ਸਾਲਾਂ ਤੋਂ ਆਪਣੀਆਂ ਸੀਟਾਂ ਨਾਲ ਚਿੰਬੜੇ ਬੈਠੇ ਸਾਰੇ ਜਲੰਧਰ ਨਿਗਮ ਅਧਿਕਾਰੀਆਂ ਦੇ ਹੋਣਗੇ ਤਬਾਦਲੇ

05/14/2022 2:32:57 PM

ਜਲੰਧਰ (ਖੁਰਾਣਾ)– ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਤਹਿਸੀਲ ਕੰਪਲੈਕਸ, ਡੀ. ਸੀ. ਕੰਪਲੈਕਸ, ਇੰਪਰੂਵਮੈਂਟ ਟਰੱਸਟ, ਟਰਾਂਸਪੋਰਟ ਮਹਿਕਮਾ, ਸਿੱਖਿਆ ਮਹਿਕਮਾ, ਪਾਵਰਕਾਮ, ਮਾਈਨਿੰਗ ਮੰਤਰਾਲਾ ਅਤੇ ਸਿਹਤ ਮਹਿਕਮੇ ਨਾਲ ਸਬੰਧਤ ਸਰਕਾਰੀ ਸੰਸਥਾਵਾਂ ਵਿਚ ਕਾਫ਼ੀ ਬਦਲਾਅ ਵੇਖਿਆ ਜਾ ਰਿਹਾ ਹੈ ਪਰ ਲੋਕਲ ਬਾਡੀਜ਼ ਨਾਲ ਸਬੰਧਤ ਨਗਰ ਨਿਗਮਾਂ ਦੇ ਉੱਪਰ ਅਜੇ ਇਸ ਸਰਕਾਰ ਦੀ ਨਜ਼ਰ ਨਹੀਂ ਪਈ ਅਤੇ ਲੋਕਲ ਬਾਡੀਜ਼ ਵਿਚ ‘ਆਪ’ ਸਰਕਾਰ ਦਾ ਦਬਦਬਾ ਬਿਲਕੁਲ ਨਜ਼ਰ ਨਹੀਂ ਆ ਰਿਹਾ।

ਜਲੰਧਰ ਨਗਰ ਨਿਗਮ ਦੀ ਗੱਲ ਕਰੀਏ ਤਾਂ ਇਥੇ ਪਿਛਲੇ 2 ਮਹੀਨਿਆਂ ਤੋਂ ਭ੍ਰਿਸ਼ਟਾਚਾਰ ਨੇ ਆਪਣੀਆਂ ਸਾਰੀਆਂ ਹੱਦਾਂ ਪਾਰ ਕੀਤੀਆਂ ਹੋਈਆਂ ਹਨ। ਜਲੰਧਰ ਤੋਂ ਆਮ ਆਦਮੀ ਪਾਰਟੀ ਦੇ 2 ਵਿਧਾਇਕ ਹਨ ਪਰ ਉਹ ਵੀ ਨਿਗਮ ਦੀ ਕਾਰਜਪ੍ਰਣਾਲੀ ਤੋਂ ਖ਼ੁਸ਼ ਨਹੀਂ ਹਨ। ਇਸ ਦੇ ਪਿੱਛੇ ਇਕ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਇਸ ਸਮੇਂ ਪੰਜਾਬ ਵਿਚ ਕੋਈ ਵੀ ਲੋਕਲ ਬਾਡੀਜ਼ ਮੰਤਰੀ ਨਹੀਂ ਹੈ ਅਤੇ ਮੁੱਖ ਮੰਤਰੀ ਨੇ ਇਹ ਮੰਤਰਾਲਾ ਆਪਣੇ ਕੋਲ ਰੱਖਿਆ ਹੋਇਆ ਹੈ। ਫਿਲਹਾਲ ਮੁੱਖ ਮੰਤਰੀ ਨੇ ਵੀ ਲੋਕਲ ਬਾਡੀਜ਼ ਨਾਲ ਸਬੰਥਤ ਕੋਈ ਵੱਡਾ ਐਲਾਨ ਨਹੀਂ ਕੀਤਾ ਅਤੇ ਨਾ ਹੀ ਇਸ ਮਹਿਕਮੇ ਦੇ ਕਿਸੇ ਅਧਿਕਾਰੀ ’ਤੇ ਅਜੇ ਤੱਕ ਕੋਈ ਐਕਸ਼ਨ ਲਿਆ ਗਿਆ ਹੈ।

ਇਹ ਵੀ ਪੜ੍ਹੋ: ਮੁਫ਼ਤ ਆਨਲਾਈਨ ਸਿੱਖਿਆ ਦੀ ਸ਼ੁਰੂਆਤ ਕਰਨ ਵਾਲਾ ਪਹਿਲਾ ਜ਼ਿਲ੍ਹਾ ਬਣਿਆ ਕਪੂਰਥਲਾ

ਹੁਣ ਪਤਾ ਲੱਗਾ ਹੈ ਕਿ ਲੋਕਲ ਬਾਡੀਜ਼ ਦੇ ਅਧਿਕਾਰੀਆਂ ਨੇ ਸੂਬੇ ਦੇ ਸਾਰੇ ਨਗਰ ਨਿਗਮਾਂ ਨਾਲ ਸਬੰਧਤ 496 ਅਧਿਕਾਰੀਆਂ ਦੀ ਇਕ ਅਜਿਹੀ ਸੂਚੀ ਤਿਆਰ ਕੀਤੀ ਹੋਈ ਹੈ, ਜਿਨ੍ਹਾਂ ਦੇ ਤਬਾਦਲੇ ਆਉਣ ਵਾਲੇ ਹਫਤੇ ਵਿਚ ਕੀਤੇ ਜਾਣੇ ਹਨ। ਫਿਲਹਾਲ ਇਹ ਸੂਚੀ ਜੁਆਇੰਟ ਡਾਇਰੈਕਟਰ ਅਤੇ ਇਕ-ਦੋ ਹੋਰ ਅਧਿਕਾਰੀਆਂ ਕੋਲ ਵੀ ਹੈ ਅਤੇ ਇਸ ਨੂੰ ਜਨਤਕ ਹੋਣ ਤੋਂ ਬਚਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਮੰਨਿਆ ਜਾ ਰਿਹਾ ਹ ਕਿ ਜਿਹੜੇ ਅਧਿਕਾਰੀ ਪਿਛਲੇ 2 ਜਾਂ 3 ਸਾਲਾਂ ਤੋਂ ਇਕ ਹੀ ਸੀਟ ਨਾਲ ਚਿੰਬੜੇ ਬੈਠੇ ਹਨ ਜਾਂ ਇਕ ਹੀ ਨਿਗਮ ਵਿਚ ਕੰਮ ਕਰ ਰਹੇ ਹਨ, ਉਨ੍ਹਾਂ ਨੂੰ ਆਉਣ ਵਾਲੇ ਦਿਨਾਂ ਵਿਚ ਬਦਲਿਆ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਇਹ ਸੂਚੀ ਤਿਆਰ ਕਰਨ ਤੋਂ ਪਹਿਲਾਂ ਚੰਡੀਗੜ੍ਹ ਬੈਠੇ ਅਧਿਕਾਰੀਆਂ ਨੇ ਸਾਰੇ ਨਗਰ ਨਿਗਮ ਕਮਿਸ਼ਨਰਾਂ ਨੂੰ ਚਿੱਠੀ ਲਿਖ ਕੇ ਸਟਾਫ਼ ਸਬੰਧੀ ਜਾਣਕਾਰੀ ਮੰਗੀ ਸੀ ਅਤੇ ਉਹ ਕਿੰਨੇ ਸਮੇਂ ਤੋਂ ਕੰਮ ਕਰ ਰਹੇ ਹਨ, ਇਸ ਦੀ ਸੂਚਨਾ ਵੀ ਚੰਡੀਗੜ੍ਹ ਮੰਗਵਾਈ ਗਈ ਸੀ। ਇਸੇ ਜਾਣਕਾਰੀ ਦੇ ਆਧਾਰ ’ਤੇ ਪ੍ਰੋਵਿੰਸ਼ੀਅਲ ਕੇਡਰ ਦੇ ਤਬਾਦਲਿਆਂ ਦੀ ਲੰਮੀ-ਚੌੜੀ ਸੂਚੀ ਤਿਆਰ ਕੀਤੀ ਗਈ ਹੈ, ਜਿਸ ਦੀ ਉਡੀਕ ਸਾਰੇ ਨਿਗਮਾਂ ਦੇ ਕਰਮਚਾਰੀ ਕਰ ਰਹੇ ਹਨ।

ਮੰਤਰੀ ਨਿਯੁਕਤ ਹੋਣ ਤੋਂ ਬਾਅਦ ਹੀ ਭ੍ਰਿਸ਼ਟਾਚਾਰ ’ਤੇ ਹੋਵੇਗਾ ਐਕਸ਼ਨ
ਪਿਛਲੇ ਦਿਨੀਂ ਲੋਕਲ ਬਾਡੀਜ਼ ਦੇ ਸੀ. ਵੀ. ਓ. ਨੇ ਭਾਵੇਂ ਜਲੰਧਰ ਇੰਪਰੂਵਮੈਂਟ ਟਰੱਸਟ ਅਤੇ ਕੁਝ ਹੋਰ ਸੰਸਥਾਵਾਂ ’ਤੇ ਛਾਪੇਮਾਰੀ ਕਰ ਕੇ ਭ੍ਰਿਸ਼ਟਾਚਾਰ ਦੇ ਕਈ ਮਾਮਲੇ ਉਜਾਗਰ ਕੀਤੇ ਸਨ ਪਰ ਮੰਨਿਆ ਜਾ ਰਿਹਾ ਹੈ ਕਿ ਜਲੰਧਰ ਨਿਗਮ ਅਤੇ ਹੋਰਨਾਂ ਵਿਚ ਭ੍ਰਿਸ਼ਟਾਚਾਰ ’ਤੇ ਕਾਰਵਾਈ ਨਵਾਂ ਲੋਕਲ ਬਾਡੀਜ਼ ਮੰਤਰੀ ਨਿਯੁਕਤ ਹੋਣ ਤੋਂ ਬਾਅਦ ਹੀ ਹੋਵੇਗੀ। ਸੂਤਰ ਦੱਸਦੇ ਹਨ ਕਿ ਸੀ. ਵੀ. ਓ. ਕੋਲ ਜਲੰਧਰ ਨਿਗਮ ਨਾਲ ਸਬੰਧਤ ਵੀ ਅਜਿਹੀਆਂ ਕਈ ਸ਼ਿਕਾਇਤਾਂ ਹਨ, ਜਿਨ੍ਹਾਂ ਵਿਚ ਭ੍ਰਿਸ਼ਟਾਚਾਰ ਦੀਆਂ ਸਪੱਸ਼ਟ ਉਦਾਹਰਣਾਂ ਨਜ਼ਰ ਆ ਰਹੀਆਂ ਹਨ।

ਇਹ ਵੀ ਪੜ੍ਹੋ:  ਬਚਪਨ ’ਚ ਟਰੈਫਿਕ ਸਿਗਨਲ ’ਤੇ ਵੇਚੇ ਫੁੱਲ, PHD ਮਗਰੋਂ ਹੁਣ ਸਰਿਤਾ ਮਾਲੀ 7 ਸਾਲ ਅਮਰੀਕਾ 'ਚ ਕਰੇਗੀ ਖੋਜ

ਇਕ ਅਧਿਕਾਰੀ ਨੇ ਤਾਂ ਕਮਿਸ਼ਨ ਦੇ 100 ਰੁਪਏ ਤੱਕ ਮੰਗ ਲਏ
ਜਲੰਧਰ ਨਿਗਮ ਵਿਚ ਕਮੀਸ਼ਨਬਾਜ਼ੀ ਅਤੇ ਭ੍ਰਿਸ਼ਟਾਚਾਰ ਕਿੰਨਾ ਹਾਵੀ ਹੈ, ਇਸ ਦੀ ਇਕ ਉਦਾਹਰਣ ਕੁਝ ਦਿਨ ਪਹਿਲਾਂ ਵੇਖਣ ਨੂੰ ਮਿਲੀ, ਜਦੋਂ ਜਲੰਧਰ ਨਿਗਮ ਦੇ ਇਕ ਵੱਡੇ ਅਧਿਕਾਰੀ ਨੇ ਕਮੀਸ਼ਨ ਦੀ ਰਕਮ ਵਿਚੋਂ ਘੱਟ ਨਿਕਲੇ 100 ਰੁਪਏ ਤੱਕ ਮੰਗ ਲਏ। ਜ਼ਿਕਰਯੋਗ ਹੈ ਕਿ ਉਕਤ ਅਧਿਕਾਰੀ ਕੋਲ ਕਿਸੇ ਵਿਕਾਸ ਕਾਰਜ ਨਾਲ ਸਬੰਧਤ ਕਮੀਸ਼ਨ ਦੀ ਰਕਮ ਇਕ ਲਿਫ਼ਾਫ਼ੇ ਜ਼ਰੀਏ ਪੁੱਜੀ ਤਾਂ ਉਸ ਸਮੇਂ ਉਸਨੇ ਕਮੀਸ਼ਨ ਰੱਖ ਲਈ ਪਰ ਬਾਅਦ ਵਿਚ ਘਰ ਜਾ ਕੇ ਹਿਸਾਬ ਲਾਇਆ ਤਾਂ ਉਸ ਵਿਚੋਂ 100 ਰੁਪਏ ਘੱਟ ਨਿਕਲੇ। ਅਗਲੇ ਦਿਨ ਲਿਫਾਫਾ ਪਹੁੰਚਾਉਣ ਵਾਲੇ ਸੇਵਾਦਾਰ ਨੂੰ ਸਪੱਸ਼ਟ ਕਹਿ ਦਿੱਤਾ ਗਿਆ ਕਿ ਕੱਲ 100 ਰੁਪਏ ਘੱਟ ਸਨ, ਉਹ ਅਗਲੀ ਪੇਮੈਂਟ ਵਿਚ ਜੁੜ ਜਾਣੇ ਚਾਹੀਦੇ ਹਨ। ਖ਼ਾਸ ਗੱਲ ਇਹ ਹੈ ਕਿ ਪਿਛਲੇ 2-3 ਸਾਲ ਜਲੰਧਰ ਨਿਗਮ ਵਿਚ ਠੇਕੇਦਾਰਾਂ ਅਤੇ ਅਧਿਕਾਰੀਆਂ ਦੇ ਨੈਕਸਸ ਨੇ ਪੂਰੀ ਤਰ੍ਹਾਂ ਲੁੱਟ ਮਚਾਈ, ਜਿਸ ਦੀ ਕਿਤੇ ਕੋਈ ਜਾਂਚ ਨਹੀਂ ਹੋਈ ਅਤੇ ਕਾਂਗਰਸੀਆਂ ਦਾ ਆਸ਼ੀਰਵਾਦ ਪ੍ਰਾਪਤ ਨਿਗਮ ਦੇ ਵੱਡੇ ਅਫ਼ਸਰਾਂ ਨੇ ਭ੍ਰਿਸ਼ਟਾਚਾਰ ਅਤੇ ਕਮੀਸ਼ਨਬਾਜ਼ੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ।

ਇਹ ਵੀ ਪੜ੍ਹੋ: ਜਲੰਧਰ ਰੇਲਵੇ ਸਟੇਸ਼ਨ ’ਤੇ ਮਿਲੇ ਬੰਬ ਦੇ ਇਨਪੁੱਟ, ਪੁਲਸ ਪ੍ਰਸ਼ਾਸਨ ਨੂੰ ਪਈਆਂ ਭਾਜੜਾਂ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News