ਹਾਦਸੇ ’ਚ ਨੁਕਸਾਨੇ ਟਰੱਕ ਦੇ ਚਾਰ ਟਾਇਰ ਚੋਰੀ
Sunday, Mar 31, 2019 - 04:32 AM (IST)
ਜਲੰਧਰ (ਬੈਂਸ, ਮਾਹੀ)-ਬੀਤੇ ਦਿਨੀਂ ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ’ਤੇ ਸਥਿਤ ਅੱਡਾ ਰਾਏਪੁਰ-ਰਸੂਲਪੁਰ ’ਚ ਇਕ ਹਾਦਸੇ ਵਾਲੇ ਪੈਟਰੋਲ ਪੰਪ ਕੋਲ ਖਡ਼੍ਹੇ ਟਰੱਕ ਦੇ ਚਾਰ ਨਵੇਂ ਟਾਇਰ ਚੋਰੀ ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੈ। ਟਰੱਕ ਚਾਲਕ ਅਸਲਮ ਵਾਸੀ ਰਾਜਸਥਾਨ ਨੇ ਦੱਸਿਆ ਕਿ ਦੋ ਕੁ ਦਿਨ ਪਹਿਲਾਂ ਉਹ ਰਾਜਸਥਾਨ ਤੋਂ ਸਾਮਾਨ ਲੈ ਕੇ ਜਲੰਧਰ ਆਇਆ ਸੀ। ਜਲੰਧਰ ਸਾਮਾਨ ਉਤਾਰ ਕੇ ਉਹ ਜੰਮੂ ਵੱਲ ਨੂੰ ਜਾ ਰਿਹਾ ਸੀ। ਜਦ ਉਹ ਹਾਈਵੇ ’ਤੇ ਸਥਿਤ ਅੱਡਾ ਰਾਏਪੁਰ ਰਸੂਲਪੁਰ ਕੋਲ ਪਹੁੰਚਿਆ ਤਾਂ ਉਸ ਦੇ ਟਰੱਕ ਦਾ ਇਕ ਛੋਟੇ ਹਾਥੀ ਨਾਲ ਹਾਦਸਾ ਵਾਪਰ ਗਿਆ। ਹਾਦਸੇ ਤੋਂ ਦੋਨੋਂ ਗੱਡੀਆਂ ਦੇ ਚਾਲਕਾਂ ਨਾਲ ਸਮਝੌਤਾ ਹੋਣ ਤੋਂ ਬਾਅਦ ਉਸ ਨੇ ਟਰੱਕ ਨੇਡ਼ੇ ਹੀ ਸਥਿਤ ਇਕ ਪੈਟਰੋਲ ਪੰਪ ’ਤੇ ਲਾ ਕੇ ਉਸ ’ਚ ਹੀ ਸੌਂ ਗਿਆ। ਜਦ ਉਹ ਸਵੇਰੇ ਉੱਠਿਆ ਤਾਂ ਉਸ ਨੇ ਦੇਖਿਆ ਕਿ ਉਸ ਦੇ ਟਰੱਕ ਦੇ ਚਾਰੋਂ ਟਾਇਰ ਚੋਰੀ ਹੋ ਗਏ ਸਨ ਤੇ ਟਾਇਰ ਚੋਰਾਂ ਨੇ ਜੈੱਕ ਲਾ ਕੇ ਉਤਾਰੇ ਸਨ, ਜਿਸ ਦੀ ਉਸ ਨੇ ਸੀ. ਸੀ.ਟੀ.ਵੀ. ਫੁਟੇਜ ਪੈਟਰੋਲ ਪੰਪ ’ਤੇ ਲੱਗੇ ਕੈਮਰੇ ’ਚ ਦੇਖੀ ਤਾਂ ਉਸ ’ਚ ਪਤਾ ਚੱਲਦਾ ਹੈ ਕਿ ਤਡ਼ਕੇ 2 ਵਜੇ ਇਕ ਵੱਡਾ ਟਰਾਲਾ ਆਇਆ ਤੇ ਉਸ ’ਚੋਂ 4-5 ਵਿਅਕਤੀ ਉਤਰੇ ਤੇ ਬਡ਼ੀ ਆਸਾਨੀ ਨਾਲ ਟਾਇਰ ਰਿੱਮਾਂ ਸਮੇਤਾਂ ਉਤਾਰ ਕੇ ਟਰਾਲੇ ’ਚ ਲੱਦ ਕੇ ਭੱਜ ਗਏ। ਇਸ ਮੌਕੇ ਇਕ ਹੋਰ ਡਰਾਈਵਰ ਨੇ ਦੱਸਿਆ ਕਿ ਰਾਤ ਨੂੰ ਇਕ ਜੀਪ ਤੇ ਵੱਡੇ ਟਰਾਲੇ ’ਚ ਵਿਅਕਤੀ ਹਾਈਵੇ ’ਤੇ ਫਿਰਦੇ ਹਨ। ਉਹ ਮੌਕਾ ਦੇਖ ਕੇ ਹਾਈਵੇ ਤੇ ਢਾਬਿਆਂ ’ਤੇ ਖਡ਼੍ਹੇ ਟਰੱਕਾਂ ਨੂੰ ਆਪਣਾ ਨਿਸ਼ਾਨਾ ਬਣਾ ਕੇ ਉਨ੍ਹਾਂ ਦੇ ਟਾਇਰ ਉਤਾਰ ਲੈਂਦੇ ਹਨ। ਇਸ ਤੋਂ ਪਹਿਲਾਂ ਵੀ ਕਈ ਟਰੱਕਾਂ ਦੇ ਟਾਇਰ ਚੋਰੀ ਹੋ ਚੁੱਕੇ ਸਨ। ਚਾਲਕ ਨੇ ਇਸ ਦੀ ਸ਼ਿਕਾਇਤ ਥਾਣਾ ਮਕਸੂਦਾਂ ’ਚ ਕਰ ਦਿੱਤੀ ਹੈ। ਇਸ ਚੋਰੀ ਸਬੰਧੀ ਜਦ ਥਾਣਾ ਮਕਸੂਦਾਂ ਦੇ ਸਬੰਧਤ ਏ. ਐੱਸ. ਆਈ. ਨਰੇਸ਼ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਦੇਖੀ ਹੈ ਤੇ ਉਸ ’ਚ ਨਜ਼ਰ ਆਉਂਦਾ ਹੈ ਕਿ ਟਾਇਰ ਚੋਰਾਂ ਨੇ ਹੱਥ ’ਚ ਜੈੱਕ ਫਡ਼ੇ ਹਨ ਤੇ ਲੋਡ਼ੀਂਦੀ ਕਾਰਵਾਈ ਜਾਰੀ ਹੈ ਤੇ ਚੋਰ ਜਲਦ ਹੀ ਪਕਡ਼ ਆ ਜਾਣਗੇ।
