ਭਾਜਪਾ ਨੂੰ ਦਿੱਲੀ ''ਚ ਅਕਾਲੀ ਦਲ ਦਾ ਸਾਥ ਬਨਾਮ ਡੁੱਬਦੇ ਨੂੰ ਤਿਣਕੇ ਦਾ ਸਹਾਰਾ

01/30/2020 9:18:01 AM

ਜਲੰਧਰ (ਬੁਲੰਦ) : ਦਿੱਲੀ ਵਿਧਾਨ ਸਭਾ ਚੋਣਾਂ ਦਰਮਿਆਨ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਤਰੇੜ ਵਧਦੀ ਜਾ ਰਹੀ ਹੈ। ਇਸ ਨੂੰ ਰੋਕਣ ਲਈ ਆਖਰ ਬੀਤੇ ਦਿਨ ਸੁਖਬੀਰ ਸਿੰਘ ਬਾਦਲ ਨੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ. ਪੀ. ਨੱਢਾ ਨਾਲ ਕਈ ਘੰਟੇ ਮੀਟਿੰਗ ਕਰਨ ਉਪਰੰਤ ਇਕ ਪ੍ਰੈੱਸ ਕਾਨਫਰੰਸ ਦੌਰਾਨ ਐਲਾਨ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਭਾਵੇਂ ਹਰਿਆਣਾ ਜਾਂ ਦਿੱਲੀ ਵਿਚ ਇਕ-ਦੂਜੇ ਨਾਲ ਨਹੀਂ ਖੜ੍ਹੇ ਹੋਏ ਪਰ ਉਨ੍ਹਾਂ ਦਾ ਗੱਠਜੋੜ ਅਟੁੱਟ ਹੈ। ਸੁਖਬੀਰ ਨੇ ਇਸ ਮੌਕੇ ਇਸ ਗੱਠਜੋੜ ਨੂੰ ਜ਼ਰੂਰਤ ਦਾ ਨਹੀਂ, ਸਗੋਂ ਭਾਵਨਾ ਦਾ ਰਿਸ਼ਤਾ ਦੱਸਿਆ ਅਤੇ ਐਲਾਨ ਕੀਤਾ ਕਿ ਦਿੱਲੀ 'ਚ ਸ਼੍ਰੋਮਣੀ ਅਕਾਲੀ ਦਲ ਦੀ ਸਾਰੀ ਇਕਾਈ ਤੇ ਵਰਕਰ ਭਾਜਪਾ ਨੂੰ ਸਮਰਥਨ ਦੇਣਗੇ ਪਰ ਕੀ ਇਹ ਹੈ ਸੱਚ ਜੋ ਸੁਖਬੀਰ ਨੇ ਕਿਹਾ। ਮਾਮਲੇ ਬਾਰੇ ਜਦੋਂ ਸਾਡੀ ਟੀਮ ਨੇ ਦਿੱਲੀ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਨਾਲ ਗੱਲ ਕੀਤੀ ਤਾਂ ਵੇਖਿਆ ਕਿ ਸੁਖਬੀਰ ਦੀ ਟਿੱਪਣੀ 'ਤੇ ਦਿੱਲੀ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੀਆਂ ਗੱਲਾਂ ਵਿਚ ਵੱਡਾ ਫਰਕ ਹੈ।

ਉਥੇ ਭਾਜਪਾ ਨੂੰ ਜਿਸ ਤਰ੍ਹਾਂ ਦਿੱਲੀ ਵਿਚ ਲੋਕਾਂ ਦਾ ਠੰਡਾ ਸਾਥ ਮਿਲ ਰਿਹਾ ਹੈ ਉਸ ਨਾਲ ਭਾਜਪਾ ਲਈ ਵੀ ਇਹ ਜ਼ਰੂਰੀ ਹੋ ਗਿਆ ਸੀ ਕਿ ਆਪਣੇ ਗੱਠਜੋੜ ਦੇ ਸਹਿਯੋਗੀਆਂ ਦੀ ਨਾਰਾਜ਼ਗੀ ਮੁੱਲ ਨਾ ਲਈ ਜਾਵੇ। ਅਜਿਹੇ ਵਿਚ ਭਾਜਪਾ ਹਾਈਕਮਾਨ ਨੇ ਪਹਿਲਾਂ ਸਿੱਖ ਆਗੂ ਸਰਨਾ ਨੂੰ ਆਪਣੇ ਵੱਲ ਕੀਤਾ ਤੇ ਬੀਤੇ ਦਿਨ ਮਨਜੀਤ ਸਿੰਘ ਜੀ. ਕੇ. ਕੋਲੋਂ ਭਾਜਪਾ ਨੂੰ ਸਮਰਥਨ ਦਾ ਐਲਾਨ ਕਰਵਾ ਕੇ ਸਾਬਤ ਕਰ ਦਿੱਤਾ ਕਿ ਸੁਖਬੀਰ ਬਾਦਲ ਆਪਣੀ ਪਾਰਟੀ ਦਾ ਸਮਰਥਨ ਨਾ ਦੇ ਕੇ ਭਾਜਪਾ ਨਾਲ ਮੁਫਤ ਦੀ ਦੁਸ਼ਮਣੀ ਮੁੱਲ ਲੈ ਰਹੇ ਹਨ। ਆਖਿਰ ਸੁਖਬੀਰ ਨੇ ਵੀ ਸ਼ਾਮ ਹੁੰਦਿਆਂ ਹੀ ਭਾਜਪਾ ਨੂੰ ਸਮਰਥਨ ਦਾ ਐਲਾਨ ਕਰ ਕੇ ਡੁੱਬਦੇ ਨੂੰ ਤਿਣਕੇ ਦਾ ਸਹਾਰਾ ਦੇਣ ਵਿਚ ਭਲਾਈ ਸਮਝੀ।

50 ਫੀਸਦੀ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਨਹੀਂ ਦੇਣਗੇ ਭਾਜਪਾ ਦਾ ਸਾਥ
ਮਾਮਲੇ ਬਾਰੇ ਜਦੋਂ ਦਿੱਲੀ ਦੇ ਅਕਾਲੀ ਦਲ ਦੇ ਵਰਕਰਾਂ ਤੇ ਆਗੂਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਵਿਚੋਂ ਅੱਧਿਆਂ ਨੇ ਸਪੱਸ਼ਟ ਕਿਹਾ ਕਿ ਜਿਸ ਤਰ੍ਹਾਂ ਭਾਜਪਾ ਨੇ ਚੋਣਾਂ ਦੇ ਐਲਾਨ ਤੋਂ ਬਾਅਦ ਅਕਾਲੀ ਦਲ ਨਾਲ ਸਲੂਕ ਕੀਤਾ ਹੈ ਅਤੇ ਅਕਾਲੀ ਦਲ ਦੇ ਆਗੂਆਂ ਦੀ ਬਣੀ-ਬਣਾਈ ਚੋਣ ਜ਼ਮੀਨ ਉਨ੍ਹਾਂ ਦੇ ਪੈਰਾਂ ਹੇਠੋਂ ਖਿਸਕ ਗਈ ਹੈ। ਉਸ ਤੋਂ ਬਾਅਦ ਇਹ ਸੰਭਵ ਨਹੀਂ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਭਾਜਪਾ ਦਾ ਸਾਥ ਦੇਣ। ਇਕ ਅਕਾਲੀ ਆਗੂ ਨੇ ਕਿਹਾ ਕਿ ਕਿਉਂਕਿ ਪਾਰਟੀ ਪ੍ਰਧਾਨ ਨੇ ਭਾਜਪਾ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ ਤਾਂ ਇੰਨਾ ਜ਼ਰੂਰ ਹੋਵੇਗਾ ਕਿ ਜਿਨ੍ਹਾਂ ਸੀਟਾਂ 'ਤੇ ਸਿੱਖ ਉਮੀਦਵਾਰ ਹੋਣਗੇ ਉਥੇ ਅਕਾਲੀ ਦਲ ਦੀ ਵੋਟ ਭਾਜਪਾ ਦੇ ਸਿੱਖ ਉਮੀਦਵਾਰ ਨਾਲ ਵੰਡੀ ਜਾਵੇ ਪਰ ਜਿਨ੍ਹਾਂ ਸੀਟਾਂ 'ਤੇ ਭਾਜਪਾ ਨੇ ਹਿੰਦੂ ਉਮੀਦਵਾਰ ਖੜ੍ਹੇ ਕੀਤੇ ਹਨ ਉਥੇ ਸ਼੍ਰੋਮਣੀ ਅਕਾਲੀ ਦਲ ਦੀ ਵੋਟ ਕਿਸੇ ਹਾਲਤ ਵਿਚ ਭਾਜਪਾ ਦੇ ਖਾਤੇ ਵਿਚ ਨਹੀਂ ਜਾਵੇਗੀ।  ਉਥੇ ਵੋਟ ਤੁਹਾਨੂੰ ਪਵੇਗੀ ਅਤੇ ਇਸ ਗੱਲ ਦਾ ਪਾਰਟੀ ਪ੍ਰਧਾਨ ਨੂੰ ਵੀ ਪਤਾ ਹੈ।

ਜੀ. ਕੇ. ਨੂੰ ਲੈ ਕੇ ਅਕਾਲੀ ਦਲ ਸ਼ਸ਼ੋਪੰਜ 'ਚ
ਅੱਜ ਸਵੇਰੇ ਦਿੱਲੀ ਵਿਚ ਡੀ. ਐੱਸ. ਜੀ. ਐੱਮ. ਸੀ. ਦੇ ਸਾਬਕਾ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਆਗੂ ਮਨਜੀਤ ਸਿੰਘ ਜੀ. ਕੇ. ਨੇ ਜਿਵੇਂ ਹੀ ਭਾਜਪਾ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਵਿਚ ਹਲਚਲ ਤੇਜ਼ ਹੋ ਗਈ। ਦੋ ਦਿਨਾਂ ਤੋਂ ਅਮਿਤ ਸ਼ਾਹ ਸੁਖਬੀਰ ਨੂੰ ਮਿਲਣ ਦਾ ਸਮਾਂ ਨਹੀਂ ਦੇ ਰਹੇ ਸਨ। ਅਜਿਹੇ ਵਿਚ ਸ਼੍ਰੋਮਣੀ ਅਕਾਲੀ ਦਲ ਹਾਈ ਕਮਾਨ ਨੇ ਨੱਢਾ ਨਾਲ ਮੀਟਿੰਗ ਤੈਅ ਕੀਤੀ ਅਤੇ ਕੁਝ ਸਮਾਂ ਮੀਟਿੰਗ ਕਰ ਕੇ ਭਾਜਪਾ ਨੂੰ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ। ਮਾਮਲੇ ਬਾਰੇ ਜਾਣਕਾਰ ਸੂਤਰ ਦੀ ਮੰਨੀਏ ਤਾਂ ਜੀ. ਕੇ. ਕੋਲੋਂ ਸਮਰਥਨ ਦਾ ਐਲਾਨ ਕਰਵਾਉੁਣ ਪਿੱਛੇ ਭਾਜਪਾ ਹਾਈਕਮਾਨ ਦੀ ਜੋ ਚਾਲ ਸੀ ਉਹ ਸਫਲ ਹੋਈ। ਭਾਜਪਾ ਨੂੰ ਜੀ. ਕੇ. ਦੇ ਸਮਰਥਨ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਸਕਤੇ ਵਿਚ ਆ ਜਾਣਾ ਤੇ ਫਿਰ ਜਲਦਬਾਜ਼ੀ ਵਿਚ ਭਾਜਪਾ ਨੂੰ ਸਮਰਥਨ ਦੇਣ ਦਾ ਐਲਾਨ ਕਰਨਾ ਹੀ ਭਾਜਪਾ ਹਾਈਕਮਾਨ ਦੀ ਕੂਟਨੀਤੀ ਦਾ ਹਿੱਸਾ ਸੀ। ਭਾਜਪਾ ਨੂੰ ਅਕਾਲੀ ਦਲ ਦੇ ਸਮਰਥਨ ਦੇ ਐਲਾਨ ਦੇ ਨਾਲ ਹੀ ਸੁਖਬੀਰ ਨੇ ਸੀ. ਏ. ਏ. ਦਾ ਸਮਰਥਨ ਵੀ ਕਰ ਦਿੱਤਾ ਅਤੇ ਸਾਫ ਕਿਹਾ ਕਿ ਉਹ ਪਹਿਲੇ ਦਿਨ ਤੋਂ ਹੀ ਸੀ. ਏ. ਏ. ਦੇ ਹੱਕ ਵਿਚ ਸਨ।

ਭਾਜਪਾ ਦੀ ਚਾਲ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਘੱਟ ਗਿਣਤੀ ਫਿਰਕਿਆਂ ਦੇ ਪੱਖ ਵਿਚ ਹੋਣ ਦਾ ਟੈਗ ਹਟਿਆ
ਭਾਜਪਾ ਵਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਦਿੱਲੀ ਵਿਚ ਸੀਟਾਂ ਜ਼ਿਆਦਾ ਦੇਣ ਦੀ ਬਜਾਏ ਇਕ ਸੀਟ ਦੇਣ ਦੇ ਪ੍ਰਸਤਾਵ ਤੋਂ ਬਾਅਦ ਭੜਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਦਿੱਲੀ ਵਿਚ ਚੋਣ ਨਾ ਲੜਨ ਦਾ ਐਲਾਨ ਕੀਤਾ ਪਰ ਸਿਆਸੀ ਚਾਲ ਚਲਦੇ ਹੋਏ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਖੁਦ ਨੂੰ ਘੱਟ ਗਿਣਤੀ ਫਿਰਕੇ ਦਾ ਹਮਾਇਤੀ ਦਿਖਾਉਣ ਪਿੱਛੇ ਜੀ. ਕੇ. ਦਾ ਸਮਰਥਨ ਦਾ ਐਲਾਨ ਕਰਨ ਦੇ ਪਿੱਛੇ ਭਾਜਪਾ ਹਾਈਕਮਾਨ ਦੀ ਚਾਲ ਸਫਲ ਹੋਈ। ਭਾਜਪਾ ਨੂੰ ਜੀ. ਕੇ. ਦੇ ਸਮਰਥਨ ਨਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਸਕਤੇ ਵਿਚ ਆਉੁਣਾ ਫਿਰ ਜਲਦਬਾਜ਼ੀ 'ਚ ਭਾਜਪਾ ਨੂੰ ਸਮਰਥਨ ਦੇਣ ਦਾ ਐਲਾਨ ਕਰਨਾ ਹੀ ਭਾਜਪਾ ਹਾਈਕਮਾਨ ਦੀ ਕੂਟਨੀਤੀ ਦਾ ਹਿੱਸਾ ਸੀ। ਭਾਜਪਾ ਦੇ ਅਕਾਲੀ ਦਲ ਦੇ ਸਮਰਥਨ ਦੇ ਐਲਾਨ ਦੇ ਨਾਲ ਹੀ ਸੁਖਬੀਰ ਨੇ ਸੀ. ਏ. ਏ. ਦਾ ਸਮਰਥਨ ਵੀ ਕਰ ਦਿੱਤਾ ਅਤੇ ਸਾਫ ਕਿਹਾ ਕਿ ਉਹ ਪਹਿਲੇ ਦਿਨ ਤੋਂ ਸੀ. ਏ. ਏ. ਦੇ ਹੱਕ ਵਿਚ ਸਨ।

ਪ੍ਰੈੱਸ ਕਾਨਫਰੰਸ 'ਚ ਪਿੱਛੇ ਬਿਠਾਏ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ, ਸਕੱਤਰ ਤੇ ਡੀ. ਐੱਸ. ਜੀ. ਐੱਮ. ਸੀ. ਪ੍ਰਧਾਨ
ਦਿੱਲੀ ਵਿਚ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ. ਪੀ. ਨੱਢਾ ਨਾਲ ਲੰਬੀ ਮੀਟਿੰਗ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਭਾਜਪਾ ਦੀ ਸਾਂਝੀ ਕਾਨਫਰੰਸ ਵਿਚ ਅਜਿਹਾ ਪਹਿਲੀ ਵਾਰ ਦੇਖਿਆ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦਿੱਲੀ ਇਕਾਈ ਦੇ ਪ੍ਰਧਾਨ, ਸਕੱਤਰ ਅਤੇ ਡੀ. ਐੱਸ. ਜੀ. ਐੱਮ. ਸੀ. ਦੇ ਪ੍ਰਧਾਨ ਆਪਣੇ ਨਾਲ ਨਾ ਬਿਠਾ ਕੇ ਪਿਛਲੀ ਕਤਾਰ ਵਿਚ ਬਿਠਾਇਆ ਗਿਆ ਜਿਸ ਨਾਲ ਕਈ ਸ਼੍ਰੋਮਣੀ ਅਕਾਲੀ ਦਲ ਬਾਦਲ ਆਗੂਆਂ ਦੇ ਚਿਹਰੇ ਮੁਰਝਾ ਗਏ। ਉਨ੍ਹਾਂ ਵਿਚ ਨਿਰਾਸ਼ਾ ਦੇਖਣ ਨੂੰ ਮਿਲੀ। ਜਾਣਕਾਰੀ ਅਨੁਸਾਰ ਭਾਜਪਾ ਨਾਲ ਮੀਟਿੰਗ ਦੌਰਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਸਾਫ ਕਿਹਾ ਗਿਆ ਕਿ ਜੇਕਰ ਬਿਨਾਂ ਸ਼ਰਤ ਸਮਰਥਨ ਦੇਣਾ ਹੈ ਤਾਂ ਤੁਸੀਂ ਆਪਣੇ ਰਸਤੇ ਤੇ ਅਸੀਂ ਆਪਣੇ ਰਸਤੇ। ਅਜਿਹੇ ਵਿਚ ਸ਼੍ਰੋਮਣੀ ਅਕਾਲੀ ਦਲ ਕੋਲ ਕੋਈ ਹੋਰ ਚਾਰਾ ਹੀ ਨਹੀਂ ਬਚਿਆ ਸੀ ਕਿ ਉਹ ਭਾਜਪਾ ਨੂੰ ਸਮਰਥਨ ਨਾ ਦਿੰਦੇ ਕਿਉਂਕਿ ਭਾਜਪਾ ਨੇ ਦਿੱਲੀ ਵਿਚ ਸਿੱਖਾਂ ਦੇ ਮੁੱਖ ਆਗੂਆਂ ਮਨਜੀਤ ਸਿੰਘ ਜੀ. ਕੇ. ਤੇ ਪਰਮਜੀਤ ਸਿੰਘ ਸਰਨਾ ਨੂੰ ਆਪਣੇ ਹੱਕ ਵਿਚ ਪਹਿਲਾਂ ਹੀ ਕਰ ਲਿਆ ਸੀ। ਅਜਿਹੇ ਵਿਚ ਜੇਕਰ ਸੁਖਬੀਰ ਭਾਜਪਾ ਨੂੰ ਸਮਰਥਨ ਨਾ ਦਿੰਦੇ ਤਾਂ ਉਨ੍ਹਾਂ ਦਾ ਹੀ ਨੁਕਸਾਨ ਸੀ ਕਿਉਂਕਿ ਉਹ ਜਾਣਦੇ ਸਨ ਕਿ ਉਨ੍ਹਾਂ ਦਾ ਛੋਟਾ ਜਿਹਾ ਸ਼੍ਰੋਮਣੀ ਅਕਾਲੀ ਦਲ ਬਾਦਲ ਵੋਟ ਬੈਂਕ ਨਾ ਤਾਂ ਭਾਜਪਾ ਨੂੰ ਕੋਈ ਨੁਕਸਾਨ ਕਰ ਸਕਦਾ ਹੈ ਤੇ ਨਾ ਹੀ ਜਿੱਤ ਦਾ ਕਾਰਣ ਬਣ ਸਕਦਾ ਹੈ ਇਸ ਲਈ ਸਮਰਥਨ ਦੇਣ ਵਿਚ ਹੀ ਭਲਾਈ ਹੈ।


Baljeet Kaur

Content Editor

Related News