ਜਲੰਧਰ ਲੋਕ ਸਭਾ ਹਲਕੇ ਤੋਂ ਬਦਲ ਸਕਦੈ ਕਾਂਗਰਸ ਦਾ ਉਮੀਦਵਾਰ, ਹਲਚਲ ਸ਼ੁਰੂ
Monday, Apr 08, 2019 - 12:46 AM (IST)
ਜਲੰਧਰ (ਅਰੁਣ)- ਜਲੰਧਰ ਲੋਕ ਸਭਾ ਸੀਟ ਉਤੇ ਕਾਂਗਰਸੀ ਉਮੀਦਵਾਰ ਸੰਤੋਖ ਸਿੰਘ ਚੌਧਰੀ ਦੀਆਂ ਪ੍ਰੇਸ਼ਾਨੀਆਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ ਹਨ। ਟਿਕਟ ਲੈ ਕੇ ਚੌਧਰੀ ਜਿਵੇਂ ਹੀ ਜਲੰਧਰ ਪੁੱਜੇ ਤਾਂ ਉਨ੍ਹਾਂ ਦੇ ਵਿਰੋਧ ਵਿਚ ਕਾਂਗਰਸ ਦੇ ਜਲੰਧਰ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਰਹਿ ਚੁੱਕੇ ਸੀਨੀਅਰ ਕਾਂਗਰਸੀ ਆਗੂ ਮਹਿੰਦਰ ਸਿੰਘ ਕੇ. ਪੀ. ਨੇ ਮੋਰਚਾ ਖੋਲ ਦਿੱਤਾ। ਕੇ. ਪੀ. ਨੇ ਦਾਅਵਾ ਕੀਤਾ ਕਿ ਜਲੰਧਰ ਲੋਕ ਸਭਾ ਹਲਕੇ ਤੋਂ ਟਿਕਟ ਉਨ੍ਹਾਂ ਦੀ ਹੀ ਬਣਦੀ ਸੀ। ਉਨ੍ਹਾਂ ਨੇ ਕਾਂਗਰਸ ਪਾਰਟੀ ਉੇਤੇ ਟਿਕਟਾਂ ਦੀ ਕਾਣੀ ਵੰਡ ਕਰਨ ਦਾ ਦੋਸ਼ ਲਗਾਇਆ। ਕੇ. ਪੀ. ਨੂੰ ਮਨਾਉਣ ਖੁਦ ਚੌਧਰੀ ਸੰਤੋਖ ਸਿੰਘ ਤੇ ਹੋਰ ਕਈ ਕਾਂਗਰਸੀ ਆਗੂ ਉਨ੍ਹਾਂ ਦੇ ਘਰ ਗਏ ਪਰ ਕੇ. ਪੀ. ਆਪਣੀ ਗੱਲ ਉਤੇ ਅੜੇ ਹੋਏ ਹਨ। ਇਸ ਦੌਰਾਨ ਸੂਤਰਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਕਾਂਗਰਸ ਹਾਈਕਮਾਂਡ ਨੇ ਇਸ ਸਾਰੇ ਮਸਲੇ ਵੱਲ ਧਿਆਨ ਦਿੰਦੇ ਹੋਏ ਟਿਕਟ ਦਾ ਫੈਸਲਾ ਰਿਵਿਊ (ਮੁੜ ਵਿਚਾਰ) ਕਰਨ ਦਾ ਮਨ ਬਣਾ ਲਿਆ ਹੈ। ਜਿਸ ਤੋਂ ਬਾਅਦ ਨਾਰਾਜ਼ ਕੇ. ਪੀ. ਦੇ ਹੌਂਸਲੇ ਹੋਰ ਬੁਲੰਦ ਹੋ ਗਏ ਹਨ।
ਇਸ ਸਭ ਦੇ ਦੌਰਾਨ ਚੌਧਰੀ ਸੰਤੋਖ ਅਜੇ ਵੀ ਮੈਦਾਨ ਵਿਚ ਡਟੇ ਹੋਏ ਹਨ। ਉਹ ਪਾਰਟੀ ਅੰਦਰ ਉਨ੍ਹਾਂ ਖਿਲ਼ਾਫ ਬਗਾਵਤ ਕਰ ਸਕਦੇ ਆਗੂਆਂ ਤੇ ਵਰਕਰਾਂ ਨਾਲ ਲਗਾਤਾਰ ਸੰਪਰਕ ਸਾਧਨ ਦੀ ਕੋਸ਼ਿਸ਼ ਵਿਚ ਲੱਗੇ ਹੋਏ ਹਨ। ਜਿਸ ਲਈ ਉਹ ਆਪਣੇ ਸਾਥੀ ਕਾਂਗਰਸੀ ਆਗੂਆਂ ਦਾ ਵੀ ਸਾਥ ਲੈ ਰਹੇ ਹਨ। ਐਤਵਾਰ ਸ਼ਾਮ ਨੂੰ ਜਲੰਧਰ ਲੋਕ ਸਭਾ ਸੀਟ ਤੋਂ ਟਿਕਟ ਦੀ ਦਾਅਵੇਦਾਰੀ ਜਤਾਉਣ ਵਾਲੇ ਸੁਸ਼ੀਲ ਰਿੰਕੂ ਨੂੰ ਚੌਧਰੀ ਨੇ ਆਪਣੇ ਹੱਕ ਵਿਚ ਕਰਨ ਲਈ ਉਨ੍ਹਾਂ ਦੇ ਘਰ ਸਾਬਕਾ ਕੈਬਿਨਟ ਮੰਤਰੀ ਤੇ ਕਾਂਗਰਸੀ ਆਗੂ ਰਾਣਾ ਗੁਰਜੀਤ ਸਿੰਘ ਨੂੰ ਭੇਜਿਆ। ਰਾਣਾ ਗੁਰਜੀਤ ਹਾਲੇ ਰਿੰਕੂ ਦੇ ਘਰ ਹੀ ਸਨ, ਉਥੇ ਚੌਧਰੀ ਵੀ ਆ ਗਏ। ਹਲਾਂਕਿ ਸੁਸ਼ੀਲ ਰਿੰਕੂ ਨੇ ਇਸ ਬਾਰੇ ਕੋਈ ਵੀ ਅਜਿਹਾ ਬਿਆਨ ਨਹੀਂ ਦਿੱਤਾ ਹੈ, ਜੋ ਕਿਸੇ ਵੀ ਤਰ੍ਹਾਂ ਨਾਲ ਪਾਰਟੀ ਉਮੀਦਵਾਰ ਦੇ ਹੱਕ ਜਾਂ ਖਿਲਾਫ ਹੋਵੇ। ਸੂਤਰ ਦੱਸਦੇ ਹਨ ਕਿ ਚੌਧਰੀ ਰਿੰਕੂ ਨੂੰ ਹਾਈਕਮਾਨ ਅੱਗੇ ਆਪਣੇ ਹੱਕ ਵਿਚ ਦਿਖਾ ਕੇ ਆਪਣਾ ਪਲੜਾ ਵਧੇਰੇ ਭਾਰਾ ਦਿਖਾਉਣਾ ਚਾਹੁੰਦੇ ਹਨ।