ਨਗਰ ਨਿਗਮ ਦੀ ਕਾਰਵਾਈ, ਜੋਤੀ ਚੌਕ ਨੇੜੇ ਹਟਵਾਏ ਨਾਜਾਇਜ਼ ਕਬਜ਼ੇ

01/07/2020 3:54:20 PM

ਜਲੰਧਰ (ਵਰੁਣ)— ਜਲੰਧਰ ਦੀ ਨਗਰ ਨਿਗਮ ਟੀਮ ਨੇ ਨਾਜਾਇਜ਼ ਕਬਜ਼ਿਆਂ ਨੂੰ ਢਾਹੁਣ ਲਈ ਸ਼ਿਕੰਜਾ ਕੱਸਿਆ ਹੋਇਆ ਹੈ। ਇਸੇ ਤਹਿਤ ਅੱਜ ਮੀਟਿੰਗ ਤੋਂ ਬਾਅਦ ਨਗਰ ਨਿਗਮ ਦੀ ਟੀਮ ਟ੍ਰੈਫਿਕ ਪੁਲਸ ਦੇ ਨਾਲ ਕਾਰਵਾਈ ਕਰਦੇ ਹੋਏ ਪਲਾਜ਼ਾ ਚੌਕ ਤੋਂ ਜੋਤੀ ਚੌਕ ਵੱਲ ਜਾਂਦੀ ਸੜਕ 'ਤੇ ਬਣੇ ਨਾਜਾਇਜ਼ ਕਬਜ਼ਿਆਂ ਨੂੰ ਢਾਹੁਣ ਲਈ ਪਹੁੰਚੀ। ਮਿਲੀ ਜਾਣਕਾਰੀ ਮੁਤਾਬਕ ਕੰਪਨੀ ਬਾਗ ਤੋਂ ਲੈ ਕੇ ਜੋਤੀ ਚੌਕ ਵਾਲੀ ਰੋਡ 'ਤੇ ਵਾਹਨ ਖੜ੍ਹੇ ਕਰਨ ਲਈ ਬਣਈ ਗਈ ਯੈਲੋ ਲਾਈਨ ਦੇ ਅੰਦਰ ਦੁਕਾਨਦਾਰਾਂ ਵੱਲੋਂ ਨਾਜਾਇਜ਼ ਕਬਜ਼ੇ ਕੀਤੇ ਗਏ ਹਨ ਅਤੇ ਇਥੇ ਰੇਹੜੀਆਂ-ਫੜੀਆਂ ਅਤੇ ਸ਼ੂਅਜ਼ ਆਦਿ ਦੀਆਂ ਦੁਕਾਨਾਂ ਲਗਾਈਆਂ ਜਾਂਦੀਆਂ ਹਨ। ਇਸੇ ਕਰਕੇ ਹਮੇਸ਼ਾ ਜਾਮ ਦੀ ਸਥਿਤੀ ਬਣੀ ਰਹਿੰਦੀ ਹੈ ਅਤੇ ਲੋਕਾਂ ਨੂੰ ਬੇਹੱਦ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਮੌਕੇ ਤਹਿਬਾਜ਼ਾਰੀ ਦੀ ਟੀਮ ਨੂੰ ਕੁਝ ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆ।

PunjabKesari

ਪੁਲਸ ਫੋਰਸ ਅਤੇ ਹੋਰ ਅਧਿਕਾਰੀਆਂ ਸਮੇਤ ਹੋਈ ਇਸ ਕਾਰਵਾਈ ਦੌਰਾਨ ਕਬਜ਼ਾਧਾਰੀਆਂ 'ਚ ਹੜਕੰਪ ਮਚ ਗਿਆ। ਨਿਗਮ ਦੀਆਂ ਟੀਮਾਂ ਨੇ ਢਾਬਿਆਂ, ਫੜ੍ਹੀਆਂ, ਰੇਹੜੀਆਂ ਦਾ ਸਾਰਾ ਸਾਮਾਨ ਜ਼ਬਤ ਕਰ ਲਿਆ। 'ਜਗ ਬਾਣੀ' ਕਾਫੀ ਸਮੇਂ ਤੋਂ ਇਸ ਪੁਆਇੰਟ 'ਤੇ ਹੋਏ ਕਬਜ਼ਿਆਂ ਕਾਰਨ ਰੋਡ 'ਤੇ ਟਰੈਫਿਕ ਜਾਮ ਦਾ ਮੁੱਦਾ ਚੁੱਕ ਰਹੀ ਹੈ, ਜਿਸ ਤੋਂ ਬਾਅਦ ਹੁਣ ਜਾ ਕੇ ਪ੍ਰਸ਼ਾਸਨ ਹਰਕਤ 'ਚ ਆਇਆ ਹੈ। ਏ. ਡੀ. ਸੀ. ਪੀ.-1 ਸੁਡਰਵਿਜੀ, ਏ. ਡੀ. ਸੀ. ਪੀ. ਟਰੈਫਿਕ ਗਗਨੇਸ਼ ਕੁਮਾਰ, ਏ. ਸੀ. ਪੀ. ਸੈਂਟਰਲ ਹਰਸਿਮਰਤ ਸਿੰਘ, ਥਾਣਾ ਨੰ. 4 ਦੀ ਪੁਲਸ ਤੋਂ ਇਲਾਵਾ ਨਿਗਮ ਦੇ ਤਹਿ-ਬਾਜ਼ਾਰੀ ਵਿਭਾਗ ਦੀ ਟੀਮ ਨਾਲ ਪੁਲਸ ਫੋਰਸ ਮੰਗਲਵਾਰ ਨੂੰ ਪਲਾਜ਼ਾ ਚੌਕ ਪਹੁੰਚੀ। ਇਸ ਕਾਰਵਾਈ ਤੋਂ ਪਹਿਲਾਂ ਰੋਡ ਨੂੰ ਕਲੀਅਰ ਕਰਵਾਉਣ ਲਈ ਨਿਗਮ ਅਤੇ ਪੁਲਸ ਵਿਭਾਗ ਦੀ ਮੀਟਿੰਗ ਵੀ ਹੋ ਚੁੱਕੀ ਸੀ।

PunjabKesariਮੀਂਹ 'ਚ ਕਾਰਵਾਈ ਕਰਨ ਪਹੁੰਚੀ ਪੁਲਸ ਫੋਰਸ ਨੂੰ ਦੇਖ ਕੇ ਲੋਕਾਂ ਨੇ ਕਬਜ਼ੇ ਚੁੱਕਣੇ ਸ਼ੁਰੂ ਕਰ ਦਿੱਤੇ ਪਰ ਤੁਰੰਤ ਤਹਿ-ਬਾਜ਼ਾਰੀ ਟੀਮ ਨੇ ਰੋਡ ਅਤੇ ਫੁੱਟਪਾਥ 'ਤੇ ਰੱਖਿਆ ਸਾਰਾ ਸਾਮਾਨ ਚੁੱਕ ਕੇ ਟਰੱਕ 'ਚ ਪਾਉਣਾ ਸ਼ੁਰੂ ਕਰ ਦਿੱਤਾ। ਫੁੱਟਪਾਥ 'ਤੇ ਇਕ ਢਾਬਾ ਬਣਾਇਆ ਗਿਆ ਸੀ, ਜਿਨ੍ਹਾਂ ਨੇ ਸੜਕ ਅਤੇ ਫੁੱਟਪਾਥ 'ਤੇ ਤਾਂ ਕਬਜ਼ਾ ਕੀਤਾ ਹੀ ਸੀ ਅਤੇ ਬੈਕ ਸਾਈਡ 'ਤੇ ਸਥਿਤ ਸਰਕਾਰੀ ਜ਼ਮੀਨ 'ਤੇ ਵੀ ਟੇਬਲ ਲਾ ਕੇ ਬੈਠਣ ਦਾ ਪ੍ਰਬੰਧ ਕੀਤਾ ਹੋਇਆ ਸੀ। ਟੀਮਾਂ ਨੇ ਢਾਬੇ ਦੀਆਂ ਕੁਰਸੀਆਂ, ਟੇਬਲ ਤੰਦੂਰ ਅਤੇ ਹੋਰ ਸਾਰਾ ਸਾਮਾਨ ਕਬਜ਼ੇ 'ਚ ਲੈ ਕੇ ਨਸ਼ਟ ਕਰ ਦਿੱਤਾ। ਇਸ ਤੋਂ ਬਾਅਦ ਸਾਰੀਆਂ ਰੇਹੜੀਆਂ ਅਤੇ ਜੁੱਤੀਆਂ ਦੀਆਂ ਫੜ੍ਹੀਆਂ ਦਾ ਕਾਫੀ ਸਾਮਾਨ ਜ਼ਬਤ ਕੀਤਾ। ਹਾਲਾਂਕਿ ਪੁਲਸ ਨੇ ਹੁਣ ਨਿਗਮ ਤੋਂ ਲਿਖਤੀ ਰੂਪ 'ਚ ਮੰਗਿਆ ਹੈ ਕਿ ਸਰਕਾਰੀ ਜ਼ਮੀਨ 'ਤੇ ਕਬਜ਼ਾ ਕਰਨ ਵਾਲਿਆਂ 'ਤੇ ਐੱਫ. ਆਈ. ਆਰ. ਦਰਜ ਕੀਤੀ ਜਾਵੇ। ਏ. ਡੀ. ਸੀ. ਪੀ. ਟਰੈਫਿਕ ਗਗਨੇਸ਼ ਕੁਮਾਰ ਨੇ ਕਿਹਾ ਕਿ ਲਿਖਤੀ ਰੂਪ 'ਚ ਲੈਣ ਤੋਂ ਬਾਅਦ ਜੇਕਰ ਕਿਸੇ ਨੇ ਵੀ ਦੁਬਾਰਾ ਕਬਜ਼ਾ ਕੀਤਾ ਤਾਂ ਉਨ੍ਹਾਂ 'ਤੇ ਥਾਣਾ ਨੰ. 4 'ਚ ਕੇਸ ਦਰਜ ਕੀਤਾ ਜਾਵੇਗਾ। ਪੁਲਸ ਨੇ ਨਾਜਾਇਜ਼ ਕਬਜ਼ਾ ਕਰਨ ਵਾਲਿਆਂ ਨੂੰ ਚਿਤਾਵਨੀ ਵੀ ਦਿੱਤੀ ਹੈ।

PunjabKesari

ਯੈਲੋ ਲਾਈਨ ਅੰਦਰ ਹੋ ਸਕਣਗੀਆਂ ਗੱਡੀਆਂ ਖੜ੍ਹੀਆਂ, ਜਾਮ ਤੋਂ ਮਿਲੇਗੀ ਰਾਹਤ
ਇਸ ਕਾਰਵਾਈ ਤੋਂ ਬਾਅਦ ਸਾਰੇ ਰੋਡ 'ਤੇ ਟਰੈਫਿਕ ਕਾਫੀ ਸਮੂਥ ਚੱਲ ਰਿਹਾ ਸੀ। ਹਾਲਾਂਕਿ ਕਾਰਵਾਈ ਦੌਰਾਨ ਉਥੇ ਜਾਮ ਦੀ ਹਾਲਤ ਬਣਦੀ ਰਹੀ ਪਰ ਮੁਲਾਜ਼ਮ ਲਗਾਤਾਰ ਟਰੈਫਿਕ ਕੰਟਰੋਲ ਕਰ ਰਹੇ ਸਨ। ਇਸ ਤਰ੍ਹਾਂ ਮੰਗਲਵਾਰ ਨੂੰ ਯੈਲੋ ਲਾਈਨ ਦੇ ਅੰਦਰ ਦਾ ਹਿੱਸਾ ਕਲੀਅਰ ਹੋਣ ਕਾਰਣ ਸੜਕ ਦੀ ਚੌੜਾਈ ਵਧੀ, ਜੇਕਰ ਅਜਿਹਾ ਹੀ ਰਿਹਾ ਤਾਂ ਉਕਤ ਰੋਡ ਖੁੱਲ੍ਹਾ ਹੋਣ ਕਾਰਨ ਟਰੈਫਿਕ ਜਾਮ ਤੋਂ ਰਾਹਤ ਮਿਲੇਗੀ। ਉਥੇ ਹੀ ਏ. ਡੀ. ਸੀ. ਪੀ. ਟਰੈਫਿਕ ਗਗਨੇਸ਼ ਕੁਮਾਰ ਸ਼ਰਮਾ ਨੇ ਯੈਲੋ ਲਾਈਨ ਨੂੰ ਦੁਬਾਰਾ ਠੀਕ ਕਰਕੇ ਬਣਾਉਣ ਨੂੰ ਵੀ ਕਿਹਾ ਹੈ।

PunjabKesari

ਰੇਹੜੀ ਵਾਲੇ ਨੇ ਨਿਗਮ ਦੀ ਟੀਮ 'ਤੇ ਲਾਏ ਦੋਸ਼, ਸ਼ਿਕਾਇਤ
ਕਾਰਵਾਈ ਦੌਰਾਨ ਇਕ ਰੇਹੜੀ ਲਾਉਣ ਵਾਲੇ ਨੌਜਵਾਨ ਨੇ ਨਿਗਮ ਦੀ ਟੀਮ 'ਤੇ ਧੱਕੇਸ਼ਾਹੀ ਦੇ ਦੋਸ਼ ਲਾਏ। ਉਸ ਨੌਜਵਾਨ ਦਾ ਕਹਿਣਾ ਹੈ ਕਿ ਗੱਲੇ 'ਚੋਂ ਪੈਸੇ ਗਾਇਬ ਹੋਏ ਹਨ। ਹਾਲਾਂਕਿ ਅਜਿਹਾ ਕੁਝ ਨਹੀਂ ਪਾਇਆ ਗਿਆ ਪਰ ਨਿਗਮ ਦੀ ਟੀਮ ਨੇ ਉਕਤ ਨੌਜਵਾਨ ਖਿਲਾਫ ਕਾਰਵਾਈ 'ਚ ਰੁਕਾਵਟ ਪਾਉਣ ਦੀ ਸ਼ਿਕਾਇਤ ਥਾਣਾ ਨੰ. 4 ਦੀ ਪੁਲਸ ਨੂੰ ਦਿੱਤੀ ਹੈ। ਏ. ਡੀ. ਸੀ. ਪੀ. ਗਗਨੇਸ਼ ਕੁਮਾਰ ਨੇ ਇਸ ਦੀ ਪੁਸ਼ਟੀ ਕੀਤੀ ਹੈ।


shivani attri

Content Editor

Related News