ਸੁਖਬੀਰ ਨੇ ਔਖੇ ਸਮੇਂ ਨਹੀਂ ਫੜੀ ਸੀ ਬਲਾਕ ਯੂਥ ਅਕਾਲੀ ਆਗੂ ਦੀ ਬਾਂਹ: ਗੋਲਡਨ
Friday, Apr 26, 2019 - 11:31 AM (IST)
ਜਲਾਲਾਬਾਦ (ਸੇਤੀਆ) - ਇਕ ਪਾਸੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਵਰਕਰਾਂ ਦੇ ਨਾਲ ਖੜੇ ਰਹਿਣ ਦੀ ਗੱਲ ਕਰ ਰਿਹੈ, ਉਥੇ ਹੀ ਬੀਤੇ ਸਮੇਂ ਜਲਾਲਾਬਾਦ ਬਲਾਕ ਯੂਥ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ 'ਤੇ ਦਰਜ ਮੁਕੱਦਮੇ ਦੇ ਮਾਮਲੇ 'ਚ ਹਲਕਾ ਵਿਧਾਇਕ ਸੁਖਬੀਰ ਨੇ ਔਖੇ ਸਮੇਂ ਪਾਰਟੀ ਵਰਕਰ ਦੀ ਬਾਂਹ ਨਹੀਂ ਸੀ ਫੜੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੀ. ਡੀ. ਏ. ਦੇ ਸਾਂਝੇ ਉਮੀਦਵਾਰ ਹੰਸ ਰਾਜ ਗੋਲਡਨ ਨੇ ਪ੍ਰੈੱਸ ਨੂੰ ਬਿਆਨ ਜਾਰੀ ਕਰਵਾਉਂਦੇ ਸਮੇਂ ਕੀਤਾ। ਉਨ੍ਹਾਂ ਦੱਸਿਆ ਕਿ ਯੂਥ ਅਕਾਲੀ ਦਲ ਦੇ ਪ੍ਰਧਾਨ ਰਾਜੂ ਖੇੜਾ 'ਤੇ ਦਸੰਬਰ 2018 'ਚ ਝੂਠਾ ਪਰਚਾ ਦਰਜ ਹੋ ਗਿਆ ਸੀ। ਉਸ ਸਮੇਂ ਸੁਖਬੀਰ ਬਾਦਲ ਜਲਾਲਾਬਾਦ ਦੇ ਇਕ ਪਲੈਸ ਆਪਣੇ ਵਰਕਰਾਂ ਨੂੰ ਸੰਬੋਧਨ ਕਰਨ ਆਏ ਸਨ ਤਾਂ ਉਨ੍ਹਾਂ ਨੇ ਰਾਜੂ ਖੇੜਾ 'ਤੇ ਹੋਏ ਝੂਠੇ ਪਰਚੇ ਸਬੰਧੀ ਇਕ ਸ਼ਬਦ ਵੀ ਨਹੀਂ ਬੋਲਿਆ। ਰਾਜੂ ਖੇੜਾ ਦਾ ਖਹਿੜਾ ਛੁਡਾਉਣ ਲਈ ਕਾਮਰੇਡ ਹੰਸ ਰਾਜ ਗੋਲਡਨ, ਕਾਮਰੇਡ ਸੁਰਿੰਦਰ ਢੰਡੀਆਂ ਅਤੇ ਕਾਮਰੇਡ ਤੇਜਾ ਸਿੰਘ ਨੂੰ 9 ਦਿਨ ਜੇਲ 'ਚ ਰਹਿਣਾ ਪਿਆ ਅਤੇ ਪੁਲਸ ਦਾ ਤਸ਼ੱਦਦ ਝੱਲਣਾ ਪਿਆ।
ਹੰਸ ਰਾਜ ਗੋਲਡਨ ਨੇ ਕਿਹਾ ਕਿ ਜਿਹੜਾ ਪਾਰਟੀ ਪ੍ਰਧਾਨ ਆਪਣੇ ਬਲਾਕ ਪ੍ਰਧਾਨ ਦੇ ਹੱਕ 'ਚ ਨਹੀਂ ਨਿੱਤਰਿਆ ਤਾਂ ਉਹ ਕਿਸੇ ਹੋਰ ਦੀ ਮੁਸ਼ਕਲ 'ਚ ਕਿਸ ਤਰ੍ਹਾਂ ਛਾਂ ਬਣੇਗਾ। ਦੱਸਣਯੋਗ ਹੈ ਕਿ ਰਾਜੂ ਖੇੜਾ 'ਤੇ ਦਰਜ ਮੁਕੱਦਮੇ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵਲੋਂ ਮਸਲਾ ਹੱਲ ਨਾ ਕਰਵਾਏ ਜਾਣ ਤੋਂ ਬਾਅਦ ਯੂਥ ਆਗੂ ਵਲੋਂ ਰਾਜਨੀਤਿਕ ਗਤੀਵਿਧੀਆਂ ਤੋਂ ਹੋਲੀ-ਹੋਲੀ ਪਿੱਛੇ ਹੱਟਣਾ ਸ਼ੁਰੂ ਕਰ ਦਿੱਤਾ। ਆਖਿਰਕਾਰ ਕੁੱਝ ਦਿਨ ਪਹਿਲਾਂ ਯੂਥ ਅਕਾਲੀ ਦਲ ਦੀ ਮੁੜ ਹੋਣ ਵਾਲੀ ਚੋਣ ਦੌਰਾਨ ਰਾਜੂ ਖੇੜਾ ਨੇ ਆਪਣੇ ਆਪ ਨੂੰ ਅਲੱਗ ਕਰ ਲਿਆ ਅਤੇ ਪਾਰਟੀ ਵਲੋਂ ਮਜਬੂਰੀ 'ਚ ਦੋ ਨਵੇਂ ਪ੍ਰਧਾਨਾਂ ਨੂੰ ਲਗਾ ਦਿੱਤਾ ਗਿਆ।