ਡਾਕਘਰ ਦੇ ਬਾਹਰ 2 ਧਿਰਾਂ ''ਚ ਤਕਰਾਰ, ਚੱਲੇ ਇੱਟਾ-ਰੋੜੇ
Friday, Mar 06, 2020 - 02:35 PM (IST)
ਜਲੰਧਰ (ਕਮਲੇਸ਼) : ਪ੍ਰੈੱਸ ਕਲੱਬ ਚੌਕ ਦੇ ਨਜ਼ਦੀਕ ਸਥਿਤ ਮੁੱਖ ਡਾਕਘਰ (ਜੀ. ਪੀ. ਓ.) ਦੇ ਬਾਹਰ ਵੀਰਵਾਰ 2 ਧਿਰਾਂ ਵਿਚ ਭਿਆਨਕ ਤਕਰਾਰ ਹੋਈ। ਇਸ ਦੌਰਾਨ ਉਨ੍ਹਾਂ ਨੇ ਇਕ-ਦੂਜੇ 'ਤੇ ਤੇਜ਼ ਹਥਿਆਰਾਂ ਨਾਲ ਹਮਲਾ ਕਰ ਕੇ ਇੱਟਾਂ-ਰੋੜੇ ਵੀ ਚਲਾਏ। ਜਾਣਕਾਰੀ ਅਨੁਸਾਰ ਡਾਕਘਰ ਦੇ ਬਾਹਰ ਮੋਨੂੰ ਅਤੇ ਕਾਲੂ ਨਾਂ ਦੇ 2 ਨੌਜਵਾਨ ਡਾਕ ਸੇਵਾ ਸਬੰਧੀ ਕਾਊਂਟਰ ਲਾਉਂਦੇ ਹਨ। ਕਾਲੂ ਨੇ ਕੁਝ ਸਮਾਂ ਪਹਿਲਾਂ ਇਕ ਕਾਊਂਟਰ ਹੋਰ ਲਾ ਦਿੱਤਾ ਸੀ, ਜਿਸ ਕਾਰਣ ਉਸ ਦੇ ਅਤੇ ਮੋਨੂੰ ਵਿਚਕਾਰ ਤੂੰ-ਤੂੰ, ਮੈਂ-ਮੈਂ ਹੋ ਗਈ। ਇਸ ਤੋਂ ਬਾਅਦ ਦੋਵਾਂ ਨੇ ਆਪਣੇ ਸਾਥੀਆਂ ਨੂੰ ਬੁਲਾ ਕੇ ਇਕ-ਦੂਜੇ 'ਤੇ ਤੇਜ਼ ਹਥਿਆਰਾਂ ਨਾਲ ਹਮਲਾ ਸ਼ੁਰੂ ਕਰ ਦਿੱਤਾ। ਜਾਣਕਾਰੀ ਅਨੁਸਾਰ ਦੋਵਾਂ ਧਿਰਾਂ ਨੇ ਇਕ-ਦੂਜੇ 'ਤੇ ਇੱਟਾਂ-ਰੋੜੇ ਵੀ ਚਲਾਏ। ਇਸ ਸਾਰੇ ਘਟਨਾ ਚੱਕਰ ਵਿਚ 6 ਲੋਕਾਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਮਿਲਿਆ ਹੈ।
ਸਾਰੇ ਮਾਮਲੇ ਵਿਚ ਹੈਰਾਨੀ ਵਾਲੀ ਗੱਲ ਇਹ ਹੈ ਕਿ ਮੌਕੇ 'ਤੇ ਪੀ. ਸੀ. ਆਰ. ਦੀ ਟੀਮ ਵੀ ਖੜ੍ਹੀ ਸੀ ਪਰ ਉਨ੍ਹਾਂ ਨੇ ਲੜਾਈ ਨੂੰ ਰੋਕਣਾ ਜ਼ਰੂਰੀ ਨਹੀਂ ਸਮਝਿਆ। ਲੋਕਾਂ ਵਲੋਂ ਸੂਚਨਾ ਦੇਣ ਦੇ ਬਾਅਦ ਮੌਕੇ 'ਤੇ ਥਾਣਾ ਬਾਰਾਂਦਰੀ ਦੀ ਪੁਲਸ ਜਾਂਚ ਲਈ ਪੁੱਜੀ, ਹਾਲਾਂਕਿ ਤਦ ਤੱਕ ਸਾਰੇ ਨੌਜਵਾਨ ਫਰਾਰ ਹੋ ਚੁੱਕੇ ਸਨ। ਪੁਲਸ ਨੇ ਮੌਕੇ 'ਤੇ ਇਕ ਪੈਸ਼ਨ ਬਾਈਕ ਅਤੇ ਇਕ ਬੁਲੇਟ ਮੋਟਰਸਾਈਕਲ ਕਬਜ਼ੇ ਵਿਚ ਲਿਆ ਹੈ। ਇਸ ਸਬੰਧੀ ਸਬ-ਇੰਸਪੈਕਟਰ ਸੁਖਚੈਨ ਸਿੰਘ ਨੇ ਕਿਹਾ ਕਿ ਪੁਲਸ ਦੇ ਕੋਲ ਕੋਈ ਸ਼ਿਕਾਇਤ ਨਹੀਂ ਆਈ ਹੈ। ਸ਼ਿਕਾਇਤ ਆਉਣ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ। ਪੁਲਸ ਜਾਂਚ ਵਿਚ ਪਤਾ ਲੱਗਾ ਹੈ ਕਿ ਮੌਕੇ ਤੋਂ ਮਿਲਿਆ ਬੁਲੇਟ ਬਸਤੀਆਂ ਵਿਚ ਰਹਿਣ ਵਾਲੇ ਮੋਹਨ ਦਾ ਹੈ।