ਜਲੰਧਰ: 26 ਦਿਨਾਂ ''ਚ 10 ਹਜ਼ਾਰ ਲੋਕਾਂ ਨੇ ਖਾਧਾ 10 ਰੁਪਏ ਵਿਚ ਖਾਣਾ, ਰੋਜ਼ਾਨਾ 400 ਲੋਕ ਲੈ ਰਹੇ ਹਨ ਸਸਤੀ ਥਾਲੀ ਦਾ ਲਾਭ

Tuesday, Jun 13, 2017 - 05:04 PM (IST)

ਜਲੰਧਰ: 26 ਦਿਨਾਂ ''ਚ 10 ਹਜ਼ਾਰ ਲੋਕਾਂ ਨੇ ਖਾਧਾ 10 ਰੁਪਏ ਵਿਚ ਖਾਣਾ, ਰੋਜ਼ਾਨਾ 400 ਲੋਕ ਲੈ ਰਹੇ ਹਨ ਸਸਤੀ ਥਾਲੀ ਦਾ ਲਾਭ

ਜਲੰਧਰ (ਪੁਨੀਤ)— ਲੋੜਵੰਦ ਲੋਕਾਂ ਲਈ ਸਿਵਲ ਹਸਪਤਾਲ ਵਿਚ ਸ਼ੁਰੂ ਕੀਤੀ ਗਈ ਸਸਤੀ ਥਾਲੀ ਦੀ ਯੋਜਨਾ ਦਾ ਲਾਭ ਸਿਰਫ 26 ਦਿਨਾਂ ਵਿਚ 10 ਹਜ਼ਾਰ ਤੋਂ ਵੱਧ ਲੋਕ ਲੈ ਚੁੱਕੇ ਹਨ, ਜਿਸ ਨਾਲ ਇਸ ਪ੍ਰਾਜੈਕਟ ਦੇ ਅਧਿਕਾਰੀਆਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਅਜੇ ਇਸ ਸਕੀਮ ਨੂੰ ਸ਼ੁਰੂ ਹੋਇਆ ਇਕ ਮਹੀਨੇ ਦਾ ਸਮਾਂ ਵੀ ਨਹੀਂ ਹੋਇਆ ਤੇ ਇਸ ਦਾ ਲਾਭ ਲੈਣ ਵਾਲਿਆਂ ਦਾ ਅੰਕੜਾ 10 ਹਜ਼ਾਰ ਨੂੰ ਪਾਰ ਕਰ ਗਿਆ। 
ਜ਼ਿਲਾ ਪ੍ਰਸ਼ਾਸਨ ਵੱਲੋਂ ਸ਼ੁਰੂ ਕੀਤੀ ਗਈ ਸਾਂਝੀ ਰਸੋਈ 'ਚ ਰੋਜ਼ਾਨਾ 400 ਦੇ ਕਰੀਬ ਲੋੜਵੰਦ ਲੋਕ ਸਿਰਫ 10 ਰੁਪਏ ਵਿਚ ਪੌਸ਼ਟਿਕ ਭੋਜਨ ਦਾ ਆਨੰਦ ਲੈ ਰਹੇ ਹਨ। ਅੱਜ ਰਸੋਈ ਦਾ ਦੌਰਾ ਕਰਨ ਮੌਕੇ ਡਿਪਟੀ ਕਮਿਸ਼ਨਰ ਜਨਰਲ ਅਤੇ ਪ੍ਰਾਜੈਕਟ ਦੇ ਨੋਡਲ ਅਫਸਰ ਗੁਰਮੀਤ ਸਿੰਘ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਸ਼ੁਰੂ ਕੀਤੀ ਗਈ ਯੋਜਨਾ ਦਾ ਵਧੀਆ ਰਿਸਪਾਂਸ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਇਥੇ ਮੌਸਮੀ ਸਬਜ਼ੀਆਂ ਦਾ ਪ੍ਰਬੰਧ ਕਰਵਾ ਕੇ ਭੋਜਨ ਦੀ ਕੁਆਲਿਟੀ ਵੱਲ ਖਾਸ ਧਿਆਨ ਦਿੱਤਾ ਜਾ ਰਿਹਾ ਹੈ। ਉਹ ਹਰੇਕ ਹਫਤੇ ਦੌਰਾ ਕਰ ਕੇ ਭੋਜਨ ਖਾਂਦੇ ਹਨ ਅਤੇ ਇਸ ਦੀ ਕੁਆਲਿਟੀ ਦੀ ਜਾਂਚ ਕਰਦੇ ਹਨ ਤਾਂ ਜੋ ਲੋਕਾਂ ਨੂੰ ਮਿਆਰੀ ਭੋਜਨ ਮੁਹੱਈਆ ਕਰਵਾਉਣਾ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਰਸੋਈ ਵਿਚ 10 ਸੀ. ਸੀ. ਟੀ. ਵੀ. ਕੈਮਰੇ ਲਾਏ ਜਾ ਰਹੇ ਹਨ, ਜਿਨ੍ਹਾਂ ਨੂੰ ਜ਼ਿਲਾ ਪ੍ਰਸ਼ਾਸਨਿਕ ਦਫਤਰ ਨਾਲ ਜੋੜ ਕੇ ਰਸੋਈ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖੀ ਜਾਵੇਗੀ। ਸਾਫ-ਸਫਾਈ ਲਈ ਦੋ ਸਫਾਈ ਮੁਲਾਜ਼ਮ ਪੱਕੇ ਤੌਰ 'ਤੇ ਇੱਥੇ ਤਾਇਨਾਤ ਕੀਤੇ ਗਏ ਹਨ ਤਾਂ ਜੋ ਸਾਫ-ਸਫਾਈ ਵਿਚ ਕੋਈ ਕਸਰ ਨਾ ਰਹੇ। ਉਨ੍ਹਾਂ ਦੱਸਿਆ ਕਿ 16 ਤੋਂ 31 ਮਈ ਤੱਕ ਰਸੋਈ ਵਿਚ 5,639 ਲੋਕਾਂ ਨੇ ਭੋਜਨ ਖਾਧਾ, ਜਦਕਿ 1 ਤੋਂ 11 ਜੂਨ ਤੱਕ 4,562 ਲੋਕਾਂ ਨੇ ਭੋਜਨ ਖਾਧਾ ਹੈ। ਇਸ ਤਰ੍ਹਾਂ ਕੁਲ ਮਿਲਾ ਕੇ 10,201 ਲੋਕਾਂ ਨੇ ਇਕ ਮਹੀਨੇ ਦੌਰਾਨ ਇੱਥੇ ਭੋਜਨ ਖਾਧਾ।
ਐਤਵਾਰ ਨੂੰ ਆਲੂ-ਪੂੜੀ, ਬੁੱਧਵਾਰ ਨੂੰ ਰਾਜਮਾਂਹ-ਚੌਲ
ਪ੍ਰਸ਼ਾਸਨ ਵੱਲੋਂ ਭਾਵੇਂ 10 ਰੁਪਏ ਵਿਚ ਸਸਤੀ ਥਾਲੀ ਮੁਹੱਈਆ ਕਰਵਾਈ ਜਾ ਰਹੀ ਹੈ ਪਰ ਲੋਕਾਂ ਦੀਆਂ ਸਹੂਲਤਾਂ ਨੂੰ ਨਜ਼ਰ-ਅੰਦਾਜ਼ ਨਹੀਂ ਕੀਤਾ ਜਾ ਰਿਹਾ। ਰੋਜ਼ਾਨਾ ਦਾ ਮੈਨਿਊ ਕਾਰਡ ਵੱਖਰਾ ਹੈ। ਇੱਥੇ ਐਤਵਾਰ ਨੂੰ ਆਲੂ-ਪੂਰੀ ਅਤੇ ਬੁੱਧਵਾਰ ਨੂੰ ਰਾਜਮਾਂਹ-ਚੌਲ ਦਾ ਪ੍ਰਬੰਧ ਹੈ। ਵੀਰਵਾਰ, ਸ਼ੁੱਕਰਵਾਰ ਨੂੰ ਮੌਸਮੀ ਸਬਜ਼ੀ ਤੇ ਦਾਲ ਬਣਾਈ ਜਾਂਦੀ ਹੈ। 

ਇਸ ਤਰ੍ਹਾਂ ਹੈ ਮੈਨਿਊ ਕਾਰਡ-

ਐਤਵਾਰ ਪੂੜੀ, ਆਲੂ, ਛੋਲੇ, ਸਪੈਸ਼ਲ ਹਲਵਾ
ਸੋਮਵਾਰ ਹਰੀ ਮੂੰਗੀ ਦੀ ਦਾਲ, ਚੌਲ, ਰੋਟੀ, ਅਚਾਰ
ਮੰਗਲਵਾਰ ਛੋਲਿਆਂ ਦੀ ਦਾਲ, ਚੌਲ, ਰੋਟੀ, ਅਚਾਰ
ਬੁੱਧਵਾਰ ਮਾਂਹ ਦੀ ਦਾਲ, ਰਾਜਮਾਂਹ, ਚੌਲ, ਰੋਟੀ, ਅਚਾਰ
ਵੀਰਵਾਰ ਤੇ ਸ਼ੁੱਕਰਵਾਰ ਮੌਸਮੀ ਸਬਜ਼ੀ, ਰੋਟੀ ਤੇ ਚੌਲ
ਸ਼ਨੀਵਾਰ ਕਾਲੇ ਛੋਲੇ ਤੇ ਆਲੂ, ਚੌਲ, ਰੋਟੀ, ਅਚਾਰ।

 


Related News