2018 ''ਚ ਜਲੰਧਰ ਦੇ 92 ਲੋਕ ਗਾਇਬ

Wednesday, Feb 13, 2019 - 09:10 AM (IST)

2018 ''ਚ ਜਲੰਧਰ ਦੇ 92 ਲੋਕ ਗਾਇਬ

ਜਲੰਧਰ (ਜ. ਬ.) : ਜਲੰਧਰ 'ਚ ਸਾਲ 2018 ਵਿਚ ਲਗਭਗ 92 ਲੋਕ ਗਾਇਬ ਹੋ ਗਏ। ਇਹ  ਅੰਕੜੇ ਜਲੰਧਰ ਪੁਲਸ ਦੀ ਵੈੱਬਸਾਈਟ ਦੱਸ ਰਹੀ ਹੈ। ਵੈੱਬਸਾਈਟ ਅਨੁਸਾਰ ਸਭ ਤੋਂ ਜ਼ਿਆਦਾ  ਲੋਕ ਕੈਂਟ ਅਤੇ ਸਦਰ ਇਲਾਕੇ ਤੋਂ ਗਾਇਬ ਹੋਏ। ਲਾਪਤਾ ਹੋਏ ਲੋਕਾਂ 'ਚ ਇਕ ਫੌਜੀ, ਆਰਮੀ  ਅਧਿਕਾਰੀ ਦੀ ਪਤਨੀ ਅਤੇ ਪੀ. ਏ. ਪੀ. ਵਿਚ ਤਾਇਨਾਤ ਮੁਲਾਜ਼ਮ ਵੀ ਸ਼ਾਮਲ ਹੈ, ਜਦੋਂਕਿ 8  ਬੱਚੇ ਲਾਪਤਾ ਲੋਕਾਂ ਦੀ ਸੂਚੀ 'ਚ ਸ਼ਾਮਲ ਹਨ। ਜਲੰਧਰ ਪੁਲਸ ਦੀ ਵੈੱਬਸਾਈਟ ਅਨੁਸਾਰ  ਜਨਵਰੀ 2017 ਤੋਂ ਲੈ ਕੇ ਦਸੰਬਰ 2018 ਤੱਕ 92 ਜਲੰਧਰ ਵਾਸੀ ਗਾਇਬ ਹੋਏ। ਇਕ ਸਾਲ ਵਿਚ 36  ਮਰਦ, 48 ਔਰਤਾਂ ਤੇ 8 ਬੱਚੇ ਲਾਪਤਾ ਹੋਣ ਦੀ ਡੀ. ਡੀ. ਆਰ. ਦਰਜ ਕੀਤੀ ਗਈ। ਸਭ ਤੋਂ  ਜ਼ਿਆਦਾ ਅੰਕੜੇ ਸਦਰ ਤੇ ਕੈਂਟ ਦੇ ਪੁਲਸ ਸਟੇਸ਼ਨ ਆਊਟ ਰੀਚ ਸੈਂਟਰ (ਪੀ. ਐੱਸ. ਓ. ਸੀ.)  ਵਿਚ ਦਰਜ ਹਨ। ਕੈਂਟ ਪੀ. ਐੱਸ. ਓ. ਸੀ. ਵਿਚ 2018 ਵਿਚ 43 ਤੇ ਸਦਰ ਪੀ. ਐੱਸ. ਓ. ਸੀ.  ਵਿਚ 32 ਲੋਕਾਂ ਦੇ ਲਾਪਤਾ ਹੋਣ ਦੀ ਡੀ. ਡੀ. ਆਰ. ਦਰਜ ਹੈ। 

ਇਸੇ ਤਰ੍ਹਾਂ ਥਾਣਾ-2 ਦੇ  ਪੀ. ਐੱਸ. ਓ. ਸੀ. ਵਿਚ 4 ਅਤੇ ਥਾਣਾ-4 ਦੇ ਪੀ. ਐੱਸ. ਓ. ਸੀ. ਵਿਚ 13 ਲੋਕਾਂ  ਦੇ  ਲਾਪਤਾ ਹੋਣ ਦੀ ਡੀ. ਡੀ. ਆਰ. ਦਰਜ ਕੀਤੀ ਗਈ ਹੈ। ਥਾਣਾ-1 ਤੋਂ ਸਿਰਫ ਇਕ ਹੀ ਵਿਅਕਤੀ ਦੇ  ਲਾਪਤਾ ਹੋਣ ਦੀ ਡੀ. ਡੀ. ਆਰ. ਦਰਜ ਹੈ। ਲਾਪਤਾ ਸੂਚੀ ਵਿਚ ਫੌਜੀ ਸਤਨਾਮ ਸਿੰਘ ਦਾ ਨਾਂ ਵੀ ਸ਼ਾਮਲ ਹੈ, ਜੋ ਕੈਂਟ ਤੋਂ 9 ਦਸੰਬਰ 2018 ਤੋਂ ਲਾਪਤਾ ਹੋ ਗਿਆ। ਪੀ. ਏ. ਪੀ. ਤੋਂ  ਹਰਜੀਤ 13.12.18 ਨੂੰ ਲਾਪਤਾ ਹੋਇਆ ਸੀ। ਉਦੈਪੁਰ ਤੋਂ ਦੋ ਸਾਲ ਤੇ 6 ਸਾਲ ਦੇ ਸਕੇ  ਭਰਾ ਆਪਣੀ ਮਾਂ ਸਣੇ ਗਾਇਬ ਹਨ। ਹਾਲਾਂਕਿ ਕਈ ਥਾਣਿਆਂ ਦੇ ਪੀ. ਐੱਸ. ਓ. ਸੀ. ਨੇ ਲਾਪਤਾ  ਲੋਕਾਂ ਦੀ ਸੂਚੀ ਪੁਲਸ ਦੀ ਵੈੱਬਸਾਈਟ 'ਚ ਅਪਡੇਟ ਨਹੀਂ ਕੀਤੀ।

ਔਰਤਾਂ ਦੇ ਨਾਂ ਅੱਗੇ ਮਰਦਾਂ ਦੀਆਂ ਲਾ ਦਿੱਤੀਆਂ ਤਸਵੀਰਾਂ
ਜਲੰਧਰ ਕਮਿਸ਼ਨਰੇਟ ਪੁਲਸ ਦੀ ਵੈੱਬਸਾਈਟ 'ਤੇ ਅਪਡੇਟ ਕੀਤੀ ਗਈ ਮਿਸਿੰਗ ਲੋਕਾਂ ਦੀ ਲਿਸਟ ਤਿਆਰ  ਕਰਨ 'ਚ ਕਾਫੀ ਲਾਪ੍ਰਵਾਹੀ ਵਰਤੀ ਗਈ। ਇਕ ਹੀ ਨੌਜਵਾਨ ਦੀ ਫੋਟੋ ਲਾਪਤਾ ਹੋਏ ਕਈ ਲੋਕਾਂ  ਦੇ ਨਾਂ ਅੱਗੇ ਲਾ ਦਿੱਤੀ, ਜਦੋਂਕਿ ਲਾਪਤਾ ਔਰਤਾਂ ਤੇ ਲੜਕੀਆਂ ਦੇ ਨਾਂ ਅੱਗੇ ਵੀ ਮਰਦਾਂ  ਦੀ ਤਸਵੀਰ ਲਾਈ ਹੋਈ ਹੈ।

ਵੈੱਬਸਾਈਟ ਦੇ ਅੰਕੜਿਆਂ ਨਾਲ ਮੇਲ ਨਹੀਂ ਖਾਂਦੇ ਡੀ. ਸੀ. ਦੇ ਬਿਆਨ
ਇਕ  ਸਾਲ ਵਿਚ 92 ਲੋਕਾਂ ਦੇ ਲਾਪਤਾ ਹੋਣ ਬਾਰੇ ਜਦੋਂ ਡੀ. ਸੀ. ਪੀ. ਪਰਮਵੀਰ ਸਿੰਘ ਪਰਮਾਰ  ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇੰਨੇ ਲੋਕ ਲਾਪਤਾ ਨਹੀਂ ਹੋ ਸਕਦੇ, 2-4 ਲੋਕ  ਹੀ ਲਾਪਤਾ ਹੋਣਗੇ। ਡੀ. ਸੀ. ਪੀ. ਪਰਮਾਰ ਨੂੰ ਜਦੋਂ ਵੈੱਬਸਾਈਟ ਦੇ ਅੰਕੜੇ ਦੱਸੇ ਤਾਂ  ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਕਿ ਮਿਸਿੰਗ ਲੋਕਾਂ ਦੇ ਮਿਲਣ ਤੋਂ ਬਾਅਦ ਵੈੱਬਸਾਈਟ  ਅਪਡੇਟ ਨਾ ਕੀਤੀ ਗਈ ਹੋਵੇ। ਹੈਰਾਨੀ ਦੀ ਗੱਲ ਹੈ ਕਿ ਹਾਈਟੈੱਕ ਕਮਿਸ਼ਨਰੇਟ ਪੁਲਸ ਆਪਣੀ  ਵੈੱਬਸਾਈਟ ਨੂੰ ਲੈ ਕੇ ਲਾਪ੍ਰਵਾਹ ਹੈ ਅਤੇ ਇੰਨਾ ਵੀ ਨਹੀਂ ਪਤਾ ਕਿ ਵੈੱਬਸਾਈਟ ਅਪਡੇਟ ਵੀ  ਹੋ ਰਹੀ ਹੈ ਜਾਂ ਨਹੀਂ।

ਬਸਤੀ ਮਿੱਠੂ ਤੋਂ ਤਬਲਾ ਮਾਸਟਰ ਗਾਇਬ
ਹਾਲ ਹੀ 'ਚ  ਬਸਤੀ ਮਿੱਠੂ ਵਿਚ ਤਬਲਾ ਵਜਾਉਣ ਦਾ ਕੰਮ ਕਰਨ ਵਾਲਾ 21 ਸਾਲਾ ਨੌਜਵਾਨ ਸ਼ੱਕੀ ਹਾਲਾਤ ਵਿਚ  ਗਾਇਬ ਹੋ ਗਿਆ। ਬਸਤੀ ਬਾਵਾ ਖੇਲ ਥਾਣੇ ਦੀ ਪੁਲਸ ਨੂੰ ਇਸ ਸਬੰਧੀ ਸ਼ਿਕਾਇਤ ਦਿੱਤੀ ਗਈ  ਹੈ। ਸ਼ਿਕਾਇਤ 'ਚ ਸੁਖਵਿੰਦਰ ਕੌਰ ਨੇ ਕਿਹਾ ਕਿ ਉਸ ਦਾ ਬੇਟਾ ਸਾਗਰ ਸਿੰਘ 1 ਫਰਵਰੀ ਨੂੰ  ਘਰ ਆਇਆ ਸੀ। ਉਹ ਮੋਗਾ 'ਚ ਇਕ ਧਾਰਮਿਕ ਸਥਾਨ 'ਤੇ ਤਬਲਾ ਵਜਾਉਣ ਦਾ ਕੰਮ ਕਰਦਾ ਹੈ। 5  ਫਰਵਰੀ ਦੀ ਸ਼ਾਮ ਨੂੰ ਉਹ ਵਾਪਸ ਮੋਗਾ ਜਾਣ ਦਾ ਕਹਿ ਕੇ ਨਿਕਲਿਆ ਪਰ ਉਥੇ ਪਹੁੰਚਿਆ ਹੀ  ਨਹੀਂ। 2 ਦਿਨ ਬੀਤ ਜਾਣ ਤੋਂ ਬਾਅਦ ਸਾਗਰ ਦਾ ਕੋਈ ਸੁਰਾਗ ਨਾ ਮਿਲਣ 'ਤੇ ਪੁਲਸ  ਨੂੰ ਇਸ  ਸਬੰਧੀ ਸੂਚਨਾ ਦਿੱਤੀ ਗਈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


author

Baljeet Kaur

Content Editor

Related News