ਜਲੰਧਰ ''ਚ ਠੰਡ ਦਾ ਪ੍ਰਕੋਪ ਜਾਰੀ, ਸੋਸ਼ਲ ਮੀਡੀਆ ''ਤੇ ਸਰਦੀ ਨਾਲ ਜੁੜੇ ਸੰਦੇਸ਼ ਹੋ ਰਹੇ ਵਾਇਰਲ

12/29/2019 4:45:20 PM

ਜਲੰਧਰ (ਰਾਹੁਲ)— ਸਰਦੀ ਦੇ ਮੌਸਮ 'ਚ ਠੰਡ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ। ਦਿਨ-ਬ-ਦਿਨ ਠੰਡ ਪਿਛਲੇ ਸਾਰੇ ਰਿਕਾਰਡ ਤੋੜਦੀ ਨਜ਼ਰ ਆ ਰਹੀ ਹੈ। ਜਲੰਧਰ 'ਚ ਪੈ ਰਹੀ ਕੜਾਕੇ ਦੀ ਠੰਡ ਨੇ ਲੋਕਾਂ ਨੂੰ ਘਰਾਂ 'ਚ ਦੁਬਕੇ ਰਹਿਣ ਲਈ ਮਜਬੂਰ ਕਰ ਦਿੱਤਾ ਹੈ। ਬਾਜ਼ਾਰਾਂ 'ਚ ਗਾਹਕਾਂ ਦੀ ਆਵਾਜਾਈ ਵੀ ਪ੍ਰਭਾਵਿਤ ਹੋ ਰਹੀ ਹੈ। ਜਲੰਧਰ ਦਾ ਉਪਰਲਾ ਤਾਪਮਾਨ ਬੀਤੇ ਦਿਨ 10.2 ਡਿਗਰੀ ਤੋਂ ਘਟ ਕੇ 8.8 ਡਿਗਰੀ ਸੈਲਸੀਅਸ 'ਤੇ ਪਹੁੰਚ ਗਿਆ ਜਦੋਂਕਿ ਹੇਠਲਾ ਤਾਪਮਾਨ 4.8 ਡਿਗਰੀ ਸੈਲਸੀਅਸ ਬਣਿਆ ਹੋਇਆ ਹੈ। ਪੱਛਮ ਵੱਲੋਂ ਆ ਰਹੀਆਂ ਠੰਡੀਆਂ ਹਵਾਵਾਂ ਦੀ ਰਫਤਾਰ ਦਿਨ ਦੇ ਸਮੇਂ 4 ਤੋਂ 15 ਅਤੇ ਰਾਤ ਦੇ ਸਮੇਂ 6 ਤੋਂ 7 ਕਿਲੋਮੀਟਰ ਪ੍ਰਤੀ ਘੰਟਾ ਦੇ ਕਰੀਬ ਰਹੀ। ਦੁਪਹਿਰ ਦੇ ਸਮੇਂ ਸੂਰਜ ਨੇ ਆਪਣੀ ਮੌਜੂਦਗੀ ਦਰਜ ਕਰਵਾਉਣ ਦੀ ਵੀ ਕੋਸ਼ਿਸ਼ ਕੀਤੀ।

ਮੌਸਮ ਵਿਭਾਗ ਦੀ ਮੰਨੀਏ ਤਾਂ 29 ਤੋਂ 31 ਦਸੰਬਰ ਤੱਕ ਆਸਮਾਨ 'ਚ ਬੱਦਲਾਂ ਦਾ ਹੀ ਕਬਜ਼ਾ ਰਹੇਗਾ। ਦਿਨ ਦੇ ਸਮੇਂ ਹਲਕੀ ਧੁੱਪ ਦੀ ਚਮਕ ਦੇ ਕਾਰਨ ਦੇਰ ਰਾਤ ਅਤੇ ਸਵੇਰ ਦੇ ਸਮੇਂ ਧੁੰਦ ਪੈਣ ਕਾਰਨ ਦ੍ਰਿਸ਼ਟੀ ਪ੍ਰਭਾਵਿਤ ਹੋਈ। ਐਤਵਾਰ ਨੂੰ ਦਿਨ ਦੇ ਸਮੇਂ ਪ੍ਰਕਾਸ਼ ਪੁੰਜ ਸੂਰਜ ਦੀ ਝਲਕ ਵੀ ਵੇਖਣ ਨੂੰ ਮਿਲ ਸਕਦੀ ਹੈ ਪਰ ਉਸ ਨਾਲ ਗਰਮਾਹਟ ਦਾ ਅਹਿਸਾਸ ਬੇਹੱਦ ਮਾਮੂਲੀ ਹੀ ਰਹੇਗਾ। ਇਨ੍ਹਾਂ ਦਿਨਾਂ ਦੌਰਾਨ ਉਪਰਲਾ ਤਾਪਮਾਨ 8 ਤੋਂ 10 ਡਿਗਰੀ ਤੇ ਹੇਠਲਾ ਤਾਪਮਾਨ 4 ਤੋਂ 5 ਡਿਗਰੀ ਸੈਲਸੀਅਸ ਦੇ ਕਰੀਬ ਰਹਿਣ ਦੀ ਉਮੀਦ ਹੈ। ਮੌਸਮ ਵਿਭਾਗ ਨੇ 31 ਦਸੰਬਰ ਅਤੇ 1 ਜਨਵਰੀ 2020 ਨੂੰ ਆਸਮਾਨ 'ਚ ਬੱਦਲ ਛਾਏ ਰਹਿਣ, ਕੁਝ ਥਾਵਾਂ 'ਤੇ ਮਾਮੂਲੀ ਧੁੱਪ ਚੜ੍ਹਨ ਤੇ ਹਲਕਾ ਮੀਂਹ ਪੈਣ ਦੀ ਉਮੀਦ ਜਤਾਈ ਹੈ। ਨਵੇਂ ਸਾਲ 'ਤੇ ਉਪਰਲੇ ਅਤੇ ਹੇਠਲੇ ਤਾਪਮਾਨ 'ਚ ਫਰਕ 2 ਡਿਗਰੀ ਸੈਲਸੀਅਸ ਤੱਕ ਪਹੁੰਚਣ, 2 ਜਨਵਰੀ ਨੂੰ ਤਕਰੀਬਨ ਬਰਾਬਰ ਰਹਿਣ ਅਤੇ 3 ਜਨਵਰੀ ਨੂੰ ਹੇਠਲੇ ਅਤੇ ਉਪਰਲੇ ਤਾਪਮਾਨ 'ਚ ਫਰਕ ਸਿਰਫ ਇਕ ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਪ੍ਰਗਟ ਕੀਤੀ ਹੈ।

ਸੋਸ਼ਲ ਮੀਡੀਆ 'ਤੇ ਸਰਦੀ ਨਾਲ ਜੁੜੇ ਸੰਦੇਸ਼ਾਂ ਅਤੇ ਵੀਡੀਓ ਦੀ ਗਿਣਤੀ ਵਧੀ
ਵਧ ਰਹੀ ਸਰਦੀ ਤੇ ਸੂਰਜ ਦੀ ਗੁੰਮਸ਼ੁਦਗੀ ਦੌਰਾਨ ਸੋਸ਼ਲ ਮੀਡੀਆ (ਟਿਕ ਟਾਕ) 'ਤੇ ਅਜਿਹੇ ਹਿਊਮਰਸ ਵੀਡੀਓ ਵਾਇਰਲ ਹੋ ਰਹੇ ਹਨ ਜਿਸ 'ਚ ਸੂਤਰਧਾਰ ਆਪਣੀ ਮੁਲਾਕਾਤ ਪ੍ਰਕਾਸ਼ ਪੁੰਜ ਸੂਰਜ ਨਾਲ ਹੋਣ ਦਾ ਦਾਅਵਾ ਕਰਦਾ ਕਹਿੰਦਾ ਹੈ ਕਿ ਸੂਰਜ ਨੇ ਕਿਹਾ ਕਿ ਉਸ ਦੇ ਆਈਲੈੱਟਸ 'ਚ ਸਾਢੇ 6 ਬੈਂਡ ਆ ਗਏ ਹਨ ਅਤੇ ਉਹ ਪੰਜਾਬ ਛੱਡ ਕੇ ਆਸਟਰੇਲੀਆ ਜਾ ਰਿਹਾ ਹੈ। ਜਲੰਧਰ ਵਿਚ ਹੀ ਬਣੇ ਇਕ ਹੋਰ ਟਿਕ ਟਾਕ 'ਚ ਠੰਡ ਤੋਂ ਬਚਣ ਲਈ ਲੱਕੜਾਂ ਬਾਲ ਕੇ ਹੱਥ ਸੇਕ ਰਹੇ ਕੁਝ ਨੌਜਵਾਨਾਂ ਨੂੰ ਜਲੰਧਰ ਦੇ ਇਕ ਵਿਧਾਇਕ ਦਾ ਕਰੀਬੀ ਆ ਕੇ ਪੁੱਛਦਾ ਹੈ ਕਿ ਕਿੰਨੀ ਦੇਰ ਤੋਂ ਅੱਗ ਸੇਕ ਰਹੇ ਹੋ, ਉਹ ਨੌਜਵਾਨ ਕਹਿੰਦੇ ਹਨ ਕਿ ਕਰੀਬ ਅੱਧੇ ਘੰਟੇ ਤੋਂ, ਤਦ ਉਹ ਨੇਤਾ ਜੀ ਸਾਰਿਆਂ ਨੂੰ ਤਿੰਨ-ਤਿੰਨ ਸੌ ਰੁਪਏ ਜਮ੍ਹਾ ਕਰਵਾਉਣ ਦੀ ਸਲਾਹ ਦਿੰਦਾ ਹੱਸਦੇ ਹੋਏ ਕਹਿੰਦਾ ਹੈ ਕਿ ਸਰਕਾਰ ਨੇ ਨਾ ਸਿਰਫ ਹੱਥ ਸੇਕਣ 'ਤੇ ਟੈਕਸ ਲਾ ਦਿੱਤਾ ਹੈ ਸਗੋਂ ਭਵਿੱਖ 'ਚ ਅੱਗ ਸੇਕਣ ਤੋਂ ਪਹਿਲਾਂ ਸਰਕਾਰੀ ਮਨਜ਼ੂਰੀ ਲੈਣੀ ਵੀ ਜ਼ਰੂਰੀ ਕਰ ਦਿੱਤੀ ਹੈ।

ਹਾਸੇ ਨੂੰ ਇਕ ਪਾਸੇ ਰੱਖ ਕੇ ਜੇਕਰ ਅਤੀਤ 'ਚ ਜਲੰਧਰ ਨਗਰ ਨਿਗਮ ਦੀ ਕਾਰਜਸ਼ੈਲੀ 'ਤੇ ਨਜ਼ਰ ਮਾਰੀਏ ਤਾਂ ਪਹਿਲਾਂ ਸਰਦੀ ਦੇ ਮੌਸਮ 'ਚ ਗਰੀਬਾਂ, ਦੁਕਾਨਦਾਰਾਂ, ਰਾਹਗੀਰਾਂ ਅਤੇ ਰਿਕਸ਼ਾ ਚਾਲਕਾਂ ਦੀ ਸਹੂਲਤ ਲਈ ਵੱਖ-ਵੱਖ ਥਾਵਾਂ 'ਤੇ ਨਿਗਮ ਵੱਲੋਂ ਧੂਣੀ ਬਾਲੀ ਜਾਂਦੀ ਸੀ ਤਾਂ ਜੋ ਲੋਕਾਂ ਨੂੰ ਆਪਣਾ ਕੰਮ ਕਰਦੇ ਸਮੇਂ ਵੀ ਗਰਮੀ ਦਾ ਅਹਿਸਾਸ ਹੋ ਸਕੇ ਪਰ ਅੱਜ ਸੱਤਾਧਾਰੀ ਪਾਰਟੀ ਨਾਲ ਜੁੜੇ ਅਹੁਦੇਦਾਰਾਂ ਵੱਲੋਂ ਕੀਤਾ ਜਾ ਰਿਹਾ ਅਜਿਹਾ ਮਖੌਲ ਹੀ ਲੋਕਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਸਰਕਾਰ ਦੀ ਗੰਭੀਰਤਾ ਨੂੰ ਸਵਾਲਾਂ ਦੇ ਘੇਰੇ 'ਚ ਲਿਆ ਖੜ੍ਹਾ ਕਰਦਾ ਹੈ।


shivani attri

Content Editor

Related News