ਪੰਜਾਬ ’ਚ ਨਹੀਂ ਚੱਲੇਗੀ ‘ਆਪ’ ਦੀ ਲਹਿਰ
Sunday, Feb 16, 2020 - 10:48 AM (IST)
ਜਲੰਧਰ (ਬਿਊਰੋ) - ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪਾਰਟੀ ਦੇ ਪੁਰਾਣੇ ਸੂਬਾ ਪ੍ਰਧਾਨ ਸ਼ਵੇਤ ਮਲਿਕ ਦਾ ਦਾਅਵਾ ਦੁਹਰਾਉਂਦੇ ਹੋਏ 2022 ਦੀਆਂ ਚੋਣਾਂ ’ਚ ਭਾਜਪਾ ਦਾ ਸਭ ਤੋਂ ਵੱਡੀ ਪਾਰਟੀ ਬਣਨ ਦਾ ਦਾਅਵਾ ਕੀਤਾ ਹੈ। ਜੱਗ ਬਾਣੀ ਦੇ ਪ੍ਰਤੀਨਿਤੀ ਨਰੇਸ਼ ਕੁਮਾਰ ਨਾਲ ਗੱਲਬਾਤ ਕਰਦੇ ਹੋਏ ਅਸ਼ਵਨੀ ਸ਼ਰਮਾ ਨੇ ਦਿੱਲੀ ’ਚ ਆਮ ਆਦਮੀ ਪਾਰਟੀ ਦੀ ਜਿੱਤ, ਪੰਜਾਬ ’ਚ ਸਾਬਕਾ ਅਕਾਲੀ ਭਾਜਪਾ ਸਰਕਾਰ ਵਲੋਂ ਕੀਤੇ ਗਏ ਬਿਜਲੀ ਸਮਝੋਤਿਆਂ ਤੋਂ ਇਲਾਵਾ ਪਾਰਟੀ ਦੀ ਸੂਬੇ ’ਚ ਰਣਨੀਤੀ ਅਤੇ ਰਣਨੀਤੀ ਦੇ ਨਾਲ-ਨਾਲ ਅਕਾਲੀ ਦਲ ਦੇ ਨਾਲ ਗਠਜੋੜ ਨੂੰ ਲੈ ਕੇ ਵਿਸਥਾਰ ਨਾਲ ਗੱਲਬਾਤ ਕੀਤੀ।
ਪ੍ਰਸ਼ਨ- ਦਿੱਲੀ ’ਚ ‘ਆਪ’ ਦੀ ਸਰਕਾਰ ਦੀ ਵਾਪਸੀ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ?
ਜਵਾਬ - ਲੋਕਤੰਤਰ ’ਚ ਲੋਕਾਂ ਦਾ ਫੈਸਲਾ ਸਭ ਤੋਂ ਉੱਪਰ ਹੁੰਦਾ ਹੈ। ਬਤੌਰ ਸਿਆਸੀ ਦਲ ਭਾਜਪਾ ਦਾ ਲੜਾਈ ਕਰਨ ਦਾ ਆਪਣਾ ਅਧਿਕਾਰ ਹੈ। ਇਸੇ ਕਾਰਨ ਭਾਜਪਾ ਨੇ ਪੂਰੇ ਦਮਖਮ ਨਾਲ ਇਹ ਲੜਾਈ ਲੜੀ ਪਰ ਆਖਿਰ ’ਚ ਜਨਤਾ ਦਾ ਜੋ ਵੀ ਫੈਸਲਾ ਆਇਆ, ਨੂੰ ਅਸੀਂ ਪੂਰੀ ਨਿਮਰਤਾ ਨਾਲ ਸਵੀਕਾਰ ਕਰਦੇ ਹਾਂ। ਲੋਕਤੰਤਰ ’ਚ ਜਨਤਾ ਦਾ ਫੈਸਲਾ ਹੀ ਆਖਰੀ ਫੈਸਲਾ ਹੁੰਦਾ ਹੈ।
ਪ੍ਰਸ਼ਨ- ਕੀ ਦਿੱਲੀ ਚੋਣਾਂ ਤੋਂ ਬਾਅਦ ਪੰਜਾਬ ’ਚ ‘ਆਪ’ ਮਜ਼ਬੂਤ ਹੋਵੇਗੀ ?
ਜਵਾਬ - ‘ਆਪ’ ਦੀ ਲਹਿਰ ਦਾ ਪੰਜਾਬ ’ਚ ਕੋਈ ਫਰਕ ਨਹੀਂ ਪਵੇਗਾ। ਪੰਜਾਬ ਦੇ ਵੋਟਰ ਸੁਚੇਤ ਹਨ ਅਤੇ ਦਿੱਲੀ ਦੇ ਵੋਟਰਾਂ ਵਾਂਗ ਨਹੀਂ ਸੋਚਦੇ। ਪੰਜਾਬ ’ਚ 2017 ਦੀਆਂ ਚੋਣਾਂ ਦੌਰਾਨ ਹੀ ‘ਆਪ’ ਆਪਣਾ ਉੱਤਮ ਪ੍ਰਦਰਸ਼ਨ ਕਰ ਚੁੱਕੀ ਹੈ ਅਤੇ ਪਾਰਟੀ ਦੇ ਵਿਧਾਇਕਾਂ ਨੇ ਜਨਤਾ ਨੂੰ ਨਿਰਾਸ਼ ਕੀਤਾ ਹੈ। ਇਹ ਲੋਕ ਜਨਤਾ ਦੇ ਮੁੱਦੇ ਉਟਾਉਣ ਦੀ ਥਾਂ ਆਪਸ ’ਚ ਹੀ ਲੜਦੇ ਰਹਿੰਦੇ ਹਨ। ਪੰਜਾਬ ਦੇ ਲੋਕਾਂ ਨੇ ਇਸ ਪਾਰਟੀ ਦੇ 4 ਉਮੀਦਵਾਰਾਂ ਨੂੰ ਚੁਣ ਕੇ ਸੰਸਦ ’ਚ ਭੇਜਿਆ ਪਰ ਸੰਸਦ ’ਚ ਵੀ ਪਾਰਟੀ ਪ੍ਰਭਾਵਸ਼ਾਲੀ ਪ੍ਰਦਰਸ਼ਨ ਨਹੀਂ ਕਰ ਸਕੀ। ਖੈਰ ਪੰਜਾਬ ’ਚ ‘ਆਪ’ਦੀ ਲਹਿਰ ਦਾ ਕੋਈ ਅਸਰ ਨਹੀਂ ਹੋਵੇਗਾ।
ਪ੍ਰਸ਼ਨ - ਭਾਜਪਾ ਦੀਆਂ 2022 ਦੀਆਂ ਚੋਣਾਂ ਲਈ ਕੀ ਤਿਆਰੀ ਹੈ?
ਜਵਾਬ - ਮੈਨੂੰ ਹਾਈਕਮਾਨ ਨੇ ਪੰਜਾਬ ’ਚ ਪਾਰਟੀ ਦਾ ਸੰਗਠਨ ਮਜ਼ਬੂਤ ਕਰਨ ਦੀ ਜ਼ਿੰਮੇਵਾਰੀ ਦਿੱਤੀ ਹੈ। ਭਾਜਪਾ ਪੰਜਾਬ ’ਚ ਅਗਲੇ 2 ਸਾਲਾ ਲਈ ਮਜ਼ਬੂਤ ਵਿਰੋਧੀ ਧਿਰ ਦੀ ਭੂਮਿਕਾ ਨਿਭਾਏਗੀ। ਪੰਜਾਬ ’ਚ ਪਾਰਟੀ ਦੇ 30 ਲੱਖ ਮੈਂਬਰ ਹਨ ਅਤੇ ਮੈਨੂੰ ਪਾਰਟੀ ਦੇ ਵਿਸਥਾਰ ਦੀ ਜ਼ਿੰਮੇਵਾਰੀ ਮਿਲੀ ਹੈ। ਜਦੋਂ ਪਾਰਟੀ ਦਾ ਵਿਸਥਾਰ ਹੁੰਦਾ ਹੈ ਤਾਂ ਇਸ ਦੇ ਕਈ ਅਰਥ ਨਿਕਲਦੇ ਹਨ। ਇਸ ਨੂੰ ਤੁਸੀਂ ਵਿਧਾਇਕਾਂ ਦੀ ਵਧੀ ਹੋਈ ਗਿਣਤੀ ਦੇ ਰੂਪ ’ਚ ਵੀ ਦੇਖੋਗੇ।
ਪ੍ਰਸ਼ਨ - ਕੀ ਭਾਜਪਾ ਗਠਜੋੜ ’ਚ ਛੋਟੇ ਭਰਾ ਦੀ ਭੂਮਿਕਾ ’ਚ ਹੀ ਰਹੇਗੀ ਜਾਂ ਜ਼ਿਆਦਾ ਸੀਟਾਂ ’ਤੇ ਚੋਣ ਲੜੇਗੀ?
ਜਵਾਬ - ਮੈਨੂੰ ਫਿਲਹਾਲ ਪਾਰਟੀ ਨੂੰ ਮਜ਼ਬੂਤ ਕਰਨ ਲਈ ਕਿਹਾ ਗਿਆ ਹੈ ਅਤੇ ਮੈ ਪੂਰੀ ਮਿਹਨਤ ਨਾਲ ਇਸ ਕੰਮ ’ਚ ਲੱਗਾ ਹੋਇਆ ਹਾਂ। ਅਸੀਂ ਪਾਰਟੀ ਦਾ ਸੰਗਠਨ ਮਜ਼ਬੂਤ ਕਰਾਂਗੇ, ਜ਼ਮੀਨ ’ਚੇ ਅੰਦੋਲਨ ਕਰਾਂਗੇ। ਜਨਤਾ ਦੀ ਅਵਾਜ਼ ਬਣਾਂਗੇ ਅਤੇ ਸਰਕਾਰ ਦੇ ਸਾਹਮਣੇ ਜਨਤਾ ਦੇ ਮੁੱਦੇ ਜ਼ੋਰ-ਸ਼ੋਰ ਨਾਲ ਉਠਾਵਾਂਗੇ। ਫਿਲਹਾਲ ਗਠਜੋੜ ’ਚ ਭਾਜਪਾ ਦੀ ਭੂਮਿਕਾ ਅਤੇ ਸੀਟਾਂ ਦੀ ਗਿਣਤੀ ਨੂੰ ਲੈ ਕੇ ਕੋਈ ਟਿੱਪਣੀ ਨਹੀਂ ਕਰਾਂਗਾ।
ਪ੍ਰਸ਼ਨ - ਪੰਜਾਬ ’ਚ ਜਦੋਂ ਪਾਵਰ ਪ੍ਰਚੇਜ਼ ਐਗਰੀਮੈਂਟ ਹੋਏ ਤਾਂ ਉਸ ਸਮੇਂ ਤੁਸੀਂ ਵਿਧਾਇਕ ਸੀ, ਕੀ ਤੁਸੀਂ ਉਸ ਸਮੇਂ ਇਨ੍ਹਾਂ ਐਗਰੀਮੈਂਟਸ ਨੂੰ ਧਿਆਨ ਨਾਲ ਨਹੀਂ ਪੜ੍ਹਿਆ ?
ਜਵਾਬ - ਭਾਜਪਾ ਨੇ ਅਕਾਲੀ ਦਲ ਦੇ ਨਾਲ ਸਰਕਾਰ ਦਾ ਹਿੱਸਾ ਹੁੰਦੇ ਹੋਏ ਵੀ ਬਿਜਲੀ ਦੀਆਂ ਵਧੀਆਂ ਦਰਾਂ ਦਾ ਵਿਰੋਧ ਕੀਤਾ ਸੀ। ਭਾਜਪਾ ਦੇ ਇਸ ਵਿਰੋਧ ਦੇ ਕਾਰਨ ਹੀ ਸਰਕਾਰ ਨੂੰ ਇਸ ਮਾਮਲੇ ’ਚ ਲਚਕੀਲਾ ਰੁਖ ਅਪਣਾ ਕੇ ਖਪਤਕਾਰਾਂ ਨੂੰ ਰਾਹਤ ਦੇਣੀ ਪਈ ਸੀ। ਹੁਣ ਵੀ ਭਾਜਪਾ ਦਾ ਸਟੈਂਡ ਇਸ ਮਾਮਲੇ ’ਚ ਸਪੱਸ਼ਟ ਹੈ ਕਿ ਭਾਵੇਂ ਹੀ ਪਾਵਰ ਪ੍ਰਚੇਜ਼ ਐਗਰੀਮੈਂਟ ਨੂੰ ਰੱਦ ਕਰਨਾ ਪਵੇ ਜਾਂ ਕੋਈ ਨਵੀਂ ਨੀਤੀ ਲਿਆਉਣੀ ਪਵੇ, ਕਿਸੇ ਵੀ ਤਰੀਕੇ ਬਿਜਲੀ ਦੀ ਕੀਮਤ ਘੱਟ ਕਰ ਕੇ ਜਨਤਾ ਨੂੰ ਰਾਹਤ ਦਿੱਤੀ ਜਾਣੀ ਚਾਹੀਦੀ, ਕਿਉਂਕਿ ਬਿਜਲੀ ਮਹਿੰਗੀ ਹੁੰਦੀ ਹੈ ਤਾਂ ਇੰਡਸਟਰੀ ਪ੍ਰਭਾਵਿਤ ਹੁੰਦੀ ਹੈ।
ਪ੍ਰਸ਼ਨ - ਕੀ ਸੀ.ਏ.ਏ. ਦੇ ਸਮਰਥਨ ਦੀ ਮੁਹਿੰਮ ਲਈ ਨੇਤਾਵਾਂ ਨੂੰ ਟੀਚੇ ਦਿੱਤੇ ਗਏ ਹਨ?
ਜਵਾਬ - ਮੈਨੂੰ ਲੱਗਦਾ ਹੈ ਕਿ ਵੱਡੇ ਨੇਤਾਵਾਂ ਨੂੰ ਵੱਡੀਆਂ ਉਦਾਹਰਣਾਂ ਪੇਸ਼ ਕਰਨੀਆਂ ਚਾਹੀਦੀਆਂ ਹਨ। ਮੈਂ ਆਪਣੇ ਖੁਦ ਲਈ ਆਪਣੇ ਹਲਕੇ ’ਚ 25 ਹਜ਼ਾਰ ਮਿਸਕਾਲ ਕਰਵਾਉਣ ਦਾ ਟੀਚਾ ਮਿੱਥਿਆ ਹੈ। ਮੈਨੂੰ ਲੱਗਦਾ ਹੈ ਕਿ ਜਿਹੜਾ-ਜਿਹੜਾ ਨੇਤਾ ਵਿਧਾਇਕ ਹੈ ਜਾਂ ਰਹਿ ਚੁੱਕਾ ਹੈ, ਨੂੰ ਵੀ ਇਸੇ ਤਰਜ਼ ’ਤੇ ਆਪਣੇ ਹਲਕੇ ਤੋਂ 25 ਹਜ਼ਾਰ ਮਿਸਕਾਲ ਕਰਵਾਉਣੀ ਚੀਹੀਦੀ ਹੈ।
ਪ੍ਰਸ਼ਨ -ਪਾਰਟੀ ’ਚ ਚੱਲ ਰਹੀ ਧੜੇਬੰਦੀ ਨੂੰ ਤੁਸੀਂ ਕਿਵੇਂ ਕਾਬੂ ਕਰੋਗੇ ?
ਜਵਾਬ - ਭਾਜਪਾ ਇਕ ਲੋਕਤੰਤਰਿਕ ਪਾਰਟੀ ਹੈ ਅਤੇ ਇਸ ’ਚ ਸਾਰਿਆਂ ਨੂੰ ਆਪਣਾ ਪੱਖ ਰੱਖਣ ਦਾ ਅਧਿਕਾਰ ਹੈ। ਜਿਸ ਨੂੰ ਪਾਰਟੀ ਦੀ ਧੜੇਬੰਦੀ ਕਿਹਾ ਜਾ ਸਕਦਾ, ਉਹ ਅਸਲ ’ਚ ਵਿਚਾਰਕ ਮਤਭੇਦ ਹਨ। ਇਹ ਵਿਚਾਰਕ ਮਤਭੇਦ ਲੋਕਤੰਤਰ ਲਈ ਸੁਖਦ ਹਨ ਅਤੇ ਇਸ ਤਰ੍ਹਾਂ ਦੇ ਲੋਕਤੰਤਰ ਕਾਰਨ ਹੀ ਭਾਜਪਾ ਸਭ ਤੋਂ ਵੱਡੀ ਪਾਰਟੀ ਬਣੀ ਹੈ।
ਪ੍ਰਸ਼ਨ - ਪੰਜਾਬ ਸਰਕਾਰ ਦੇ ਪ੍ਰਦਰਸ਼ਨ ਨੂੰ ਤੁਸੀਂ ਕਿਵੇਂ ਦੇਖਦੇ ਹੋ?
ਜਵਾਬ - ਪੰਜਾਬ ’ਚ ਸਰਕਾਰ ਹੈ ਹੀ ਕਿਥੇ? ਸਰਕਾਰ ਨੇ ਪਿਛਲੇ 3 ਸਾਲ ’ਚ ਆਪਣੇ ਮੈਨੀਫੈਸਟੋ ’ਚ ਕੀਤੇ ਗਏ ਵਾਅਦਿਆਂ ’ਚੋਂ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ। ਕਾਗਰਸ ਨੇ ਆਟਾ-ਦਾਲ ਦੇ ਨਾਲ-ਨਾਲ ਖੰਡ ਅਤੇ ਚਾਹ ਦੇਣ ਦਾ ਵਾਅਦਾ ਵੀ ਕੀਤਾ ਸੀ, ਜਿਸ ਵਾਅਦੇ ਦੇ ਨਾਂ ’ਤੇ ਸਰਕਾਰ ਨੇ ਗਰੀਬਾਂ ਨਾਲ ਧੋਖਾ ਕੀਤਾ। ਪੰਜਾਬ ਨਾ ਤਾਂ ਨਸ਼ਾਮੁਕਤ ਹੋਇਆ ਅਤੇ ਨਾ ਹੀ ਕਿਸੇ ਨੂੰ ਨੌਕਰੀਆਂ ਦਿੱਤੀਆਂ ਗਈਆਂ। ਸੂਬੇ ’ਚ ਰੇਤ ਦਾ ਨਾਜਾਇਜ਼ ਕਾਰੋਬਾਰ ਵੀ ਨਹੀਂ ਰੁਕਿਆ ਅਤੇ ਨਾ ਹੀ ਨੌਜਵਾਨਾਂ ਨੂੰ ਸਮਾਰਫੋਨ ਮਿਲੇ। ਸਰਕਾਰ ਨੇ ਕਿਸਾਨਾਂ ਨੂੰ ਪੂਰਾ ਕਰਜ਼ ਮੁਆਪ ਕਰਨ ਦਾ ਵਾਅਦਾ ਕੀਤਾ ਸੀ ਪਰ ਉਹ ਵੀ ਅਧੂਰਾ ਹੈ। ਸੂਬੇ ਦਾ ਹਰ ਵਰਗ ਸਰਕਾਰ ਤੋਂ ਦੁਖੀ ਹੈ ਅਤੇ ਤਬਦੀਲੀ ਲਈ ਉਤਾਵਲਾ ਹੈ। 2020 ’ਚ ਭਾਜਪਾ ਆਪਣੇ ਸਹਿਯੋਗੀ ਦਲ ਨਾਲ ਮਿਲ ਕੇ ਸੂਬੇ ’ਚ ਸਰਕਾਰ ਬਣਾਏਗੀ ਅਤੇ ਲੋਕਾਂ ਦੀਆਂ ਉਮੀਦਾਂ ਨੂੰ ਪੂਰਾ ਕਰੇਗੀ।
ਪ੍ਰਸ਼ਨ - ਪਾਕਿ ਨਾਲ ਵਪਾਰ ਬੰਦ ਹੋਣ ਕਾਰਨ ਪੰਜਾਬ ਦੇ ਵਪਾਰੀ ਨਾਰਾਜ਼ ਹਨ। ਕੀ ਤੁਹਾਨੂੰ ਲੱਗਦਾ ਹੈ ਕਿ ਵਪਾਰ ਮੁੜ ਸ਼ੁਰੂ ਹੋਣਾ ਚਾਹੀਦਾ ਹੈ?
ਜਵਾਬ - ਮੇਰੀ ਨਿੱਜੀ ਰਾਇ ਹੈ ਕਿ ਦੇਸ਼ ਤੋਂ ਵੱਡਾ ਕੋਈ ਨਹੀਂ ਹੁੰਦਾ ਅਤੇ ਦੇਸ਼ ਦੀ ਸੁਰੱਖਿਆ ਸਰਕਾਰ ਦੀ ਪਹਿਲ ਹੋਣੀ ਚਾਹੀਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਾਸਨਕਾਲ ’ਚ ਦੇਸ਼ ਦੀਆਂ ਹੱਦਾਂ ਮਜ਼ਬੂਤ ਹੋਈਆਂ ਹਨ। ਜਿਥੋਂ ਤੱਕ ਪਾਕਿ ਨਾਲ ਵਪਾਰ ਕਰਨ ਦਾ ਸਵਾਲ ਹੈ ਤਾਂ ਇਹ ਵਪਾਰ ਦੇਸ਼ ਦੀ ਸੁਰੱਖਿਆ ਦੀ ਕੀਮਤ ’ਤੇ ਨਹੀਂ ਹੋ ਸਕਦਾ, ਕਿਉਂਕਿ ਪਾਕਿ ਅੱਤਵਾਦ ਨੂੰ ਸਮਰਥਨ ਦੀ ਆਪਣੀ ਨੀਤੀ ਤੋਂ ਬਾਜ਼ ਨਹੀਂ ਆਉਂਦਾ। ਜਦੋਂ ਤੱਕ ਪਾਕਿ ਦਾ ਰਵੱਈਆ ਨਹੀਂ ਬਦਲਦਾ, ਉਦੋਂ ਤੱਕ ਉਸ ਦੇ ਨਾਲ ਵਪਾਰ ਨਹੀਂ ਹੋਣਾ ਚਾਹੀਦਾ।
ਪ੍ਰਸ਼ਨ - ਸੀ.ਏ.ਏ. ’ਤੇ ਮਿਲੇ ਘੱਟ ਸਮਰਥਨ ਲਈ ਤੁਸੀਂ ਸਾਬਕਾ ਭਾਜਪਾ ਪ੍ਰਧਾਨ ਦੀ ਕਾਰਜਪ੍ਰਣਾਲੀ ’ਤੇ ਸਵਾਲ ਚੁੱਕੇ ਸਨ, ਕੀ ਸਚਮੁੱਚ ਉਹ ਚੰਗਾ ਕੰਮ ਨਹੀਂ ਕਰ ਸਕੇ ?
ਜਵਾਬ - ਅਜਿਹੀ ਗੱਲ ਨਹੀਂ ਹੈ। ਮੈਂ ਪਾਰਟੀ ਦੀ ਅੰਦਰੂਨੀ ਮੀਟਿੰਗ ’ਚ ਵਰਕਰਾਂ ਨਾਲ ਗੱਲਬਾਤ ਦੌਰਾਨ ਇਹ ਕਿਹਾ ਸੀ ਕਿ ਵਰਕਰ ਸੀ.ਏ.ਏ.ਏ ਦੇ ਮੁੱਦੇ ’ਤੇ ਸ਼ੁਰੂ ਹੋਈ ਪਾਰਟੀ ਦੀ ਮਿਸ ਕਾਲ ਮੁਹਿੰਮ ਨੂੰ ਗਤੀ ਪ੍ਰਦਾਨ ਨਹੀਂ ਕਰ ਰਹੇ। ਇਹ ਗੱਲ ਮੈਂ ਇਸ ਮੁਹਿੰਮ ਨੂੰ ਤੇਜ਼ੀ ਲਿਆਉਣ ਲਈ ਕਹੀ ਸੀ, ਕਿਉਂਕਿ ਜੇਕਰ ਮੈਂ ਪਹਿਲੇ ਹੀ ਦਿਨ ਵਰਕਰਾਂ ਨੂੰ ਸ਼ਾਬਾਸ਼ੀ ਦੇ ਦਿੰਦਾ ਤਾਂ ਮੁਹਿੰਮ ਮੱਧਮ ਪੈ ਜਾਣੀ ਸੀ। ਮੇਰੀ ਉਸ ਗੱਲ ਮਗਰੋਂ ਇਸ ਮੁਹਿੰਮ ’ਚ ਤੇਜ਼ੀ ਆਈ। ਵਰਕਰ ਘਰ-ਘਰ ਜਾ ਕੇ ਲੋਕਾਂ ਨੂੰ ਸੀ.ਏ.ਏ. ਬਾਰੇ ਦੱਸ ਰਹੇ ਹਨ ਪਰ ਪਾਰਟੀ ਦੇ ਅੰਦਰ ਹੋਈ ਮੇਰੀ ਇਸ ਚਰਚਾ ਨੂੰ ਮੀਡੀਆ ਨੇ ਸਾਬਕਾ ਪ੍ਰਧਾਨ ਦੀ ਕਾਰਜਪ੍ਰਣਾਲੀ ਨਾਲ ਜੋੜ ਦਿੱਤਾ, ਜੋ ਗਲਤ ਹੈ।