ਜਲੰਧਰ ''ਚ ਵੀ ਮੋਦੀਖਾਨਾ ਦੀ ਤਰਜ ''ਤੇ ਖੁੱਲ ਰਿਹੈ ਮੈਡੀਕਲ ਸਟੋਰ, ਇਸ ਨੌਜਵਾਨ ਨੇ ਕੀਤਾ ਐਲਾਨ
07/10/2020 12:35:11 AM

ਜਲੰਧਰ,(ਵਿਕਰਮ ਸਿੰਘ ਕੰਬੋਜ): ਲੁਧਿਆਣਾ 'ਚ ਮੋਦੀਖਾਨਾ ਦੀ ਸ਼ੁਰੂਆਤ ਹੋਣ ਤੋਂ ਬਾਅਦ ਹੁਣ ਜਲੰਧਰ 'ਚ ਵੀ ਮੋਦੀਖਾਨਾ ਦੀ ਤਰਜ 'ਤੇ ਮੈਡੀਕਲ ਸਟੋਰ ਜਲਦ ਖੁੱਲਣ ਜਾ ਰਿਹਾ ਹੈ। ਲੁਧਿਆਣਾ 'ਚ ਜਿਥੇ ਬਲਜਿੰਦਰ ਸਿੰਘ ਜਿੰਦੂ ਵਲੋਂ ਮੋਦੀਖਾਨ ਖੋਲ੍ਹ ਕੇ ਸਸਤੀਆਂ ਦਵਾਈਆਂ ਦੇਣ ਦੀ ਸ਼ੁਰੂਆਤ ਕੀਤੀ ਗਈ ਹੈ, ਉਸੇ ਤਰ੍ਹਾਂ ਹੀ ਹੁਣ ਜਲੰਧਰ 'ਚ ਵੀ ਜਲਦ ਹੀ ਸਸਤੇ ਮੁੱਲ 'ਤੇ ਦਵਾਈਆਂ ਮਿਲਣੀਆਂ ਸੰਭਵ ਹੋਣਗੀਆਂ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਜਲੰਧਰ ਦੇ ਨੌਜਵਾਨ ਮਨਸਿਮਰਨ ਸਿੰਘ ਮੱਕੜ ਵਲੋਂ ਕੀਤਾ ਗਿਆ ਹੈ, ਜੋ ਕਿ ਜਲੰਧਰ 'ਚ ਮੋਦੀਖਾਨਾ ਦੀ ਤਰਜ 'ਤੇ ਇਕ ਮੈਡੀਕਲ ਸਟੋਰ ਖੋਲ੍ਹਣ ਜਾ ਰਹੇ ਹਨ, ਜਿਥੋਂ ਜਲੰਧਰ ਵਾਸੀਆਂ ਨੂੰ ਸਸਤੀਆਂ ਤੇ ਸਹੀਂ ਮੁੱਲ 'ਤੇ ਦਵਾਈਆਂ ਮਿਲ ਸਕਣਗੀਆਂ।
'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਹਰਸਿਮਰਨ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਸਾਨੂੰ ਬਹੁਤ ਪਹਿਲਾਂ ਹੀ ਅਜਿਹੀਆਂ ਸੇਵਾਵਾਂ ਕਰਨ ਦੀਆਂ ਸਿੱਖਿਆਵਾਂ ਦੇ ਗਏ ਸਨ ਪਰ ਉਸ 'ਤੇ ਅਮਲ ਕਿਸ ਤਰ੍ਹਾਂ ਕਰਨਾ ਹੈ, ਇਸ ਦਾ ਰਸਤਾ ਨਹੀਂ ਮਿਲ ਰਿਹਾ ਸੀ। ਉਨ੍ਹਾਂ ਦੱਸਿਆ ਕਿ ਕਾਫੀ ਸਾਲਾਂ ਤੋਂ ਉਸ ਦੇ ਪਿਤਾ ਦੀ ਇੱਛਾ ਸੀ ਕਿ ਅਸੀਂ ਚੈਰੀਟੇਬਲ ਹਸਪਤਾਲ ਖੋਲੀਏ, ਜਿਥੇ ਗਰੀਬ ਦੀ ਅਤੇ ਘੱਟ ਆਮਦਨ ਵਾਲੇ ਪਰਿਵਾਰਾਂ ਦੀ ਮਦਦ ਹੋ ਸਕੇ ਪਰ ਅਸੀਂ ਸ਼ੁਰੂਆਤ ਕਿਥੋਂ ਕਰੀਏ ਇਹ ਪਤਾ ਨਹੀਂ ਲੱਗ ਰਿਹਾ ਸੀ। ਲੁਧਿਆਣਾ 'ਚ ਮੋਦੀਖਾਨਾ ਖੁੱਲਣ ਤੋਂ ਬਾਅਦ ਸਿੱਖਿਆ ਮਿਲਿਆ ਕਿ ਇਹ ਰਸਤਾ ਇੰਨਾ ਔਖਾ ਨਹੀਂ ਹੈ ਅਤੇ ਪਹਿਲਾਂ-ਪਹਿਲਾਂ ਥੋੜੀਆਂ ਮੁਸ਼ਕਿਲਾਂ ਆਉਣਗੀਆਂ ਪਰ ਕਾਮਯਾਬੀ ਜ਼ਰੂਰ ਮਿਲੇਗੀ ਅਤੇ ਫਿਰ ਲੁਧਿਆਣਾ ਤੋਂ ਪ੍ਰੇਰਿਤ ਹੋ ਕੇ ਹੀ ਅਸੀਂ ਇਹ ਸੇਵਾ ਕਰਨ ਦਾ ਫੈਸਲਾ ਲਿਆ।
ਹਰਸਿਮਰਨ ਨੇ ਦੱਸਿਆ ਕਿ 15 ਕੰਪਨੀਆਂ ਨਾਲ ਸਾਡੀ ਗੱਲ ਹੋ ਚੁਕੀ ਹੈ, ਜਿਨ੍ਹਾਂ ਦੇ ਬ੍ਰੈਂਡ ਦੀਆਂ ਦਵਾਈਆਂ ਅਸੀਂ ਇਥੇ ਰੱਖਾਂਗੇ। ਉਨ੍ਹਾਂ ਦੱਸਿਆ ਕਿ ਜਦੋਂ ਤੁਸੀਂ ਆਮ ਮੈਡੀਕਲ ਸਟੋਰ 'ਤੇ ਜਾਂਦੇ ਹੋ ਤਾਂ ਉਨ੍ਹਾਂ ਕੋਲ ਵੀ ਤਕਰੀਬਨ ਇੰਨੇ ਹੀ ਬ੍ਰੈਂਡ ਹੁੰਦੇ ਹਨ ਅਤੇ ਅਸੀਂ ਸਾਰੇ ਹੀ ਰੱਖਣ ਦੀ ਕੋਸ਼ਿਸ਼ ਕਰਾਂਗੇ। ਉਸ ਦੀ ਮੈਨਜਮੈਂਟ ਲਈ ਕੁੱਝ ਨੇਕ ਕੰਪਨੀਆਂ ਅਜਿਹੀਆਂ ਹਨ, ਜਿਨ੍ਹਾਂ ਨੇ ਸਾਨੂੰ 2 ਕਰਮਚਾਰੀ ਵੀ ਸਪਾਂਸਰ ਕਰ ਦਿੱਤੇ ਹਨ ਤੇ ਉਨ੍ਹਾਂ ਦੀ ਮਹੀਨੇ ਦੀ ਤਨਖਾਹ ਦੇਣ ਦਾ ਵੀ ਭਰੋਸਾ ਦਿਵਾਇਆ ਹੈ। ਇਸ ਤੋਂ ਇਲਾਵਾ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਦੀ ਸਾਰੀ ਟੀਮ ਸਾਡੇ ਨਾਲ ਜੁੜੀ ਹੋਈ ਹੈ, ਜੋ ਕਿ ਸਾਨੂੰ ਇਕ ਸੇਵਾਦਾਰ ਦੇਣਗੇ।
ਉਨ੍ਹਾਂ ਦੱਸਿਆ ਕਿ ਸੋਮਵਾਰ ਨੂੰ ਸਾਡੀ ਮੀਟਿੰਗ ਹੈ ਅਤੇ ਅਸੀਂ ਇਕ ਪੂਰੀ ਤਰ੍ਹਾਂ ਟਰੇਨਡ ਸਰਟੀਫਾਈਡ ਨਰਸ ਰੱਖਾਂਗੇ, ਜੋ ਕਿ ਇਥੇ ਹਰ ਸਮੇਂ ਡ੍ਰੈਸਿੰਗ ਵਾਸਤੇ ਲੋਕਾਂ ਨੂੰ ਇੰਜੈਕਸ਼ਨ ਲਗਾਉਣ ਵਾਸਤੇ ਹਾਜ਼ਰ ਰਹੇਗੀ ਤਾਂ ਕਿ ਕੋਈ ਵੀ ਗਲਤ ਮੈਨਜਮੈਂਟ ਨਾ ਹੋ ਸਕੇ। ਪ੍ਰਾਈਵੇਟ ਡਾਕਟਰ ਦੀ ਸਲਾਹ ਦੇ ਨਾਲ ਤੇ ਐਸ. ਐਮ. ਓ . ਦੀ ਗਾਈਡਨੈਂਸ ਦੇ ਨਾਲ ਅਸੀਂ ਰੋਜ਼ ਰਿਸਰਚ ਕਰਕੇ ਇਸ 'ਤੇ ਅਮਲ ਕਰ ਰਹੇ ਹਾਂ। ਉਨ੍ਹਾਂ ਦੱਸਿਆ ਕਿ ਇਥੇ ਬਿਨਾਂ ਕਿਸੇ ਫਾਇਦੇ ਦੇ ਦਵਾਈਆਂ ਵੇਚੀਆਂ ਜਾਣਗੀਆਂ। ਹਾਲਾਂਕਿ ਇਸ ਕੰਮ ਦੌਰਾਨ ਉਨ੍ਹਾਂ ਨੂੰ ਕਈ ਮੁਸੀਬਤਾਂ-ਮੁਸ਼ਕਿਲਾਂ ਆਉਣਗੀਆਂ ਜਿਨ੍ਹਾਂ ਨਾਲ ਲੜਨ ਲਈ ਉਹ ਤਿਆਰ ਹਨ।