PM ਮੋਦੀ ਦੀ ਅਗਵਾਈ ''ਚ ਭਾਰਤ ਦਾ ਸਨਮਾਨ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ ''ਤੇ : ਸ਼ੇਰਗਿੱਲ
Monday, Feb 19, 2024 - 03:48 PM (IST)
ਚੰਡੀਗੜ੍ਹ/ਜਰਮਨੀ : ਭਾਜਪਾ ਦੇ ਕੌਮੀ ਬੁਲਾਰੇ ਜੈਵੀਰ ਸ਼ੇਰਗਿੱਲ ਨੂੰ 16 ਤੋਂ 18 ਫਰਵਰੀ ਤੱਕ ਜਰਮਨੀ ਦੇ ਮਿਊਨਿਖ ਸ਼ਹਿਰ 'ਚ ਹੋਈ ਤਿੰਨ-ਰੋਜ਼ਾ ਮਿਊਨਿਖ ਸੁਰੱਖਿਆ ਕਾਨਫਰੰਸ ਵਿੱਚ ਸੱਦਾ ਦਿੱਤਾ ਗਿਆ। ਇਸ ਦੌਰਾਨ ਉਨ੍ਹਾਂ ਤਿੰਨ ਤੋਂ ਚਾਰ ਅਹਿਮ ਪ੍ਰੋਗਰਾਮਾਂ ਬਾਰੇ ਗੱਲਬਾਤ ਕੀਤੀ। ਇਸ ਕਾਨਫਰੰਸ ਵਿੱਚ ਦੁਨੀਆ ਭਰ ਦੇ ਡਿਪਲੋਮੈਟਾਂ, ਨੇਤਾਵਾਂ ਅਤੇ ਨੀਤੀ ਨਿਰਮਾਤਾਵਾਂ ਨੇ ਹਿੱਸਾ ਲਿਆ। ਕਾਨਫਰੰਸ ਵਿੱਚ ਮੌਜੂਦ ਪ੍ਰਮੁੱਖ ਸ਼ਖ਼ਸੀਅਤਾਂ ਵਿੱਚ ਵਿਸ਼ਵ ਦੇ ਵੱਖ-ਵੱਖ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਅਤੇ ਰਾਸ਼ਟਰਪਤੀਆਂ ਸਮੇਤ ਭਾਰਤ ਦੇ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ, ਅਮਰੀਕਾ ਦੇ ਉਪ ਰਾਸ਼ਟਰਪਤੀ ਕਮਲਾ ਹੈਰਿਸ, ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ, ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ, ਯੂਕਰੇਨ ਦੇ ਵਿਦੇਸ਼ ਮੰਤਰੀ ਦਮਿਤਰੋ ਕੁਲੇਬਾ ਅਤੇ ਗੂਗਲ ਦੇ ਸੀਈਓ ਸੁੰਦਰ ਪਿਚਾਈ ਵੀ ਮੌਜੂਦ ਸਨ।
ਕਾਨਫਰੰਸ ਦੌਰਾਨ ਸ਼ੇਰਗਿੱਲ ਨੇ ਕਿਹਾ ਕਿ ਇਹ ਸਪੱਸ਼ਟ ਹੈ ਕਿ ਅੱਜ ਦੁਨੀਆ ਇਹ ਜਾਣਨ ਲਈ ਉਤਸੁਕ ਹੈ ਕਿ ਕਿਵੇਂ ਭਾਰਤ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਅਰਥ ਵਿਵਸਥਾ ਬਣ ਗਿਆ ਹੈ ਅਤੇ ਕਿਵੇਂ ਮਹਾਂਮਾਰੀ ਅਤੇ ਹੋਰ ਰੁਕਾਵਟਾਂ ਦੇ ਬਾਵਜੂਦ ਭਾਰਤ ਨਿਵੇਸ਼ ਦਾ ਕੇਂਦਰ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਭਾਰਤ ਦੇ ਵਿਕਾਸ ਦੇ ਰਾਹ ਬਾਰੇ ਕਾਨਫਰੰਸ ਵਿੱਚ ਸਪਸ਼ਟ ਤੌਰ ’ਤੇ ਸਨਮਾਨ ਅਤੇ ਉਤਸੁਕਤਾ ਸੀ।
ਸ਼ੇਰਗਿੱਲ ਨੇ ਦੱਸਿਆ ਕਿ ਕਾਨਫਰੰਸ ਦੌਰਾਨ ਵਿਸ਼ਵ ਭਰ ਵਿੱਚ ਚੱਲ ਰਹੇ ਮੁੱਦਿਆਂ ’ਤੇ ਵੀ ਚਰਚਾ ਕੀਤੀ ਗਈ। ਸ਼ੇਰਗਿੱਲ ਨੇ ਵਿਸਥਾਰ ਨਾਲ ਦੱਸਿਆ ਕਿ ਕਿਸ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੱਖ-ਵੱਖ ਦੇਸ਼ਾਂ ਨੂੰ ਮਹੱਤਵਪੂਰਨ ਮੁੱਦਿਆਂ 'ਤੇ ਹੱਲ ਮੁਹੱਈਆ ਕਰਵਾ ਕੇ ਭਾਰਤ ਨੂੰ ਦੁਨੀਆ ਦਾ ਮਿੱਤਰ ਬਣਾਉਣ ਤੋਂ ਇਲਾਵਾ, ਸਭ ਤੋਂ ਤੇਜ਼ੀ ਨਾਲ ਵੱਧ ਰਹੀ ਅਰਥ ਵਿਵਸਥਾ ਵਿੱਚ ਤਬਦੀਲ ਕੀਤਾ ਹੈ। ਇਸ ਦੌਰਾਨ ਸ਼ੇਰਗਿੱਲ ਨੇ ਆਪਣੇ ਸੰਬੋਧਨ ਵਿੱਚ ਸਪਲਾਈ ਚੇਨ ਰਿਸਾਈਲੇਂਸ ਦੇ ਸਬੰਧ ਵਿੱਚ ਭਾਰਤ ਦੀ ਪਹੁੰਚ ਬਾਰੇ ਵੀ ਗੱਲ ਕੀਤੀ। ਉਨ੍ਹਾਂ ਇਸ ਮੌਕੇ ਹਾਜ਼ਰ ਲੋਕਾਂ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਨਾ ਸਿਰਫ਼ ਨਿਵੇਸ਼ ਦਾ ਕੇਂਦਰ ਬਣਨ ਵੱਲ ਧਿਆਨ ਦੇ ਰਿਹਾ ਹੈ, ਸਗੋਂ ਮਜ਼ਬੂਤ ਸਪਲਾਈ ਲੜੀ ਬਣਾ ਕੇ ਪੂਰੇ ਖੇਤਰ ਦੀ ਤਰੱਕੀ ਲਈ ਕੰਮ ਕਰ ਰਿਹਾ ਹੈ।