ਕਾਂਗਰਸੀ ਕੌਂਸਲਰ ਕਤਲ ਮਾਮਲੇ ''ਚ ਜੱਗੂ ਭਗਵਾਨਪੁਰੀਆ ਤੇ ਕੰਗਲਾ 5 ਦਿਨਾਂ ਰਿਮਾਂਡ ''ਤੇ
Saturday, Jun 09, 2018 - 07:08 PM (IST)

ਅੰਮ੍ਰਿਤਸਰ (ਸੁਮਿਤ) : ਕਾਂਗਰਸੀ ਕੌਂਸਲਰ ਗੁਰਦੀਪ ਸਿੰਘ ਪਹਿਲਵਾਨ ਦੇ ਕਤਲ ਮਾਮਲੇ ਵਿਚ ਪੁਲਸ ਵੱਡੀ ਕਾਰਵਾਈ ਕਰਦੇ ਹੋਏ ਜੇਲ ਵਿਚ ਬੰਦ ਗੈਂਗਸਟਰ ਜੱਗੂ ਭਗਵਾਨਪੁਰੀਆ ਤੇ ਸੋਨੂੰ ਕੰਗਲਾ ਨੂੰ ਪ੍ਰੋਡਕਸ਼ਨ ਵਰੰਟ 'ਤੇ ਲਿਆਂਦਾ ਹੈ। ਦੋਵਾਂ ਗੈਂਗਸਟਰਾਂ ਨੂੰ ਭਾਰੀ ਸੁਰੱਖਿਆ ਹੇਠ ਅੰਮ੍ਰਿਤਸਰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਦੋਵਾਂ ਨੂੰ ਪੰਜ ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ। ਦੋਵਾਂ ਗੈਂਗਸਟਰਾਂ ਕੋਲੋਂ ਪੁਲਸ ਦੇ ਵੱਡੇ ਅਧਿਕਾਰੀ ਪੁੱਛਗਿੱਛ ਕਰ ਰਹੇ ਹਨ।
ਕੌਂਸਲਰ ਗੁਰਦੀਪ ਸਿੰਘ ਦੇ ਕਤਲ ਮਾਮਲੇ ਵਿਚ ਜੱਗੂ ਭਗਵਾਨਪੁਰੀਏ ਦਾ ਨਾਂ ਆਉਣ ਤੋਂ ਬਾਅਦ ਪੁਲਸ ਲਗਾਤਾਰ ਜੱਗੂ ਤੋਂ ਪੁੱਛਗਿੱਛ ਕਰ ਰਹੀ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਜੱਗੂ ਭਗਵਾਨਪੁਰੀਆ ਗੈਂਗ ਦੇ ਮੈਂਬਰ ਨੇ ਬੀਤੇ ਦਿਨੀਂ ਫੇਸਬੁੱਕ 'ਤੇ ਕੌਂਸਲਰ ਨੂੰ ਮਾਰਨ ਦੀ ਜ਼ਿੰਮੇਵਾਰੀ ਲਈ ਸੀ। ਕਾਂਗਰਸੀ ਲੀਡਰ ਗੁਰਦੀਪ ਸਿੰਘ ਪਹਿਲਵਾਨ ਦੇ ਕਤਲ ਮਾਮਲੇ ਵਿਚ ਅੰਮ੍ਰਿਤਸਰ ਪੁਲਸ ਨੇ ਅੱਠ ਮੁਲਜ਼ਮਾਂ ਖਿਲਾਫ ਮੁਕੱਦਮਾ ਦਰਜ ਕੀਤਾ ਸੀ ਜਿਨ੍ਹਾਂ ਵਿਚ ਜੱਗੂ ਭਗਵਾਨਪੁਰੀਆ ਦਾ ਨਾਂ ਵੀ ਸ਼ਾਮਲ ਹੈ। ਜੱਗੂ ਭਗਵਾਨਪੁਰੀਆ ਇਸ ਸਮੇਂ ਹੁਸ਼ਿਆਰਪੁਰ ਜੇਲ ਵਿਚ ਬੰਦ ਹੈ, ਜਿੱਥੋਂ ਪੁਲਸ ਇਸ ਨੂੰ ਪ੍ਰੋਡਕਸ਼ਨ ਵਾਰੰਟ' ਤੇ ਲੈ ਕੇ ਆਈ ਹੈ।