ਸਿੱਖ ਜਥੇਬੰਦੀਆਂ ਨੇ ਕੀਤੇ ਸ਼ਾਨ-ਏ-ਪੰਜਾਬ ਦੇ ਦਰਵਾਜੇ ਬੰਦ
Sunday, Mar 31, 2019 - 04:32 AM (IST)
ਜਲੰਧਰ (ਗੁਲਸ਼ਨ)-ਸ਼ਨੀਵਾਰ ਦੁਪਹਿਰ ਨਵੀਂ ਦਿੱਲੀ ਤੋਂ ਚੱਲ ਕੇ ਅੰਮ੍ਰਿਤਸਰ ਵੱਲ ਜਾਣ ਵਾਲੀ ਸ਼ਾਨ-ਏ-ਪੰਜਾਬ ਐਕਸਪ੍ਰੈੱਸ (12497) ਜਿਵੇਂ ਹੀ ਸਿਟੀ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ 1 ’ਤੇ ਪਹੁੰਚੀ ਤਾਂ ਟ੍ਰੇਨ ਦੇ ਸੀ. 5,6,7, ਤੇ 8 ਕੋਚ ਦੇ ਦਰਵਾਜੇ ਬੰਦ ਸਨ। ਟ੍ਰੇਨ ’ਚ ਨਾ ਚੜ੍ਹ ਸਕਣ ਕਾਰਨ ਯਾਤਰੀਆਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਕੁਲ ਡੇਅਲੀ ਪੈਸੰਜਰਾਂ ਤੇ ਸਿੱਖ ਜਥੇਬੰਦੀਆਂ ਵਿਚਾਲੇ ਤਿੱਖੀ ਬਹਿਸ ਹੋਈ। ਮਾਮਲਾ ਸਟੇਸ਼ਨ ਇੰਚਾਰਜ ਆਰ. ਕੇ. ਬਹਿਲ ਕੋਲ ਪਹੁੰਚਿਆ। ਘਟਨਾ ਦੀ ਸੂਚਨਾ ਮਿਲਣ ’ਤੇ ਆਰ. ਪੀ. ਐੱਫ. ਤੇ ਜੀ. ਆਰ. ਪੀ. ਦੇ ਅਧਿਕਾਰੀ ਵੀ ਮੌਕੇ ’ਤੇ ਪਹੁੰਚੇ, ਜਿਨ੍ਹਾਂ ਨੇ ਮਾਮਲਾ ਸ਼ਾਂਤ ਕਰਵਾ ਦਿੱਤਾ। ਡੇਅਲੀ ਪੈਸੰਜਰਾਂ ਨੇ ਇਸ ਸਬੰਧ ’ਚ ਸਟੇਸ਼ਨ ਇੰਚਾਰਜ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ। ਯਾਤਰੀ ਪ੍ਰਦੀਪ, ਟੀ. ਬੀ. ਸਿੱਧੂ, ਨਮਿਤ, ਬਿੱਟੂ ਬੱਤਰਾ ਤੇ ਹੋਰਾਂ ਨੇ ਦੱਸਿਆ ਕਿ ਨਵੀਂ ਦਿੱਲੀ ਤੋਂ ਅੰਮ੍ਰਿਤਸਰ ਜਾ ਰਹੇ ਕੁਝ ਸਿੱਖ ਜਥੇਬੰਦੀਆਂ ਨੇ ਟ੍ਰੇਨ ’ਚ ਸੀਟਾਂ ਬੁੱਕ ਕਰਵਾਈਆਂ ਹੋਈਆਂ ਸਨ, ਜਿਨ੍ਹਾਂ ਕੋਚਾਂ ’ਚ ਉਨ੍ਹਾਂ ਦੀਆਂ ਸੀਟਾਂ ਬੁੱਕ ਸਨ, ਉਨ੍ਹਾਂ ਨੇ ਉਨ੍ਹਾਂ ਸਾਰੇ ਕੋਚਾਂ ਦੇ ਦਰਵਾਜੇ ਬੰਦ ਕੀਤੇ ਹੋਏ ਸਨ, ਜਿਸ ਕਾਰਨ ਹੋਰ ਯਾਤਰੀਆਂ ਨੂੰ ਟ੍ਰੇਨ ’ਚ ਚੜ੍ਹਨ ਲਈ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਕਿਹਾ ਕਿ ਦਰਵਾਜੇ ਬੰਦ ਹੋਣ ਕਾਰਨ ਅੰਬਾਲਾ ਲੁਧਿਆਣਾ ਦੇ ਵੀ ਕਈ ਉਨ੍ਹਾਂ ਦੇ ਸਾਥੀ ਟ੍ਰੇਨ ’ਚ ਚੜ੍ਹਨ ਤੋਂ ਵਾਂਝੇ ਰਹਿ ਗਏ। ਹੁਣ ਜਲੰਧਰ ’ਚ ਵੀ ਉਨ੍ਹਾਂ ਨੇ ਦਰਵਾਜੇ ਨਹੀਂ ਖੋਲ੍ਹੇ ਜਦਕਿ ਟ੍ਰੇਨ ਦੇ ਬਾਕੀ ਸਾਰੇ ਡੱਬੇ ਖਚਾਖਚ ਭਰੇ ਹੋਏ ਸਨ। ਇਨ੍ਹਾਂ ਕੋਚਾਂ ’ਚ ਖਾਲੀ ਜਗ੍ਹਾ ਹੋਣ ਦੇ ਬਾਵਜੂਦ ਦਰਵਾਜੇ ਨਹੀਂ ਖੋਲ੍ਹੇ ਗਏ।ਉਥੇ, ਦੂਜੇ ਪਾਸੇ ਸਟੇਸ਼ਨ ’ਤੇ ਖੜ੍ਹੇ ਹੋਰ ਯਾਤਰੀਆਂ ਨੇ ਵੀ ਦਰਵਾਜੇ ਬੰਦ ਹੋਣ ਦਾ ਕਾਫੀ ਵਿਰੋਧ ਜਤਾਇਆ। ਇਸ ਹੰਗਾਮੇ ਕਾਰਨ ਟ੍ਰੇਨ ਦੇਰ ਤੱਕ ਉੱਥੇ ਖੜ੍ਹੀ ਰਹੀ। ਉੱਥੇ ਦੂਜੇ ਪਾਸੇ ਸਟੇਸ਼ਨ ਇੰਚਾਰਜ ਆਰ. ਕੇ. ਬਹਿਲ ਨੇ ਸ਼ਿਕਾਇਤਕਰਤਾਵਾਂ ਨੂੰ ਕਿਹਾ ਕਿ ਉਨ੍ਹਾਂ ਦੀ ਸ਼ਿਕਾਇਤ ਨੂੰ ਲੁਧਿਆਣਾ ਤੇ ਅੰਬਾਲਾ ’ਚ ਫਾਰਵਰਡ ਕਰ ਦਿੱਤਾ ਜਾਵੇਗਾ।
