ਹੁਣ ਤੋਂ ਹੀ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਕਰਨੀਆਂ ਪੈਣਗੀਆਂ ਸ਼ੁਰੂ : ਕੈਪਟਨ

06/07/2019 9:39:48 AM

ਜਲੰਧਰ/ਚੰਡੀਗੜ੍ਹ(ਧਵਨ) : ਲੋਕ ਸਭਾ ਚੋਣਾਂ 'ਚ ਪੰਜਾਬ 'ਚ ਕਾਂਗਰਸ ਨੂੰ ਮਿਲੀ ਜਿੱਤ ਨੂੰ ਦੇਖਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਕਿਹਾ ਕਿ ਜਿੱਤ ਤੋਂ ਬਾਅਦ ਕਾਂਗਰਸ ਮੰਤਰੀ, ਵਿਧਾਇਕਾਂ ਤੇ ਪਾਰਟੀ ਵਰਕਰਾਂ ਕੋਲ ਆਰਾਮ ਨਾਲ ਬੈਠਣ ਦਾ ਸਮਾਂ ਨਹੀਂ ਹੈ ਸਗੋਂ 2022 'ਚ ਹੋਣ ਵਾਲੀਆਂ ਸੂਬਾ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਹੁਣ ਤੋਂ ਹੀ ਸ਼ੁਰੂ ਕਰਨੀਆਂ ਪੈਣਗੀਆਂ। ਪੰਜਾਬ ਦੇ ਸਿੱਖਿਆ ਮੰਤਰੀ ਓ. ਪੀ. ਸੋਨੀ ਨੇ ਵੀਰਵਾਰ ਨੂੰ ਕੈਬਨਿਟ ਬੈਠਕ ਸ਼ੁਰੂ ਹੋਣ ਤੋਂ ਪਹਿਲਾਂ ਹੋਰ ਮੰਤਰੀਆਂ ਨਾਲ ਮਿਲ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲੱਡੂ ਖੁਆਉਂਦੇ ਹੋਏ ਕਿਹਾ ਕਿ ਪੰਜਾਬ ਦੇ ਕਾਂਗਰਸ ਦੀ ਜਿੱਤ ਦਾ ਸਿਹਰਾ ਕੈਪਟਨ ਅਮਰਿੰਦਰ ਸਿੰਘ ਨੂੰ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਹੀ ਦੇਸ਼ 'ਚ ਇਕਲੌਤਾ ਅਜਿਹਾ ਸੂਬਾ ਸੀ, ਜਿਸ ਨੇ ਮੋਦੀ ਲਹਿਰ ਨੂੰ ਰੋਕਣ 'ਚ ਕਾਮਯਾਬੀ ਹਾਸਲ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਹੁਣ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਪਾਰਟੀ ਨੂੰ ਹੋਰ ਜ਼ਿਆਦਾ ਸਾਵਧਾਨ ਹੋਣ ਦੀ ਲੋੜ ਹੈ ਤੇ ਉਸ ਨੂੰ ਲੋਕਾਂ ਦੀਆਂ ਉਮੀਦਾਂ 'ਤੇ ਪੂਰਾ ਉਤਰਨ ਲਈ ਹੁਣ ਤੋਂ ਹੀ ਮਿਹਨਤ ਕਰਨੀ ਹੋਵੇਗੀ। ਮੁੱਖ ਮੰਤਰੀ ਨੇ ਲੋਕ ਸਭਾ ਦੀਆਂ ਚੋਣਾਂ 'ਚ ਕਾਂਗਰਸ ਨੂੰ ਦਿੱਤੇ ਸਹਿਯੋਗ ਲਈ ਜਨਤਾ ਦਾ ਧੰਨਵਾਦ ਜਤਾਉਂਦੇ ਹੋਏ ਕਿਹਾ ਕਿ ਅਗਲੇ 6 ਮਹੀਨਿਆਂ 'ਚ ਸਰਕਾਰ ਦੇ ਸਾਰੇ ਲੋਕਪ੍ਰਿਯ ਪ੍ਰੋਗਰਾਮਾਂ ਨੂੰ ਪੂਰਾ ਕਰ ਦਿੱਤਾ ਜਾਵੇਗਾ।

ਸ਼ਹਿਰੀ ਵੋਟਰਾਂ ਦਾ ਭਰੋਸਾ ਜਿੱਤਣ ਲਈ ਸ਼ਹਿਰੀ ਹਲਕਿਆਂ ਵੱਲ ਧਿਆਨ ਦਿੱਤਾ ਜਾਵੇਗਾ
ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਹੁਣ ਸ਼ਹਿਰੀ ਵੋਟਰਾਂ ਦਾ ਭਰੋਸਾ ਜਿੱਤਣ ਲਈ ਧਿਆਨ ਦੇਣ ਦੀ ਲੋੜ ਹੈ ਅਤੇ ਇਸ ਲਈ ਵਿਕਾਸ ਪ੍ਰੋਗਰਾਮਾਂ ਨੂੰ ਮਜ਼ਬੂਤੀ ਨਾਲ ਲਾਗੂ ਕੀਤਾ ਜਾਵੇਗਾ। ਸ਼ਹਿਰੀ ਇਲਾਕਿਆਂ 'ਚ ਮੁੱਢਲੇ ਢਾਂਚੇ ਨੂੰ ਮਜ਼ਬੂਤ ਕਰਨ ਤੇ ਸ਼ਹਿਰੀਆਂ ਨੂੰ ਹੋਰ ਜ਼ਿਆਦਾ ਸਹੂਲਤਾਂ ਦਿੱਤੀਆਂ ਜਾਣਗੀਆਂ। ਇਸ ਵਿਚਾਲੇ ਮੁੱਖ ਮੰਤਰੀ ਨੇ ਇਕ ਕਮੇਟੀ ਦਾ ਗਠਨ ਕੀਤਾ ਹੈ, ਜਿਸ 'ਚ ਕੈਬਨਿਟ ਮੰਤਰੀ ਤ੍ਰਿਪਤ ਬਾਜਵਾ ਤੇ ਵਿੱਤ ਮੰਤਰੀ ਨੂੰ ਸ਼ਾਮਲ ਕੀਤਾ ਹੈ, ਜੋ ਵਿਕਾਸ ਕਾਰਜਾਂ 'ਚ ਆਉਣ ਵਾਲੀਆਂ ਰੁਕਾਵਟਾਂ ਨੂੰ ਦੂਰ ਕਰਨ ਲਈ ਕੰਮ ਕਰੇਗੀ।


cherry

Content Editor

Related News