ਦੀਵਾਲੀ ਦੇ ਮੱਦੇਨਜ਼ਰ ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਨੇ ਤੰਗ ਬਾਜ਼ਾਰਾਂ ’ਚ ਕੀਤਾ ‘ਫਲੈਗ ਮਾਰਚ/ਮੌਕ ਡ੍ਰਿੱਲ’

Wednesday, Nov 08, 2023 - 12:00 PM (IST)

ਜਲੰਧਰ (ਪੁਨੀਤ)–ਦੀਵਾਲੀ ਦੇ ਮੱਦੇਨਜ਼ਰ ਕਿਸੇ ਵੀ ਤਰ੍ਹਾਂ ਦੀ ਮੰਦਭਾਗੀ ਘਟਨਾ ਨਾਲ ਨਜਿੱਠਣ ਲਈ ਨਗਰ ਨਿਗਮ, ਪੁਲਸ ਪ੍ਰਸ਼ਾਸਨ ਅਤੇ ਫਾਇਰ ਬ੍ਰਿਗੇਡ ਵੱਲੋਂ ਤੰਗ ਬਾਜ਼ਾਰਾਂ ਵਿਚ ਫਲੈਗ ਮਾਰਚ ਕੱਢਿਆ ਗਿਆ ਅਤੇ ਦੁਕਾਨਦਾਰਾਂ ਨੂੰ ਚੌਕਸੀ ਵਰਤਣ ਦੇ ਦਿਸ਼ਾ-ਨਿਰਦੇਸ਼ ਦਿੱਤੇ ਗਏ। ਦੂਜੇ ਪਾਸੇ ਮੌਕ ਡ੍ਰਿੱਲ ਕਰਦੇ ਹੋਏ ਤੰਗ ਬਾਜ਼ਾਰਾਂ ਤਕ ਪਹੁੰਚ ਕਰਨ ਅਤੇ ਹੰਗਾਮੀ ਹਾਲਾਤ ਨਾਲ ਨਜਿੱਠਣ ਲਈ ਟੀਮਾਂ ਨੂੰ ਟਰੇਨਿੰਗ ਦਿੱਤੀ ਗਈ। ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਨਾਰਥ ਵਿਕਰਾਂਤ ਵਰਮਾ ਅਤੇ ਸੈਂਟਰ ਤੋਂ ਰਾਜੇਸ਼ ਖੋਖਰ ਦੀ ਅਗਵਾਈ ਵਿਚ ਅਸਿਸਟੈਂਟ ਜ਼ੋਨਲ ਕਮਿਸ਼ਨਰ ਹਰਪ੍ਰੀਤ ਸਿੰਘ ਵਾਲੀਆ, ਨਿਗਮ ਦੇ ਸੀਨੀਅਰ ਅਧਿਕਾਰੀ, ਥਾਣਾ ਨੰਬਰ 4 ਦੀ ਪੁਲਸ, ਫਾਇਰ ਬ੍ਰਿਗੇਡ ਦੇ ਅਧਿਕਾਰੀ ਅਤੇ ਟੈਕਨੀਕਲ ਫੀਲਡ ਸਟਾਫ਼ ਸਮੇਤ ਤਹਿਬਾਜ਼ਾਰੀ ਅਤੇ ਹੋਰ ਟੀਮਾਂ ਹਾਜ਼ਰ ਰਹੀਆਂ।

PunjabKesari

ਮੁਹਿੰਮ ਦੀ ਸ਼ੁਰੂਆਤ ਜੇਲ੍ਹ ਚੌਂਕ ਸਥਿਤ ਫਾਇਰ ਬ੍ਰਿਗੇਡ ਦਫ਼ਤਰ ਤੋਂ ਕਰਦਿਆਂ ਫਾਇਰ ਬ੍ਰਿਗੇਡ ਦੇ ਸਟਾਫ਼ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ ਗਏ। ਇਸ ਉਪਰੰਤ ਅਧਿਕਾਰੀ ਫਲੈਗ ਮਾਰਚ ਕਰਦੇ ਹੋਏ ਭਗਵਾਨ ਵਾਲਮੀਕਿ ਚੌਂਕ (ਜੋਤੀ ਚੌਕ) ਤੋਂ ਹੁੰਦੇ ਹੋਏ ਰੈਣਕ ਬਾਜ਼ਾਰ, ਸ਼ੇਖਾਂ ਬਾਜ਼ਾਰ ਅਤੇ ਹੋਰ ਅੰਦਰੂਨੀ ਬਾਜ਼ਾਰਾਂ ਵਿਚ ਪਹੁੰਚੇ। ਇਸ ਦੌਰਾਨ ਬਾਜ਼ਾਰਾਂ ਨਾਲ ਸਬੰਧਤ ਐਸੋਸੀਏਸ਼ਨਾਂ ਦੇ ਅਹੁਦੇਦਾਰ ਟੀਮਾਂ ਦੇ ਨਾਲ ਮੌਜੂਦ ਰਹੇ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨਾਲ ਪਹੁੰਚੀਆਂ ਟੀਮਾਂ ਵੱਲੋਂ ਬਾਜ਼ਾਰਾਂ ਵਿਚ ਅੱਗ ਬੁਝਾਉਣ ਸਬੰਧੀ ਮੌਕ ਡ੍ਰਿੱਲ ਕਰਵਾਈ ਗਈ। ਇਸੇ ਕ੍ਰਮ ਵਿਚ ਛੋਟੀਆਂ ਗੱਡੀਆਂ ਦੀ ਸਹਾਇਤਾ ਨਾਲ ਤੰਗ ਬਾਜ਼ਾਰਾਂ ਦੇ ਅੰਦਰ ਤਕ ਪਾਣੀ ਪਹੁੰਚਾਉਣ ਦੀ ਰਿਹਰਸਲ ਕੀਤੀ ਗਈ। ਅਧਿਕਾਰੀਆਂ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਕਿਸੇ ਵੀ ਮੰਦਭਾਗੀ ਘਟਨਾ ਨਾਲ ਨਜਿੱਠਣ ਦੀ ਤਿਆਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਲਾਈਵ ਸਟ੍ਰੀਮਿੰਗ ਦੌਰਾਨ ਰੇਡੀਓ ਜਰਨਲਿਸਟ ਦਾ ਗੋਲ਼ੀ ਮਾਰ ਕੇ ਕਤਲ, ਗੋਲ਼ੀ ਬੁੱਲ੍ਹ ’ਤੇ ਲੱਗ ਸਿਰ ਤੋਂ ਹੋਈ ਪਾਰ

PunjabKesari

ਅਧਿਕਾਰੀਆਂ ਨੇ ਦੱਸਿਆ ਕਿ ਨਗਰ ਨਿਗਮ ਦੇ ਕਮਿਸ਼ਨਰ ਆਈ. ਏ.ਐੱਸ. ਡਾ. ਰਿਸ਼ੀਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ’ਤੇ ਤੰਗ ਬਾਜ਼ਾਰਾਂ ਵਿਚ ਰਿਹਰਸਲ ਦੌਰਾਨ ਦੂਜੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਾਲ ਰੱਖਿਆ ਗਿਆ। ਤਿਉਹਾਰਾਂ ਦੇ ਸੀਜ਼ਨ ਦੌਰਾਨ ਨਿਗਮ ਵੱਲੋਂ ਚੌਕਸੀ ਦਿਖਾਉਂਦੇ ਹੋਏ ਇਹ ਮੁਹਿੰਮ ਚਲਾਈ ਗਈ ਹੈ, ਜੋ ਕਿ ਆਉਣ ਵਾਲੇ ਦਿਨਾਂ ਵਿਚ ਵੀ ਜਾਰੀ ਰਹੇਗੀ। ਦੂਜੇ ਪਾਸੇ ਦੂਜੇ ਵਿਭਾਗਾਂ ਦੇ ਅਧਿਕਾਰੀ ਦੁਬਾਰਾ ਇਸ ਤਰ੍ਹਾਂ ਦੀ ਮੁਹਿੰਮ ਚਲਾਉਣਗੇ। ਬਾਜ਼ਾਰਾਂ ਵਿਚ ਰਸਤਿਆਂ ਨੂੰ ਸਾਫ਼ ਰੱਖਿਆ ਜਾਵੇਗਾ ਅਤੇ ਨਿਗਮ ਕਮਿਸ਼ਨਰਾਂ ਦੀਆਂ ਹਦਾਇਤਾਂ ’ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ।

PunjabKesari

ਕਬਜ਼ੇ ਹਟਾਉਣ ਦੇ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਕਰਵਾਈ ਪਾਲਣਾ
ਫਲੈਗ ਮਾਰਚ ਦੌਰਾਨ ਤਹਿਬਾਜ਼ਾਰੀ ਦੀਆਂ ਟੀਮਾਂ ਵੱਲੋਂ ਦੁਕਾਨਦਾਰਾਂ ਨੂੰ ਕਬਜ਼ੇ ਹਟਾਉਣ ਦੇ ਦਿਸ਼ਾ-ਨਿਰਦੇਸ਼ ਦਿੰਦੇ ਹੋਏ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਵਾਈ ਗਈ। ਉਪਕਰਨਾਂ ਨਾਲ ਪਹੁੰਚੀ ਤਹਿਬਾਜ਼ਾਰੀ ਬ੍ਰਾਂਚ ਦੇ ਅਧਿਕਾਰੀਆਂ ਨੇ ਮਾਈਕ ਜ਼ਰੀਏ ਦੁਕਾਨਦਾਰਾਂ ਨੂੰ ਦੋ-ਟੁੱਕ ਚਿਤਾਵਨੀ ਦਿੱਤੀ। ਅਧਿਕਾਰੀਆਂ ਨੇ ਕਿਹਾ ਕਿ ਨਿਗਮ ਦੀਆਂ ਟੀਮਾਂ ਦੁਬਾਰਾ ਬਾਜ਼ਾਰਾਂ ਵਿਚ ਆਉਣਗੀਆਂ। ਜੇਕਰ ਦੁਕਾਨਾਂ ਦੇ ਬਾਹਰ ਕਬਜ਼ੇ ਨਜ਼ਰ ਆਏ ਤਾਂ ਦੁਕਾਨਦਾਰਾਂ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਤਹਿਬਾਜ਼ਾਰੀ ਸੁਪਰਡੈਂਟ ਨੇ ਕਿਹਾ ਕਿ ਦੀਵਾਲੀ ਦੇ ਮੱਦੇਨਜ਼ਰ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੂੰ ਕਿਸੇ ਵੀ ਸਮੇਂ ਆਉਣਾ ਪੈ ਸਕਦਾ ਹੈ। ਅਜਿਹੇ ਹਾਲਾਤ ਵਿਚ ਦੁਕਾਨਾਂ ਦੇ ਬਾਹਰ ਹੋਣ ਵਾਲੇ ਕਬਜ਼ਿਆਂ ਕਾਰਨ ਗੱਡੀਆਂ ਦੇ ਲੰਘਣ ਵਿਚ ਦਿੱਕਤ ਪੇਸ਼ ਆਵੇਗੀ। ਕਈ ਘੰਟੇ ਚੱਲੀ ਨਿਗਮ ਦੀ ਕਾਰਵਾਈ ਦੌਰਾਨ ਕਬਜ਼ੇ ਹਟਣ ਨਾਲ ਰੈਣਕ ਬਾਜ਼ਾਰ ਖੁੱਲ੍ਹਾ-ਖੁੱਲ੍ਹਾ ਨਜ਼ਰ ਆਇਆ।

PunjabKesari

ਇਹ ਵੀ ਪੜ੍ਹੋ: ਦਵਾਈ ਲੈਣ ਗਏ ਬਜ਼ੁਰਗ ਦੀ ਕਿਸਮਤ ਨੇ ਮਾਰੀ ਪਲਟੀ, 4 ਘੰਟਿਆਂ 'ਚ ਬਣਿਆ ਢਾਈ ਕਰੋੜ ਦਾ ਮਾਲਕ

ਛੱਤਾਂ ’ਤੇ ਪਿਆ ਸਾਮਾਨ ਹਟਾਉਣ ਦੇ ਹੁਕਮ
ਨਿਗਮ ਅਧਿਕਾਰੀਆਂ ਵੱਲੋਂ ਦੁਕਾਨਦਾਰਾਂ ਨੂੰ ਹੁਕਮ ਦਿੱਤੇ ਗਏ ਹਨ ਕਿ ਉਹ ਛੱਤਾਂ ’ਤੇ ਪਿਆ ਪੁਰਾਣਾ ਸਾਮਾਨ ਲੱਕੜੀਆਂ ਅਤੇ ਘਾਹ-ਫੂਸ ਨੂੰ ਹਟਵਾ ਦੇਣ। ਦੀਵਾਲੀ ਦੌਰਾਨ ਪਟਾਕਿਆਂ ਦੀ ਚੰਗਿਆੜੀ ਨਾਲ ਕੋਈ ਮੰਦਭਾਗੀ ਘਟਨਾ ਵਾਪਰ ਸਕਦੀ ਹੈ, ਇਸ ਕਾਰਨ ਚੌਕਸੀ ਵਰਤਣਾ ਜ਼ਰੂਰੀ ਹੈ। ਅਧਿਕਾਰੀਆਂ ਨੇ ਕਿਹਾ ਕਿ ਜਾਰੀ ਹੋਏ ਦਿਸ਼ਾ-ਨਿਰਦੇਸ਼ਾਂ ਨੂੰ ਲੈ ਕੇ ਨਿਗਮ ਟੀਮਾਂ ਚੈਕਿੰਗ ਕਰਨਗੀਆਂ। ਜੇਕਰ ਛੱਤਾਂ ’ਤੇ ਕਬਾੜ ਜਾਂ ਕੋਈ ਹੋਰ ਸਾਮਾਨ ਮਿਲਦਾ ਹੈ ਤਾਂ ਸਬੰਧਤ ਦੁਕਾਨ ਦਾ ਚਲਾਨ ਕੀਤਾ ਜਾਵੇਗਾ।

ਇਹ ਵੀ ਪੜ੍ਹੋ: RCF ਕਪੂਰਥਲਾ ਨੇੜੇ 100 ਝੁੱਗੀਆਂ ਨੂੰ ਲੱਗੀ ਭਿਆਨਕ ਅੱਗ, ਅੱਖਾਂ ਸਾਹਮਣੇ ਸੜ ਗਏ ਗ਼ਰੀਬਾਂ ਦੇ ਆਸ਼ਿਆਨੇ

 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 

 https://play.google.com/store/apps/details?id=com.jagbani&hl=en&pli=1

For IOS:-  

https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News