ਮੱਕੜ-ਮੰਨਣ ਵਿਵਾਦ ''ਚ ਹਾਈ ਕਮਾਨ ਦਾ ਲਾਲੀਪੌਪ!

12/13/2019 10:24:58 AM

ਜਲੰਧਰ (ਬੁਲੰਦ): ਬੀਤੇ ਦਿਨੀਂ ਅਕਾਲੀ ਦਲ ਦੇ ਆਬਜ਼ਰਵਰਾਂ ਦੀ ਗੁਰਦੁਆਰਾ ਸੋਢਲ ਵਿਚ ਹੋਈ ਬੈਠਕ ਦੌਰਾਨ ਸਰਬਜੀਤ ਸਿੰਘ ਮੱਕੜ ਅਤੇ ਸ਼ਹਿਰੀ ਪ੍ਰਧਾਨ ਕੁਲਵੰਤ ਸਿੰਘ ਮੰਨਣ ਵਿਚ ਹੋਈ ਗਰਮਾ-ਗਰਮੀ ਅਤੇ ਗਾਲੀ-ਗਲੋਚ ਦਰਮਿਆਨ ਹਾਈ ਕਮਾਨ ਆਪਣੀ ਪੁਰਾਣੀ ਨੀਤੀ 'ਤੇ ਕਾਇਮ ਰਹਿੰਦੇ ਹੋਏ ਲਾਲੀਪੌਪ ਦੇ ਕੇ ਮਾਮਲੇ ਨੂੰ ਠੰਡਾ ਕਰਨ ਦੀ ਫਿਰਾਕ ਵਿਚ ਹੈ।

ਪਾਰਟੀ ਸੂਤਰਾਂ ਦੀ ਮੰਨੀਏ ਤਾਂ ਕੱਲ ਇਥੇ ਇਸ ਮਾਮਲੇ ਵਿਚ ਮੰਨਣ ਦੇ ਪੱਖ ਵਿਚ ਜ਼ਿਲਾ ਇਕਾਈ ਦੇ ਕਈ ਨੇਤਾਵਾਂ ਵਲੋਂ ਰੱਖੀ ਗਈ ਅਹਿਮ ਬੈਠਕ ਨੂੰ ਬਿਕਰਮ ਸਿੰਘ ਮਜੀਠੀਆ ਦੇ ਫੋਨ ਤੋਂ ਬਾਅਦ ਰੱਦ ਕਰ ਦਿੱਤਾ ਗਿਆ ਸੀ। ਅੱਜ ਇਸੇ ਮਾਮਲੇ ਵਿਚ ਦਲਜੀਤ ਸਿੰਘ ਚੀਮਾ ਨੂੰ ਵੀ ਫੋਨ ਕੀਤਾ ਗਿਆ, ਜੋ ਕਿ ਪਾਰਟੀ ਦੇ ਸੀਨੀਅਰ ਨੇਤਾ ਅਤੇ ਬੁਲਾਰੇ ਹਨ। ਜਾਣਕਾਰੀ ਅਨੁਸਾਰ ਇਸ ਮਾਮਲੇ ਵਿਚ ਚੀਮਾ ਨੇ ਵੀ ਭਾਰੀ ਨਾਰਾਜ਼ਗੀ ਜਤਾਈ ਅਤੇ ਇਸ ਮਾਮਲੇ ਨੂੰ ਹਾਈ ਕਮਾਨ ਤਕ ਪਹੁੰਚਾਉਣ ਦਾ ਭਰੋਸਾ ਦਿੱਤਾ।
ਜਾਣਕਾਰਾਂ ਦੀ ਮੰਨੀਏ ਤਾਂ 14 ਦਸੰਬਰ ਨੂੰ ਅੰਮ੍ਰਿਤਸਰ ਦੇ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਪਾਰਟੀ ਦੇ ਪ੍ਰਧਾਨ ਦੀ ਚੋਣ ਹੋਣੀ ਹੈ। ਰੱਖੇ ਗਏ ਸ੍ਰੀ ਅਖੰਡ ਪਾਠ ਦੀ ਆਰੰਭਤਾ ਸਮੇਂ ਜਲੰਧਰ ਤੋਂ ਕਾਫੀ ਨੇਤਾ ਅੱਜ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਪਹੁੰਚੇ ਤਾਂ ਮੱਕੜ-ਮੰਨਣ ਵਿਵਾਦ ਬਾਰੇ ਵੀ ਗੱਲਾਂ ਹੋਈਆਂ ਪਰ ਜਾਣਕਾਰੀ ਅਨੁਸਾਰ ਪਾਰਟੀ ਹਾਈ ਕਮਾਨ ਨੇ ਇਕ ਵਾਰ ਫਿਰ ਮੱਕੜ ਨੂੰ ਸੁਰੱਖਿਅਤ ਕਰਦੇ ਹੋਏ ਸਾਫ ਕਿਹਾ ਕਿ ਇਸ ਬਾਰੇ ਫਿਲਹਾਲ 15 ਦਸੰਬਰ ਤਕ ਕੋਈ ਗੱਲ ਨਹੀਂ ਹੋਵੇਗੀ ਕਿਉਂਕਿ 14 ਨੂੰ ਪ੍ਰਧਾਨ ਦੀ ਚੋਣ ਹੋਣੀ ਹੈ ਅਤੇ ਇਸ ਤੋਂ ਬਾਅਦ ਹੀ ਇਸ ਮਾਮਲੇ ਵਿਚ ਕੋਈ ਫੈਸਲਾ ਹੋਵੇਗਾ।

ਚੰਡੀਗੜ੍ਹ ਬੁਲਾ ਕੇ ਪੁਆਈ ਜਾ ਸਕਦੀ ਹੈ ਜੱਫੀ
ਮਾਮਲੇ ਬਾਰੇ ਜਾਣਕਾਰ ਦੱਸਦੇ ਹਨ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਸਰਬਸੰਮਤੀ ਨਾਲ ਸੁਖਬੀਰ ਬਾਦਲ ਨੂੰ ਹੀ ਦੁਬਾਰਾ ਪਾਰਟੀ ਦਾ ਪ੍ਰਧਾਨ ਚੁਣਿਆ ਜਾਣਾ ਹੈ। ਇਸ ਤੋਂ ਬਾਅਦ ਸੁਖਬੀਰ ਨੂੰ ਵਧਾਈ ਦੇਣ ਚੰਡੀਗੜ੍ਹ ਆਉੁਣਗੇ। ਉਥੇ ਹੀ ਜਲੰਧਰ ਤੋਂ ਮੱਕੜ ਅਤੇ ਮੰਨਣ ਦੋਵਾਂ ਨੂੰ ਬੁਲਾ ਕੇ ਉਨ੍ਹਾਂ ਦੀ ਸੁਖਬੀਰ ਤੇ ਮਜੀਠੀਆ ਵਲੋਂ ਜੱਫੀ ਪੁਆਉੁਣ ਦਾ ਪ੍ਰੋਗਰਾਮ ਹੈ। ਪਾਰਟੀ ਦੇ ਅੰਦਰੂਨੀ ਜਾਣਕਾਰਾਂ ਦੀ ਮੰਨੀਏ ਤਾਂ ਮੱਕੜ ਨੇ ਵੀ ਆਪਣਾ ਪੂਰਾ ਪੱਖ ਹਾਈ ਕਮਾਨ ਨੂੰ ਦੱਸਿਆ ਹੈ ਅਤੇ 14 ਤਰੀਕ ਨੂੰ ਜਲੰਧਰ ਤੋਂ ਸਾਰੇ ਕੈਂਟ ਹਲਕੇ ਦੇ ਡੈਲੀਗੇਟਾਂ ਨੂੰ ਅੰਮ੍ਰਿਤਸਰ ਲਿਆਉਣ-ਲਿਜਾਣ ਦੀ ਸਾਰੀ ਜ਼ਿੰਮੇਵਾਰੀ ਉਠਾਈ ਹੈ, ਜਿਸ ਨਾਲ ਹਾਈ ਕਮਾਨ ਦੇ ਅੱਗੇ ਮੱਕੜ ਦੇ ਨੰਬਰ ਬਣਨੇ ਤੈਅ ਹਨ।

ਪਾਰਟੀ 'ਚ ਹਾਵੀ ਬਿਜ਼ਨੈੱਸ ਰਿਲੇਸ਼ਨ
ਮਾਮਲੇ ਬਾਰੇ ਪਾਰਟੀ ਦੇ ਅੰਦਰ ਇਕ ਵਾਰ ਫਿਰ ਤੋਂ ਚਰਚਾ ਛਿੜ ਗਈ ਹੈ ਕਿ ਪਾਰਟੀ ਵਿਚ ਵਰਕਰਾਂ ਤੇ ਪਾਰਟੀ ਪ੍ਰੋਟੋਕਾਲ ਤੋਂ ਜ਼ਿਆਦਾ ਬਿਜ਼ਨੈੱਸ ਰਿਲੇਸ਼ਨ ਨੂੰ ਅਹਿਮੀਅਤ ਦੇਣ ਦੀ ਰਵਾਇਤ ਪੁਰਾਣੀ ਹੈ, ਜੋ ਇਕ ਵਾਰ ਫਿਰ ਤੋਂ ਦਿਖਾਈ ਦੇ ਰਹੀ ਹੈ। ਵੱਡੇ ਬਾਦਲ ਅਤੇ ਛੋਟੇ ਬਾਦਲ ਇਸ ਬਿਜ਼ਨੈੱਸ ਰਿਲੇਸ਼ਨ ਨੂੰ ਹਮੇਸ਼ਾ ਪਹਿਲ ਦਿੰਦੇ ਰਹੇ ਹਨ। ਸਰਬਜੀਤ ਮੱਕੜ ਦੇ ਭਰਾਵਾਂ ਦੇ ਪਾਰਟੀ ਦੇ ਕਈ ਸੀਨੀਅਰ ਨੇਤਾਵਾਂ ਨਾਲ ਬਿਜ਼ਨੈੱਸ ਰਿਲੇਸ਼ਨ ਹਨ। ਪਾਰਟੀ ਨੂੰ ਆਰਥਿਕ ਤੌਰ 'ਤੇ ਮੱਕੜ ਭਰਾਵਾਂ ਵਲੋਂ ਲਗਾਤਾਰ ਸਹਿਯੋਗ ਮਿਲਦਾ ਰਿਹਾ ਹੈ, ਜਿਸ ਕਾਰਨ ਲੱਖ ਸ਼ਿਕਾਇਤਾਂ ਅਤੇ ਕਮੀਆਂ ਤੋਂ ਬਾਅਦ ਵੀ ਪਾਰਟੀ ਹਾਈ ਕਮਾਨ ਮੱਕੜ ਨੂੰ ਦਰਕਿਨਾਰ ਨਹੀਂ ਕਰ ਪਾਉਂਦੀ। ਪਾਰਟੀ ਦੇ ਅੰਦਰ ਇਨ੍ਹਾਂ ਬਿਜ਼ਨੈੱਸ ਰਿਲੇਸ਼ਨਾਂ ਦੀ ਇਕ ਵਾਰ ਫਿਰ ਤੋਂ ਚਰਚਾ ਗਰਮਾਈ ਹੋਈ ਹੈ।

ਕੀ ਮੰਨਣ ਦਾ ਗੁੱਸਾ ਵੀ ਹੋਵੇਗਾ ਸ਼ਾਂਤ
ਮਾਮਲੇ ਬਾਰੇ ਮੰਨਣ ਦੇ ਕਰੀਬੀਆਂ ਦਾ ਕਹਿਣਾ ਹੈ ਕਿ ਆਪਣੇ ਨਾਲ ਹੋਏ ਦੁਰਵਿਵਹਾਰ ਕਾਰਣ ਮੰਨਣ ਦਾ ਗੁੱਸਾ 7ਵੇਂ ਆਸਮਾਨ 'ਤੇ ਹੈ ਅਤੇ ਉਹ ਹਰ ਹਾਲ ਵਿਚ ਇਸ ਮਾਮਲੇ ਵਿਚ ਮੱਕੜ ਨੂੰ ਮੁਆਫ ਕਰਨ ਦੇ ਮੂਡ ਵਿਚ ਨਹੀਂ ਹਨ ਪਰ ਜਿਵੇਂ-ਜਿਵੇਂ ਦਿਨ ਬੀਤਣਗੇ ਅਤੇ ਮਾਮਲੇ ਵਿਚ ਪਾਰਟੀ ਦੇ ਸੀਨੀਅਰ ਨੇਤਾਵਾਂ ਵਲੋਂ ਦੋਵਾਂ ਪੱਖਾਂ ਨਾਲ ਗੱਲਬਾਤ ਹੋਵੇਗੀ ਤਿਵੇਂ-ਤਿਵੇਂ ਮਾਮਲੇ ਵਿਚ ਦੋਵਾਂ ਪੱਖਾਂ ਦਾ ਗੁੱਸਾ ਵੀ ਸ਼ਾਂਤ ਹੋਣਾ ਸੁਭਾਵਿਕ ਹੈ ਪਰ ਮਾਮਲੇ ਬਾਰੇ ਕੁਲਵੰਤ ਸਿੰਘ ਮੰਨਣ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਨੂੰ ਪਹਿਲਾਂ ਦੀ ਤਰ੍ਹਾਂ ਠੰਡੇ ਬਸਤੇ ਵਿਚ ਨਹੀਂ ਜਾਣ ਦੇਣਗੇ। ਪਾਰਟੀ ਹਾਈ ਕਮਾਨ ਦੇ ਹਰ ਆਦੇਸ਼ ਨੂੰ ਸਾਡੀ ਪੂਰੀ ਟੀਮ ਨੇ ਸਦਾ ਮੰਨਿਆ ਹੈ ਪਰ ਇਸ ਵਾਰ ਮਾਮਲਾ ਇੱਜ਼ਤ ਦਾ ਹੈ। ਜੇ ਪਾਰਟੀ ਹਾਈ ਕਮਾਨ ਨੇ ਇਸ ਵਾਰ ਮੱਕੜ 'ਤੇ ਸਖਤ ਐਕਸ਼ਨ ਨਹੀਂ ਲਿਆ ਤਾਂ ਅਸੀਂ ਕੋਈ ਗੰਭੀਰ ਕਦਮ ਚੁੱਕਣ ਬਾਰੇ ਸੋਚ ਸਕਦੇ ਹਾਂ।

ਮੱਕੜ ਦੀ ਕੈਂਟ ਹਲਕੇ ਤੋਂ ਹੋਈ ਰਵਾਨਗੀ ਤਾਂ ਵਾਲੀਆ ਦੀ ਲਾਟਰੀ ਨਿਕਲੀ ਸਮਝੋ
ਮਾਮਲੇ ਬਾਰੇ ਪਾਰਟੀ ਦੇ ਅੰਦਰੂਨੀ ਜਾਣਕਾਰਾਂ ਦੀ ਮੰਨੀਏ ਤਾਂ ਪਾਰਟੀ ਦੇ ਕੁਝ ਸੀਨੀਅਰ ਨੇਤਾਵਾਂ ਨੇ ਮਜੀਠੀਆ ਤੇ ਸੁਖਬੀਰ ਨੂੰ ਰਾਏ ਦਿੱਤੀ ਹੈ ਕਿ ਮੱਕੜ ਨੂੰ ਜਲੰਧਰ ਤੋਂ ਦੂਰ ਕੀਤਾ ਜਾਵੇ। ਇਸ ਦੇ ਲਈ ਹੋ ਸਕਦਾ ਹੈ ਕਿ ਸਾਰੇ ਮਾਮਲੇ ਵਿਚ ਮੱਕੜ ਨੂੰ ਸਜ਼ਾ ਦੇ ਤੌਰ 'ਤੇ ਕੈਂਟ ਹਲਕੇ ਤੋਂ ਰਵਾਨਾ ਕਰ ਦਿੱਤਾ ਜਾਵੇ। ਜੇ ਅਜਿਹਾ ਹੁੰਦਾ ਹੈ ਤਾਂ ਇਹ ਐੱਚ. ਐੱਸ. ਵਾਲੀਆ ਲਈ ਲਾਟਰੀ ਨਿਕਲਣ ਜਿਹਾ ਹੋਵੇਗਾ ਕਿਉਂਕਿ ਵਾਲੀਆ ਨੂੰ 'ਆਪ' ਤੋਂ ਅਕਾਲੀ ਦਲ ਵਿਚ ਲਿਆ ਕੇ ਸੁਖਬੀਰ ਨੇ ਉਨ੍ਹਾਂ ਨੂੰ ਜਲੰਧਰ ਕੈਂਟ ਹਲਕੇ ਵਿਚ ਸੈੱਟ ਕਰਨ ਦਾ ਭਰੋਸਾ ਦਿੱਤਾ ਸੀ ਪਰ ਮੱਕੜ ਨੂੰ ਜਿਉਂ ਹੀ ਕੈਂਟ ਹਲਕੇ ਦਾ ਇੰਚਾਰਜ ਲਾਇਆ ਗਿਆ ਤਾਂ ਮੱਕੜ ਨੇ ਆਪਣੇ ਸਾਰੇ ਮੁਕਾਬਲੇਬਾਜ਼ਾਂ ਨੂੰ ਕੈਂਟ ਵਿਚੋਂ ਜ਼ੀਰੋ ਕਰ ਦਿੱਤਾ। ਪਰਮਜੀਤ ਰਾਏਪੁਰ ਨੂੰ ਤਾਂ ਪਾਰਟੀ ਛੱਡਣੀ ਪੈ ਗਈ। ਮੱਕੜ ਨੇ ਵਾਲੀਆ ਨੂੰ ਵੀ ਕੈਂਟ ਹਲਕੇ ਤੋਂ ਬਾਹਰ ਹੀ ਰੱਖਿਆ ਹੈ। ਕਿਸੇ ਤਰ੍ਹਾਂ ਦੇ ਸਿਆਸੀ ਪ੍ਰੋਗਰਾਮ ਵਿਚ ਮੱਕੜ ਵਾਲੀਆ ਨੂੰ ਬੁਲਾਉਂਦੇ ਤਕ ਨਹੀਂ ਅਤੇ ਜੋ ਕੁਝ ਬਾਠ ਕੈਸਲ ਵਿਚ ਸੁਖਬੀਰ ਦੇ ਪ੍ਰੋਗਰਾਮ ਦੌਰਾਨ ਮੱਕੜ ਅਤੇ ਵਾਲੀਆ ਵਿਚ ਹੋਇਆ ਸੀ ਉਹ ਕਿਸੇ ਤੋਂ ਲੁਕਿਆ ਨਹੀਂ ਹੈ।

ਅਜਿਹੇ ਵਿਚ ਵਾਲੀਆ ਵੀ ਅੰਦਰਖਾਤੇ ਪੂਰਾ ਜ਼ੋਰ ਲਾਉਣ ਵਿਚ ਲੱਗੇ ਹਨ ਕਿ ਹਾਈ ਕਮਾਨ ਦੇ ਅੱਗੇ ਮੱਕੜ ਨੂੰ ਜ਼ੀਰੋ ਕੀਤਾ ਜਾਵੇ ਅਤੇ ਜੇ ਹਾਈ ਕਮਾਨ ਮੱਕੜ 'ਤੇ ਐਕਸ਼ਨ ਲੈ ਕੇ ਉਨ੍ਹਾਂ ਨੂੰ ਕੈਂਟ ਹਲਕੇ ਤੋਂ ਬਾਹਰ ਦਾ ਰਸਤਾ ਦਿਖਾ ਦਿੰਦੀ ਹੈ ਤਾਂ ਵਾਲੀਆ ਕੈਂਟ ਹਲਕੇ ਵਿਚ ਅਕਾਲੀ ਦਲ ਦਾ ਇਕੋ-ਇਕ ਚਿਹਰਾ ਰਹਿ ਜਾਵੇਗਾ ਪਰ ਦੇਖਣਾ ਹੋਵੇਗਾ ਕਿ ਕੀ ਹਾਈ ਕਮਾਨ ਮੱਕੜ 'ਤੇ ਅਜਿਹਾ ਕੋਈ ਐਕਸ਼ਨ ਲੈਂਦ ੀ ਹੈ ਜਾਂ ਫਿਰ ਵਾਲੀਆ ਦੇ ਸਾਹਮਣੇ ਧਰੇ-ਧਰਾਏ ਰਹਿ ਜਾਂਦੇ ਹਨ।


Shyna

Content Editor

Related News