ਗ੍ਰਿਫਤਾਰੀ ਦੇਣ ਆਏ ਕਿਸਾਨਾਂ ਨੇ SDM ਜੈਤੋ ਦਫਤਰ ਦੀ ਕੀਤੀ ਘੇਰਾਬੰਦੀ
Thursday, Dec 05, 2019 - 10:35 AM (IST)

ਜੈਤੋ (ਵਿਪਨ) - ਆਪਣੀਆਂ ਮੰਗਾਂ ਪੂਰੀਆਂ ਕਰਵਾਉਣ ਦੀ ਮੰਗ ਨੂੰ ਲੈ ਕੇ ਦੇਰ ਰਾਤ ਕਿਸਾਨਾਂ ਵਲੋਂ ਐੱਸ.ਡੀ.ਐੱਮ. ਜੈਤੋ ਦਫਤਰ ਦੀ ਘੇਰਾ ਬੰਦੀ ਕੀਤੀ ਗਈ। ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਘੇਰਾਬੰਦੀ ਝੋਨੇ ਦੀ ਪਰਾਲੀ ਸਾੜਨ ਵਾਲੇ ਕਿਸਾਨਾਂ ’ਤੇ ਦਰਜ ਕੀਤੇ ਮੁਕੱਦਮੇ ਰੱਦ ਕਰਵਾਉਣ ਅਤੇ ਜ਼ਮੀਨੀ ਰਿਕਾਰਡ ’ਚ ਦਰਜ ਕੀਤੀ ਗਈ ਰੈਡ ਐਂਟਰੀ ਨੂੰ ਖਾਰਜ ਕਰਵਾਉਣ ਲਈ ਕੀਤੀ ਹੈ। ਮੌਕੇ ’ਤੇ ਪੁੱਜੇ ਐੱਸ.ਐੱਸ.ਪੀ. ਫਰੀਦਕੋਟ ਨੇ ਕਿਸਾਨਾਂ ਨੂੰ ਡਿਪਟੀ ਕਮਿਸ਼ਨਰ ਫਰੀਦਕੋਟ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿਵਾਇਆ , ਜਿਸ ਤੋਂ ਕਿਸਾਨਾਂ ਨੇ ਐੱਸ.ਡੀ.ਐੱਮ. ਦਫਤਰ ਦਾ ਘੇਰਾਓ ਛੱਡ ਦਿੱਤਾ।
ਬੀ.ਕੇ.ਯੂ. ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲਾ ਨੇ ਕਿਹਾ ਕਿ ਪਿਛਲੇ ਕਾਫੀ ਦਿਨਾਂ ਤੋਂ ਕਿਸਾਨਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੰਦੋਲਨ ਚਲਾਇਆ ਹੋਇਆ ਹੈ। ਕਿਸਾਨ ਗ੍ਰਿਫ਼ਤਾਰੀਆਂ ਦੇਣ ਆਏ ਸਨ ਪਰ ਐੱਸ.ਡੀ.ਐੱਮ. ਮੈਡਮ ਵਲੋਂ ਇੱਕਲੇ ਇਕੱਲੇ ਕਿਸਾਨ ਨੂੰ ਜ਼ਮਾਨਤਾਂ ਕਰਵਾਉਣ ਬਾਰੇ ਕਿਹਾ ਗਿਆ, ਜਿਸ ਕਾਰਨ ਕਿਸਾਨ ਭੜਕ ਗਏ ਅਤੇ ਉਨ੍ਹਾਂ ਨੇ ਦਫਤਰ ਨੂੰ ਘੇਰ ਕੇ ਰੋਸ ਪ੍ਰਦਰਸ਼ਨ ਕੀਤਾ। ਐੱਸ.ਪੀ. ਹੈਡਕੁਆਟਰ ਭੁਪਿੰਦਰ ਸਿੰਘ ਨੇ ਕਿਹਾ ਕਿ ਕਿਸਾਨਾਂ ਅਤੇ ਐੱਸ.ਡੀ.ਐੱਮ. ਵਿਚਕਾਰ ਕੋਈ ਗਲਤ ਫਹਿਮੀ ਹੋਈ ਸੀ, ਜਿਸ ਕਾਰਨ ਉਨ੍ਹਾਂ ਵਿਚਕਾਰ ਤਕਰਾਰ ਵੱਧ ਗਿਆ ਹੈ ।