ਜਲੰਧਰ ਇੰਪਰੂਵਮੈਂਟ ਟਰੱਸਟ ਦੇ ਮਹੱਤਵਪੂਰਨ ਰਿਕਾਰਡ ਦੇ ਗੁੰਮ ਮਿਲਣ ’ਤੇ ਸਸਪੈਂਸ ਬਰਕਰਾਰ
Thursday, Apr 28, 2022 - 04:01 PM (IST)
ਜਲੰਧਰ (ਚੋਪੜਾ)– ਇੰਪਰੂਵਮੈਂਟ ਟਰੱਸਟ ਦੀਆਂ ਵੱਖ-ਵੱਖ ਸਕੀਮਾਂ ਨਾਲ ਸਬੰਧਤ ਮਹੱਤਵਪੂਰਨ ਰਿਕਾਰਡ ਦੇ ਗੁੰਮ ਹੋਣ ਦੇ ਮਾਮਲੇ ਵਿਚ ਬਣਿਆ ਸਸਪੈਂਸ ਅਜੇ ਵੀ ਬਰਕਰਾਰ ਹੈ। ਇਕ ਪਾਸੇ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਈ. ਓ. ਪਰਮਿੰਦਰ ਸਿੰਘ ਗਿੱਲ ਦੀ ਰਿਪੋਰਟ ’ਤੇ 120 ਫਾਈਲਾਂ ਦੇ ਗੁੰਮ ਹੋਣ ਨੂੰ ਲੈ ਕੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਤੂਰ ਨੂੰ ਪੱਤਰ ਲਿਖ ਕੇ ਰਿਕਾਰਡ ਨੂੰ ਖੁਰਦ-ਬੁਰਦ ਕਰਨ ਦੇ ਮੁਲਜ਼ਮਾਂ ’ਤੇ ਐੱਫ਼. ਆਈ. ਆਰ. ਦਰਜ ਕਰਨ ਦੀ ਸਿਫਾਰਸ਼ ਕਰਦਿਆਂ ਰਿਕਾਰਡ ਨੂੰ ਬਰਾਮਦ ਕਰਨ ਲਈ ਕਿਹਾ ਹੈ।
ਉਥੇ ਹੀ, ਟਰੱਸਟ ਦੇ ਰਿਕਾਰਡ ਰੂਮ ਵਿਚ ਰਿਕਾਰਡ ਰਜਿਸਟਰ ਵਿਚ ਦਰਜ ਇਹ ਸਾਰੀਆਂ 120 ਫਾਈਲਾਂ ਸੀਨੀਅਰ ਸਹਾਇਕ ਅਜੇ ਮਲਹੋਤਰਾ ਦੇ ਨਾਂ ’ਤੇ ਚੜ੍ਹੀਆਂ ਹੋਈਆਂ ਹਨ ਅਤੇ ਬੀਤੇ ਦਿਨੀਂ ਹੀ ਮਲਹੋਤਰਾ ਨੇ ਟਰੱਸਟ ਦੇ ਰਿਕਾਰਡ ਰੂਮ ਵਿਚ ਜਾ ਕੇ 70 ਫਾਈਲਾਂ ਨੂੰ ਲੱਭਣ ਦਾ ਦਾਅਵਾ ਕੀਤਾ ਹੈ, ਜਿਸ ਉਪਰੰਤ ਟਰੱਸਟ ਈ. ਓ. ਅਤੇ ਸੀਨੀਅਰ ਸਹਾਇਕ ਆਹਮੋ-ਸਾਹਮਣੇ ਆ ਗਏ। ਇਸੇ ਕੜੀ ਵਿਚ ਅੱਜ ਸੀਨੀਅਰ ਸਹਾਇਕ ਅਜੇ ਮਲਹੋਤਰਾ ਨੇ ਇਕ ਹੋਰ ਸੀਨੀਅਰ ਸਹਾਇਕ ਅਨੁਜ ਨਾਲ ਪੁਲਸ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਬਰਾਮਦ ਹੋਏ ਰਿਕਾਰਡ ਸਬੰਧੀ ਬਣਾਈ ਵੀਡੀਓ ਅਤੇ ਈ. ਓ. ’ਤੇ ਉਨ੍ਹਾਂ ਨੂੰ ਸਾਜ਼ਿਸ਼ ਦੇ ਤੌਰ ’ਤੇ ਬਦਨਾਮ ਕਰਨ ਨੂੰ ਲੈ ਕੇ ਬਣਦੀ ਕਾਰਵਾਈ ਲਈ ਇਕ ਸ਼ਿਕਾਇਤ ਵੀ ਸੌਂਪੀ।
ਇਹ ਵੀ ਪੜ੍ਹੋ: ਨਸ਼ਾ ਸਮੱਗਲਰਾਂ ਬਾਰੇ ਸੂਚਨਾ ਦੇਣ ਵਾਲੇ ਨੂੰ ਮਿਲੇਗਾ 51000 ਦਾ ਇਨਾਮ, ਪੁਲਸ ਨੇ ਸ਼ੁਰੂ ਕੀਤੀ ਮੁਹਿੰਮ
ਮਲਹੋਤਰਾ ਨੇ ਕਿਹਾ ਕਿ ਗੁੰਮ ਹੋਏ ਰਿਕਾਰਡ ਨੂੰ ਲੈ ਕੇ ਉਸ ਨੂੰ ਨਾ ਤਾਂ ਕਦੇ ਪੁੱਛਿਆ ਗਿਆ ਅਤੇ ਨਾ ਹੀ ਉਨ੍ਹਾਂ ਨੂੰ ਕੋਈ ਨੋਟਿਸ ਜਾਰੀ ਕੀਤਾ ਗਿਆ ਸੀ, ਜਦਕਿ ਸਾਰਾ ਰਿਕਾਰਡ ਪਹਿਲਾਂ ਹੀ ਰਿਕਾਰਡ ਰੂਮ ਵਿਚ ਪਿਆ ਸੀ। ਇਸ ਦੇ ਨਾਲ ਹੀ ਸੀਨੀਅਰ ਸਹਾਇਕ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਨੂੰ ਵੀ ਸ਼ਿਕਾਇਤ ਦੇਣ ਉਨ੍ਹਾਂ ਦੇ ਦਫ਼ਤਰ ਪਹੁੰਚੇ ਪਰ ਡਿਪਟੀ ਕਮਿਸ਼ਨਰ ਦੇ ਫੀਲਡ ਵਿਚ ਹੋਣ ਕਾਰਨ ਮੁਲਾਕਾਤ ਨਹੀਂ ਹੋ ਸਕੀ।
ਉਥੇ ਹੀ, ਈ. ਓ. ਪਰਮਿੰਦਰ ਸਿੰਘ ਗਿੱਲ ਨੇ ਟਰੱਸਟ ਰਿਕਾਰਡ ਵਿਚ ਗੁੰਮ ਹੋਈਆਂ 120 ਫਾਈਲਾਂ ਵਿਚੋਂ 70 ਫਾਈਲਾਂ ਮਿਲਣ ਨੂੰ ਨਕਾਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਕੋਈ ਫਾਈਲ ਨਹੀਂ ਮਿਲੀ, ਜਦੋਂ ਮਿਲੇਗੀ, ਉਹ ਉਦੋਂ ਹੀ ਕੁਝ ਦੱਸਣਗੇ। ਉਨ੍ਹਾਂ ਕਿਹਾ ਕਿ ਟਰੱਸਟ ਨੇ 50 ਤੋਂ ਜ਼ਿਆਦਾ ਸਕੀਮਾਂ ਨੂੰ ਵਿਕਸਿਤ ਕੀਤਾ ਹੈ ਅਤੇ ਇਨ੍ਹਾਂ ਸਕੀਮਾਂ ਵਿਚ ਐੱਸ. ਸੀ. ਓ., ਬੂਥਾਂ ਸਮੇਤ ਰਿਹਾਇਸ਼ੀ ਅਤੇ ਕਮਰਸ਼ੀਅਲ ਪਲਾਟਾਂ ਨਾਲ ਸਬੰਧਤ 50 ਹਜ਼ਾਰ ਦੇ ਲਗਭਗ ਫਾਈਲਾਂ ਹਨ। ਉਨ੍ਹਾਂ ਕਿਹਾ ਕਿ ਰਿਕਾਰਡ ਰੂਮ ਵਿਚ ਰਜਿਸਟਰ ਲਗਾਇਆ ਹੋਇਆ ਹੈ ਅਤੇ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਵੱਲੋਂ ਕੋਈ ਫਾਈਲ ਪ੍ਰਾਪਤ ਕਰਨ ’ਤੇ ਇਸ ਰਜਿਸਟਰ ਵਿਚ ਸਮੁੱਚੀ ਐਂਟਰੀ ਕੀਤੀ ਜਾਂਦੀ ਹੈ ਅਤੇ ਫਾਈਲ ਵਾਪਸ ਦੇਣ ’ਤੇ ਅਧਿਕਾਰੀ ਅਤੇ ਕਰਮਚਾਰੀ ਦੇ ਨਾਂ ’ਤੇ ਚੜ੍ਹੀ ਉਕਤ ਐਂਟਰੀ ਨੂੰ ਕੱਟ ਦਿੱਤਾ ਜਾਂਦਾ ਹੈ।
ਇਹ ਵੀ ਪੜ੍ਹੋ: ਮੁਫ਼ਤ ਬਿਜਲੀ: ਸੌਖਾ ਨਹੀਂ ਹੋਵੇਗਾ ਦੂਜਾ ਮੀਟਰ ਲਗਵਾਉਣਾ, ਪਾਵਰਕਾਮ ਇੰਝ ਰੱਖੇਗਾ ਪੂਰੀ ਸਥਿਤੀ 'ਤੇ ਨਜ਼ਰ
ਉਨ੍ਹਾਂ ਕਿਹਾ ਕਿ 120 ਫਾਈਲਾਂ ਦੇ ਟਰੱਸਟ ਦੇ ਰਿਕਾਰਡ ਵਿਚ ਮਲਹੋਤਰਾ ਦੇ ਨਾਂ ’ਤੇ ਹੀ ਪੈਂਡਿੰਗ ਹੋਣ ਦੇ ਹਿਸਾਬ ਨਾਲ ਹੀ ਰਿਪੋਰਟ ਬਣੀ ਸੀ। ਈ. ਓ. ਨੇ ਕਿਹਾ ਕਿ ਮਲਹੋਤਰਾ ਵੱਲੋਂ ਉਸ ਨੂੰ ਜਾਣਬੁੱਝ ਕੇ ਫਸਾਉਣ ਦੇ ਸਾਰੇ ਦੋਸ਼ ਸਰਾਸਰ ਝੂਠੇ ਹਨ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਖ਼ਿਲਾਫ਼ ਐੱਫ਼. ਆਈ. ਆਰ. ਨੂੰ ਲੈ ਕੇ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਅਤੇ ਉਨ੍ਹਾਂ ਨੇ ਸੀ. ਪੀ. ਨੂੰ ਲਿਖਿਆ ਹੈ ਪਰ ਪੁਲਸ ਕਾਰਵਾਈ ਬਾਰੇ ਉਨ੍ਹਾਂ ਨੂੰ ਕੁਝ ਨਹੀਂ ਪਤਾ। ਹੁਣ ਵੇਖਣਾ ਹੋਵੇਗਾ ਕਿ ਟਰੱਸਟ ਅਧਿਕਾਰੀਆਂ ਤੇ ਕਰਮਚਾਰੀਆਂ ਦਰਮਿਆਨ ਇਕ-ਦੂਜੇ ’ਤੇ ਦੋਸ਼ ਲਗਾਉਣ ਦਾ ਸਿਲਸਿਲਾ ਆਉਣ ਵਾਲੇ ਦਿਨਾਂ ਵਿਚ ਕੀ ਰੰਗ ਵਿਖਾਉਂਦਾ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਨਾਬਾਲਗ ਕੁੜੀ ਨਾਲ ਗੈਂਗਰੇਪ, ਭੂਆ ਤੇ ਚਾਚੇ ਨੇ ਸਾਜਿਸ਼ ਰਚ ਦਿੱਤਾ ਵਾਰਦਾਤ ਨੂੰ ਅੰਜਾਮ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ