ਖਤਰੇ ਨੂੰ ਸੱਦਾ : ਲੋਕ ਸਖਤੀ ਨਾਲ ਨਹੀਂ ਕਰ ਰਹੀ ਕੋਰੋਨਾ ਖਿਲਾਫ ਲੱਗੇ ਕਰਫਿਊ ਦੀ ਪਾਲਣਾ

Monday, Mar 30, 2020 - 10:30 AM (IST)

ਖਤਰੇ ਨੂੰ ਸੱਦਾ : ਲੋਕ ਸਖਤੀ ਨਾਲ ਨਹੀਂ ਕਰ ਰਹੀ ਕੋਰੋਨਾ ਖਿਲਾਫ ਲੱਗੇ ਕਰਫਿਊ ਦੀ ਪਾਲਣਾ

ਜਲੰਧਰ (ਪੁਨੀਤ)— ਕੋਰੋਨਾ ਦੇ ਖਤਰੇ ਨਾਲ ਨਿਪਟਣ ਲਈ ਪ੍ਰਸ਼ਾਸਨ ਵੱਲੋਂ ਕਰਫਿਊ ਲਾਇਆ ਗਿਆ ਤਾਂ ਜੋ ਲੋਕ ਘਰਾਂ 'ਚ ਰਹਿਣ ਅਤੇ ਕਿਸੇ ਦੂਜੇ ਦੇ ਸੰਪਰਕ 'ਚ ਨਾ ਆਉਣ ਪਰ ਗਲੀ-ਮੁਹੱਲਿਆਂ 'ਚ ਕਰਫਿਊ ਦੀ ਸਖਤੀ ਨਾਲ ਪਾਲਣਾ ਨਹੀਂ ਹੋ ਰਹੀ, ਜੋ ਕਿ ਖਤਰੇ ਨੂੰ ਸਦਾ ਦੇ ਰਹੀ ਹੈ। ਲੋਕ ਪ੍ਰਸ਼ਾਸਨ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਨੂੰ ਠੀਕ ਢੰਗ ਨਾਲ ਨਾ ਅਪਣਾ ਕੇ ਆਪਣੇ ਨਾਲ-ਨਾਲ ਆਪਣੇ ਪਰਿਵਾਰ ਅਤੇ ਸਮਾਜ ਨੂੰ ਵੀ ਸੰਕਟ 'ਚ ਪਾ ਰਹੇ ਹਨ। ਕੋਰੋਨਾ ਅਜਿਹੀ ਬੀਮਾਰੀ ਹੈ, ਜਿਸ ਤੋਂ ਬਚਣ ਲਈ ਦੂਰੀ ਬਣਾਈ ਰੱਖਣਾ ਜ਼ਰੂਰੀ ਹੈ ਪਰ ਗਲੀ-ਮੁਹੱਲਿਆਂ 'ਚ ਕਈ ਥਾਵਾਂ 'ਤੇ ਗਲੀ ਕ੍ਰਿਕਟ ਖੇਡਦੇ ਦੇਖਿਆ ਜਾ ਸਕਦਾ ਹੈ। ਬੰਦ ਪਏ ਬਾਜ਼ਾਰਾਂ 'ਚ ਵੀ ਕੁਝ ਲੋਕ ਤਾਸ਼ ਆਦਿ ਖੇਡ ਰਹੇ ਹਨ ਅਤੇ ਕੁਝ ਲੋਕ ਮੋਬਾਇਲ 'ਤੇ ਲੂਡੋ ਗੇਮ ਖੇਡ ਰਹੇ ਹਨ।

PunjabKesari


ਪੁਲਸ ਵੱਲੋਂ ਵੱਖ-ਵੱਖ ਚੌਕਾਂ 'ਚ ਨਾਕੇ ਲਾ ਕੇ ਲੋਕਾਂ ਨੂੰ ਕਰਫਿਊ ਦੀ ਪਾਲਣਾ ਕਰਨ ਲਈ ਕਿਹਾ ਜਾ ਰਿਹਾ ਹੈ ਪਰ ਗਲੀ-ਮੁਹੱਲਿਆਂ 'ਚ ਜੋ ਸਾਵਧਾਨੀਆਂ ਨਹੀਂ ਅਪਨਾਈਆਂ ਜਾ ਰਹੀਆਂ ਹਨ ਉਸ ਪ੍ਰਤੀ ਜਨਤਾ ਨੂੰ ਖੁਦ ਜਾਗਰੂਕ ਹੋਣ ਦੀ ਲੋੜ ਹੈ। ਜਾਣਕਾਰ ਕਹਿੰਦੇ ਹਨ ਕਿ ਗਲੀ-ਮੁਹੱਲਿਆਂ 'ਚ ਹਰ ਜਗ੍ਹਾ ਪੁਲਸ ਨੂੰ ਤਾਇਨਾਤ ਕੀਤਾ ਜਾਣਾ ਸੰਭਵ ਨਹੀਂ ਹੈ, ਇਸ ਲਈ ਲੋਕ ਆਪਣੀ ਨੈਤਿਕ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਘਰਾਂ 'ਚ ਰਹਿਣ। ਲੋਕਾਂ ਨੂੰ ਚਾਹੀਦਾ ਹੈ ਕਿ ਉਹ ਇਕ ਥਾਂ 'ਤੇ ਇਕੱਠੇ ਨਾ ਹੋਣ ਕਿਉਂਕਿ ਅਜਿਹਾ ਕਰਨਾ ਖਤਰੇ ਤੋਂ ਖਾਲੀ ਨਹੀਂ ਹੈ।


ਉਥੇ ਹੀ ਪ੍ਰਸ਼ਾਸਨ ਵੱਲੋਂ ਦਵਾਈਆਂ ਦੀ ਖਰੀਦਦਾਰੀ ਕਰਨ ਲਈ ਬੀਤੇ ਦਿਨ ਛੋਟ ਦਿੱਤੀ ਗਈ, ਜਿਸ ਕਾਰਨ ਦਵਾਈਆਂ ਦੀਆਂ ਦੁਕਾਨਾਂ 'ਤੇ ਲੋਕ ਇਕੱਠੇ ਹੋ ਗਏ। ਦਵਾਈਆਂ ਖਰੀਦਣ ਲਈ ਆਉਣ ਵਾਲੇ ਲੋਕਾਂ ਨੂੰ ਨਿਯਮਾਂ ਮੁਤਾਬਕ ਖੜ੍ਹਾ ਕਰਨ ਲਈ ਪੁਲਸ ਤਾਇਨਾਤ ਰਹੀ ਹੈ ਤਾਂ ਜੋ ਲੋਕ ਦੂਰੀ ਬਣਾਏ ਰੱਖਣ। ਪ੍ਰਸ਼ਾਸਨ ਵੱਲੋਂ ਜੋ ਸਖਤੀ ਕੀਤੀ ਗਈ ਉਹ ਲੋਕਾਂ ਦੀ ਭਲਾਈ ਲਈ ਚੰਗਾ ਕਦਮ ਹੈ। ਲੋਕਾਂ ਨੂੰ ਚਾਹੀਦਾ ਹੈ ਕਿ ਜਦੋਂ ਪੁਲਸ ਨਹੀਂ ਹੁੰਦੀ ਉਦੋਂ ਵੀ ਨਿਯਮਾਂ ਦੀ ਪਾਲਣਾ ਕਰਨ ਤਾਂ ਜੋ ਕੋਰੋਨਾ ਨੂੰ ਫੈਲਣ ਤੋਂ ਰੋਕਿਆ ਜਾ ਸਕੇ।

PunjabKesari

ਘਰੇਲੂ ਚੀਜ਼ਾਂ ਦੀ ਸਪਲਾਈ ਨਹੀਂ ਹੋਈ ਆਮ ਵਾਂਗ
ਪ੍ਰਸ਼ਾਸਨ ਵੱਲੋਂ ਵੱਡੇ ਪੱਧਰ 'ਤੇ ਇੰਤਜ਼ਾਮ ਕੀਤੇ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਤੱਕ ਜ਼ਰੂਰੀ ਚੀਜ਼ਾਂ ਮੁਹੱਈਆ ਕਰਵਾਈਆਂ ਜਾ ਸਕਣ ਪਰ ਅਜੇ ਤੱਕ ਇਹ ਸਪਲਾਈ ਆਮ ਵਾਂਗ ਨਹੀਂ ਹੋ ਸਕੀ। ਪਿਛਲੇ ਦਿਨਾਂ ਦੇ ਮੁਕਾਬਲੇ ਬੈਕਲਾਗ ਭਲੇ ਹੀ ਘੱਟ ਹੋਇਆ ਹੈ ਪਰ ਅਜੇ ਵੀ ਵੱਡੇ ਪੱਧਰ 'ਤੇ ਅਜਿਹੇ ਇਲਾਕੇ ਹਨ ਜਿੱਥੇ ਲੋਕ ਸਾਮਾਨ ਲਈ ਇਧਰ-ਉੱਧਰ ਭਟਕ ਰਹੇ ਹਨ। ਸਮਾਜ ਸੇਵੀ ਸੰਸਥਾਵਾਂ ਵਲੋਂ ਅਜਿਹੇ ਇਲਾਕਿਆਂ 'ਚ ਲੰਗਰ ਆਦਿ ਦਾ ਪ੍ਰਬੰਧ ਕਰਵਾਇਆ ਜਾ ਰਿਹਾ ਹੈ ਪਰ ਉਹ ਨਾਕਾਫੀ ਸਾਬਿਤ ਹੋ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਲੰਗਰ 1 ਜਾਂ 2 ਵਕਤ ਹੀ ਚੱਲ ਸਕਦਾ ਹੈ, ਇਸ ਲਈ ਗੁਜ਼ਾਰੇ ਲਈ ਰਾਸ਼ਨ ਦੀ ਲੋੜ ਹੈ, ਇਸ ਲਈ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਲੋਕਾਂ ਤੱਕ ਰਸੋਈ 'ਚ ਇਸਤੇਮਾਲ ਹੋਣ ਵਾਲਾ ਸਾਮਾਨ ਪਹੁੰਚਾਏ।

PunjabKesari

ਓਵਰਚਾਰਜ ਕਰਨ ਵਾਲੇ ਦੁਕਾਨਦਾਰਾਂ ਖਿਲਾਫ ਲੋਕਾਂ ਨੇ ਚਲਾਈ ਮੁਹਿੰਮ
ਪ੍ਰਸ਼ਾਸਨ ਦੀ ਸਖਤੀ ਦੇ ਬਾਵਜੂਦ ਗਲੀ-ਮੁਹੱਲੇ ਦੇ ਕਈ ਦੁਕਾਨਦਾਰਾਂ ਵੱਲੋਂ ਓਵਰਚਾਰਜ ਕਰ ਕੇ ਵੱਡੇ ਪੱਧਰ 'ਤੇ ਮੁਨਾਫਾ ਕਮਾਇਆ ਜਾ ਰਿਹਾ ਹੈ, ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਓਵਰਚਾਰਜ ਕਰਨ ਵਾਲੇ ਅਜਿਹੇ ਦੁਕਾਨਦਾਰਾਂ ਖਿਲਾਫ ਲੋਕਾਂ ਵਲੋਂ ਸੋਸ਼ਲ ਮੀਡੀਆ 'ਤੇ ਮੁਹਿੰਮ ਚਲਾਈ ਜਾ ਰਹੀ ਹੈ। ਕਈ ਤਰ੍ਹਾਂ ਦੇ ਅਜਿਹੇ ਗਰੁੱਪ ਬਣ ਰਹੇ ਹਨ, ਜਿਸ 'ਚ ਦੁਕਾਨਦਾਰਾਂ ਵਲੋਂ ਓਵਰਚਾਰਜ ਕੀਤੇ ਜਾਣ ਦੀ ਸੂਰਤ 'ਚ ਭਵਿੱਖ 'ਚ ਉਨ੍ਹਾਂ ਤੋਂ ਸਾਮਾਨ ਨਾ ਖਰੀਦਣ ਸਬੰਧੀ ਰਾਏ ਦਿੱਤੀ ਜਾ ਰਹੀ ਹੈ। ਇਕ ਖਪਤਕਾਰ ਦੀਪਕ ਕੁਮਾਰ ਨੇ ਕਿਹਾ ਕਿ ਜਿੱਥੇ ਇਕ ਪਾਸੇ ਕਈ ਦੁਕਾਨਦਾਰਾਂ ਵੱਲੋਂ ਓਵਰਚਾਰਜ ਕੀਤਾ ਜਾ ਰਿਹਾ ਹੈ, ਉਥੇ ਹੀ ਅਜਿਹੇ ਕਈ ਨੇਕ ਦਿਲ ਦੁਕਾਨਦਾਰ ਵੀ ਹਨ ਜੋ ਕਿ ਕੰਟਰੋਲ ਰੇਟ 'ਤੇ ਸਾਮਾਨ ਦੇ ਕੇ ਆਪਣੇ ਨਾਲ ਗਾਹਕਾਂ ਨੂੰ ਜੋੜ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਕਰਫਿਊ ਤਾਂ ਕੁਝ ਦਿਨ ਰਹੇਗਾ ਪਰ ਇਸ ਤੋਂ ਬਾਅਦ ਵੀ ਉਹ ਉਸ ਤੋਂ ਹੀ ਸਾਮਾਨ ਖਰੀਦਣਗੇ ਜੋ ਓਵਰਚਾਰਜ ਨਹੀਂ ਕਰ ਰਿਹਾ।

ਜੰਮੂ-ਕਸ਼ਮੀਰ ਲਈ ਪੈਦਲ ਹੀ ਨਿਕਲੇ ਲੋਕ
ਸਰਦੀਆਂ ਦੇ ਮੌਸਮ 'ਚ ਵੱਡੀ ਗਿਣਤੀ 'ਚ ਜੰਮੂ-ਕਸ਼ਮੀਰ ਤੋਂ ਲੋਕ ਪੰਜਾਬ 'ਚ ਗਰਮ ਕੱਪੜਿਆਂ ਦਾ ਵਪਾਰ ਕਰਨ ਲਈ ਆਉਂਦੇ ਹਨ। ਦੂਜੇ ਸੂਬਿਆਂ 'ਚ ਜਾਣ ਵਾਲੀਆਂ ਬੱਸਾਂ 'ਤੇ ਪੂਰਨ ਤੌਰ 'ਤੇ ਰੋਕ ਕਾਰਨ ਉਕਤ ਲੋਕਾਂ ਲਈ ਮੁਸ਼ਕਲ ਖੜ੍ਹੀ ਹੋ ਗਈ ਹੈ। ਪਿਛਲੇ ਇਕ ਹਫਤੇ ਤੋਂ ਵਾਪਸ ਜਾਣ ਦਾ ਇੰਤਜ਼ਾਰ ਕਰ ਰਹੇ ਲੋਕ ਆਖਿਰ ਪੈਦਲ ਹੀ ਵਾਪਸ ਜਾਣ ਲੱਗੇ ਹਨ। ਯੂਸੁਫ ਹੁਸੈਨ ਦਾ ਕਹਿਣਾ ਹੈ ਕਿ ਉਹ ਜੰਮੂ ਤੋਂ 70 ਕਿਲੋਮੀਟਰ ਦੂਰ ਰਹਿੰਦਾ ਹੈ ਅਤੇ ਬੱਸ ਨਾ ਮਿਲਣ ਕਾਰਨ ਉਹ ਇਸ ਆਸ 'ਚ ਪੈਦਲ ਨਿਕਲ ਪਏ ਹਨ ਕਿ ਅੱਗੇ ਸ਼ਾਇਦ ਕੋਈ ਵਾਹਨ ਮਿਲ ਜਾਵੇ।


author

shivani attri

Content Editor

Related News