ਨੌਦੀਪ ਕੌਰ ਦੀ ਰਿਹਾਈ ਲਈ ਜਾਗੋ ਪਾਰਟੀ ਨੇ ਸੋਸ਼ਲ ਮੀਡੀਆ 'ਤੇ ਕੀਤੀ ਇਹ ਅਪੀਲ

Saturday, Feb 06, 2021 - 11:50 PM (IST)

ਨਵੀਂ ਦਿੱਲੀ,(ਬਿਊਰੋ)- ਮਜ਼ਦੂਰਾਂ ਦੇ ਅਧਿਕਾਰਾਂ ਲਈ ਕੰਮ ਕਰਨ ਵਾਲੀ ਨੌਦੀਪ ਕੌਰ ਦੀ ਰਿਹਾਈ ਲਈ ਜਾਗੋ ਪਾਰਟੀ ਨੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਨੂੰ ਲੈ ਕੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੂੰ ਇਕ ਚਿੱਠੀ ਲਿਖੀ ਗਈ ਹੈ। ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਮਾਮਲਾ ਉਠਾਉਂਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਸਾਨੂੰ ਨੌਦੀਪ ਕੌਰ ਦੀ ਰਿਹਾਈ ਲਈ ਸੋਸ਼ਲ ਮੀਡੀਆ 'ਤੇ ਚੱਲ ਰਹੀ ਕੰਪੇਨ #RELEASENODEEPKAUR ਜਿਸ ਦਾ ਮੈਂ ਵੀ ਇਕ ਹਿੱਸਾ ਹਾਂ, ਤੁਹਾਨੂੰ ਵੀ ਇਸ ਮੁਹਿੰਮ ਦਾ ਹਿੱਸਾ ਬਨਣਾ ਚਾਹੀਦਾ ਹੈ ਤਾਂ ਜੋ ਗਰੀਬਾਂ ਦੇ ਹੱਕਾਂ ਲਈ ਲੜ ਰਹੀ ਨੌਦੀਪ ਕੌਰ ਨੂੰ ਜਸਟਿਸ ਦਿਵਾ ਸਕੀਏ। 

ਕਮਲਾ ਹੈਰਿਸ ਦੀ ਭਤੀਜੀ ਮੀਨਾ ਹੈਰਿਸ ਨੇ ਵੀ ਟਵੀਟ ਕਰ ਕੇ ਨੌਦੀਪ ਕੌਰ ਲਈ ਕੀਤੀ ਆਵਾਜ ਬੁਲੰਦ
ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਭਤੀਜੀ ਮੀਨਾ ਹੈਰਿਸ ਨੇ ਟਵੀਟ ਕਰ ਕੇ ਨੌਦੀਪ ਨਾਲ ਵਾਪਰੀ ਘਟਨਾ ਦਾ ਜ਼ਿਕਰ ਕੀਤਾ ਹੈ। ਮੀਨਾ ਨੇ ਲਿਖਿਆ ਹੈ ਕਿ 23 ਸਾਲ ਦੀ ਮਜ਼ਦੂਰ ਅਧਿਕਾਰ ਵਰਕਰ ਨੌਦੀਪ ਕੌਰ ਨੂੰ ਗ੍ਰਿਫਤਾਰ ਕਰ ਕੇ ਉਸ ਨਾਲ ਪੁਲਸ ਹਿਰਾਸਤ ਵਿਚ ਸੈਕਸ ਸ਼ੋਸ਼ਣ ਅਤੇ ਉਸ 'ਤੇ ਅੱਤਿਆਚਾਰ ਕੀਤੇ ਗਏ ਹਨ। 20 ਦਿਨ ਤੋਂ ਬਿਨਾਂ ਜ਼ਮਾਨਤ ਤੋਂ ਉਹ ਜੇਲ ਵਿਚ ਹੈ। ਮੀਨਾ ਨੇ ਹੈਰਾਨੀ ਪ੍ਰਗਟਾਈ ਕਿ ਕੀ ਹਿੰਦੁਸਤਾਨ ਵਿਚ ਇੰਝ ਹੀ ਹੁੰਦਾ ਹੈ?

ਜੀ.ਕੇ. ਨੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਚਿੱਠੀ ਲਿਖ ਨੌਦੀਪ ਕੌਰ ਦੀ ਰਿਹਾਈ ਦੀ ਕੀਤੀ ਮੰਗ
ਇਸ ਤੋਂ ਪਹਿਲਾਂ ਜੀ.ਕੇ. ਨੇ ਹਰਿਆਣਾ ਦੇ ਮੁੱਖ ਮੰਤਰੀ ਦੇ ਨਾਲ-ਨਾਲ ਕੇਂਦਰੀ ਸਮਾਜਿਕ ਕਲਿਆਣ ਮੰਤਰੀ ਥਾਵਰ ਚੰਦ ਗਹਿਲੋਤ ਨੂੰ ਵੀ ਚਿੱਠੀ ਲਿਖ ਕੇ ਨੌਦੀਪ ਕੌਰ ਦੀ ਰਿਹਾਈ ਦੀ ਮੰਗ ਕੀਤੀ ਸੀ। ਉਨ੍ਹਾਂ ਦੱਸਿਆ ਕਿ ਨੌਦੀਪ ਦੀ ਭੈਣ ਰਾਜਵੀਰ ਕੌਰ ਨੇ ਕਿਹਾ ਹੈ ਕਿ ਨੌਦੀਪ ਨੂੰ ਕੁੰਡਲੀ ਇੰਡਸਟ੍ਰੀਅਲ ਏਰੀਆ ਐਸੋਸੀਏਸ਼ਨ ਦੀ ਸ਼ਿਕਾਇਤ 'ਤੇ 12 ਜਨਵਰੀ 2021 ਨੂੰ ਪੁਲਸ 'ਤੇ ਹਮਲਾ ਕਰਨ ਦੇ ਦੋਸ਼ ਹੇਠ ਜੇਲ ਵਿਚ ਭੇਜ ਦਿੱਤਾ ਗਿਆ ਸੀ। ਨੌਦੀਪ ਕੌਰ ਮਜ਼ਦੂਰ ਅਧਿਕਾਰਾਂ ਲਈ ਲੜਾਈ ਲੜ ਰਹੀ ਸੀ ਜਿਸ ਕਾਰਣ ਕਾਰਖਾਨਾ ਮਾਲਕਾਂ ਨੇ ਪੁਲਸ ਦੀ ਮਿਲੀਭਗਤ ਨਾਲ ਨੌਦੀਪ ਕੌਰ ਨੂੰ ਝੂਠੇ ਮਾਮਲੇ ਵਿਚ ਫਸਾਇਆ ਹੈ। ਜੀ.ਕੇ. ਨੇ ਖੱਟੜ ਕੋਲੋਂ ਜਾਂਚ ਕਮੇਟੀ ਬਣਾ ਕੇ ਸਾਰੇ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। 

ਕੌਣ ਹੈ ਨੌਦੀਪ ਕੌਰ? 
ਮੁਕਤਸਰ ਜ਼ਿਲ੍ਹੇ ਦੀ ਇਹ ਧੀ ਦਲਿਤ ਪਰਿਵਾਰ ਨਾਲ ਸੰਬੰਧ ਰੱਖਦੀ ਹੈ। ਕੁੰਡਲੀ ਬਾਰਡਰ ਨੇੜੇ ਇਕ ਫੈਕਟਰੀ 'ਚ ਕੰਮ ਕਰਦੀ ਸੀ। ਇਸਦੀ ਭੈਣ ਨੇ ਗੱਲਬਾਤ ਦੌਰਾਨ ਦੱਸਿਆ ਕਿ ਨੌਦੀਪ ਮਜ਼ਦੂਰਾਂ ਦੇ ਹੱਕਾਂ ਲਈ, ਉਨ੍ਹਾਂ ਨੂੰ ਬਣਦਾ ਭੱਤਾ ਦਵਾਉਣ ਲਈ ਸੰਘਰਸ਼ ਕਰ ਰਹੀ ਸੀ, ਠੀਕ ਓਦੋਂ ਜਦੋਂ ਅਸੀਂ ਸਭ ਕੁੰਡਲੀ ਮੋਰਚਾ ਲਗਾਈ ਬੈਠੇ ਸੀ। 

ਕੀ ਹੋਇਆ ਨੌਦੀਪ ਕੌਰ ਨਾਲ? 
ਜ਼ਿਕਰਯੋਗ ਹੈ ਕਿ ਕੁੰਡਲੀ ਬਾਰਡਰ ਨੇੜੇ ਫੈਕਟਰੀਆਂ ਵਾਲਿਆਂ ਨੇ ਆਪਣੇ ਗੁੰਡਿਆਂ ਦੀ ਫੌਜ ਬਣਾ ਰਖੀ ਹੈ ਜੋ ਨਾ ਤਾਂ ਮਜ਼ਦੂਰਾਂ ਦੀ ਕੋਈ ਜਥੇਬੰਦੀ ਬਣਨ ਦਿੰਦੇ ਹਨ, ਅਤੇ ਨਾ ਹੀ ਕੋਈ ਧਰਨਾ ਪ੍ਰਦਰਸ਼ਨ ਕਰਨ ਦਿੰਦੇ ਹਨ। ਇਕ ਫੈਕਟਰੀ ਕਈ ਮਜ਼ਦੂਰਾਂ ਦਾ ਬਣਦਾ ਭੱਤਾ ਨਹੀਂ ਦੇ ਰਹੀ ਸੀ, ਨੌਦੀਪ ਨੇ ਉਹ ਭੱਤਾ ਦਵਾਉਣ ਲਈ ਮਜ਼ਦੂਰਾਂ ਨਾਲ ਮਿਲ ਕੇ ਪ੍ਰਦਰਸ਼ਨ ਕਰਨਾ ਸ਼ਰੂ ਕਰ ਦਿੱਤਾ। ਫੈਕਟਰੀ ਨੇ ਆਪਣੇ ਗੁੰਡੇ ਭੇਜੇ ਜਿਸ ਨਾਲ ਉਹ ਉਲਝਦੀ ਹੋਈ ਉਸਦਾ ਪੁਲਸ ਨਾਲ ਟਾਕਰਾ ਹੋਇਆ। ਨੌਦੀਪ ਨੂੰ ਪੁਲਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ।  

ਨੌਦੀਪ ਦੀ ਹਵਾਲਾਤ 'ਚ ਕੁੱਟਮਾਰ
ਨੌਦੀਪ ਦੀ ਭੈਣ ਮੁਤਾਬਕ ਉਸ ਨੂੰ ਹਵਾਲਾਤ 'ਚ ਪੁਲਸ ਮੁਲਾਜ਼ਮਾਂ ਨੇ ਬੁਰੀ ਤਰਾਂ ਕੁੱਟਿਆ। ਉਸਨੇ ਦੱਸਿਆ ਕਿ ਜਦੋਂ ਮੇਰੀ ਨੌਦੀਪ ਨਾਲ ਮੁਲਾਕਾਤ ਹੋਈ ਉਸਦੇ ਪੈਰਾਂ 'ਚੋਂ ਖੂਨ ਨਿਕਲ ਰਿਹਾ ਸੀ। ਨੌਦੀਪ ਲਈ ਅੰਦਰ ਦਵਾਈ ਤਾਂ ਭੇਜੀ ਗਈ ਪਰ ਉਸਨੂੰ ਦਵਾਈ ਦਿੱਤੀ ਨਹੀਂ ਗਈ।


Bharat Thapa

Content Editor

Related News