ਇਨਫੈਂਟਸ ਡੈੱਥਸ ਰੀਵਿਊ ਕਮੇਟੀ ਦੀ ਮੀਟਿੰਗ ਦਾ ਮੰਤਵ ਨਵ-ਜਨਮੇ ਬੱਚਿਆਂ ਦੀ ਮੌਤ ਦਰ ਘੱਟ ਕਰਨਾ : ਸਿਵਲ ਸਰਜਨ
Saturday, Feb 23, 2019 - 04:25 AM (IST)

ਜਲੰਧਰ (ਰੱਤਾ)- ਪਿਛਲੇ ਤਿੰਨ ਮਹੀਨਿਆਂ ਦੌਰਾਨ ਜ਼ਿਲੇ ਵਿਚ ਨਵ-ਜਨਮੇ ਬੱਚਿਆਂ ਦੀ ਮੌਤ ਦੇ ਕਾਰਨਾਂ ਦੀ ਸਮੀਖਿਆ ਕਰਨ ਲਈ ਇਨਫੈਂਟਸ ਡੈੱਥਸ ਰੀਵਿਊ ਕਮੇਟੀ ਦੀ ਮੀਟਿੰਗ ਸ਼ੁੱਕਰਵਾਰ ਨੂੰ ਸਿਵਲ ਸਰਜਨ ਦਫਤਰ ਵਿਚ ਹੋਈ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਿਵਲ ਸਰਜਨ ਡਾ. ਰਾਜੇਸ਼ ਕੁਮਾਰ ਬੱਗਾ ਨੇ ਕਿਹਾ ਕਿ ਇਨਫੈਂਟਸ ਡੈੱਥਸ ਰੀਵਿਊ ਕਮੇਟੀ ਦੀ ਮੀਟਿੰਗ ਕਰਨ ਦਾ ਮੁੱਖ ਉਦੇਸ਼ ਡਲਿਵਰੀ ਦੌਰਾਨ ਜਾਂ ਜਨਮ ਤੋਂ ਇਕ ਸਾਲ ਦੇ ਅੰਦਰ ਹੋਣ ਵਾਲੀ ਨਵਜਾਤ ਬੱਚਿਆਂ ਦੀ ਮੌਤ ਦਰ ਨੂੰ ਘੱਟ ਕਰਨਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਬੱਚਾ ਜ਼ਿਆਦਾ ਬੀਮਾਰ ਜਾਂ ਹਾਈ ਰਿਸਕ ’ਤੇ ਹੋਵੇ ਤਾਂ ਉਸਨੂੰ ਤੁਰੰਤ ਬਾਲ ਰੋਗ ਮਾਹਿਰ ਕੋਲ ਭੇਜਿਆ ਜਾਣਾ ਚਾਹੀਦਾ ਹੈ ਤਾਂ ਜੋ ਉਸਦਾ ਸਹੀ ਇਲਾਜ ਹੋ ਸਕੇ। ਡਾ. ਬੱਗਾ ਨੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਸਬੰਧੀ ਆਸ਼ਾ ਵਰਕਰਜ਼ ਨੂੰ ਵੀ ਟਰੇਂਡ ਕੀਤਾ ਜਾਵੇ ਕਿ ਜੇਕਰ ਕੋਈ ਬੱਚਾ ਜ਼ਿਆਦਾ ਰੋਂਦਾ ਹੋਵੇ ਤੇ ਸੌਂਦਾ ਜਾਂ ਖਾਂਦਾ ਪੀਂਦਾ ਨਾ ਹੋਵੇ ਤਾਂ ਉਹ ਬੱਚੇ ਦੇ ਘਰ ਵਾਲਿਆਂ ਨੂੰ ਸਮਝਾ ਕੇ ਡਾਕਟਰ ਕੋਲ ਭੇਜਣ। ਮੀਟਿੰਗ ਦੌਰਾਨ ਸਿਵਲ ਸਰਜਨ ਡਾ. ਬੱਗਾ ਨੇ ਐਡਵਰਜਸ ਇਫੈਕਟਸ ਫਾਲੋਇੰਗ ਇਮਿਊਨਾਈਜ਼ੇਸ਼ਨ ਸਬੰਧੀ ਨਿਰਦੇਸ਼ ਦਿੰਦਿਆਂ ਕਿਹਾ ਕਿ ਬੱਚਿਆਂ ਦੇ ਟੀਕਾਕਰਨ ਉਪਰੰਤ ਹੋਣ ਵਾਲੇ ਪ੍ਰਭਾਵਾਂ ਬਾਰੇ ਸੁਚੇਤ ਰਹਿਣ ਤੇ ਟੀਕਾਕਰਨ ਪ੍ਰੋਗਰਾਮ ਦੇ ਮਿੱਥੇ ਟੀਚੇ ਨੂੰ ਜ਼ਰੂਰ ਪੂਰਾ ਕਰਨ। ਮੀਟਿੰਗ ਵਿਚ ਜ਼ਿਲਾ ਟੀਕਾਕਰਨ ਅਧਿਕਾਰੀ ਡਾ. ਤਰਸੇਮ ਸਿੰਘ, ਸੀਨੀਅਰ ਮੈਡੀਕਲ ਅਫਸਰ ਡਾ. ਹਰਦੇਵ ਸਿੰਘ, ਡਾ. ਕੁਲਵਿੰਦਰ ਕੌਰ, ਡਾ. ਕਸ਼ਮੀਰੀ ਲਾਲ, ਮੈਡੀਕਲ ਅਫਸਰ ਡਾ. ਰਾਹੁਲ , ਡਾ. ਮਨਦੀਪ ਕੌਰ, ਸਣੇ ਕਮੇਟੀ ਦੇ ਕਈ ਮੈਂਬਰ ਮੌਜੂਦ ਸਨ।