ਦਾਅਵੇ ਫੇਲ: ਗਰਭਵਤੀ ਔਰਤਾਂ ਨੂੰ ਵਧੀਆ ਇਲਾਜ ਦੇਣ ’ਚ ਫੇਲ ਸਾਬਤ ਹੋ ਰਿਹੈ ਜਲੰਧਰ ਦਾ ਸਿਵਲ ਹਸਪਤਾਲ
Monday, Nov 29, 2021 - 01:57 PM (IST)
ਜਲੰਧਰ (ਸ਼ੋਰੀ)– ਇਕ ਪਾਸੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਦਾਅਵੇ ਕਰਦੇ ਹਨ ਕਿ ਦਿੱਲੀ ’ਚ ਆਮ ਲੋਕਾਂ ਨੂੰ ਸਰਕਾਰੀ ਹਸਪਤਾਲਾਂ ’ਚ ਵਧੀਆ ਸਹੂਲਤਾਂ ਸਰਕਾਰ ਮੁਹੱਈਆ ਕਰਵਾ ਰਹੀ ਹੈ ਅਤੇ ਪੰਜਾਬ ’ਚ ‘ਆਪ’ ਦੀ ਸਰਕਾਰ ਬਣਨ ’ਤੇ ਇਥੇ ਵੀ ਵਧੀਆ ਸਹੂਲਤਾਂ ਲੋਕਾਂ ਨੂੰ ਦਿੱਤੀਆਂ ਜਾਣਗੀਆਂ ਤਾਂ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਦਾਅਵਾ ਕਰਦੇ ਹਨ ਕਿ ਪੰਜਾਬ ’ਚ ਦਿੱਲੀ ਤੋਂ ਬਿਹਤਰ ਸਿਹਤ ਸਹੂਲਤਾਂ ਸਰਕਾਰੀ ਹਸਪਤਾਲਾਂ ’ਚ ਲੋਕਾਂ ਨੂੰ ਮਿਲ ਰਹੀਆਂ ਹਨ ਪਰ ਜ਼ਮੀਨੀ ਹਕੀਕਤ ਕੁਝ ਹੋਰ ਹੈ।
ਟਾਇਲਟ ਦੇ ਬਾਹਰ ਜਮ੍ਹਾ ਪਾਣੀ ਮੱਛਰਾਂ ਲਈ ਸਵਿਮਿੰਗ ਪੂਲ
‘ਜਗ ਬਾਣੀ’ ਦੀ ਟੀਮ ਨੇ ਸਿਵਲ ਹਸਪਤਾਲ ਦੇ ਜੱਚਾ-ਬੱਚਾ ਹਸਪਤਾਲ ਦੇ ਮੈਟਰਨਿਟੀ ਵਾਰਡ ਅਤੇ ਲੇਬਰ ਵਾਰਡ (ਜਿਥੇ ਗਰਭਵਤੀ ਔਰਤਾਂ ਦੀ ਡਲਿਵਰੀ ਹੁੰਦੀ ਹੈ) ਦਾ ਦੌਰਾ ਕੀਤਾ ਤਾਂ ਹਾਲਾਤ ਹੈਰਾਨ ਕਰਨ ਵਾਲੇ ਸਨ। ਵਾਰਡ ਦੇ ਬਾਹਰ ਔਰਤਾਂ ਲਈ ਬਣੇ ਟਾਇਲਟ ’ਚ ਸਾਫ-ਸਫਾਈ ਦੂਰ-ਦੂਰ ਤਕ ਦੇਖਣ ਨੂੰ ਨਹੀਂ ਮਿਲ ਰਹੀ ਸੀ। ਟਾਇਲਟ ਦੇ ਬਾਹਰ ਪਾਣੀ ਜਮ੍ਹਾ ਸੀ, ਜੋ ਕਿ ਮੱਛਰਾਂ ਲਈ ਸਵਿਮਿੰਗ ਪੂਲ ਹੈ। ਕਾਫੀ ਗਿਣਤੀ ’ਚ ਮੱਛਰ ਇਥੇ ਮੰਡਰਾਉਂਦੇ ਨਜ਼ਰ ਆ ਰਹੇ ਸਨ। ਕਾਫੀ ਦਿਨਾਂ ਤੋਂ ਪਾਣੀ ਜਮ੍ਹਾ ਹੈ ਅਤੇ ਇਸ ਨੂੰ ਸਾਫ਼ ਤਕ ਨਹੀਂ ਕੀਤਾ ਗਿਆ।
ਇਹ ਵੀ ਪੜ੍ਹੋ: ਸਿਹਤ ਮਹਿਕਮੇ ਦੀ ਵਧੀ ਚਿੰਤਾ, ਸੂਬੇ ’ਚ ਸਿਰਫ਼ 5 ਜ਼ਿਲ੍ਹਿਆਂ ’ਚ 80 ਫ਼ੀਸਦੀ ਲੋਕਾਂ ਨੂੰ ਲੱਗੀ ਕੋਰੋਨਾ ਵੈਕਸੀਨ
ਸਟਾਫ਼ ਨੇ ਸਾਫ਼ ਟਾਇਲਟ ਨੂੰ ਲਾ ਦਿੱਤਾ ਤਾਲਾ
ਗਰਭਵਤੀ ਔਰਤਾਂ ਲਈ ਬਣੇ ਵਾਰਡ ਅੰਦਰ ਬਣੇ ਟਾਇਲਟਾਂ ਦੀ ਹਾਲਤ ਤਰਸਯੋਗ ਹੈ। ਟਾਇਲਟਾਂ ’ਚ ਗੰਦਗੀ ਫੈਲੀ ਹੋਈ ਹੈ ਤੇ ਖੂਨ ਨਾਲ ਭਰੇ ਸੈਨੇਟਰੀ ਪੈਡ ਡਿੱਗੇ ਪਏ ਹਨ। ਇਸ ਵਾਰਡ ’ਚੋਂ ਇੰਨੀ ਬਦਬੂ ਆਉਂਦੀ ਹੈ ਕਿ ਤੰਦਰੁਸਤ ਵਿਅਕਤੀ ਵੀ ਬੀਮਾਰ ਹੋ ਜਾਵੇ। ਜ਼ਿਕਰਯੋਗ ਹੈ ਕਿ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਵੀ ਇਸ ਵਾਰਡ ਦਾ ਕਈ ਵਾਰ ਦੌਰਾ ਕਰ ਚੁੱਕੇ ਹਨ ਪਰ ਇਨ੍ਹਾਂ ਦੌਰਿਆਂ ਦਾ ਵੀ ਖ਼ੌਫ਼ ਸਫ਼ਾਈ ਕਰਮਚਾਰੀਆਂ ਨੂੰ ਨਹੀਂ ਹੈ। ਵਾਰਡ ਦੇ ਬਾਹਰ ਕੰਟੀਨ ਦੇ ਨਾਲ ਬਣੀਆਂ ਸਾਫ਼ ਟਾਇਲਟਾਂ, ਜੋ ਕਿ ਲੋਕਾਂ ਲਈ ਬਣਾਈਆਂ ਗਈਆਂ ਸਨ, ਨੂੰ ਪ੍ਰਾਈਵੇਟ ਸੁਰੱਖਿਆ ਕਰਮਚਾਰੀਆਂ ਨੇ ਤਾਲਾ ਲਾ ਦਿੱਤਾ ਹੈ ਕਿਉਂਕਿ ਸਟਾਫ ਨਰਸਾਂ ਇਨ੍ਹਾਂ ਦੀ ਵਰਤੋਂ ਕਰਦੀਆਂ ਹਨ ਅਤੇ ਉਹ ਨਹੀਂ ਚਾਹੁੰਦੀਆਂ ਕਿ ਆਮ ਲੋਕ ਇਨ੍ਹਾਂ ਦੀ ਵਰਤੋਂ ਕਰਨ।
ਇਹ ਵੀ ਪੜ੍ਹੋ: ਨਕੋਦਰ: ਭੈਣ ਦੇ ਪਿੰਡ ਗਏ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਖੂਹ ਤੋਂ ਖ਼ੂਨ ਨਾਲ ਲਥਪਥ ਮਿਲੀ ਲਾਸ਼
ਵੱਡੀ ਲਾਪ੍ਰਵਾਹੀ : ਸੀ. ਸੀ. ਟੀ. ਵੀ. ਕੈਮਰੇ ਖਰਾਬ, ਕਿਤੇ ਦੋਬਾਰਾ ਕੋਈ ਨਵਜੰਮਿਆ ਬੱਚਾ ਚੁੱਕ ਕੇ ਨਾ ਲੈ ਜਾਵੇ ਕੋਈ
ਲੇਬਰ ਵਾਰਡ ਦੇ ਬਾਹਰ ਮੁੱਖ ਦਰਵਾਜ਼ੇ ’ਤੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਹੀ ਗਾਇਬ ਹੋ ਚੁੱਕੇ ਹਨ। ਜ਼ਿਕਰਯੋਗ ਹੈ ਕਿ ਕੁਝ ਸਾਲ ਪਹਿਲਾਂ ਇਸ ਵਾਰਡ ’ਚ ਇਕ ਗਰਭਵਤੀ ਔਰਤ ਦੀ ਡਲਿਵਰੀ ਹੋਣ ਤੋਂ ਬਾਅਦ ਉਸ ਦੇ ਨਵਜੰਮੇ ਬੱਚੇ (ਬੇਟੇ) ਨੂੰ ਕੋਈ ਔਰਤ ਚੁੱਕ ਕੇ ਭੱਜ ਗਈ ਸੀ। ਇਸ ਤੋਂ ਬਾਅਦ ਕਾਫੀ ਹੰਗਾਮਾ ਹੋਇਆ। ਗੱਲ ਥਾਣਾ ਨੰ. 4 ਦੀ ਪੁਲਸ ਕੋਲ ਪਹੁੰਚੀ ਤਾਂ ਪੁਲਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ ਤਾਂ ਉਸ ਦੌਰਾਨ ਵੀ ਇਸ ਦੇ ਵਾਰਡ ਦੇ ਬਾਹਰ ਸੀ. ਸੀ. ਟੀ. ਵੀ. ਕੈਮਰਾ ਨਾ ਹੋਣ ਕਾਰਨ ਕੇਸ ਟਰੇਸ ਹੋਣ ’ਚ ਕਾਫੀ ਦਿਨ ਲੱਗ ਗਏ। ਇਸ ਤੋਂ ਬਾਅਦ ਮੌਜੂਦਾ ਮੈਡੀਕਲ ਸੁਪਰਿੰਟੈਂਡੈਂਟ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਤੋਂ ਬਾਅਦ ਵਾਰਡ ਦੇ ਐਂਟਰੀ ਗੇਟ ’ਤੇ ਸੀ. ਸੀ. ਟੀ. ਵੀ. ਕੈਮਰੇ ਲੁਆਏ ਪਰ ਕੈਮਰੇ ਖਰਾਬ ਹੋਣ ਕਾਰਨ ਦੁਬਾਰਾ ਕੈਮਰੇ ਲੁਆਉਣ ਦਾ ਕਸ਼ਟ ਕਿਸੇ ਨੇ ਨਹੀਂ ਉਠਾਇਆ। ਇਕ ਸਟਾਫ ਨਰਸ ਨੇ ਨਾਂ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਜੇਕਰ ਕੱਲ ਨੂੰ ਕੋਈ ਦੋਬਾਰਾ ਕਿਸੇ ਨਵਜੰਮੇ ਬੱਚੇ ਨੂੰ ਚੁੱਕ ਕੇ ਲੈ ਗਿਆ ਤਾਂ ਇਸ ਦੀ ਜ਼ਿੰਮੇਵਾਰੀ ਕਿਸ ਦੀ ਹੋਵੇਗੀ? ਉਹ ਕਈ ਵਾਰ ਮੈਡੀਕਲ ਸੁਪਰਿੰਟੈਂਡੈਂਟ ਦੇ ਦਫਤਰ ’ਚ ਕਹਿ ਚੁੱਕੇ ਹਨ ਕਿ ਕੈਮਰੇ ਲੁਆਏ ਜਾਣ ਪਰ ਉਨ੍ਹਾਂ ਦੀ ਕੋਈ ਸੁਣਵਾਈ ਹੀ ਨਹੀਂ ਹੋ ਰਹੀ। ਇਸ ਸਬੰਧੀ ਮੈਡੀਕਲ ਸੁਪਰਿੰਟੈਂਡੈਂਟ ਡਾ. ਸੀਮਾ ਨਾਲ ਗੱਲ ਕਰਨ ਲਈ ਉਨ੍ਹਾਂ ਦੇ ਮੋਬਾਇਲ ’ਤੇ ਫੋਨ ਕੀਤਾ ਤਾਂ ਉਨ੍ਹਾਂ ਫੋਨ ਹੀ ਨਹੀਂ ਚੁੱਕਿਆ।
ਮੁਬਾਰਕ ਤੁਹਾਡੇ ਘਰ ਬੇਟਾ ਹੋਇਐ, ਦਿਓ ਵਧਾਈ
ਇਹ ਗੱਲ ਕਿਸੇ ਕੋਲੋਂ ਲੁਕੀ ਹੋਈ ਨਹੀਂ ਹੈ ਕਿ ਡਿਲਿਵਰੀ ਤੋਂ ਬਾਅਦ ਔਰਤਾਂ ਦੇ ਪਰਿਵਾਰਕ ਮੈਂਬਰਾਂ ਕੋਲੋਂ ਸਟਾਫ ਧੱਕੇ ਨਾਲ ਵਧਾਈ ਲੈ ਲੈਂਦਾ ਹੈ। ਕੁਝ ਸਾਲ ਪਹਿਲਾਂ ਵੀ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਸੀ, ਜਦੋਂ ਔਰਤ ਦੀ ਡਿਲਿਵਰੀ ਹੋਈ ਤਾਂ ਸਟਾਫ ਨੇ ਕਿਹਾ ਕਿ ਮੁਬਾਰਕ ਹੋਵੇ ਤੁਹਾਡੇ ਘਰ ਬੇਟਾ ਪੈਦਾ ਹੋਇਆ ਹੈ, ਦਿਓ ਵਧਾਈ। ਇਕ ਸਟਾਫ਼ ਮੈਂਬਰ ਵਧਾਈ ਲੈ ਕੇ ਚਲੀ ਗਈ ਤਾਂ ਦੂਜੀ ਨੇ ਨਵਜੰਮਿਆ ਬੱਚਾ ਪਰਿਵਾਰਕ ਮੈਂਬਰਾਂ ਦੇ ਹਵਾਲੇ ਕੀਤਾ ਤਾਂ ਪਤਾ ਲੱਗਾ ਕਿ ਬੱਚਾ ਬੇਟਾ ਸਗੋਂ ਨਹੀਂ ਬੇਟੀ ਹੈ। ਮਾਮਲੇ ਨੇ ਤੂਲ ਫੜਿਆ ਤਾਂ ਜਿਥੇ ਪੁਲਸ ਵਾਰਡ ਵਿਚ ਪਹੁੰਚੀ ਤਾਂ ਮੀਡੀਆ ਵੀ ਕਵਰੇਜ ਕਰਨ ਲਈ ਪੁੱਜਾ। ਬਾਅਦ ਵਿਚ ਪਤਾ ਲੱਗਾ ਕਿ ਵਧਾਈ ਲੈਣ ਦੇ ਚੱਕਰ ਵਿਚ ਸਟਾਫ ਨੇ ਝੂਠ ਬੋਲਿਆ ਸੀ। ਉਸ ਤੋਂ ਬਾਅਦ ਵਾਰਡ ਅੰਦਰ ਪੋਸਟਰ ਲਾ ਦਿੱਤੇ ਗਏ ਸਨ ਕਿ ਵਧਾਈ ਮੰਗਣ ਵਾਲਿਆਂ ਦੀ ਸ਼ਿਕਾਇਤ ਇਨ੍ਹਾਂ ਨੰਬਰਾਂ ’ਤੇ ਕਰੋ ਪਰ ਕਿਸੇ ਭ੍ਰਿਸ਼ਟਾਚਾਰੀ ਸਟਾਫ਼ ਮੈਂਬਰ ਨੇ ਪੋਸਟਰ ਹੀ ਉਤਾਰ ਦਿੱਤੇ। ਹਸਪਤਾਲ ਦੇ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਦੋਬਾਰਾ ਵਧਾਈ ਮੰਗਣ ਦਾ ਸਿਲਸਿਲਾ ਫਿਰ ਸ਼ੁਰੂ ਹੋ ਚੁੱਕਾ ਹੈ।
ਇਹ ਵੀ ਪੜ੍ਹੋ: ਪੰਜਾਬ ਦੀਆਂ 117 ਸੀਟਾਂ ’ਤੇ ਚੋਣ ਲੜੇਗੀ ਭਾਜਪਾ, ਵੱਡੇ ਫਰਕ ਨਾਲ ਜਿੱਤ ਕਰੇਗੀ ਹਾਸਲ: ਅਸ਼ਵਨੀ ਸ਼ਰਮਾ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ