''ਜਲੰਧਰ ਬੰਦ'' ਦੀ ਕਾਲ ਨੂੰ ਲੈ ਕੇ ਦੁਕਾਨਦਾਰਾਂ ਦਾ ਵੱਡਾ ਐਲਾਨ

Wednesday, Sep 09, 2026 - 09:03 PM (IST)

''ਜਲੰਧਰ ਬੰਦ'' ਦੀ ਕਾਲ ਨੂੰ ਲੈ ਕੇ ਦੁਕਾਨਦਾਰਾਂ ਦਾ ਵੱਡਾ ਐਲਾਨ

ਜਲੰਧਰ (ਸੁਨੀਲ): ਲੁਧਿਆਣਾ ਵਿਚ ਬਾਬਾ ਸਾਹਿਬ ਦੀ ਪ੍ਰਤਿਮਾ ਨਾਲ ਛੇੜਖਾਨੀ ਦੀ ਘਟਨਾ ਨੂੰ ਲੈ ਕੇ ਪੰਜਾਬ ਭਰ ਵਿਚ ਲੋਕਾਂ ਵਿਚ ਕਾਫ਼ੀ ਰੋਸ ਹੈ। ਅਜਿਹੇ ਵਿਚ ਇਸ ਘਟਨਾ ਨੂੰ ਲੈ ਕੇ ਵੱਖ-ਵੱਖ ਜ਼ਿਲ੍ਹਿਆਂ ਵਿਚ ਭਲਕੇ ਬੰਦ ਦਾ ਐਲਾਨ ਕੀਤਾ ਜਾ ਰਿਹਾ ਹੈ, ਜਿਸ ਤਹਿਤ ਜਲੰਧਰ ਬੰਦ ਦਾ ਵੀ ਸੱਦਾ ਦਿੱਤਾ ਗਿਆ ਹੈ। ਇਸ ਸਬੰਧੀ ਅੱਜ ਸ਼ੇਖਾਂ ਬਾਜ਼ਾਰ ਮਾਰਕੀਟ ਦੀਆਂ ਵੱਖ-ਵੱਖ ਯੂਨੀਅਨਾਂ ਦੇ ਪ੍ਰਧਾਨ ਜਸਵਿੰਦਰ ਸਿੰਘ ਸਚਦੇਵਾ ਦੀ ਅਗਵਾਈ ਹੇਠ ਇਕੱਠੇ ਹੋਏ। ਉਨ੍ਹਾਂ ਨੇ ਇਸ ਘਟਨਾ ਦੀ ਨਿਖੇਧੀ ਕੀਤੀ ਤੇ ਜਲੰਧਰ ਬੰਦ ਦੀ ਕਾਲ ਦਾ ਸਮਰਥਨ ਕਰਨ ਦਾ ਐਲਾਨ ਵੀ ਕੀਤਾ। 

ਪ੍ਰਧਾਨ ਜਸਵਿੰਦਰ ਸਿੰਘ ਸਚਦੇਵਾ ਨੇ ਦੱਸਿਆ ਕਿ ਬਾਬਾ ਸਾਹਿਬ ਦੀ ਪ੍ਰਤਿਮਾ ਨਾਲ ਕੀਤੀ ਗਈ ਛੇੜਛਾੜ ਨਿੰਦਣਯੋਗ ਹੈ। ਉਨ੍ਹਾਂ ਨੇ ਸਰਕਾਰ ਨੂੰ ਸੁਰੱਖਿਆ ਏਜੰਸੀਆਂ ਦੀ ਮਦਦ ਨਾਲ ਅਜਿਹਾ ਕਰਨ ਵਾਲੇ ਸ਼ਰਾਰਤੀ ਅਨਸਰਾਂ ਨੂੰ ਗ੍ਰਿਫ਼ਤਾਰ ਕਰਨ ਅਤੇ ਉਨ੍ਹਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਸਾਜ਼ਿਸ਼ ਦੇ ਪਿੱਛੇ ਬੈਠੇ ਲੋਕਾਂ ਨੂੰ ਵੀ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਗਈ। ਪ੍ਰਧਾਨ ਨੇ ਕਿਹਾ ਕਿ ਆਪਸੀ ਭਾਈਚਾਰੇ ਦੇ ਮਾਹੌਲ ਨੂੰ ਖ਼ਰਾਬ ਕਰਨ ਤੇ ਪੰਜਾਬ ਨੂੰ ਤੋੜਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਅਜਿਹੇ ਵਿਚ ਚੋਣਾਂ ਨੇੜੇ ਆਉਂਦਿਆਂ ਹੀ ਅਜਿਹੀਆਂ ਘਟਨਾਵਾਂ ਹੋਣਾ ਅਤੇ ਆਪਸੀ ਭਾਈਚਾਰੇ ਨੂੰ ਤੋੜਣ ਦੀਆਂ ਕੋਸ਼ਿਸ਼ਾਂ ਕਰਨਾ ਬਹੁਤ ਮੰਦਭਾਗਾ ਹੈ। ਇਸ ਘਟਨਾ ਨਾਲ ਸਿਰਫ਼ ਦਲਿਤ ਭਾਈਚਾਰੇ ਹੀ ਨਹੀਂ ਸਗੋਂ ਸਾਰਿਆਂ ਵਿਚ ਹੀ ਰੋਸ ਹੈ। 

ਸਚਦੇਵਾ ਨੇ ਕਿਹਾ ਕਿ ਭਗਵਾਨ ਵਾਲਮੀਕਿ ਚੌਕ ਤੋਂ ਲੈ ਕੇ ਰੈਣਕ ਬਾਜ਼ਾਰ, ਸ਼ੇਖਾਂ ਬਾਜ਼ਾਰ, ਫੁੱਲਾਂ ਵਾਲਾ ਚੌਕ, ਕਲਾਂ ਬਜ਼ਾਰ, ਅਟਾਰੀ ਬਜ਼ਾਰ, ਜੁਐਲਰ ਬਾਜ਼ਾਰ, ਅਲੀ ਮੁਹੱਲਾ ਬਾਜ਼ਾਰ ਸਣੇ ਹੋਰ ਬਾਜ਼ਾਰਾਂ ਦੇ ਪ੍ਰਧਾਨ ਵੀ ਐੱਸ. ਸੀ. ਭਾਈਚਾਰੇ ਦੇ ਨਾਲ ਡਟ ਕੇ ਖੜ੍ਹੇ ਹਨ ਤੇ ਜਲੰਧਰ ਬੰਦ ਦੇ ਸੱਦੇ ਦਾ ਸਮਰਥਨ ਵੀ ਕਰਦੇ ਹਨ। 


author

Anmol Tagra

Content Editor

Related News