਤੀਆਂ ਗਈਆਂ ਧਮਕੀਆਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਸਰਕਾਰ ਅਜਿਹੀਆਂ ਖੋਖਲੀਆਂ ਧਮਕੀਆਂ ਤੋਂ ਘਬਰਾਉਣ ਵਾਲੀ ਨਹੀਂ ਹੈ।