ਭ੍ਰਿਸ਼ਟਾਚਾਰ ਦੇ ਦੋਸ਼ ’ਚ ਘਿਰਿਆ ਜਲੰਧਰ ਦਾ ਡਰੱਗ ਕੰਟਰੋਲ ਆਫ਼ਿਸਰ ਰਵੀ ਗੁਪਤਾ ਸਸਪੈਂਡ!
Thursday, Jun 23, 2022 - 12:35 PM (IST)
ਜਲੰਧਰ (ਰੱਤਾ)–ਭ੍ਰਿਸ਼ਟਾਚਾਰ ਦੇ ਦੋਸ਼ ਵਿਚ ਘਿਰਿਆ ਜਲੰਧਰ ਦਾ ਡਰੱਗ ਕੰਟਰੋਲ ਆਫ਼ਿਸਰ ਰਵੀ ਗੁਪਤਾ ਸਰਕਾਰ ਨੇ ਸ਼ਾਇਦ ਸਸਪੈਂਡ ਕਰ ਦਿੱਤਾ ਹੈ। ਵਰਣਨਯੋਗ ਹੈ ਕਿ ਕੁਝ ਦਿਨ ਪਹਿਲਾਂ ਇਸ ਡਰੱਗ ਕੰਟਰੋਲ ਆਫ਼ਿਸਰ ਦੀ ਇਕ ਵੀਡੀਓ ਵਾਇਰਲ ਹੋਈ ਸੀ, ਜਿਸ ਵਿਚ ਉਹ ਆਪਣੇ ਦਫ਼ਤਰ ਵਿਚ ਬੈਠਾ ਹੋਇਆ ਹੈ ਅਤੇ ਡਰੱਗ ਲਾਇਸੈਂਸ ਜਾਰੀ ਕਰਨ ਲਈ ਇਕ ਵਿਅਕਤੀ ਤੋਂ ਪੈਸਿਆਂ ਦੀ ਮੰਗ ਕਰ ਰਿਹਾ ਹੈ। ਪਤਾ ਲੱਗਾ ਹੈ ਕਿ ਉਕਤ ਵੀਡੀਓ ਜਦੋਂ ਚੰਡੀਗੜ੍ਹ ਬੈਠੇ ਉੱਚ ਅਧਿਕਾਰੀਆਂ ਕੋਲ ਪਹੁੰਚੀ ਤਾਂ ਉਹ ਹਰਕਤ ਵਿਚ ਆ ਗਏ ਅਤੇ ਉਨ੍ਹਾਂ ਨੇ ਡਰੱਗ ਕੰਟਰੋਲ ਆਫ਼ਿਸਰ ’ਤੇ ਲੱਗੇ ਦੋਸ਼ਾਂ ਦੀ ਜਾਂਚ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ: ਗੈਂਗਸਟਰ ਗੋਲਡੀ ਬਰਾੜ ਦੇ ਨਜ਼ਦੀਕੀ ਸਾਥੀ ਸਣੇ 2 ਮੁਲਜ਼ਮ ਗ੍ਰਿਫ਼ਤਾਰ, ਹੋ ਸਕਦੇ ਵੱਡੇ ਖ਼ੁਲਾਸੇ
ਵਿਭਾਗੀ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸੂਬਾ ਸਰਕਾਰ ਨੇ ਰਵੀ ਗੁਪਤਾ ਡਰੱਗ ਕੰਟਰੋਲ ਆਫ਼ਿਸਰ ਨੂੰ ਸਸਪੈਂਡ ਕਰਦੇ ਹੋਏ ਉਸ ਦੀ ਇਨਕੁਆਰੀ ਵਿਜੀਲੈਂਸ ਤੋਂ ਕਰਵਾਉਣ ਲਈ ਕਮਿਸ਼ਨਰ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਨੂੰ ਨਿਰਦੇਸ਼ ਜਾਰੀ ਕੀਤੇ ਹਨ। ਉਕਤ ਡਰੱਗ ਕੰਟਰੋਲ ਆਫ਼ਿਸਰ ਦਾ ਚਾਰਜ ਤੁਰੰਤ ਪ੍ਰਭਾਵ ਨਾਲ ਅਮਰਜੀਤ ਸਿੰਘ ਡਰੱਗ ਕੰਟਰੋਲ ਆਫ਼ਿਸਰ ਜਲੰਧਰ-3 ਨੂੰ ਦਿੱਤਾ ਗਿਆ ਹੈ ਅਤੇ ਰਵੀ ਗੁਪਤਾ ਦਾ ਹੈੱਡਕੁਆਰਟਰ ਚੰਡੀਗੜ੍ਹ ਬਣਾਇਆ ਗਿਆ ਹੈ। ਵਰਣਨਯੋਗ ਹੈ ਕਿ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚ ਘਿਰੇ ਡਰੱਗ ਕੰਟਰੋਲ ਆਫ਼ਿਸਰ ਰਵੀ ਗੁਪਤਾ ਨੇ ਕੁਝ ਦਿਨ ਪਹਿਲਾਂ ਆਪਣੇ ਉੱਪਰ ਲੱਗੇ ਭ੍ਰਿਸ਼ਟਾਚਾਰ ਦੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਅਤੇ ਵਾਇਰਲ ਹੋਈ ਉਨ੍ਹਾਂ ਦੀ ਵੀਡੀਓ ਨੂੰ ਫੇਕ ਦੱਸਦਿਆਂ ਕਿਹਾ ਸੀ ਕਿ ਇਸ ਸਬੰਧੀ ਉਨ੍ਹਾਂ ਨੇ ਪੁਲਸ ਨੂੰ ਸ਼ਿਕਾਇਤ ਵੀ ਦਿੱਤੀ ਹੋਈ ਹੈ।
ਉਸ ਸਮੇਂ ਉਨ੍ਹਾਂ ਨੇ ਦੱਸਿਆ ਸੀ ਕਿ ਕੁਝ ਮਹੀਨੇ ਪਹਿਲਾਂ ਉਨ੍ਹਾਂ ਦੇ ਦਫਤਰ ਵਿਚ ਆ ਕੇ 2 ਅਣਪਛਾਤੇ ਲੋਕਾਂ ਨੇ ਉਨ੍ਹਾਂ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਅਤੇ ਬਾਅਦ ਵਿਚ ਉਨ੍ਹਾਂ ਤੋਂ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਅਤੇ ਕਿਹਾ ਕਿ ਜੇਕਰ ਪੈਸੇ ਨਹੀਂ ਦਿੱਤੇ ਤਾਂ ਅਸੀਂ ਤੁਹਾਡੀ ਵੀਡੀਓ ਵਾਇਰਲ ਕਰ ਦੇਵਾਂਗੇ। ਡਰੱਗ ਕੰਟਰੋਲ ਆਫਿਸਰ ਨੇ ਦੱਸਿਆ ਸੀ ਕਿ ਉਸ ਸਮੇਂ ਉਨ੍ਹਾਂ ਨੇ ਪੁਲਸ ਥਾਣਾ ਨੰਬਰ 4 ਵਿਚ ਆਪਣੀ ਸ਼ਿਕਾਇਤ ਦਰਜ ਕਰਵਾ ਕੇ ਉੱਚ ਅਧਿਕਾਰੀਆਂ ਨੂੰ ਸਾਰੀ ਗੱਲ ਦੱਸ ਦਿੱਤੀ ਸੀ। ਓਧਰ ਡਰੱਗ ਕੰਟਰੋਲ ਆਫਿਸਰ ਰਵੀ ਗੁਪਤਾ ਦੀ ਸਸਪੈਂਸ਼ਨ ਸਬੰਧੀ ਜਾਣਕਾਰੀ ਲੈਣ ਲਈ ਜਦੋਂ ਉੱਚ ਅਧਿਕਾਰੀਆਂ ਨੂੰ ਫੋਨ ਕੀਤਾ ਗਿਆ ਤਾਂ ਉਨ੍ਹਾਂ ਦਾ ਫੋਨ ਸਵਿਚ ਆਫ਼ ਸੀ।
ਇਹ ਵੀ ਪੜ੍ਹੋ: ਜੇਲ੍ਹਾਂ ’ਚ ਬੰਦ ਗੈਂਗਸਟਰਾਂ ’ਤੇ ਵੱਡੇ ਸ਼ਿਕੰਜੇ ਦੀ ਤਿਆਰੀ 'ਚ ਪੰਜਾਬ ਸਰਕਾਰ, ਮਦਦਗਾਰ ਵੀ ਹੋਣਗੇ ਤਲਬ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ