ਜਲੰਧਰ: ਹਿਮਾਚਲ ਜਾਣ ਵਾਲਿਆਂ ਦੀ ਵਧੀ ਗਿਣਤੀ, ਕੋਰੋਨਾ ਰਿਪੋਰਟ ਨੂੰ ਲੈ ਕੇ ਪੁਲਸ ਨੇ ਵੀ ਵਧਾਈ ਸਖ਼ਤੀ

Sunday, Aug 29, 2021 - 10:27 AM (IST)

ਜਲੰਧਰ: ਹਿਮਾਚਲ ਜਾਣ ਵਾਲਿਆਂ ਦੀ ਵਧੀ ਗਿਣਤੀ, ਕੋਰੋਨਾ ਰਿਪੋਰਟ ਨੂੰ ਲੈ ਕੇ ਪੁਲਸ ਨੇ ਵੀ ਵਧਾਈ ਸਖ਼ਤੀ

ਜਲੰਧਰ (ਪੁਨੀਤ)– ਸੋਮਵਾਰ ਤੱਕ ਆ ਰਹੀਆਂ 3 ਛੁੱਟੀਆਂ ਕਾਰਨ ਸ਼ਨੀਵਾਰ ਸਵੇਰ ਤੋਂ ਹਿਮਾਚਲ ਨੂੰ ਜਾਣ ਵਾਲਿਆਂ ਦੀ ਗਿਣਤੀ ਵਿਚ ਵਾਧਾ ਵੇਖਿਆ ਗਿਆ, ਜਿਸ ਕਾਰਨ ਬੱਸ ਅੱਡੇ ਵਿਚ ਯਾਤਰੀਆਂ ਦੀ ਭਾਰੀ ਭੀੜ ਵੇਖਣ ਨੂੰ ਮਿਲੀ। ਸ਼ਨੀਵਾਰ ਅਤੇ ਐਤਵਾਰ ਨੂੰ ਸਰਕਾਰੀ ਛੁੱਟੀ ਦੇ ਨਾਲ-ਨਾਲ ਸੋਮਵਾਰ ਨੂੰ ਜਨਮ ਅਸ਼ਟਮੀ ਦੀ ਛੁੱਟੀ ਹੋਣ ਕਾਰਨ ਲੋਕ ਪਹਾੜਾਂ ਨੂੰ ਜਾਣ ਨੂੰ ਮਹੱਤਵ ਦੇ ਰਹੇ ਹਨ। ਪਹਾੜਾਂ ਵਿਚ ਜਾਣ ਵਾਲੇ ਲੋਕਾਂ ਕੋਲ ਹਿਮਾਚਲ ਅਤੇ ਉੱਤਰਾਖੰਡ ਦਾ ਬਦਲ ਰਹਿੰਦਾ ਹੈ ਪਰ ਸ਼ੁੱਕਰਵਾਰ ਨੂੰ ਉੱਤਰਾਖੰਡ ਵਿਚ ਦੇਹਰਾਦੂਨ ਅਤੇ ਰਿਸ਼ੀਕੇਸ਼ ਨੂੰ ਜੋੜਨ ਵਾਲਾ ਪੁਲ ਟੁੱਟ ਜਾਣ ਕਾਰਨ ਲੋਕ ਉੱਤਰਾਖੰਡ ਵਿਚ ਜਾਣ ਤੋਂ ਗੁਰੇਜ਼ ਕਰ ਰਹੇ ਹਨ ਅਤੇ ਹਿਮਾਚਲ ਨੂੰ ਜ਼ਿਆਦਾ ਮਹੱਤਵ ਦੇ ਰਹੇ ਹਨ। ਇਸ ਕਾਰਨ ਹਿਮਾਚਲ ਜਾਣ ਵਾਲੀਆਂ ਬੱਸਾਂ ਵਿਚ ਸੀਟਾਂ ਭਰੀਆਂ ਰਹੀਆਂ ਅਤੇ ਲੋਕਾਂ ਨੂੰ ਦੂਜੀਆਂ ਬੱਸਾਂ ਦੀ ਉਡੀਕ ਕਰਨੀ ਪਈ।

ਇਹ ਵੀ ਪੜ੍ਹੋ: ਜਲੰਧਰ: ਸਮਾਰਟ ਸਿਟੀ ਕੰਪਨੀ ਨੇ ਚੌਰਾਹਿਆਂ ਸਬੰਧੀ ਪ੍ਰਾਜੈਕਟ ’ਚ ਕੀਤਾ ਵੱਡਾ ਬਦਲਾਅ

PunjabKesari

ਜਲੰਧਰ ਡਿਪੂਆਂ ਦੀਆਂ ਵਧੇਰੇ ਬੱਸਾਂ ਦੁਪਹਿਰ ਤੱਕ ਹਿਮਾਚਲ ਲਈ ਰਵਾਨਾ ਹੋ ਜਾਂਦੀਆਂ ਹਨ। ਇਸ ਤੋਂ ਬਾਅਦ ਹਿਮਾਚਲ ਟਰਾਂਸਪੋਰਟ ਦੀਆਂ ਬੱਸਾਂ ਜ਼ਰੀਏ ਲੋਕ ਰਵਾਨਾ ਹੁੰਦੇ ਹਨ। ਸ਼ਿਮਲਾ ਜਾਣ ਵਾਲੇ ਲੋਕਾਂ ਨੂੰ ਬੱਸਾਂ ਵਿਚ ਸੀਟਾਂ ਨਹੀਂ ਮਿਲ ਪਾ ਰਹੀਆਂ ਸਨ, ਜਿਸ ਕਾਰਨ ਕਈ ਲੋਕ ਵੋਲਵੋ ਜ਼ਰੀਏ ਚੰਡੀਗੜ੍ਹ ਲਈ ਰਵਾਨਾ ਹੋਏ ਅਤੇ ਉਥੋਂ ਸ਼ਿਮਲਾ ਲਈ ਬੱਸਾਂ ਬਦਲ ਕੇ ਰਵਾਨਾ ਹੋਏ। ਯਾਤਰੀਆਂ ਦੀ ਭਾਰੀ ਗਿਣਤੀ ਨੂੰ ਵੇਖਦਿਆਂ ਹਿਮਾਚਲ ਪੁਲਸ ਵੱਲੋਂ ਬਾਰਡਰ ’ਤੇ ਸਖ਼ਤੀ ਵਧਾ ਦਿੱਤੀ ਗਈ ਹੈ ਅਤੇ ਪੰਜਾਬ ਸਮੇਤ ਦੂਜੇ ਸੂਬਿਆਂ ਤੋਂ ਆਉਣ ਵਾਲੇ ਲੋਕਾਂ ਦੀ ਕੋਰੋਨਾ ਸਬੰਧੀ ਰਿਪੋਰਟ ਦੇਖੀ ਜਾ ਰਹੀ ਹੈ। ਜਿਹੜੇ ਲੋਕਾਂ ਨੇ ਕੋਰੋਨਾ ਦੀਆਂ ਦੋਵੇਂ ਡੋਜ਼ ਲੁਆ ਲਈਆਂ ਹਨ, ਉਨ੍ਹਾਂ ਦਾ ਸਰਟੀਫਿਕੇਟ ਵੇਖਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਜਿਨ੍ਹਾਂ ਕੋਲ ਕੋਰੋਨਾ ਦੀ ਨੈਗੇਟਿਵ ਰਿਪੋਰਟ ਹੁੰਦੀ ਹੈ, ਉਨ੍ਹਾਂ ਨੂੰ ਹੀ ਹਿਮਾਚਲ ਵਿਚ ਐਂਟਰ ਹੋਣ ਦਿੱਤਾ ਜਾ ਰਿਹਾ ਹੈ। ਚਾਲਕ ਦਲਾਂ ਨੇ ਦੱਸਿਆ ਕਿ ਵਧੇਰੇ ਬੱਸਾਂ ਵਿਚ ਜਾਣ ਵਾਲੇ ਹਰੇਕ ਯਾਤਰੀ ਦੀ ਰਿਪੋਰਟ ਵੇਖੀ ਗਈ।

ਇਹ ਵੀ ਪੜ੍ਹੋ:  ਬਿਜਲੀ ਸਮਝੌਤਿਆਂ ਨੂੰ ਲੈ ਕੇ ਨਵਜੋਤ ਸਿੱਧੂ ਦਾ ਇਕ ਹੋਰ ਧਮਾਕੇਦਾਰ ਟਵੀਟ, ਕੀਤਾ ਵੱਡਾ ਐਲਾਨ

PunjabKesari

ਹਿਮਾਚਲ ਜਾਣ ਵਾਲੇ ਲੋਕਾਂ ਨੂੰ ਸਰਕਾਰ ਦੇ ਨਿਯਮਾਂ ਦੀ ਪੂਰੀ ਜਾਣਕਾਰੀ ਲੈ ਕੇ ਰਵਾਨਾ ਹੋਣਾ ਚਾਹੀਦਾ ਹੈ, ਨਹੀਂ ਤਾਂ ਉਨ੍ਹਾਂ ਨੂੰ ਬਾਰਡਰ ’ਤੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਿਮਾਚਲ ਦੀ ਵੈੱਬਸਾਈਟ ’ਤੇ ਹਰੇਕ ਜਾਣਕਾਰੀ ਉਪਲੱਬਧ ਹੈ। ਦਿੱਲੀ ਆਈ. ਐੱਸ. ਬੀ. ਟੀ. ਤੋਂ ਮਿਲੀ ਜਾਣਕਾਰੀ ਮੁਤਾਬਕ ਹਿਮਾਚਲ ਨੂੰ ਜਾਣ ਵਾਲੇ ਯਾਤਰੀਆਂ ਦੀ ਮੰਗ ਸ਼ਨੀਵਾਰ ਬਹੁਤ ਜ਼ਿਆਦਾ ਰਹੀ। ਇਸ ਕਾਰਨ ਦਿੱਲੀ ਤੋਂ ਹਿਮਾਚਲ ਲਈ ਵੱਡੀ ਗਿਣਤੀ ਵਿਚ ਬੱਸਾਂ ਰਵਾਨਾ ਕੀਤੀਆਂ ਗਈਆਂ। ਹਿਮਾਚਲ ਵੱਲੋਂ ਦਿੱਲੀ ਵਿਚ ਆਉਣ ਵਾਲੇ ਯਾਤਰੀਆਂ ਲਈ 70 ਤੋਂ ਵੱਧ ਬੱਸਾਂ ਦਿੱਲੀ ਭੇਜੀਆਂ ਗਈਆਂ। ਦਿੱਲੀ ਤੋਂ ਹਿਮਾਚਲ ਆਉਣ ਵਾਲੇ ਯਾਤਰੀਆਂ ਵਿਚ ਸ਼ਿਮਲਾ ਸਭ ਤੋਂ ਪਸੰਦੀਦਾ ਸੈਰ-ਸਪਾਟਾ ਸਥਾਨ ਬਣਿਆ ਹੋਇਆ ਹੈ।

PunjabKesari

ਜਲੰਧਰ ਬੱਸ ਅੱਡੇ ਤੋਂ ਸਵੇਰ ਸਮੇਂ ਯਾਤਰੀਆਂ ਨੂੰ ਹਿਮਾਚਲ ਲਈ ਆਸਾਨੀ ਨਾਲ ਬੱਸਾਂ ਮਿਲ ਗਈਆਂ ਪਰ ਦੁਪਹਿਰ ਸਮੇਂ ਲੋਕ ਕਾਊਂਟਰਾਂ ’ਤੇ ਉਡੀਕ ਕਰਦੇ ਦੇਖੇ ਗਏ। ਚੰਡੀਗੜ੍ਹ ਲਈ ਬੱਸਾਂ ਘੱਟ ਹੋਣ ਕਾਰਨ ਲੋਕਾਂ ਨੂੰ ਚੰਡੀਗੜ੍ਹ ਲਈ ਵੀ ਲੰਮੀ ਉਡੀਕ ਕਰਨੀ ਪਈ। ਲੋਕਾਂ ਦਾ ਕਹਿਣਾ ਸੀ ਕਿ ਹਿਮਾਚਲ ਜਾਣ ਵਾਲੇ ਲੋਕਾਂ ਵੱਲੋਂ ਚੰਡੀਗੜ੍ਹ ਤੋਂ ਬੱਸਾਂ ਲਈਆਂ ਜਾਂਦੀਆਂ ਹਨ, ਇਸ ਲਈ ਮਹਿਕਮੇ ਨੂੰ ਚੰਡੀਗੜ੍ਹ ਲਈ ਜ਼ਿਆਦਾ ਬੱਸਾਂ ਚਲਾਉਣੀਆਂ ਚਾਹੀਦੀਆਂ ਹਨ। ਸ਼ਾਮ ਸਮੇਂ ਯਾਤਰੀ ਰੋਪੜ, ਨੰਗਲ, ਹੁਸ਼ਿਆਰਪੁਰ ਆਦਿ ਲਈ ਰਵਾਨਾ ਹੋਏ ਅਤੇ ਉਥੋਂ ਹਿਮਾਚਲ ਲਈ ਬੱਸਾਂ ਲਈਆਂ।

PunjabKesari

24 ਘੰਟਿਆਂ ਬਾਅਦ ਠੀਕ ਹੋਇਆ ਇਨਕੁਆਰੀ ਨੰਬਰ, ਜਨਤਾ ਨੂੰ ਹੋਈ ਪ੍ਰੇਸ਼ਾਨੀ
ਬੱਸ ਅੱਡੇ ਦਾ ਸਰਕਾਰੀ ਇਨਕੁਆਰੀ ਨੰਬਰ 0181-2223755 ਚੌਵੀ ਘੰਟਿਆਂ ਬਾਅਦ ਠੀਕ ਹੋ ਸਕਿਆ । ਫੋਨ ਵਿਚ ਖ਼ਰਾਬੀ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਉਠਾਉਣੀ ਪਈ। ਸ਼ੁੱਕਰਵਾਰ ਨੂੰ ਖ਼ਰਾਬੀ ਹੋਣ ਕਾਰਨ ਫੋਨ ਦੁਪਹਿਰ 2 ਵਜੇ ਦੇ ਲਗਭਗ ਡੈੱਡ ਹੋ ਗਿਆ ਸੀ। ਨੰਬਰ ਬੰਦ ਹੋਣ ਕਾਰਨ ਲੋਕਾਂ ਨੂੰ ਬੱਸ ਅੱਡੇ ਵਿਚ ਲੰਮੇ ਸਮੇਂ ਤੱਕ ਬੱਸਾਂ ਦੀ ਉਡੀਕ ਕਰਨੀ ਪਈ।

ਇਹ ਵੀ ਪੜ੍ਹੋ: 3 ਪੁੱਤ ਹੋਣ ਦੇ ਬਾਵਜੂਦ ਦਰ-ਦਰ ਦੀਆਂ ਠੋਕਰਾਂ ਖਾ ਰਹੇ ਨੇ ਬਜ਼ੁਰਗ ਮਾਪੇ, 2 ਪੁੱਤ ਕਰਦੇ ਨੇ ਸਰਕਾਰੀ ਨੌਕਰੀ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

shivani attri

Content Editor

Related News