ਜੈਮਰ ਨਾ ਲੱਗਣ ਕਾਰਨ ਜੇਲਾਂ ''ਚ ਧੜੱਲੇ ਨਾਲ ਹੋ ਰਿਹੈ ਮੋਬਾਇਲ ਤੇ ਇੰਟਰਨੈੱਟ ਦਾ ਇਸਤੇਮਾਲ

11/25/2017 3:41:43 AM

ਬਠਿੰਡਾ(ਵਰਮਾ)-ਜੇਲਾਂ ਨੂੰ ਆਧੁਨਿਕ ਤੇ ਮਾਡਰਨ ਜੇਲ ਬਣਾਉਣ ਨੂੰ ਲੈ ਕੇ ਪੰਜਾਬ ਸਰਕਾਰ ਨੇ ਮਤਾ ਪਾਸ ਕਰ ਕੇ ਚਾਰ ਜੇਲਾਂ ਨੂੰ ਤਾਂ ਮਾਡਰਨ ਕਰ ਦਿੱਤਾ ਪਰ ਇਨ੍ਹਾਂ ਜੇਲਾਂ 'ਚ ਜੈਮਰ ਨਾ ਲੱਗਣ ਕਾਰਨ ਕੈਦੀ ਤੇ ਹਵਾਲਾਤੀ ਧੜੱਲੇ ਨਾਲ ਮੋਬਾਇਲ ਤੇ ਇੰਟਰਨੈੱਟ ਦਾ ਇਸਤੇਮਾਲ ਕਰਦੇ ਹਨ। ਬਠਿੰਡਾ ਸੈਂਟਰਲ ਜੇਲ ਵਿਚ ਜੈਮਰ ਨਾ ਲੱਗਣ ਕਾਰਨ ਕੈਦੀ ਤੇ ਹਵਾਲਾਤੀ ਬਿਨਾਂ ਰੋਕ-ਟੋਕ ਮੋਬਾਇਲ ਤੇ ਇੰਟਰਨੈੱਟ ਸੇਵਾਵਾਂ ਦਾ ਇਸਤੇਮਾਲ ਕਰ ਰਹੇ ਹਨ। ਇਸ ਕਾਰਨ ਸੈਂਟਰਲ ਜੇਲ ਵਿਚ ਬੰਦ ਡਬਲ ਮਰਡਰ ਕੇਸ ਦੇ ਮੁਲਜ਼ਮ ਲਲਿਤ ਕੁਮਾਰ ਉਰਫ ਲਾਲੀ ਨੇ ਫਿਰੋਜ਼ਪੁਰ ਵਾਸੀ ਗਵਾਹ ਨੂੰ ਫੋਨ 'ਤੇ ਧਮਕੀ ਦੇ ਕੇ ਪੁਲਸ ਤੇ ਜੇਲ ਪ੍ਰਬੰਧਨ ਵਿਚ ਸ਼ੋਰ ਮਚਾ ਦਿੱਤਾ। ਆਨਨ-ਫਾਨਨ ਵਿਚ ਪੁਲਸ ਨੇ ਦੇਰ ਰਾਤ ਸਰਚ ਕਰ ਕੇ ਉਸ ਦੇ ਕਬਜ਼ੇ 'ਚੋਂ ਸੈਮਸੰਗ ਕੰਪਨੀ ਦਾ ਮੋਬਾਇਲ ਬਰਾਮਦ ਕਰ ਕੇ ਉਸ ਖਿਲਾਫ ਮਾਮਲਾ ਦਰਜ ਕੀਤਾ।
ਮਤਾ ਪਾਸ ਪਰ ਫੰਡ ਨਹੀਂ ਹਨ ਉਪਲਬਧ 
ਸੈਂਟਰਲ ਜੇਲ ਵਿਚ ਜੈਮਰ ਲਾਉਣ ਦਾ ਮਤਾ ਤਾਂ ਸੂਬਾ ਸਰਕਾਰ ਨੇ ਪਾਸ ਕਰ ਦਿੱਤਾ ਹੈ ਪਰ ਬਜਟ ਵਿਚ ਕੋਈ ਫੰਡ ਨਹੀਂ ਰੱਖਿਆ ਗਿਆ, ਜਿਸ ਕਾਰਨ ਇਹ ਮਤਾ ਠੰਡੇ ਬਸਤੇ ਵਿਚ ਹੈ। ਜੇਲ ਵਿਚ ਜੈਮਰ ਲਾਉਣ ਦੀਆਂ ਸੰਭਾਵਨਾਵਾਂ ਨੂੰ ਧਿਆਨ ਵਿਚ ਰੱਖਦਿਆਂ ਸੂਬਾ ਸਰਕਾਰ ਨੇ ਇੱਥੇ ਇਕ ਸਰਵੇ ਵੀ ਕਰਵਾਇਆ ਸੀ ਪਰ ਉਸ ਤੋਂ ਬਾਅਦ ਕੋਈ ਕਦਮ ਨਹੀਂ ਉਠਾਇਆ ਗਿਆ। ਇਹੀ ਕਾਰਨ ਹੈ ਕਿ ਜੇਲਾਂ ਵਿਚ ਬੰਦ ਕੈਦੀਆਂ ਤੇ ਹਵਾਲਾਤੀਆਂ ਨੂੰ ਮੋਬਾਇਲ ਮਿਲਣ ਦੀਆਂ ਘਟਨਾਵਾਂ ਨੂੰ ਲੈ ਕੇ ਬਠਿੰਡਾ ਜੇਲ ਹਮੇਸ਼ਾ ਸੁਰਖੀਆਂ ਵਿਚ ਰਹੀ ਹੈ।
ਡੇਢ ਸਾਲ ਵਿਚ 34 ਮੋਬਾਇਲ ਬਰਾਮਦ
ਬਠਿੰਡਾ ਦੀ ਮਾਰਡਨ ਜੇਲ ਪਿੰਡ ਗੋਬਿੰਦਪੁਰਾ ਵਿਚ ਸਥਿਤ ਹੈ, ਜਿੱਥੇ ਵੱਖ-ਵੱਖ ਬੈਰਕਾਂ ਵਿਚ ਬੰਦ ਕੈਦੀਆਂ ਤੇ ਹਵਾਲਾਤੀਆਂ ਕੋਲੋਂ ਬੀਤੇ ਡੇਢ ਸਾਲ ਦੌਰਾਨ 34 ਮੋਬਾਇਲ ਬਰਾਮਦ ਕੀਤੇ ਜਾ ਚੁੱਕੇ ਹਨ। ਥਾਣਾ ਨਥਾਣਾ ਪੁਲਸ ਨੇ ਮੁਲਜ਼ਮਾਂ ਖਿਲਾਫ ਮਾਮਲੇ ਦਰਜ ਕੀਤੇ ਹਨ। ਜ਼ਿਆਦਾਤਰ ਮਾਮਲਿਆਂ 'ਚ ਪੁਲਸ ਨੇ ਕੈਦੀਆਂ ਤੇ ਹਵਾਲਾਤੀਆਂ ਦੇ ਨਾਮ 'ਤੇ ਕੇਸ ਦਰਜ ਕੀਤੇ ਹਨ ਪਰ ਉਨ੍ਹਾਂ 'ਚੋਂ 6 ਮੋਬਾਇਲ ਬਰਾਮਦਗੀ ਦੇ ਮਾਮਲਿਆਂ ਵਿਚ ਪੁਲਸ ਨੇ ਅਣਪਛਾਤੇ ਲੋਕਾਂ ਖਿਲਾਫ ਕੇਸ ਦਰਜ ਕੀਤੇ ਹਨ। ਇਸ ਤੋਂ ਇਲਾਵਾ ਸਰਚ ਦੌਰਾਨ ਭਾਰੀ ਮਾਤਰਾ 'ਚ ਨਸ਼ੀਲੀਆਂ ਦਵਾਈਆਂ, ਗੋਲੀਆਂ ਤੇ ਚਿੱਟਾ ਬਰਾਮਦ ਹੋ ਚੁੱਕਾ ਹੈ।
40 ਏਕੜ 'ਚ ਹੈ ਮਾਰਡਨ ਜੇਲ
ਜੂਨ 2015 ਵਿਚ ਜੇਲ ਨੂੰ ਪਿੰਡ ਗੋਬਿੰਦਪੁਰਾ ਸ਼ਿਫਟ ਕਰ ਦਿੱਤਾ ਗਿਆ। ਪੁਰਾਣੀ ਜੇਲ ਘੱਟ ਜਗ੍ਹਾ ਵਿਚ ਸੀ ਅਤੇ ਉੱਥੇ ਕੈਦੀਆਂ ਨੂੰ ਰੱਖਣ ਦੀ ਸਮਰੱਥਾ ਘੱਟ ਸੀ। ਪੰਜਾਬ ਜੇਲ ਅਧਿਕਾਰੀਆਂ ਨੇ ਉੱਚ-ਸੁਰੱਖਿਆ ਮਾਪਦੰਡਾਂ ਨਾਲ 69 ਏਕੜ ਜਗ੍ਹਾ ਵਿਚ ਦੋ ਨਵੀਆਂ ਜੇਲਾਂ ਦੀਆਂ ਇਮਾਰਤਾਂ ਦਾ ਨਿਰਮਾਣ ਕੀਤਾ ਸੀ। ਇਸ ਵਿਚ ਮਰਦਾਂ ਦੀ ਜੇਲ 40 ਏਕੜ ਵਿਚ ਅਤੇ ਔਰਤਾਂ ਦੀ ਜੇਲ 29 ਏਕੜ ਵਿਚ ਬਣਾਈ ਗਈ। ਇਸ ਤੋਂ ਬਾਅਦ ਜੇਲ 'ਚੋਂ ਮੋਬਾਇਲ ਅਤੇ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਜੇਲ ਦੇ ਸੁਰੱਖਿਆ ਪ੍ਰਬੰਧਾਂ 'ਤੇ ਸਵਾਲੀਆ ਨਿਸ਼ਾਨ ਖੜ੍ਹੇ ਕਰਦੀ ਹੈ।


Related News