ਕਾਂਗਰਸ ਦੇ ਕਲੇਸ਼ ਦਰਮਿਆਨ ਖੁੱਲ੍ਹ ਕੇ ਬੋਲੇ ਜਾਖੜ, ਕੁੰਵਰ ਵਿਜੇ ਪ੍ਰਤਾਪ ’ਤੇ ਵੀ ਦਿੱਤਾ ਵੱਡਾ ਬਿਆਨ
Saturday, Jun 26, 2021 - 03:04 PM (IST)
ਜਲੰਧਰ (ਬਿਊਰੋ) : ਪੰਜਾਬ ’ਚ ਕਾਂਗਰਸ ਸਰਕਾਰ ਅਤੇ ਪਾਰਟੀ ਇਸ ਸਮੇਂ ਆਪਣੇ ਹੀ ਨੇਤਾਵਾਂ ਦੀ ਬਿਆਨਬਾਜ਼ੀ ਕਾਰਨ ਚਰਚਾ ਵਿਚ ਹੈ। ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਬਗਾਵਤ ਦਾ ਝੰਡਾ ਚੁੱਕ ਰੱਖਿਆ ਹੈ ਤਾਂ ਕਈ ਮੰਤਰੀ ਅਤੇ ਵਿਧਾਇਕ ਵੀ ਉਨ੍ਹਾਂ ਦੇ ਸੁਰ ਵਿਚ ਸੁਰ ਮਿਲਾਅ ਰਹੇ ਹਨ। ਅਜਿਹੇ ਵਿਚ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੀ ਜ਼ਿੰਮੇਵਾਰੀ ਹੋਰ ਵੀ ਵਧ ਜਾਂਦੀ ਹੈ ਕਿ ਉਹ ਪਾਰਟੀ ਵਿਚ ਅਨੁਸ਼ਾਸਨ ਕਾਇਮ ਰੱਖਣ ਦੇ ਨਾਲ ਹੀ ਸੰਗਠਨ ਅਤੇ ਆਪਣੀ ਸਰਕਾਰ ਦੇ ਅਕਸ ਨੂੰ ਜਨਤਾ ’ਚ ਬਰਕਰਾਰ ਰੱਖਣ। ਇੰਝ ਹੀ ਤਮਾਮ ਮਸਲਿਆਂ ’ਤੇ ਸੁਨੀਲ ਜਾਖੜ ਨਾਲ ਗੱਲਬਾਤ ਦੀ ‘ਜਗਬਾਣੀ’ ਤੋਂ ਹਰੀਸ਼ਚੰਦਰ ਨੇ। ਉਸ ਗੱਲਬਾਤ ਦੇ ਪ੍ਰਮੁੱਖ ਅੰਸ਼ : -
ਸਵਾਲ : ਨਵਜੋਤ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਦੇ ਤਾਜ਼ਾ ਵਿਵਾਦ ਨੂੰ ਬਤੌਰ ਪ੍ਰਧਾਨ ਤੁਸੀਂ ਕਿਵੇਂ ਵੇਖਦੇ ਹੋ ? ਇਹ ਮਸਲਾ ਇੰਨਾਂ ਕਿਉਂ ਵਧਿਆ?
ਜੁਆਬ : ਇਹ ਬਹੁਤ ਮੰਦਭਾਗਾ ਹੈ ਕਿ ਚੋਣਾਂ ਨੂੰ ਕੁਝ ਮਹੀਨੇ ਰਹਿੰਦੇ ਪਾਰਟੀ ਇਸ ਦੌਰ ’ਚੋਂ ਗੁਜ਼ਰ ਰਹੀ ਹੈ। ਬਤੌਰ ਪ੍ਰਧਾਨ ਮੈਂ ਮੰਨਦਾ ਹਾਂ ਕਿ ਸਾਰੇ ਪਾਰਟੀ ਵਰਕਰ ਅਤੇ ਨੇਤਾ ਮੇਰੇ ਸਾਥੀ ਹਨ, ਕੁਲੀਗ ਹਨ। ਸਾਰੇ ਸਨਮਾਨ ਦੇ ਯੋਗ ਹਨ ਪਰ ਪਾਰਟੀ ਨੇ ਪ੍ਰਧਾਨ ਦੀ ਜ਼ਿੰਮੇਵਾਰੀ ਮੈਨੂੰ ਸੌਂਪੀ। ਮੈਂ ਆਪਣੀ ਜ਼ਿੰਮੇਦਾਰੀ ਤੋਂ ਪਿੱਛੇ ਨਹੀਂ ਹੱਟ ਰਿਹਾ। ਸਿੱਧੂ ਦਾ ਹਾਈਕਮਾਨ ਨਾਲ ਸਿੱਧਾ ਸੰਵਾਦ ਹੈ ਅਤੇ ਉਨ੍ਹਾਂ ਨੂੰ ਪਾਰਟੀ ਵਿਚ ਸ਼ਾਮਲ ਵੀ ਉਸੇ ਪੱਧਰ ’ਤੇ ਕੀਤਾ ਗਿਆ ਸੀ। ਰਾਸ਼ਟਰੀ ਅਕਸ ਹੋਣ ਕਾਰਣ ਸਿੱਧੂ ਉਸੇ ਪੱਧਰ ਦੇ ਨੇਤਾ ਵੀ ਹਨ। ਵਿਸ਼ੇਸ਼ ਦਰਜਾ ਹੋਣ ਕਾਰਣ ਪਾਰਟੀ ਪ੍ਰਤੀ ਵਿਸ਼ੇਸ਼ ਫਰਜ਼ ਵੀ ਬਣਦਾ ਹੈ।
ਇਹ ਵੀ ਪੜ੍ਹੋ : ਟਵਿੱਟਰ ’ਤੇ ਨਵਜੋਤ ਸਿੱਧੂ ਦਾ ਫਿਰ ਵੱਡਾ ਧਮਾਕਾ, ਡੀ. ਜੀ. ਪੀ. ਪੰਜਾਬ ’ਤੇ ਚੁੱਕੇ ਸਵਾਲ
ਸਵਾਲ : ਚੋਣ ਸਾਲ ’ਚ ਅਜਿਹੇ ਵਿਵਾਦ ਨਾਲ ਪਾਰਟੀ ਦਾ ਚੋਣਾਂ ’ਚ ਕਾਰਗੁਜ਼ਾਰੀ ’ਤੇ ਉਲਟ ਅਸਰ ਨਹੀਂ ਪਵੇਗਾ ?
ਜੁਆਬ : ਇਹ ਠੀਕ ਹੈ ਕਿ ਵਿਵਾਦ ਬੇਹੱਦ ਚਿੰਤਾ ਦਾ ਵਿਸ਼ਾ ਹੈ ਪਰ ਇਸ ਨੂੰ ਜੇਕਰ ਪਾਜ਼ੇਟਿਵ ਰੂਪ ਵਿਚ ਵੇਖੀਏ ਤਾਂ ਸਾਡੇ ਕੋਲ ਹਾਲੇ ਵੀ ਲੋਕਾਂ ਦੇ ਸ਼ਿਕਵੇ ਦੂਰ ਕਰਨ ਦਾ ਸਮਾਂ ਹੈ। ਸਮਾਂ ਰਹਿੰਦੇ ਕਮਜ਼ੋਰੀਆਂ ਸਮਝ ਕੇ ਉਨ੍ਹਾਂ ਦਾ ਹੱਲ ਕਰਨ ਨਾਲ ਪਾਰਟੀ ਚੋਣਾਂ ਵਿਚ ਮਜ਼ਬੂਤ ਹੋ ਕੇ ਉਤਰੇਗੀ। ਸਾਨੂੰ ਇਹ ਮੌਕਾ ਮਿਲਿਆ ਹੈ ਕਿ ਹੁਣ ਤੋਂ ਇਨ੍ਹਾਂ ਕਮਜ਼ੋਰੀਆਂ ਅਤੇ ਲੋਕਾਂ ਦੇ ਸਾਰੇ ਸ਼ਿਕਵੇ ਦੂਰ ਕਰਨ ਲਈ ਉਚਿਤ ਅਤੇ ਠੋਸ ਕਦਮ ਚੁੱਕੇ ਜਾਣ। ਹਾਂ, ਜੇਕਰ ਇਹ ਮਸਲੇ ਚੋਣਾਂ ਸਮੇਂ ਉਠਦੇ ਤਾਂ ਕਿਤੇ ਜਿਆਦਾ ਨੁਕਸਾਨ ਪਾਰਟੀ ਨੂੰ ਹੁੰਦਾ।
ਸਵਾਲ : ਤੁਹਾਡੀ ਥਾਂ ’ਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਅਹੁਦੇ ਲਈ ਵੀ ਸਿੱਧੂ ਯਤਨ ਕਰ ਰਹੇ ਹਨ, ਇਸ ’ਚ ਕਿੰਨੀ ਸੱਚਾਈ ਹੈ?
ਜੁਆਬ : ਸਰਕਾਰ ਅਤੇ ਪਾਰਟੀ ਨੂੰ ਮਜ਼ਬੂਤ ਕਰਨ ਦਾ ਅਧਿਕਾਰ ਪਾਰਟੀ ਹਾਈਕਮਾਨ ਨੂੰ ਹੈ। ਉਹ ਜਿਸਨੂੰ ਚਾਹੇ ਕਿਸੇ ਵੀ ਅਹੁਦੇ ’ਤੇ ਬਿਠਾ ਸਕਦੀ ਹੈ ਪਰ ਇਥੇ ਮਸਲਾ ਬੇਅਦਬੀ ਨਾਲ ਜੁੜਿਆ ਹੈ, ਜੋ ਕਿਸੇ ਨੂੰ ਪ੍ਰਧਾਨ, ਮੁੱਖ ਮੰਤਰੀ ਜਾਂ ਉਪ ਮੁੱਖ ਮੰਤਰੀ ਬਣਾਉਣ ਨਾਲ ਹੱਲ ਨਹੀਂ ਹੋਵੇਗਾ। ਕੋਈ ਬਦਲਾਅ ਜਾਂ ਨਿਯੁਕਤੀਆਂ ਮੂਲ ਮੁੱਦੇ ਨੂੰ ਹੱਲ ਨਹੀਂ ਕਰ ਸਕਣਗੀਆਂ। ਅਹੁਦੇ ਦੇਣ ਨਾਲ ਮਸਲਾ ਹੱਲ ਨਹੀਂ ਹੋਣ ਵਾਲਾ।
ਸਵਾਲ : ਹਾਲ ਹੀ ਵਿਚ ਅਕਾਲੀ ਦਲ ਨੇ ਬਸਪਾ ਨਾਲ ਗੱਠਜੋੜ ਕੀਤਾ ਹੈ, ਇਸ ਤੋਂ ਕਾਂਗਰਸ ਨੂੰ ਕਿੰਨੀ ਚੁਣੌਤੀ ਮਿਲੇਗੀ?
ਜੁਆਬ : 25 ਸਾਲ ਪਹਿਲਾਂ ਵੀ ਦੋਵੇਂ ਦਲਾਂ ਵਿਚ ਗੱਠਜੋੜ ਹੋਇਆ ਸੀ ਅਤੇ ਹੁਣ ਫਿਰ ਪਹਿਲਾਂ ਦੀ ਤਰ੍ਹਾਂ ਹੀ ਕੁਝ ਮਹੀਨੇ ਰਿਸ਼ਤਾ ਚੱਲੇਗਾ। ਦੋਵਾਂ ਦਾ ਵਜੂਦ ਦਾਅ ’ਤੇ ਲੱਗਾ ਹੈ। ਅਕਾਲੀ ਦਲ ਪ੍ਰਤੀ ਪੰਜਾਬ ਦੇ ਲੋਕਾਂ ਵਿਚ ਹਾਲੇ ਵੀ ਨਫ਼ਰਤ ਹੈ। ਦੋਵੇਂ ਦਲਾਂ ਦੇ ਨਾ ਵਿਚਾਰ ਮਿਲਦੇ ਹਨ ਅਤੇ ਨਾ ਹੀ ਸੋਚ। ਸਿਰਫ਼ ਮੌਕੇ ਦਾ ਗੱਠਜੋੜ ਹੈ, ਜਿਸ ਨਾਲ ਕਾਂਗਰਸ ਨੂੰ ਚਿੰਤਤ ਹੋਣ ਦੀ ਜ਼ਰੂਰਤ ਨਹੀਂ ਹੈ। ਵੇਖਿਓ, ਅਕਾਲੀ ਦਲ, ਭਾਜਪਾ ਵਾਂਗ ਹੀ ਬਸਪਾ ਨੂੰ ਵੀ ਵਰਤ ਕੇ ਸੁੱਟ ਦੇਵੇਗਾ।
ਇਹ ਵੀ ਪੜ੍ਹੋ : ਫੌਜ ’ਚ ਕੰਮ ਕਰਨ ’ਤੇ ਮਾਣ, 2 ਸਿੱਖ ਪਲਟਨ ਨਾਲ ਮਿਲ ਕੇ ਹਮੇਸ਼ਾ ਖੁਸ਼ੀ ਹੁੰਦੀ ਹੈ : ਕੈਪਟਨ
ਸਵਾਲ : ਭਾਜਪਾ ਰਾਸ਼ਟਰੀ ਦਲ ਹੋਣ ਦੇ ਬਾਵਜੂਦ ਕਿਸਾਨ ਅੰਦੋਲਨ ਕਾਰਣ ਪੰਜਾਬ ਦੀ ਰਾਜਨੀਤੀ ’ਚ ਹਾਸ਼ੀਏ ’ਤੇ ਚਲੀ ਗਈ ਹੈ। ਇਸ ਬਾਰੇ ਕੀ ਕਹੋਗੇ ?
ਜੁਆਬ : ਇਸ ਵਿਚ ਦੋ ਰਾਏ ਨਹੀਂ ਕਿ ਭਾਜਪਾ ਇਕ ਵੱਡਾ ਦਲ ਹੈ ਪਰ ਆਪਣੀ ਹੈਂਕੜ ਕਾਰਣ ਉਹ ਪੰਜਾਬ ਵਿਚ ਵਜੂਦ ਬਚਾਉਣ ਦੀ ਲੜਾਈ ਲੜ ਰਿਹਾ ਹੈ ਪਰ ਮੈਨੂੰ ਡਰ ਹੈ ਕਿ ਸੱਤਾ ਲਾਲਚ ਦੇ ਚੱਕਰ ਵਿਚ ਉਹ ਧਰਮ ਅਤੇ ਜਾਤ ਦੇ ਨਾਂ ’ਤੇ ਲੋਕਾਂ ਨੂੰ ਵੰਡ ਕੇ ਪੰਜਾਬ ਦੀ ਅਮਨ-ਸ਼ਾਂਤੀ ਅਤੇ ਭਾਈਚਾਰੇ ਨੂੰ ਸੱਟ ਨਾ ਪਹੁੰਚਾ ਦੇਵੇ। ਆਮ ਆਦਮੀ ਪਾਰਟੀ ਵੀ ਆਦਰਸ਼ਵਾਦ ਦੀ ਵਿਚਾਰਧਾਰਾ ਦਾ ਨਾਅਰਾ ਦੇਣ ਤੋਂ ਬਾਅਦ ਹੁਣ ਧਰਮ ਦੀ ਰਾਜਨੀਤੀ ’ਤੇ ਉੱਤਰ ਆਈ ਹੈ। ਕੇਜਰੀਵਾਲ ਪੰਜਾਬ ਆ ਕੇ ਕਿਸੇ ਸਿੱਖ ਨੂੰ ਮੁੱਖ ਮੰਤਰੀ ਬਣਾਉਣ ਦੀ ਗੱਲ ਕਹਿੰਦੇ ਹਨ ਪਰ ਕਾਂਗਰਸ ਨੇ ਤਾਂ ਪ੍ਰਤਾਪ ਸਿੰਘ ਕੈਰੋਂ ਤੋਂ ਲੈ ਕੇ ਗਿਆਨੀ ਜੈਲ ਸਿੰਘ, ਬੇਅੰਤ ਸਿੰਘ ਅਤੇ ਕੈਪਟਨ ਅਮਰਿੰਦਰ ਸਿੰਘ ਵਰਗੇ ਸਿੱਖ ਮੁੱਖ ਮੰਤਰੀ ਬਣਾਉਣ ਦੇ ਨਾਲ ਦੇਸ਼ ਨੂੰ ਸਿੱਖ ਪ੍ਰਧਾਨ ਮੰਤਰੀ ਤੱਕ ਦਿੱਤੇ ਹਨ।
ਸਵਾਲ : ਸਿੱਧੂ ਸੀਨੀਅਰ ਨੇਤਾ ਹਨ ਪਰ ਕੀ ਉਨ੍ਹਾਂ ਦਾ ਸਮਾਂ ਠੀਕ ਸੀ ਜੋ ਚੋਣਾਂ ਤੋਂ ਪਹਿਲਾਂ ਆਪਣੀ ਹੀ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਕੇ ਪਾਰਟੀ ਦੀ ਵੀ ਕਿਰਕਰੀ ਕਰਾ ਦਿੱਤੀ ?
ਜੁਆਬ : ਰਾਜਨੀਤਕ ਦਲ ਜਾਂ ਸੰਗਠਨ ਵਿਚ ਜਿਨਾਂ ਵੱਡਾ ਕੱਦ ਹੁੰਦਾ ਹੈ, ਓਨੀ ਹੀ ਵੱਡੀ ਜ਼ਿੰਮੇਵਾਰੀ ਵੀ ਹੁੰਦੀ ਹੈ। ਸਿੱਧੂ ਨੂੰ ਇਹ ਪ੍ਰੀਵਲੇਜ ਪ੍ਰਾਪਤ ਹੈ ਕਿ ਉਹ ਹਾਈਕਮਾਨ ਨਾਲ ਸਿੱਧੇ ਸੰਪਰਕ ਕਰ ਸਕਦੇ ਹਨ। ਅਜਿਹੇ ਵਿਚ ਆਪਣੀ ਗੱਲ ਜਾਂ ਨਰਾਜ਼ਗੀ ਜੇਕਰ ਹਾਈਕਮਾਨ ਸਾਹਮਣੇ ਰੱਖਦੇ ਤਾਂ ਉਨ੍ਹਾਂ ਦੀ ਗੱਲ ਦਾ ਜ਼ਿਆਦਾ ਭਾਰ ਹੁੰਦਾ। ਜਿਸ ਲਹਿਜੇ ਨਾਲ ਸਿੱਧੂ ਗੱਲ ਕਹਿੰਦੇ ਹਨ ਤਾਂ ਉਨ੍ਹਾਂ ਦੇ ਅੰਦਾਜ਼ ਵਿਚ ਇੰਨਾਂ ਹੀ ਕਹਾਂਗਾ ਕਿ ‘ਦੁਸ਼ਮਣੀ ਜੰਮ ਦੇ ਕਰੋ ਪਰ ਇੰਨੀ ਗੁੰਜਾਇਸ਼ ਰਹੇ, ਕੱਲ ਜਦੋਂ ਦੋਸਤ ਬਣ ਜਾਓ ਤਾਂ ਸ਼ਰਮਿੰਦਾ ਨਾ ਹੋ।’
ਸਵਾਲ : ਸਿੱਧੂ ਜਿਸ ਬੇਅਦਬੀ-ਗੋਲੀਕਾਂਡ ਮੁੱਦੇ ਨੂੰ ਚੁੱਕ ਕੇ ਕੈਪਟਨ ਸਰਕਾਰ ’ਤੇ ਹਮਲਾਵਰ ਹੋਏ ਹਨ, ਉਸ ਵਿਚ ਹਾਈਕੋਰਟ ਵੀ ਕਹਿ ਚੁੱਕਿਆ ਹੈ ਕਿ ਬਾਦਲ ਪਰਿਵਾਰ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।
ਜੁਆਬ : ਬੇਅਦਬੀ ਮਾਮਲਾ ਪੂਰੇ ਪੰਜਾਬ ਲਈ ਚਿੰਤਾ ਦਾ ਵਿਸ਼ਾ ਹੈ। ਇਹ ਬੇਹੱਦ ਭਾਵਨਾਤਮਕ ਮੁੱਦਾ ਹੈ, ਜਿਸ ਨੂੰ ਪਹਿਲ ਦੇ ਆਧਾਰ ’ਤੇ ਲਿਆ ਜਾਣਾ ਚਾਹੀਦਾ ਹੈ। ਹਾਈਕੋਰਟ ਦਾ ਫੈਸਲਾ ਵੀ ਸਮਾਂ ਰਹਿੰਦੇ ਆਇਆ ਹੈ, ਜਿਸ ਵਿਚ ਜਾਂਚ ਦੀਆਂ ਕਈ ਕਮੀਆਂ ਵੀ ਸਾਹਮਣੇ ਆਈਆਂ ਹਨ। ਸਰਕਾਰ ਨੂੰ ਨਵੀਂ ਐੱਸ. ਆਈ. ਟੀ. ਜ਼ਰੀਏ ਸਬੂਤ ਇਕੱਠੇ ਕਰ ਕੇ ਕਾਨੂੰਨ ਦੇ ਦਮ ’ਤੇ ਅਪੀਲ ਕਰਨ ਦਾ ਸਮਾਂ ਮਿਲ ਗਿਆ ਹੈ। ਮੇਰਾ ਮੰਨਣਾ ਹੈ ਕਿ ਜਾਂਚ ਵਿਚ ਨਿਰਪਖਤਾ ਅਤੇ ਪਾਰਦਰਸ਼ਤਾ ਨਜ਼ਰ ਆਉਣੀ ਚਾਹੀਦੀ ਹੈ। ਇਨਸਾਫ਼ ਮਿਲਣਾ ਤਾਂ ਚਾਹੀਦਾ ਹੈ ਹੀ, ਨਾਲ ਹੀ ਉਹ ਦਿਸਣਾ ਵੀ ਚਾਹੀਦਾ ਹੈ। ਹਾਲੇ ਵੀ ਸਮਾਂ ਹੈ ਕਿ ਅਦਾਲਤ ਸਾਹਮਣੇ ਸਬੂਤ ਰੱਖ ਕੇ ਦੋਸ਼ੀਆਂ ’ਤੇ ਸਖਤ ਕਾਰਵਾਈ ਕੀਤੀ ਜਾਵੇ, ਉਦੋਂ ਪੰਜਾਬ ਦੇ ਜ਼ਖਮਾਂ ’ਤੇ ਮਲ੍ਹਮ ਲੱਗੇਗਾ।
ਇਹ ਵੀ ਪੜ੍ਹੋ : ਨਿਊਜ਼ੀਲੈਂਡ ’ਚ ਵਾਪਰੇ ਭਿਆਨਕ ਹਾਦਸੇ ਦੌਰਾਨ ਅਜਨਾਲਾ ਦੀ ਪਲਵਿੰਦਰ ਕੌਰ ਦੀ ਮੌਤ
ਸਵਾਲ : ਇਸ ਮਸਲੇ ਨਾਲ ਜੁੜੀ ਐੱਸ. ਆਈ. ਟੀ. ਦੇ ਪ੍ਰਮੁੱਖ ਕੁੰਵਰ ਵਿਜੇ ਪ੍ਰਤਾਪ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਏ ਹਨ, ਇਸ ਬਾਰੇ ਕੀ ਕਹੋਗੇ ?
ਜੁਆਬ: ਸਾਰਿਆਂ ਦਾ ਮੌਲਿਕ ਅਧਿਕਾਰ ਹੈ ਕਿ ਹਰ ਕੋਈ ਆਪਣੀ ਪਸੰਦ ਦੀ ਰਾਜਨੀਤਕ ਪਾਰਟੀ ਨਾਲ ਜੁੜਣਾ ਚਾਹੁੰਦਾ ਹੈ। ਪਹਿਲਾਂ ਵੀ ਕੈਗ ਦੇ ਪ੍ਰਮੁੱਖ ਵਿਨੋਦ ਰਾਏ ਨੇ ਈਮਾਨਦਾਰ ਅਕਸ ਵਾਲੇ ਪ੍ਰਧਾਨ ਮੰਤਰੀ ’ਤੇ ਅਜਿਹੇ ਦੋਸ਼ ਲਾਏ ਪਰ ਬਾਅਦ ਵਿਚ ਅਦਾਲਤ ਵਿਚ ਕੁਝ ਸਾਬਤ ਨਹੀਂ ਹੋਇਆ ਪਰ ਕੈਗ ਪ੍ਰਮੁੱਖ ਟੈਲੀਫੋਨ ਰੈਗੂਲੈਟਰੀ ਅਥਾਰਿਟੀ ਦੇ ਮੁਖੀ ਬਣ ਗਏ। ਇਕ ਫੌਜ ਪ੍ਰਮੁੱਖ ਰਿਟਾਇਰਮੈਂਟ ਤੋਂ ਬਾਅਦ ਕੇਂਦਰ ਸਰਕਾਰ ਵਿਚ ਮੰਤਰੀ ਵੀ ਬਣਾਏ ਗਏ। ਅਜਿਹੇ ਵਿਚ ਇਹ ਚਿੰਤਾ ਦਾ ਵਿਸ਼ਾ ਹੈ ਜੇਕਰ ਜੋ ਅਧਿਕਾਰੀ ਕਿਸੇ ਪਾਰਟੀ ਵਿਚ ਜਾਂਦਾ ਹੈ, ਉਸ ਦਾ ਸਰਕਾਰੀ ਸੇਵਾ ’ਚ ਰਹਿੰਦੇ ਅਮੂਕ ਦਲ ਵੱਲ ਪਹਿਲਾਂ ਤੋਂ ਝੁਕਾਅ ਸੀ। ਕੁੰਵਰ ਵਿਜੇ ਪ੍ਰਤਾਪ ਦਾ ਈਮਾਨਦਾਰ ਅਕਸ ਹੈ ਅਤੇ ਚੰਗੇ ਵਿਅਕਤੀ ਰਾਜਨੀਤੀ ਵਿਚ ਆਉਣੇ ਚਾਹੀਦੇ ਹਨ। ਉਨ੍ਹਾਂ ਤੋਂ ਉਮੀਦ ਕਰਦਾ ਹਾਂ ਕਿ ਉਹ ਅਕਸ ’ਤੇ ਖਰਾ ਉਤਰਣਗੇ। ਬਿਹਤਰ ਹੁੰਦਾ ਕਿ ਐੱਸ. ਆਈ. ਟੀ. ਪ੍ਰਮੁੱਖ ਰਹਿੰਦੇ ਜਾਂਚ ਨੂੰ ਸਿਰੇ ਲਾ ਕੇ ਰਿਟਾਇਰਮੈਂਟ ਲੈਂਦੇ। ਅਜਿਹਾ ਕਰਦੇ ਤਾਂ ਕਿਸੇ ਰਾਜਨੀਤਕ ‘ਫੌੜੀ’ ਦੀ ਜ਼ਰੂਰਤ ਨਾ ਪੈਂਦੀ।
ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ