ਜਲੰਧਰ ਉਪ-ਚੋਣ : ਕੇਜਰੀਵਾਲ 6 ਨੂੰ ਕਰਨਗੇ ਰੋਡ ਸ਼ੋਅ, ਭਗਵੰਤ ਮਾਨ 8 ਤਕ ਕਰਨਗੇ ਧੂੰਆਂਧਾਰ ਪ੍ਰਚਾਰ

Thursday, May 04, 2023 - 09:45 AM (IST)

ਜਲੰਧਰ ਉਪ-ਚੋਣ : ਕੇਜਰੀਵਾਲ 6 ਨੂੰ ਕਰਨਗੇ ਰੋਡ ਸ਼ੋਅ, ਭਗਵੰਤ ਮਾਨ 8 ਤਕ ਕਰਨਗੇ ਧੂੰਆਂਧਾਰ ਪ੍ਰਚਾਰ

ਜਲੰਧਰ (ਧਵਨ) : ਜਲੰਧਰ ਉਪ-ਚੋਣ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਹੁਣ ਚੋਣ ਪ੍ਰਚਾਰ ਦੇ ਅੰਤਿਮ ਦੌਰ ’ਚ ਆਪਣੀ ਪੂਰੀ ਤਾਕਤ ਲਾ ਦੇਣ ਦਾ ਫੈਸਲਾ ਕੀਤਾ ਹੈ। ਉਪ-ਚੋਣ ਲਈ ਪੋਲਿੰਗ 10 ਮਈ ਨੂੰ ਹੋਣੀ ਹੈ ਅਤੇ ਵੋਟਾਂ ਦੀ ਗਿਣਤੀ 13 ਮਈ ਨੂੰ ਹੋਵੇਗੀ। ਚੋਣ ਪ੍ਰਚਾਰ ਲਈ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 6 ਮਈ ਨੂੰ ਰੋਡ ਸ਼ੋਅ ਕਰਨ ਲਈ ਜਲੰਧਰ ਆ ਰਹੇ ਹਨ। ਉਹ 6 ਮਈ ਨੂੰ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ’ਚ ਆਮ ਆਦਮੀ ਕਲੀਨਿਕਾਂ ਦਾ ਸ਼ੁੱਭ-ਆਰੰਭ ਕਰਨਗੇ ਅਤੇ ਸ਼ਾਮ ਨੂੰ ਜਲੰਧਰ ਵਿਚ ਰੋਡ ਸ਼ੋਅ ਵਿਚ ਹਿੱਸਾ ਲੈਣਗੇ। ਮੁੱਖ ਮੰਤਰੀ ਹੁਣ 8 ਮਈ ਤਕ ਜਲੰਧਰ ਵਿਚ ਹੀ ਰਹਿ ਕੇ ਚੋਣ ਪ੍ਰਚਾਰ ਵਿਚ ਹਿੱਸਾ ਲੈਣਗੇ। ਉਹ ਸਵੇਰ ਸਮੇਂ ਸਰਕਾਰੀ ਬੈਠਕਾਂ ਵਿਚ ਹਿੱਸਾ ਲਿਆ ਕਰਨਗੇ ਅਤੇ ਸ਼ਾਮ ਦੇ ਸਮੇਂ ਜਲੰਧਰ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿਚ ਰੋਡ ਸ਼ੋਅ ਕਰਨਗੇ। ਮੁੱਖ ਮੰਤਰੀ ਹੁਣ ਅੰਤਿਮ ਦੌਰ ਵਿਚ ਆਪਣੀ ਪੂਰੀ ਤਾਕਤ ਉਪ-ਚੋਣ ਵਿਚ ਲਾ ਦੇਣਗੇ। ਉਨ੍ਹਾਂ ਦਾ ਫੋਕਸ ਪੇਂਡੂ ਖੇਤਰਾਂ ਵਿਚ ਰਹੇਗਾ। ਅੰਤਿਮ ਦਿਨਾਂ ਵਿਚ ਉਹ ਸ਼ਹਿਰੀ ਖੇਤਰਾਂ ਵਿਚ ਰੋਡ ਸ਼ੋਅ ਕਰਨਗੇ।

ਇਹ ਵੀ ਪੜ੍ਹੋ : ਗਿਆਸਪੁਰਾ ਗੈਸ ਲੀਕ ਮਾਮਲਾ : ‘ਸਿਟ’ ਨੇ ਨਗਰ ਨਿਗਮ ਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਤੋਂ ਕੀਤੀ ਪੁੱਛਗਿੱਛ

ਉਪ-ਚੋਣ ਆਮ ਆਦਮੀ ਪਾਰਟੀ ਸਮੇਤ ਸਾਰੀਆਂ ਪਾਰਟੀਆਂ ਲਈ ਵੱਕਾਰ ਦਾ ਸਵਾਲ ਬਣੀ ਹੋਈ ਹੈ। ਸੂਬੇ ਵਿਚ ਹਾਲਾਂਕਿ ‘ਆਪ’ ਦੀ ਸਰਕਾਰ ਹੈ, ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਲਈ ਉਪ-ਚੋਣ ਜਿੱਤਣੀ ਹੋਰ ਵੀ ਜ਼ਰੂਰੀ ਹੋ ਗਈ ਹੈ। ਇਸ ਨੂੰ ਵੇਖਦੇ ਹੋਏ ਮੁੱਖ ਮੰਤਰੀ ਨੇ ਹੁਣ ਅੰਤਿਮ ਦਿਨਾਂ ਲਈ ਵੱਖਰੀ ਰਣਨੀਤੀ ਬਣਾਈ ਹੈ। ਉਨ੍ਹਾਂ ਦੇ ਸਮੁੱਚੇ ਮੰਤਰੀ ਵੀ ਅਗਲੇ ਕੁਝ ਦਿਨਾਂ ਵਿਚ ਧੂੰਆਂਧਾਰ ਚੋਣ ਪ੍ਰਚਾਰ ਕਰਨਗੇ। ਕੁਲ ਮਿਲਾ ਕੇ ਇਸ ਉਪ-ਚੋਣ ਦਾ ਨਤੀਜਾ 2024 ’ਚ ਹੋਣ ਵਾਲੀਆਂ ਲੋਕ ਸਭਾ ਦੀਆਂ ਆਮ ਚੋਣਾਂ ’ਤੇ ਅਸਰ ਪਾਏਗਾ। ਮੁੱਖ ਮੰਤਰੀ ਲੋਕਾਂ ਕੋਲੋਂ ਵਾਰ-ਵਾਰ ਇਕ ਹੋਰ ਸਾਲ ਦਾ ਸਮਾਂ ਮੰਗ ਰਹੇ ਹਨ ਜਿਸ ਵਿਚ ਉਹ ਆਪਣੀਆਂ ਹੋਰ ਗਾਰੰਟੀਆਂ ਪੂਰੀਆਂ ਕਰਨਾ ਚਾਹੁਣਗੇ।

ਇਹ ਵੀ ਪੜ੍ਹੋ : ਮੌਤ ਦੇ ਮੂੰਹ ’ਚੋਂ ਬਾਹਰ ਆਏ ਗੌਰਵ ਨੇ ਪ੍ਰਸ਼ਾਸਨ ਨੂੰ ਠਹਿਰਾਇਆ ਮੌਤਾਂ ਦਾ ਜ਼ਿੰਮੇਵਾਰ, ਬੋਲਿਆ-ਸੋਚ ਕੇ ਕੰਭ ਜਾਂਦੀ ਹੈ ਰੂਹ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Anuradha

Content Editor

Related News