ਚੌਧਰੀ ਦੇ ਸਵਾਗਤ ''ਚ ਕਾਂਗਰਸੀ ਵਰਕਰਾਂ ਨੇ ਉਡਾਈਆ ਕਾਨੂੰਨ ਦੀਆਂ ਧੱਜੀਆ
Friday, Apr 05, 2019 - 01:19 PM (IST)
ਜਲੰਧਰ (ਸੋਨੂੰ ਮਹਾਜਨ) : ਜਲੰਧਰ ਦੇ ਸਿਟੀ ਰੇਲਵੇ ਸਟੇਸ਼ਨ 'ਤੇ ਕਾਂਗਰਸੀ ਵਰਕਰਾਂ ਵਲੋਂ ਜੀਅ ਭਰ ਕੇ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਗਈਆਂ। ਆਲਮ ਇਹ ਸੀ ਕਿ ਸੈਂਕੜਿਆਂ ਦੀ ਗਿਣਤੀ 'ਚ ਕਾਂਗਰਸੀ ਵਰਕਰਾਂ ਨੇ ਰੇਲਵੇ ਸਟੇਸ਼ਨ 'ਤੇ ਪੈਰ ਧਰਨ ਦੀ ਵੀ ਜਗ੍ਹਾ ਨਾ ਛੱਡੀ। ਦਰਅਸਲ, ਇਹ ਸਾਰੇ ਲੋਕ ਆਪਣੇ ਅਜ਼ੀਜ਼ ਲੀਡਰ ਸੰਤੋਖ ਸਿੰਘ ਚੌਧਰੀ ਨੂੰ ਲੋਕ ਸਭਾ ਟਿਕਟ ਮਿਲਣ ਮਗਰੋਂ ਉਨ੍ਹਾਂ ਦੇ ਸਵਾਗਤ ਲਈ ਇਥੇ ਪਹੁੰਚੇ ਪਰ ਕਾਨੂੰਨ ਤੇ ਸੁਰੱਖਿਆ ਨੂੰ ਛਿੱਕੇ ਟੰਗ ਕਾਂਗਰਸੀਆਂ ਨੇ ਡ੍ਰੋਨ ਉਡਾਇਆ ਤੇ ਬਿਨਾਂ ਪਲੇਟਫਾਰਮ ਟਿਕਟ ਲਏ ਰੇਲਵੇ ਸਟੇਸ਼ਨ ਅੰਦਰ ਦਾਖਲ ਵੀ ਹੋ ਗਏ। ਇਸ ਦੌਰਾਨ ਜਦੋਂ ਇਨ੍ਹਾਂ ਤੋਂ ਪਲੇਟਫਾਰਮ ਟਿਕਟ ਬਾਰੇ ਪੁੱਛਿਆ ਗਿਆ ਤਾਂ ਜਵਾਬ ਸੀ ਕਿ ਟਿਕਟ ਨਾਲ ਦੇ ਬੰਦੇ ਕੋਲ ਹੈ।
ਹੋਰ ਤਾਂ ਹੋਰ ਐਕਸ-ਰੇ ਮਸ਼ੀਨ 'ਤੇ ਜਾਂਚ ਤੋਂ ਬਿਨਾਂ ਹੀ ਸਾਮਾਨ ਅੰਦਰ ਲਿਜਾਇਆ ਗਿਆ। ਪਲੇਟਫਾਰਮ 'ਤੇ ਕੁਝ ਵਰਕਰ ਰੇਲਵੇ ਲਾਈਨਾਂ 'ਤੇ ਖਲ੍ਹੋਤੇ ਨਜ਼ਰ ਆਏ। ਇਸ ਸਭ ਬਾਰੇ ਜਦੋਂ ਰੇਲਵੇ ਅਧਿਕਾਰੀ ਨਾਲ ਗੱਲ ਕੀਤੀ ਗਈ ਤਾਂ ਉਹ ਚਾਹ ਦੀਆਂ ਚੁਸਕੀਆਂ ਲੈਂਦੇ ਰਹੇ ਤੇ ਨੋ ਕੁਮੈਂਟਸ ਕਹਿ ਕੇ ਪੱਲਾ ਝਾੜ ਗਏ। ਉਧਰ ਰੇਲਵੇ ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਮੇਨ ਧਿਆਨ ਵੀ.ਆਈ.ਪੀ. ਸਕਿਓਰਿਟੀ ਵੱਲ ਸੀ ਤੇ ਬਾਕੀ ਜਿੰਨਾ ਹੋ ਸਕਿਆ, ਉਨ੍ਹਾਂ ਵਲੋਂ ਕੀਤਾ ਗਿਆ।
ਇਕ ਪਾਸੇ ਚੋਣ ਜ਼ਾਬਤਾ ਲੱਗਾ ਹੋਇਆ ਹੈ ਤੇ ਦੂਜੇ ਪਾਸੇ ਜਲੰਧਰ ਰੇਲਵੇ ਸਟੇਸ਼ਨ ਨੂੰ ਉਡਾਉਣ ਦੀ ਕੁਝ ਦਿਨ ਪਹਿਲਾਂ ਮਿਲੀ ਧਮਕੀ। ਅਜਿਹੇ 'ਚ ਕਾਂਗਰਸੀ ਵਰਕਰਾਂ ਵਲੋਂ ਮਨਜ਼ੂਰੀ ਤੋਂ ਵੱਧ ਇਕੱਠ ਕਰਨਾ ਤੇ ਸੁਰੱਖਿਆ ਨੂੰ ਤਾਕ 'ਤੇ ਰੱਖਣਾ ਕਿਥੋਂ ਤੱਕ ਸਹੀ ਐ? ਇਸਦਾ ਜਵਾਬ ਸ਼ਾਇਦ ਕਿਸੇ ਕੋਲ ਨਹੀਂ।