ਲਗਾਤਾਰ ਤੀਜੇ ਦਿਨ ਜੇਲ੍ਹ ’ਚ ਬੰਦ ਗੈਂਗਸਟਰਾਂ ਕੋਲੋਂ ਮੋਬਾਇਲ ਅਤੇ ਨਸ਼ੀਲਾ ਪਦਾਰਥ ਬਰਾਮਦ
Friday, Jun 03, 2022 - 06:08 PM (IST)

ਫਿਰੋਜ਼ਪੁਰ (ਮਲਹੋਤਰਾ) : ਜੇਲ੍ਹ ਪ੍ਰਸ਼ਾਸਨ ਨੇ ਲਗਾਤਾਰ ਤੀਜੇ ਦਿਨ ਜੇਲ੍ਹ ਵਿਚ ਬੰਦ ਗੈਂਗਸਟਰਾਂ ਕੋਲੋਂ ਮੋਬਾਇਲ ਅਤੇ ਨਸ਼ੀਲਾ ਪਦਾਰਥ ਬਰਾਮਦ ਕੀਤਾ ਹੈ। ਉਧਰ ਸੂਤਰਾਂ ਨੇ ਖੁਲਾਸਾ ਕੀਤਾ ਹੈ ਕਿ ਗੈਂਗਸਟਰਾਂ ਦੀ ਜੇਲ੍ਹ ਵਿਚ ਆਪਸੀ ਗੁੱਟਬਾਜ਼ੀ ਰੰਗ ਫੜਨ ਲੱਗੀ ਹੈ ਅਤੇ ਇਸੇ ਕਾਰਨ ਗੈਂਗਸਟਰ ਧਿਰਾਂ ਵੱਲੋਂ ਵਿਰੋਧੀ ਧਿਰ ਦੇ ਲੋਕਾਂ ਵੱਲੋਂ ਮੋਬਾਇਲ ਦੇ ਇਸਤੇਮਾਲ ਦੀ ਸੂਚਨਾ ਜੇਲ੍ਹ ਅਧਿਕਾਰੀਆਂ ਨੂੰ ਦਿੱਤੀ ਜਾ ਰਹੀ ਹੈ। ਥਾਣਾ ਸਿਟੀ ਪੁਲਸ ਨੂੰ ਭੇਜੀ ਸ਼ਿਕਾਇਤ ਵਿਚ ਸਹਾਇਕ ਸੁਪਰੀਡੈਂਟ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਵੀਰਵਾਰ ਦੇਰ ਸ਼ਾਮ ਚੱਕੀਆਂ ਦੀ ਚੈਕਿੰਗ ਦੌਰਾਨ ਗੈਂਗਸਟਰ ਤਰਨਜੋਤ ਸਿੰਘ ਤੰਨਾ ਪਿੰਡ ਲਖਨਪਾਲ ਜ਼ਿਲ੍ਹਾ ਗੁਰਦਾਸਪੁਰ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ ਓਪੋ ਕੰਪਨੀ ਦਾ ਫੋਨ ਅਤੇ ਸਿੰਮ ਕਾਰਡ ਬਰਾਮਦ ਹੋਇਆ।
ਗੈਂਗਸਟਰ ਪਵਨ ਨੇਹਰਾ ਪਿੰਡ ਬੁੜਾ ਜ਼ਿਲ੍ਹਾ ਗੁਰੂਗ੍ਰਾਮ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 8.30 ਗ੍ਰਾਮ ਕਾਲੇ ਰੰਗ ਦਾ ਤਰਲ ਪਦਾਰਥ ਮਿਲਿਆ, ਜਿਸ ਦੀ ਵਰਤੋਂ ਨਸ਼ੇ ਵਜੋਂ ਕੀਤੀ ਜਾਂਦੀ ਹੈ। ਦੋਹਾਂ ਦੇ ਖ਼ਿਲਾਫ ਪੁਲਸ ਨੇ ਜੇਲ ਐਕਟ ਅਤੇ ਐੱਨ.ਡੀ.ਪੀ.ਐੱਸ. ਐਕਟ ਦਾ ਪਰਚਾ ਦਰਜ ਕਰ ਲਿਆ ਹੈ।