ਜਲਾਲਾਬਾਦ ਦੀ ਧੀ ਰੂਪਦੀਪ ਕੌਰ ਬਣੀ DSP, ਕਿਹਾ ਔਰਤਾਂ ਦੇ ਪ੍ਰਤੀ ਅਪਰਾਧ ਨੂੰ ਰੋਕਣਾ ਹੋਵੇਗਾ ਮੁੱਖ ਉਦੇਸ਼
Tuesday, Jun 22, 2021 - 09:22 PM (IST)

ਜਲਾਲਾਬਾਦ(ਹਰੀਸ਼ ਸੇਤੀਆ)- ਜਲਾਲਾਬਾਦ ਸ਼ਹਿਰ, ਜੋ ਅਕਸਰ ਹੀ ਸੁਰਖੀਆਂ ਵਿੱਚ ਰਹਿੰਦਾ ਹੈ ਕਿਉਂਕਿ ਰਾਜਨੀਤਿਕ ਤੋਂ ਲੈ ਕੇ ਸਮਾਜ ਸੇਵਾ ਦੇ ਖੇਤਰ ਵਿਚ ਜਲਾਲਾਬਾਦ ਦੇ ਲੋਕਾਂ ਦਾ ਡੰਕਾ ਵਜਦਾ ਹੈ ਉਥੇ ਹੀ ਬੀਤੇ ਦਿਨੀਂ ਜਲਾਲਾਬਾਦ ਸ਼ਹਿਰ ਦੀ ਤਿੰਨ ਜਮਪਲ ਬੇਟੀਆਂ ਨੇ ਪੰਜਾਬ ਪਬਲਿਕ ਸਰਵਿਸ ਕਮੀਸ਼ਨ ਦੇ ਤਹਿਤ ਪੀ.ਸੀ.ਐਸ. ਪ੍ਰੀਖਿਆ ਦੇ ਆਏ ਨਤੀਜਿਆਂ ਵਿੱਚ ਜਲਾਲਾਬਾਦ ਦਾ ਨਾਮ ਪੂਰੇ ਪੰਜਾਬ ਵਿੱਚ ਰੋਸ਼ਨ ਕੀਤਾ ਹੈ, ਸਗੋਂ ਇਹ ਵੀ ਦੱਸ ਦਿੱਤਾ ਹੈ ਕਿ ਮਿਹਨਤ ਕਰਨ ਵਾਲਿਆਂ ਦੀ ਕਦੇ ਹਾਰ ਨਹੀਂ ਹੁੰਦੀ । ਜਲਾਲਾਬਾਦ ਸ਼ਹਿਰ ਦੀ ਧੀ ਅਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇ ਮੁੱਖ ਸੇਵਾਦਾਰ ਪ੍ਰਤਾਪ ਸਿੰਘ ਖਾਲਸਾ ਦੀ ਪੋਤਰੀ ਅਤੇ ਜਤਿੰਦਰ ਸਿੰਘ ਕਾਲ਼ਾ ਕੁੱਕੜ ਦੀ ਭਤੀਜੀ ਅਤੇ ਰਾਜਿੰਦਰ ਸਿੰਘ ( ਸੀਟਾ ) ਕੁੱਕੜ ਦੀ ਧੀ ਰੂਪਦੀਪ ਕੌਰ ਨੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਤਹਿਤ ਪ੍ਰੀਖਿਆ ਦਿੱਤੀ ਸੀ, ਜਿਸਦੇ ਬੀਤੇ ਦਿਨਾਂ ਆਏ ਨਤੀਜਿਆਂ ’ਚ ਪੀ.ਪੀ.ਐਸ. (ਡੀ.ਐਸ.ਪੀ. ਰੈਂਕ) ਹਾਸਲ ਕਰਕੇ ਇਲਾਕੇ ਅਤੇ ਕੁੱਕੜ ਪਰਿਵਾਰ ਦਾ ਨਾਮ ਰੋਸ਼ਨ ਕੀਤਾ ਹੈ । ਇਸਦੇ ਬਾਅਦ ਸ਼ਹਿਰ ਦੀ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ, ਸਮਾਜਿਕ, ਧਾਰਮਿਕ ਸੰਸਥਾਵਾਂ ਦੇ ਪ੍ਰਤਿਨਿੱਧੀ ਰੂਪਦੀਪ ਕੌਰ ਨੂੰ ਸਨਮਾਨਿਤ ਕੀਤਾ । ਉਥੇ ਹੀ ਵਿਧਾਇਕ ਰਮਿੰਦਰ ਸਿੰਘ ਆਵਲਾ ਅਤੇ ਓ.ਐਸ.ਡੀ. ਸਰਦਾਰ ਸਤਿੰਦਰਜੀਤ ਸਿੰਘ ਮੰਟਾ ਨੇ ਵੀ ਤਿੰਨਾਂ ਲੜਕੀਆਂ ਦੇ ਘਰ ਜਾ ਕੇ ਮੂੰਹ ਮਿੱਠਾ ਕਰਵਾਇਆ ਅਤੇ ਵਧਾਈ ਦਿੱਤੀ ।
ਪੜ੍ਹੋ ਇਹ ਵੀ ਖ਼ਬਰ -ਅਹਿਮ ਖ਼ਬਰ: ਅੱਜ ਚੰਡੀਗੜ੍ਹ ਦੇ PGI ’ਚ ਮੁੜ ਹੋਵੇਗਾ ਜੈਪਾਲ ਭੁੱਲਰ ਦਾ ਪੋਸਟਮਾਰਟਮ
ਜਗ ਬਾਣੀ ਨਾਲ ਗੱਲਬਾਤ ਦੌਰਾਨ ਰੂਪਦੀਪ ਕੌਰ ਨੇ ਕਿਹਾ ਕਿ ਉਸਦੇ ਪਰਵਾਰਿਕ ਮੈਬਰਾਂ ਵਲੋਂ ਉਸਨੂੰ ਪੜਾਈ ਦੇ ਖੇਤਰ ਵਿੱਚ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਅਤੇ ਜਲਾਲਾਬਾਦ ਦੇ ਡੀ.ਏ.ਵੀ. ਸਕੂਲ ਵਿੱਚ ਉਸਨੇ 12ਵੀਂ ਤੱਕ ਸਿੱਖਿਆ ਹਾਸਲ ਕੀਤੀ । ਇਸਦੇ ਬਾਅਦ ਐਮ.ਸੀ.ਐਮ. ਡੀ.ਏ.ਵੀ. ਕਾਲਜ ਚੰਡੀਗੜ ਵਿੱਚ ਸਿੱਖਿਆ ਪਾਸ ਕੀਤੀ । ਪਰਿਵਾਰ ਉਸਨੂੰ ਪਹਿਲਾਂ ਹੀ ਇਸ ਖੇਤਰ ਵਿੱਚ ਭੇਜਣ ਦਾ ਮਨ ਬਣਾ ਚੁੱਕਿਆ ਸੀ , ਜਿਸਦੇ ਚਲਦੇ ਉਸਨੇ ਪ੍ਰੀਖਿਆ ਦੀ ਤਿਆਰੀ ਕੀਤੀ ਅਤੇ ਖੂਬ ਮਿਹਨਤ ਕਰਦੇ ਹੋਏ ਇਸ ਮੁਕਾਮ ਨੂੰ ਹਾਸਲ ਕੀਤਾ । ਉਹ ਆਪਣੀ ਇਸ ਸਫਲਤਾ ਦਾ ਸੇਹਰਾ ਸਕੂਲ ਟੀਚਰਜ਼ ਅਤੇ ਪਰਿਵਾਰਿਕ ਮੈਬਰਾਂ ਨੂੰ ਦਿੰਦੀ ਹੈ , ਜਿਨ੍ਹਾਂ ਨੇ ਉਸਨੂੰ ਪੂਰਾ ਸਹਿਯੋਗ ਕੀਤਾ ।
ਔਰਤਾਂ ਦੀ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਨੂੰ ਬਣਾਏ ਰੱਖਣਾ ਹੋਵੇਗਾ ਪ੍ਰਮੁੱਖ ਉਦੇਸ਼
ਰੂਪ ਦੀਪ ਕੌਰ ਨੇ ਕਿਹਾ ਕਿ ਔਰਤਾਂ ਦੀ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਨੂੰ ਬਣਾਏ ਰੱਖਣਾ ਮੇਰਾ ਮੁੱਖ ਉਦੇਸ਼ ਹੋਵੇਗਾ । ਉਸ ਵਲੋਂ ਮਾਤਾ-ਪਿਤਾ ਨੂੰ ਅਪੀਲ ਕੀਤੀ ਗਈ ਕਿ ਉਹ ਵੀ ਆਪਣੀਆਂ ਲੜਕੀਆਂ ਨੂੰ ਵੀ ਇਸੇ ਅੱਗੇ ਹੋ ਕੇ ਅਜਿਹੇ ਮੌਕੇ ਪ੍ਰਦਾਨ ਕਰਨ ਅਤੇ ਉਨ੍ਹਾਂ ਨੂੰ ਚੰਗੀ ਸਿੱਖਿਆ ਦੇ ਕੇ ਸਮਾਜ ਦੇ ਪ੍ਰਤੀ ਸੇਵਾ ਕਰਣ ਦਾ ਮੌਕਾ ਦੇਣ। ਕਿਉਂਕਿ ਅੱਜ ਦੇ ਦੌਰ ਵਿੱਚ ਲੜਕੀਆਂ ਲੜਕਿਆਂ ਤੋਂ ਘੱਟ ਨਹੀਂ ਹਨ, ਜਲਾਲਾਬਾਦ ਦੀ ਤਿੰਨ ਲੜਕੀਆਂ ਨੇ ਇਹ ਪ੍ਰੀਖਿਆ ਪਾਸ ਕਰਕੇ ਇਹ ਮਿਸਾਲ ਪੇਸ਼ ਕੀਤੀ ਹੈ ਕਿ ਲੜਕੀਆਂ ਵੀ ਸਮਾਜ ਦੇ ਲਈ ਕੁੱਝ ਕਰ ਸਕਦੀਆਂ ਹਨ।
ਲੜਕੀਆਂ ਨੂੰ ਉਤਸ਼ਾਹਿਤ ਕਰਣ ਦੇ ਲਈ ਹਮੇਸ਼ਾ ਤਿਆਰ ਹਾਂ: ਰੂਪਦੀਪ ਕੌਰ
ਰੂਪਦੀਪ ਕੌਰ ਦਾ ਕਹਿਣਾ ਹੈ ਕਿ ਉਹ ਲੜਕੀਆਂ ਨੂੰ ਉਤਸ਼ਾਹਿਤ ਕਰਨ ਲਈ ਹਮੇਸ਼ਾ ਤੱਤਪਰ ਰਹੇਗੀ । ਜੋ ਲੜਕੀਆਂ ਇਸ ਖੇਤਰ ਵਿੱਚ ਅੱਗੇ ਵੱਧਣਾ ਚਾਹੁੰਦੀਆਂ ਹਨ, ਉਹ ਉਨ੍ਹਾਂ ਦੀ ਹਰ ਤਰ੍ਹਾਂ ਨਾਲ ਮਦਦ ਕਰਨ ਲਈ ਤਿਆਰ ਹੈ ਅਤੇ ਆਪਣੇ ਪੈਰਾਂ ਉੱਤੇ ਹਰੇਕ ਲੜਕੀ ਨੂੰ ਖੜੇ ਹੋਣ ਦੀ ਜਰੂਰਤ ਹੈ, ਕਿਉਂਕਿ ਸਮਾਜ ਵਿੱਚ ਇਸ ਸਮੇਂ ਲੜਕੀਆਂ ਦੇ ਪ੍ਰਤੀ ਜੋ ਗਲਤ ਧਾਰਨਾ ਹੈ, ਉਸਨੂੰ ਬਦਲ ਕੇ ਯੂਵਾ ਪੀੜੀ ਨੂੰ ਆਪਣੀ ਮਾਨਸਿਕਤਾ ਬਦਲਣ ਦੀ ਜ਼ਰੂਰਤ ਹੈ । ਉਹ ਡੀ.ਐਸ.ਪੀ. ਬਣ ਕੇ ਜਿਸ ਖੇਤਰ ਵਿੱਚ ਵੀ ਤੈਨਾਤ ਹੋਣਗੀਆਂ ਉੱਥੇ ਕਾਨੂੰਨ ਵਿਵਸਥਾ ਬਣਾਏ ਰੱਖਣਾ ਉਨ੍ਹਾਂ ਦਾ ਸਭ ਤੋਂ ਬਹੁਤ ਅਹਿਮ ਉਦੇਸ਼ ਹੋਵੇਗਾ, ਖਾਸ ਕਰਕੇ ਲੜਕੀ ਦੇ ਪ੍ਰਤੀ ਜੋ ਆਪਰਾਧ ਹੁੰਦੇ ਹੈ , ਉਨ੍ਹਾਂ ਨੂੰ ਘੱਟ ਕਰਣਾ ਵੀ ਮੇਰਾ ਪਹਿਲਾ ਉਦੇਸ਼ ਹੋਵੇਗਾ।
ਪੜ੍ਹੋ ਇਹ ਵੀ ਖ਼ਬਰ - ਸ਼ਰਮਸਾਰ : 9 ਸਾਲ ਦੀ ਕੁੜੀ ਦਾ ਮਤਰੇਏ ਪਿਓ ਨੇ ਮਾਂ ਨਾਲ ਮਿਲ ਕੀਤਾ ਕਤਲ, ਇੰਝ ਹੋਇਆ ਖ਼ੁਲਾਸਾ
ਮਾਤਾ ਪਿਤਾ ਲਈ ਸੁਨੇਹਾ
ਮਾਤਾ ਪਿਤਾ ਨੂੰ ਸੁਨੇਹਾ ਦਿੰਦੇ ਹੋਏ ਰੂਪ ਦੀਪ ਕੌਰ ਨੇ ਕਿਹਾ ਕਿ ਅੱਜ ਦੇ ਦੌਰ ਵਿੱਚ ਜਦੋਂ ਕਿਸੇ ਪਰਿਵਾਰ ਦੀ ਧੀ ਵੱਡੀ ਅਫਸਰ ਬਣਦੀ ਹੈ ਤਾਂ ਉਸਦੇ ਮਾਤਾ-ਪਿਤਾ ਨੂੰ ਵੀ ਗਰਵ ਮਹਿਸੂਸ ਹੁੰਦਾ ਹੈ ਲੇਕਿਨ ਇਸਦੇ ਲਈ ਮਾਤਾ-ਪਿਤਾ ਨੂੰ ਚਾਹੀਦਾ ਹੈ ਕਿ ਉਹ ਲੜਕੀਆਂ ਨੂੰ ਅਜਿਹੇ ਮੌਕੇ ਦੇਣ, ਉਨ੍ਹਾਂ ’ਤੇ ਭਰੋਸਾ ਰੱਖੋ ਅਤੇ ਉਨ੍ਹਾਂ ਨੂੰ ਅੱਗੇ ਵੱਧਣ ਵਿੱਚ ਸਪੋਰਟ ਕਰੋ । ਇੱਥੇ ਇਹ ਜਿਕਰਯੋਗ ਹੈ ਕਿ ਇਸਤੋਂ ਪਹਿਲਾਂ ਵੀ ਜਲਾਲਾਬਾਦ ਦੀ ਇੱਕ ਧੀ ਸਲੋਨੀ ਸਿਡਾਨਾ ਨੇ ਆਈ.ਏ.ਐਸ. ਕਰ ਜਲਾਲਾਬਾਦ ਦਾ ਨਾਮ ਰੋਸ਼ਨ ਕੀਤਾ ਸੀ ਅਤੇ ਇਸਦੇ ਬਾਅਦ ਤਿੰਨਾਂ ਲੜਕੀਆਂ ਨੇ ਵੀ ਜਲਾਲਾਬਾਦ ਦੇ ਨਾਮ ਨੂੰ ਇੱਕ ਵਾਰ ਫਿਰ ਚਾਰ ਚੰਦ ਲਗਾਏ ਹਨ । ਪੰਜਾਬ ਕੇਸਰੀ/ਜਗ ਬਾਣੀ ਅਦਾਰਾ ਵੀ ਲੜਕੀਆਂ ਨੂੰ ਇਹ ਸੁਨੇਹਾ ਦਿੰਦਾ ਹੈ ਕਿ ਹੋਰ ਲੜਕੀਆਂ ਵੀ ਅੱਗੇ ਆ ਕੇ ਦੇਸ਼ ਦੀ ਸੇਵਾ ਵਿੱਚ ਆਪਣਾ ਸਹਿਯੋਗ ਦੇਣ।