ਸੁੱਚੀ ਪਿੰਡ ਹੈ ਬਾਰੂਦ ਦੇ ਢੇਰ ''ਤੇ, ਕਿਸੇ ਸਮੇਂ ਵੀ ਹੋ ਸਕਦੈ ਵੱਡਾ ਧਮਾਕਾ
Monday, Feb 18, 2019 - 09:22 AM (IST)
ਜਲੰਧਰ (ਜ. ਬ.) : ਪੁਲਵਾਮਾ 'ਚ ਅੱਤਵਾਦੀਆਂ ਨੇ ਵਿਸਫੋਟਕ ਨਾਲ ਭਰੀ ਸਕਾਰਪੀਓ ਕਾਰ ਨਾਲ ਸੀ. ਆਰ. ਪੀ. ਐੱਫ. ਦੀ ਬੱਸ ਨੂੰ ਟੱਕਰ ਮਾਰ ਕੇ ਉਡਾ ਦਿੱਤਾ, ਜਿਸ 'ਚ 44 ਜਵਾਨ ਸ਼ਹੀਦ ਹੋ ਗਏ ਹਨ। ਦਰਜਨਾਂ ਜ਼ਖਮੀ ਹੋਏ ਜੋ ਹੁਣ ਤੱਕ ਦਾ ਸਭ ਤੋਂ ਵੱਡਾ ਅੱਤਵਾਦੀ ਹਮਲਾ ਹੈ। ਹਮਲੇ ਨੇ ਜਿੱਥੇ ਪੂਰੇ ਪ੍ਰਸ਼ਾਸਨ ਨੂੰ ਹਿਲਾ ਕੇ ਰੱਖ ਦਿੱਤਾ ਹੈ, ਦੇ ਬਾਵਜੂਦ ਸੁੱਚੀ ਪਿੰਡ 'ਚ ਜਲਣਸ਼ੀਲ ਪੈਟਰੋਲ-ਡੀਜ਼ਲ ਦੇ ਟੈਂਕਰ ਖੁੱਲ੍ਹੇ 'ਚ ਸੜਕਾਂ 'ਤੇ ਖੜ੍ਹੇ ਰਹਿੰਦੇ ਹਨ, ਜੋ ਸ਼ਹਿਰ ਦੀ ਸੁਰੱਖਿਆ ਨੂੰ ਲੈ ਕੇ ਵੱਡਾ ਸਵਾਲ ਹਨ। ਦੂਜੇ ਪਾਸੇ ਸੁੱਚੀ ਪਿੰਡ 'ਚ ਪੈਟਰੋਲ-ਡੀਜ਼ਲ ਦੀ ਖੁੱਲ੍ਹੇ 'ਚ ਵਿਕਰੀ ਜਾਰੀ ਹੈ। ਖਾਧ ਵਿਭਾਗ ਦੇ ਅਫਸਰ ਵੀ ਕਾਰਵਾਈ ਦੇ ਮੂਡ 'ਚ ਨਹੀਂ ਹਨ। ਉਨ੍ਹਾਂ ਨੂੰ ਸ਼ਿਕਾਇਤ ਨਹੀਂ ਮਿਲਦੀ, ਇਸ ਲਈ ਉਹ ਕਾਰਵਾਈ ਵੀ ਨਹੀਂ ਕਰਦੇ। ਉਨ੍ਹਾਂ ਨੂੰ ਵੱਡੇ ਹਾਦਸੇ ਦਾ ਇੰਤਜ਼ਾਰ ਹੈ।
'ਜਗ ਬਾਣੀ' ਟੀਮ ਨੇ ਖੁਦ ਜਾ ਕੇ ਦੇਖਿਆ ਕਿ ਸੁੱਚੀ ਪਿੰਡ ਇੰਡੀਅਨ ਆਇਲ ਡਿੱਪੂ ਦੇ ਕਿਨਾਰੇ ਪੁਲਸ ਅਤੇ ਕੁੱਝ ਨੇਤਾਵਾਂ ਦੀ ਮਦਦ ਨਾਲ ਗੋਰਖਧੰਦਾ ਚੱਲ ਰਿਹਾ ਹੈ। ਜਿਥੋਂ ਪੈਟਰੋਲ-ਡੀਜ਼ਲ ਲੈ ਕੇ ਨਿਕਲਣ ਵਾਲੇ ਟੈਂਕਰਾਂ 'ਚੋਂ ਮਾਲ ਚੋਰੀ ਕੀਤਾ ਜਾ ਰਿਹਾ ਹੈ। ਸੜਕ ਕਿਨਾਰੇ ਬਣੇ ਢਾਬਿਆਂ ਅਤੇ ਟਿੱਪਰਾਂ ਦੇ ਪਿੱਛੇ ਇਹ ਕਾਲਾ ਕਾਰੋਬਾਰ ਖੁੱਲ੍ਹੇਆਮ ਹੋ ਰਿਹਾ ਹੈ। ਕਈ ਜਗ੍ਹਾ 'ਤੇ ਝਾੜੀਆਂ 'ਚ ਕੇਨ ਤੇ ਡਰੰਮ ਲੁਕੋ ਕੇ ਰੱਖੇ ਹੋਏ ਸੀ, ਜਿਨ੍ਹਾਂ 'ਚ ਚੋਰੀ ਦਾ ਪੈਟਰੋਲ ਅਤੇ ਡੀਜ਼ਲ ਭਰਿਆ ਜਾਂਦਾ ਹੈ। ਇੰਡੀਅਨ ਆਇਲ ਪੈਟਰੋਲ ਪੰਪਾਂ, ਉਦਯੋਗਿਕ ਇਕਾਈਆਂ ਲਈ ਵੱਡੀ ਗਿਣਤੀ 'ਚ ਮਾਲ ਟੈਂਕਰਾਂ 'ਚ ਭਰ ਕੇ ਭੇਜਿਆ ਜਾਂਦਾ ਹੈ ਪਰ ਟੈਂਕਰ ਡਰਾਈਵਰ ਅਤੇ ਤੇਲ ਸਮੱਗਲਰ, ਢਾਬੇ ਵਾਲਿਆਂ ਦੀ ਮਿਲੀਭੁਗਤ ਨਾਲ ਤਾਲੇ ਖੋਲ੍ਹ ਕੇ ਤੇਲ ਚੋਰੀ ਕਰ ਲਿਆ ਜਾਂਦਾ ਹੈ। ਸ਼ਹਿਰ ਦੇ ਗਲੀ-ਮੁਹੱਲੇ ਤੋਂ ਲੈ ਕੇ ਪੇਂਡੂ ਖੇਤਰਾਂ ਵਿਚ ਖੁੱਲ੍ਹੇਆਮ ਪੈਟਰੋਲ-ਡੀਜ਼ਲ ਵੇਚਿਆ ਜਾ ਰਿਹਾ ਹੈ।
ਪੈਟਰੋਲ ਪੰਪਾਂ ਤੋਂ 20 ਰੁਪਏ ਸਸਤਾ ਵੇਚਦੇ ਹਨ ਪੈਟਰੋਲ-ਡੀਜ਼ਲ-ਹੋਮ ਡਲਿਵਰੀ ਫ੍ਰੀ
ਲੰਮਾ ਪਿੰਡ, ਸੁੱਚੀ ਪਿੰਡ ਦੇ ਕੋਲ ਖੁੱਲ੍ਹੇਆਮ ਪੈਟਰੋਲ-ਡੀਜ਼ਲ ਵੇਚਣ ਵਾਲੇ ਤੇਲ ਸਮੱਗਲਰ ਪੈਟਰੋਲ ਪੰਪ ਤੋਂ 15-20 ਰੁਪਏ ਸਸਤਾ ਵੇਚਦੇ ਹਨ। 50 ਲੀਟਰ, 100 ਲੀਟਰ, 200 ਲੀਟਰ ਲੈਣ ਵਾਲਿਆਂ ਨੂੰ ਹੋਮ ਡਲਿਵਰੀ ਫ੍ਰੀ ਦਿੱਤੀ ਜਾਂਦੀ ਹੈ।
ਮਿਲਾਵਟ ਕਰ ਕੇ ਵੇਚਿਆ ਜਾ ਰਿਹਾ ਤੇਲ ਇਸ ਤਰ੍ਹਾਂ ਕਰੋ ਪਛਾਣ
ਨਾਜਾਇਜ਼ ਰੂਪ ਨਾਲ ਪੈਟਰੋਲ ਵੇਚਣ ਵਾਲੇ ਇਹ ਲੋਕ ਟੈਂਕਰਾਂ ਤੋਂ ਵੱਡੇ-ਵੱਡੇ ਡਰੰਪ ਪੈਟਰੋਲ ਖਰੀਦ ਕੇ ਲਿਆਉਂਦੇ ਹਨ। ਫਿਰ ਇਸ ਵਿਚ ਸਾਲਵੈਂਟ, ਥਿਨਰ ਅਤੇ ਕੈਰੋਸੀਨ ਤੇਲ ਆਦਿ ਮਿਲਾ ਕੇ ਵੇਚਦੇ ਹਨ, ਜਿਸ ਕੇਨ ਜਾਂ ਬੋਤਲ 'ਚ ਪੈਟਰੋਲ ਭਰਿਆ ਹੋਵੇਗਾ, ਉਸ ਵਿਚ ਗੈਸ ਜ਼ਿਆਦਾ ਬਣੇਗੀ। ਮਿਲਾਵਟੀ ਪੈਟਰੋਲ ਨੂੰ ਹੱਥ 'ਤੇ ਪਾਉਂਦਿਆਂ ਹੀ ਉਹ ਥਾਂ ਠੰਡੀ ਪੈਣ ਦੇ ਨਾਲ ਸਫੈਦ ਪੈ ਜਾਂਦੀ ਹੈ। ਵਾਹਨ ਵਿਚ ਪਾਉਣ 'ਤੇ ਇਹ ਜਲਦੀ ਧੂੰਆਂ ਦੇਣ ਲੱਗਦਾ ਹੈ।
ਮਿੱਟੀ ਦੇ ਤੇਲ ਦੀ ਆੜ 'ਚ ਵੇਚ ਰਹੇ ਚੋਰੀ ਪੈਟਰੋਲ-ਡੀਜ਼ਲ
ਸ਼ਹਿਰ ਦੇ ਚੌਕ ਚੁਰਾਹੇ ਵਿਚ ਪਲਾਸਟਿਕ ਡੱਬਿਆਂ ਵਿਚ ਖੁੱਲ੍ਹੇਆਮ ਪੈਟਰੋਲ ਦੀ ਵਿਕਰੀ ਹੋ ਰਹੀ ਹੈ। ਬਾਕਾਇਦਾ ਦੁਕਾਨਾਂ 'ਚ ਇਥੇ ਪੈਟਰੋਲ ਉਪਲੱਬਧ ਹੈ ਪਰ ਦੁਕਾਨ ਦੇ ਸਾਹਮਣੇ ਮਿੱਟੀ ਦੇ ਤੇਲ ਦਾ ਬੋਰਡ ਲੱਗਾ ਰਹਿੰਦਾ ਹੈ। ਦੁਕਾਨ ਅੰਦਰ ਜਲਣਸ਼ੀਲ ਪੈਟਰੋਲ ਦਾ ਭੰਡਾਰ ਕਰ ਕੇ ਰੱਖਿਆ ਜਾਂਦਾ ਹੈ, ਜੋ ਹਾਨੀਕਾਰਕ ਸਾਬਿਤ ਹੋ ਸਕਦਾ ਹੈ। ਪ੍ਰਸ਼ਾਸਨ ਇਸ ਵੱਲ ਹੁਣ ਤੱਕ ਅੱਖਾਂ ਬੰਦ ਕਰ ਕੇ ਬੈਠਾ ਹੋਇਆ ਹੈ ।
ਅਧਿਕਾਰੀ ਕਰ ਰਹੇ ਨੇ ਕਿਸੇ ਵੱਡੇ ਹਾਦਸਾ ਦਾ ਇੰਤਜ਼ਾਰ
ਕਿਸੇ ਵੱਡੇ ਹਾਦਸੇ ਦਾ ਇੰਤਜ਼ਾਰ ਖੁੱਲ੍ਹੇਆਮ ਸੜਕ 'ਤੇ ਵਿਕ ਰਹੇ ਮੌਤ ਦੇ ਇੰਤਜ਼ਾਮ ਤੋਂ ਪ੍ਰਸ਼ਾਸਨ ਅਨਜਾਣ ਨਹੀਂ ਹੈ। ਪੁਲਸ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਉਨ੍ਹਾਂ ਰਾਹਾਂ ਤੋਂ ਗੁਜ਼ਰਦੇ ਹੀ ਹਨ, ਜਿੱਥੇ ਸ਼ਰੇਆਮ ਪੈਟਰੋਲ-ਡੀਜ਼ਲ ਦੇ ਕੇਨ ਭਰ-ਭਰ ਕੇ ਵੇਚੇ ਜਾ ਰਹੇ ਹਨ। ਸੁੱਚੀ ਪਿੰਡ, ਲੰਮਾ ਪਿੰਡ ਚੌਕ ਦੇ ਸਾਹਮਣੇ ਵੀ ਇਹ ਨਜ਼ਾਰਾ ਵੇਖਿਆ ਜਾ ਸਕਦਾ ਹੈ।
ਪੰਪ ਸੰਚਾਲਕਾਂ ਦਾ ਹੁੰਦਾ ਹੈ ਨੁਕਸਾਨ
ਜਲਣਸ਼ੀਲ ਪੈਟਰੋਲ-ਡੀਜ਼ਲ ਦੀਆਂ ਬੋਤਲਾਂ ਜਾਂ ਕੇਨ ਦੀ ਵਿਕਰੀ ਨਾਜਾਇਜ਼ ਹੈ। ਇਸ ਦੇ ਬਾਵਜੂਦ ਤੇਲ ਸਮੱਗਲਰ ਬੁਕਿੰਗ ਕੀਤੇ ਹੋਏ ਤੇਲ ਟੈਂਕਰਾਂ ਤੋਂ ਤੇਲ ਚੋਰੀ ਕੱਢ ਕੇ ਵੇਚ ਰਹੇ ਹਨ। ਘਾਟਾ ਪੈਟਰੋਲ ਪੰਪ ਸੰਚਾਲਕਾਂ ਨੂੰ ਪੈਂਦਾ ਹੈ। ਇੰਡੀਅਨ ਆਇਲ ਤੋਂ ਪਰਚੀ ਬਣਾ ਕੇ ਪੂਰੀ ਚੈਕਿੰਗ ਤੋਂ ਬਾਅਦ ਗੱਡੀ ਲੋਡ ਕਰ ਕੇ ਬਾਹਰ ਨਿਕਲਦੀ ਹੈ, ਜਿਸ ਤੋਂ ਬਾਅਦ ਰਸਤੇ ਵਿਚ ਤੇਲ ਚੋਰੀ ਹੋ ਜਾਵੇ ਉਸ ਦੀ ਜ਼ਿੰਮੇਵਾਰੀ ਗੱਡੀ ਬੁੱਕ ਕਰਵਾਉਣ ਵਾਲੇ ਪੰਪ ਮਾਲਕ ਦੀ ਹੁੰਦੀ ਹੈ। ਇਹ ਹੀ ਪੈਟਰੋਲ ਸ਼ਹਿਰ ਦੇ ਨਾਲ ਆਸ-ਪਾਸ ਦੇ ਪੇਂਡੂ ਖੇਤਰਾਂ ਵਿਚ ਖੁੱਲ੍ਹੇਆਮ ਵੇਚ ਦਿੱਤਾ ਜਾਂਦਾ ਹੈ। ਹਾਲਾਂਕਿ ਪੰਪ ਮਾਲਕਾਂ ਵਲੋਂ ਕਈ ਵਾਰ ਆਇਲ ਕੰਪਨੀਆਂ ਨੂੰ ਸ਼ਿਕਾਇਤਾਂ ਕੀਤੀਆਂ ਜਾ ਚੁੱਕੀਆਂ ਹਨ।
ਗੁੱਜਾਪੀਰ ਇਲਾਕੇ ਵਿਚ ਵੀ ਨਾਜਾਇਜ਼ ਤੇਲ ਦੇ ਗੋਦਾਮਾਂ ਵਿਚ ਲੱਗ ਚੁੱਕੀ ਹੈ ਅੱਗ
ਪਿਛਲੇ ਸਾਲ ਗੁੱਜਾ ਪੀਰ ਰਿਹਾਇਸ਼ੀ ਇਲਾਕੇ ਵਿਚ ਇਕ ਤੇਲ ਸਮੱਗਲਰ ਵਲੋਂ ਤੇਲ ਭੰਡਾਰਨ ਦੇ ਗੋਦਾਮਾਂ ਨੂੰ ਅੱਗ ਲੱਗ ਗਈ ਸੀ, ਜਿਸ ਵਿਚ ਲੱਖਾਂ ਦਾ ਨੁਕਸਾਨ ਹੋਇਆ ਸੀ। ਪੁਲਸ ਪ੍ਰਸ਼ਾਸਨ ਨੇ ਤੇਲ ਸਮੱਗਲਰ 'ਤੇ ਮਾਮਲਾ ਦਰਜ ਕਰ ਲਿਆ ਸੀ ਪਰ ਉਹ ਉਸਨੂੰ ਫੜ ਨਹੀਂ ਸਕੀ ਸੀ, ਜਿਸ ਤੋਂ ਬਾਅਦ ਜ਼ਮਾਨਤ ਮਿਲਣ 'ਤੇ ਦੁਬਾਰਾ ਉਕਤ ਇਲਾਕੇ ਵਿਚ ਅੱਜ ਤੱਕ ਤੇਲ ਵੇਚਿਆ ਜਾ ਰਿਹਾ ਹੈ।ਪੁਲਸ ਵੱਲੋਂ ਕਈ ਵਾਰ ਤੇਲ ਸਮੱਗਲਰਾਂ 'ਤੇ ਕਾਰਵਾਈ ਕੀਤੀ ਜਾ ਚੁੱਕੀ ਹੈ : ਡੀ. ਸੀ.ਪੀ.-ਡੀ. ਸੀ. ਪੀ. ਗੁਰਮੀਤ ਸਿੰਘ ਨੇ ਦੱਸਿਆ ਕਿ ਮਾਮਲਾ ਉਨ੍ਹਾਂ ਦੇ ਧਿਆਨ 'ਚ ਆ ਗਿਆ ਹੈ, ਇਸ ਤੋਂ ਪਹਿਲਾਂ ਵੀ ਤੇਲ ਸਮੱਗਲਰਾਂ 'ਤੇ ਕੇਸ ਦਰਜ ਕੀਤਾ ਹੈ। ਜੇਕਰ ਉਹ ਦੁਬਾਰਾ ਤੇਲ ਵੇਚ ਰਹੇ ਹਨ ਤਾਂ ਉਨ੍ਹਾਂ 'ਤੇ ਕਾਰਵਾਈ ਕੀਤੀ ਜਾਵੇਗੀ
ਡੁਪਲੀਕੇਟ ਚਾਬੀ ਦੀ ਹੈ ਸਾਰੀ ਖੇਡ-ਹਜ਼ਾਰਾਂ 'ਚ ਬਣਦੀਆਂ ਨੇ ਚਾਬੀਆਂ
'ਜਗ ਬਾਣੀ' ਟੀਮ ਨੇ ਪਤਾ ਲਾਇਆ ਕਿ ਉਕਤ ਸਾਰੇ ਮਾਮਲੇ ਵਿਚ ਡੁਪਲੀਕੇਟ ਚਾਬੀ ਦੀ ਹੀ ਸਾਰੀ ਖੇਡ ਹੈ। ਜਿਸ ਤੇਲ ਟੈਂਕਰ ਵਿਚ ਤਾਲਾ ਲੱਗਾ ਹੁੰਦਾ ਹੈ, ਉਸ ਦੀ ਡੁਪਲੀਕੇਟ ਚਾਬੀ ਬਣਵਾ ਕੇ ਡਰਾਈਵਰਾਂ ਨਾਲ ਸੈਟਿੰਗ ਕਰ ਕੇ ਤੇਲ ਸਮੱਗਲਰ ਟੈਂਕਰਾਂ 'ਚੋਂ ਤੇਲ ਚੋਰੀ ਕਰ ਲੈਂਦੇ ਹਨ। ਕਈ ਵਾਰ ਤਾਂ ਖੜ੍ਹੀ ਗੱਡੀ ਵਿਚੋਂ ਤੇਲ ਸਮੱਗਲਰ ਖੁਦ ਹੀ ਤਾਲਾ ਖੋਲ੍ਹ ਕੇ ਤੇਲ ਕੱਢ ਲੈਂਦੇ ਹਨ ਅਤੇ ਡਰਾਈਵਰ ਨੂੰ ਪਤਾ ਵੀ ਨਹੀਂ ਲੱਗਦਾ। ਡੁਪਲੀਕੇਟ ਚਾਬੀ ਬਣਵਾਉਣ ਲਈ ਸਮੱਗਲਰ 5 ਹਜ਼ਾਰ ਤੋਂ 20 ਹਜ਼ਾਰ ਰੁਪਏ ਤੱਕ ਖਰਚ ਕਰਦੇ ਹਨ। ਤੇਲ ਚੋਰੀ ਸਬੰਧੀ ਥਾਣਾ ਰਾਮਾਮੰਡੀ 'ਚ ਕਈ ਅਜਿਹੀਆਂ ਸ਼ਿਕਾਇਤਾਂ ਆਈਆਂ ਹਨ।