ਰਾਜਾ ਵੜਿੰਗ ਦੇ ਦਾਅਵਿਆਂ ਨੂੰ ਪੂਰਾ ਕਰਨ 'ਚ ਜੁਟਿਆ ਮਹਿਕਮਾ, ਮੰਗੇ ਬੱਸ ਬਾਡੀ ਦੇ ਨਵੇਂ ਟੈਂਡਰ

Saturday, Oct 30, 2021 - 03:30 PM (IST)

ਜਲੰਧਰ (ਪੁਨੀਤ)– ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਟਰਾਂਸਪੋਰਟ ਮੰਤਰੀ ਬਣਨ ਤੋਂ ਬਾਅਦ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਬੱਸ ਅੱਡਿਆਂ ਦਾ ਦੌਰਾ ਕੀਤਾ ਅਤੇ ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਜਲਦ ਤੋਂ ਜਲਦ 842 ਨਵੀਆਂ ਬੱਸਾਂ ਪਾ ਕੇ ਯਾਤਰੀਆਂ ਨੂੰ ਸਹੂਲਤ ਦੇਣ ਦੇ ਵੱਡੇ-ਵੱਡੇ ਦਾਅਵੇ ਕੀਤੇ। ਬੀਤੇ ਦਿਨੀਂ ‘ਜਗ ਬਾਣੀ’ ਵੱਲੋਂ ਬੱਸਾਂ ਪਾਉਣ ਦੀ ਜ਼ਮੀਨੀ ਹਕੀਕਤ ਬਾਰੇ ਪ੍ਰਮੁੱਖਤਾ ਨਾਲ ਖ਼ਬਰ ਛਾਪੀ ਗਈ ਸੀ। ਇਸ ਵਿਚ ਦੱਸਿਆ ਗਿਆ ਕਿ ਨਵੀਆਂ ਬੱਸਾਂ ਪਾਉਣ ਦੇ ਰਾਜਾ ਵੜਿੰਗ ਵੱਲੋਂ ਦਾਅਵੇ ਕੀਤੇ ਜਾ ਰਹੇ ਹਨ, ਜਦਕਿ ਬੱਸ ਬਾਡੀ ਦਾ ਟੈਂਡਰ ਅਜੇ ਤਕ ਪੂਰਾ ਨਹੀਂ ਹੋ ਸਕਿਆ। ਇਹ ਵੀ ਦੱਸਿਆ ਗਿਆ ਕਿ ਪੁਰਾਣੇ ਟੈਂਡਰ ਨੂੰ ਰੱਦ ਕਰ ਕੇ ਨਵਾਂ ਟੈਡਰ ਮੰਗਿਆ ਜਾ ਸਕਦਾ ਹੈ। ‘ਜਗ ਬਾਣੀ’ ਦੀ ਇਸ ਖ਼ਬਰ ’ਤੇ ਟਰਾਂਸਪੋਰਟ ਮਹਿਕਮੇ ਦੀ ਮੋਹਰ ਲੱਗ ਗਈ ਹੈ ਅਤੇ ਮਹਿਕਮੇ ਨੇ ਬੱਸ ਬਾਡੀ ਬਣਾਉਣ ਲਈ ਨਵੇਂ ਟੈਂਡਰ ਮੰਗ ਲਏ ਹਨ।

ਖ਼ਬਰ ਛਪਣ ਤੋਂ ਬਾਅਦ ਮਹਿਕਮਾ ਤੁਰੰਤ ਹਰਕਤ ਵਿਚ ਆ ਗਿਆ। ਦੱਸਿਆ ਜਾ ਰਿਹਾ ਹੈ ਕਿ ਸੀਨੀਅਰ ਅਧਿਕਾਰੀਆਂ ਵੱਲੋਂ ਨਵੀਆਂ ਬੱਸਾਂ ਪਾਉਣ ਸਬੰਧੀ ਫਾਈਲ ਮੰਗਵਾਈ ਗਈ। ਇਸ ’ਤੇ ਕਾਫ਼ੀ ਦੇਰ ਤੱਕ ਚਰਚਾ ਹੋਈ ਅਤੇ ਆਖਰੀ ਫ਼ੈਸਲਾ ਲੈਂਦਿਆਂ ਨਵੇਂ ਟੈਂਡਰ ਮੰਗਣ ’ਤੇ ਸਹਿਮਤੀ ਬਣੀ। ਦੱਸਿਆ ਜਾ ਰਿਹਾ ਹੈ ਕਿ ਰਾਜਾ ਵੜਿੰਗ ਵੱਲੋਂ ਨਵੀਆਂ ਬੱਸਾਂ ਪਾਉਣ ਦੇ ਜਿਹੜੇ ਦਾਅਵੇ ਕੀਤੇ ਜਾ ਰਹੇ ਹਨ, ਉਨ੍ਹਾਂ ਨੂੰ ਪੂਰਾ ਕਰਨ ਦੇ ਕੰਮ ਵਿਚ ਤੇਜ਼ੀ ਲਿਆਉਣ ਲਈ ਕਿਹਾ ਗਿਆ ਹੈ। ਸੂਤਰ ਦੱਸਦੇ ਹਨ ਕਿ ਇਸ ਸਬੰਧੀ ਜਲਦ ਤੋਂ ਜਲਦ ਟੈਂਡਰ ਫਾਈਨਲ ਕਰ ਕੇ ਬੱਸਾਂ ਦੀ ਬਾਡੀ ਬਣਾਉਣ ਦੇ ਹੁਕਮ ਜਾਰੀ ਕਰ ਦਿੱਤੇ ਜਾਣਗੇ।

ਟਾਈਟਲਰ ਦੀ ਨਿਯੁਕਤੀ ’ਤੇ ਸੁਨੀਲ ਜਾਖੜ ਵੱਲੋਂ ਚੁੱਕੇ ਸਵਾਲਾਂ ਦਾ ਜਵਾਬ ਦੇਵੇ ਪੰਜਾਬ ਸਰਕਾਰ: ਦਲਜੀਤ ਚੀਮਾ

PunjabKesari

ਮਹਿਕਮੇ ਵੱਲੋਂ 842 ਨਵੀਆਂ ਬੱਸਾਂ ਪਾਉਣ ਦੇ ਕੰਮ ਦੀ ਸ਼ੁਰੂਆਤ ਰਜ਼ੀਆ ਸੁਲਤਾਨ ਦੇ ਕਾਰਜਕਾਲ ਵਿਚ ਹੋਈ ਸੀ ਪਰ ਇੰਨਾ ਜ਼ਿਆਦਾ ਸਮਾਂ ਬੀਤ ਜਾਣ ਦੇ ਬਾਵਜੂਦ ਬੱਸਾਂ ਬਣਵਾਉਣ ਦਾ ਕੰਮ ਸ਼ੁਰੂ ਕਰਵਾਉਣ ਦੀ ਕਾਰਵਾਈ ਪੂਰੀ ਨਹੀਂ ਹੋ ਸਕੀ। ਦੱਸਿਆ ਜਾ ਰਿਹਾ ਹੈ ਕਿ ਰਜ਼ੀਆ ਸੁਲਤਾਨ ਦੇ ਸਮੇਂ ਦੌਰਾਨ ਇਹ ਕੰਮ ਪੂਰਾ ਹੋ ਜਾਣਾ ਸੀ ਪਰ ਸਰਕਾਰ ਵਿਚ ਹੋਏ ਵੱਡੇ ਫੇਰਬਦਲ ਅਤੇ ਟਰਾਂਸਪੋਰਟ ਮੰਤਰੀ ਦੇ ਬਦਲ ਜਾਣ ਨਾਲ ਕੰਮ ਦੀ ਰਫਤਾਰ ਹੌਲੀ ਹੋ ਗਈ।

ਨਵੀਂ ਸਰਕਾਰ ਵੱਲੋਂ ਹਰ ਮਸਲੇ ’ਤੇ ਤੁਰੰਤ ਐਕਸ਼ਨ ਲਏ ਜਾਣ ਕਾਰਨ ਬੱਸ ਬਾਡੀ ਦਾ ਟੈਂਡਰ ਲੈਣ ਵਾਲਿਆਂ ਦੀ ਦਿਲਚਸਪੀ ਘਟੀ ਸੀ। ਇਸ ਕਾਰਨ ਇਹ ਫਾਈਲ ਵਿਚਾਲੇ ਹੀ ਰੁਕ ਕੇ ਰਹਿ ਗਈ। ਵਿਭਾਗ ਵੱਲੋਂ 842 ਨਵੀਆਂ ਬੱਸਾਂ ਪਾਉਣ ਲਈ ਪਹਿਲੇ ਪੜਾਅ ਵਿਚ ਚੈੱਸੀ (ਬਿਨਾਂ ਬਾਡੀ ਦੀ ਬੱਸ) ਦਾ ਟੈਂਡਰ ਕੱਢਿਆ ਗਿਆ, ਜਿਹੜਾ ਟਾਟਾ ਕੰਪਨੀ ਨੂੰ ਹਾਸਲ ਹੋਇਆ। ਇਸ ਦੇ ਮੁਤਾਬਕ ਵਿਭਾਗ ਵੱਲੋਂ 133.46 ਕਰੋੜ ਤੋਂ ਵੱਧ ਰਾਸ਼ੀ ਦਾ ਬੱਸਾਂ ਖਰੀਦਣ ਲਈ ਸਮਝੌਤਾ ਕੀਤਾ ਗਿਆ। ਵਿਭਾਗ ਵੱਲੋਂ ਟਾਟਾ ਕੰਪਨੀ ਨੂੰ ਪ੍ਰਤੀ ਬੱਸ 15.85 ਲੱਖ ਦੇ ਲਗਭਗ ਰਾਸ਼ੀ ਦੀ ਅਦਾਇਗੀ ਕੀਤੀ ਜਾਵੇਗੀ।
ਦੱਸਿਆ ਜਾ ਰਿਹਾ ਹੈ ਕਿ ਵਿਭਾਗ ਵੱਲੋਂ ਨਵੇਂ ਟੈਂਡਰ ਭਾਵੇਂ ਮੰਗ ਲਏ ਗਏ ਹਨ ਪਰ ਇਸਦੇ ਬਾਵਜੂਦ ਆਉਣ ਵਾਲੇ ਡੇਢ ਮਹੀਨੇ ਅੰਦਰ ਬੱਸਾਂ ਦੀ ਬਾਡੀ ਬਣਾਉਣ ਦਾ ਕੰਮ ਪੂਰਾ ਹੋਣ ਦੀ ਉਮੀਦ ਨਹੀਂ ਹੈ। ਇਸ ਲੜੀ ਵਿਚ ਅਧਿਕਾਰੀਆਂ ਨੂੰ ਫਾਈਲ ਤੇਜ਼ੀ ਨਾਲ ਨਿਪਟਾਉਣ ਦੇ ਹੁਕਮ ਦਿੱਤੇ ਗਏ ਹਨ ਤਾਂ ਕਿ ਜਿੰਨੀ ਜਲਦੀ ਹੋ ਸਕੇ ਕੰਮ ਸ਼ੁਰੂ ਕਰਵਾਇਆ ਜਾ ਸਕੇ। ਇਸਦਾ ਮੁੱਖ ਕਾਰਨ ਇਹ ਹੈ ਕਿ ਨਾਜਾਇਜ਼ ਪ੍ਰਾਈਵੇਟ ਬੱਸਾਂ ’ਤੇ ਕਾਰਵਾਈ ਹੋਣ ਤੋਂ ਬਾਅਦ ਬੱਸ ਅੱਡਿਆਂ ਵਿਚ ਕਾਊਂਟਰਾਂ ’ਤੇ ਯਾਤਰੀਆਂ ਨੂੰ ਆਪਣੇ ਰੂਟ ਦੀਆਂ ਬੱਸਾਂ ਦੀ ਉਡੀਕ ਕਰਨੀ ਪੈ ਰਹੀ ਹੈ। ਰੋਜ਼ਾਨਾ ਕਈ ਵਾਰ ਖਾਲੀ ਕਾਊਂਟਰ ਵੇਖਣ ਨੂੰ ਮਿਲਦੇ ਹਨ।

ਇਹ ਵੀ ਪੜ੍ਹੋ: ਜਲੰਧਰ-ਪਠਾਨਕੋਟ ਹਾਈਵੇਅ ’ਤੇ ਵਾਪਰਿਆ ਹਾਦਸਾ, ਟਰੱਕ ਦਾ ਟਾਇਰ ਉੱਤੋਂ ਲੰਘਣ ਨਾਲ ਨੌਜਵਾਨ ਦੀ ਮੌਤ

PunjabKesari

ਸਰਕਾਰੀ ਬੱਸਾਂ ਦੇ ਮੁਨਾਫੇ ’ਚ ਆਈ ਤੇਜ਼ੀ ਤੋਂ ਅਧਿਕਾਰੀ ਵੀ ਹੈਰਾਨ
ਰਾਜਾ ਵੜਿੰਗ ਵੱਲੋਂ ਨਾਜਾਇਜ਼ ਪ੍ਰਾਈਵੇਟ ਬੱਸਾਂ ਖ਼ਿਲਾਫ਼ ਜਿਸ ਤਰ੍ਹਾਂ ਐਕਸ਼ਨ ਲਿਆ ਜਾ ਰਿਹਾ ਹੈ, ਉਸ ਨਾਲ ਨਾਜਾਇਜ਼ ਬੱਸਾਂ ਸੜਕਾਂ ’ਤੇ ਉਤਰਨ ਤੋਂ ਕਤਰਾਉਣ ਲੱਗੀਆਂ ਹਨ। ਇਸ ਕਾਰਨ ਬੱਸ ਅੱਡਿਆਂ ’ਤੇ ਹੁਣ ਵਧੇਰੇ ਸਰਕਾਰੀ ਬੱਸਾਂ ਹੀ ਵੇਖਣ ਨੂੰ ਮਿਲ ਰਹੀਆਂ ਹਨ। ਸਰਕਾਰੀ ਬੱਸਾਂ ਦੇ ਮੁਨਾਫ਼ੇ ਵਿਚ ਜਿਹੜੀ ਤੇਜ਼ੀ ਆਈ ਹੈ, ਉਸ ਤੋਂ ਅਧਿਕਾਰੀ ਵੀ ਹੈਰਾਨ ਹਨ। ਪਹਿਲਾਂ ਅਨੁਮਾਨ ਲਾਇਆ ਜਾ ਰਿਹਾ ਸੀ ਕਿ ਬੱਸਾਂ ਦੀ ਆਮਦਨ ਵਿਚ 10 ਫ਼ੀਸਦੀ ਵਾਧਾ ਹੋਵੇਗਾ ਪਰ ਹੁਣ ਇਹ ਵਾਧਾ ਕਾਫੀ ਅੱਗੇ ਤੱਕ ਪਹੁੰਚ ਰਿਹਾ ਹੈ। ਇਸ ਕਾਰਨ ਅਧਿਕਾਰੀਆਂ ਨੂੰ ਹੋਰ ਸਖ਼ਤੀ ਕਰਨ ਦੇ ਹੁਕਮ ਦਿੱਤੇ ਜਾ ਰਹੇ ਹਨ।

ਇਹ ਵੀ ਪੜ੍ਹੋ: ਫੈਸਟੀਵਲ ਸੀਜ਼ਨ ਦੌਰਾਨ ਐਕਸ਼ਨ 'ਚ ਜਲੰਧਰ ਪੁਲਸ ਕਮਿਸ਼ਨਰ: ਅਨਫਿੱਟ ਮੁਲਾਜ਼ਮਾਂ ਦਾ ਹੋਵੇਗਾ ਤਬਾਦਲਾ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News