‘ਤੰਦਰੁਸਤ ਪੰਜਾਬ’ ਸਿਹਤ ਜਾਗਰੂਕਤਾ ਪ੍ਰੋਗਰਾਮ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰੋ : ਸਿਵਲ ਸਰਜਨ

Wednesday, Feb 13, 2019 - 05:02 AM (IST)

‘ਤੰਦਰੁਸਤ ਪੰਜਾਬ’ ਸਿਹਤ ਜਾਗਰੂਕਤਾ ਪ੍ਰੋਗਰਾਮ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰੋ : ਸਿਵਲ ਸਰਜਨ
ਜਲੰਧਰ (ਰੱਤਾ)- ਜ਼ਿਲੇ ਦੇ ਵੱਖ-ਵੱਖ ਸਰਕਾਰੀ ਸਿਹਤ ਕੇਂਦਰ ’ਚ ਤਾਇਨਾਤ ਸੀਨੀਅਰ ਮੈਡੀਕਲ ਅਫਸਰਾਂ (ਐੱਸ. ਐੱਮ. ਓਜ਼) ਤੇ ਜ਼ਿਲਾ ਪ੍ਰੋਗਰਾਮ ਅਫਸਰਾਂ ਦੀ ਮਹੀਨਾਵਾਰ ਬੈਠਕ ਮੰਗਲਵਾਰ ਨੂੰ ਸਿਵਲ ਸਰਜਨ ਦਫਤਰ ’ਚ ਹੋਈ। ਬੈਠਕ ਦੀ ਪ੍ਰਧਾਨਗੀ ਕਰਦੇ ਹੋਏ ਸਿਵਲ ਸਰਜਨ ਡਾ. ਰਾਜੇਸ਼ ਕੁਮਾਰ ਬੱਗਾ ਨੇ ਮੌਜੂਦ ਐੱਸ. ਐੱਮ. ਓਜ਼ ਨੂੰ ਨਿਰਦੇਸ਼ ਦਿੱਤੇ ਕਿ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ‘ਤੰਦਰੁਸਤ ਪੰਜਾਬ’ ਸਿਹਤ ਜਾਗਰੂਕਤਾ ਪ੍ਰੋਗਰਾਮ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇ ਤਾਂ ਜੋ ਉਹ ਬੀਮਾਰੀਆਂ ਸਬੰਧੀ ਜਾਗਰੂਕ ਹੋ ਸਕਣ ਅਤੇ ਮੁਫਤ ਮੈਡੀਕਲ ਚੈੱਕਅਪ ਦਾ ਫਾਇਦਾ ਉਠਾ ਸਕਣ। ਉਨ੍ਹਾਂ ਕਿਹਾ ਕਿ ਆਉਣ ਵਾਲੀ 10 ਤੋਂ 12 ਮਾਰਚ ਤੱਕ ਆਯੋਜਿਤ ਕੀਤੀ ਜਾ ਰਹੀ ਰਾਸ਼ਟਰੀ ਪਲਸ ਪੋਲੀਓ ਮੁਹਿੰਮ ਨੂੰ ਪੂਰੀ ਤਰ੍ਹਾਂ ਸਫਲ ਬਣਾਉਣ ਲਈ ਹੁਣੇ ਤੋਂ ਤਿਆਰੀ ਸ਼ੁਰੂ ਕੀਤੀ ਜਾਵੇ ਤਾਂ ਜੋ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਦੀ ਦਵਾਈ ਪਿਆਈ ਜਾ ਸਕੇ।ਡਾ. ਬੱਗਾ ਨੇ ਐੱਸ. ਐੱਮ. ਓਜ਼ ਨੂੰ ਇਹ ਵੀ ਕਿਹਾ ਕਿ ਸਿਹਤ ਕੇਂਦਰ ’ਚ ਸਾਫ-ਸਫਾਈ ਦਾ ਪੂਰਾ ਧਿਆਨ ਰੱਖਿਆ ਜਾਵੇ ਅਤੇ ਉਥੇ ਆਉਣ ਵਾਲੇ ਹਰ ਰੋਗੀ ਅਤੇ ਉਸ ਦੇ ਪਰਿਵਾਰ ਵਾਲਿਆਂ ਨਾਲ ਪਿਆਰ ਭਰਿਆ ਵਤੀਰਾ ਕੀਤਾ ਜਾਵੇ। ਬੈਠਕ ਵਿਚ ਵੱਖ-ਵੱਖ ਸਿਹਤ ਯੋਜਨਾਵਾਂ ਤਹਿਤ ਕੀਤੇ ਜਾ ਰਹੇ ਕੰਮਾਂ ਦੀ ਸਮੀਖਿਆ ਵੀ ਕੀਤੀ ਗਈ। ਇਸ ਮੌਕੇ ਸਹਾਇਕ ਸਿਵਲ ਸਰਜਨ ਸ਼ਮਸ਼ੇਰ ਸਿੰਘ ਮਾਨ, ਜ਼ਿਲਾ ਪਰਿਵਾਰ ਕਲਿਆਣ ਅਧਿਕਾਰੀ ਡਾ. ਸੁਰਿੰਦਰ ਕੁਮਾਰ, ਜ਼ਿਲਾ ਟੀਕਾਕਰਨ ਅਧਿਕਾਰੀ ਡਾ. ਤਰਸੇਮ ਸਿੰਘ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਹਰਪ੍ਰੀਤ ਮਾਨ ਤੇ ਜ਼ਿਲਾ ਟੀ. ਬੀ. ਅਧਿਕਾਰੀ ਰਾਜੀਵ ਸ਼ਰਮਾ ਮੌਜੂਦ ਸਨ।

Related News