ਜੇਕਰ ਕੇਂਦਰ ਸਰਕਾਰ ਸਿੱਖਾਂ ਨੂੰ ਇਨਸਾਫ ਨਹੀਂ ਦੇਵੇਗੀ ਤਾਂ ਸਿੱਖਾਂ ਦੀ ਦੁਸ਼ਮਣ ਹੋਵੇਗੀ
Thursday, Feb 08, 2018 - 06:54 AM (IST)

ਜਲੰਧਰ(ਬੁਲੰਦ)- 1984 ਵਿਚ ਦਿੱਲੀ ਵਿਚ ਹੋਏ ਸਿੱਖਾਂ ਦੇ ਕਤਲੇਆਮ ਦੇ ਮਾਮਲੇ ਵਿਚ ਸਾਹਮਣੇ ਆਈ ਜਗਦੀਸ਼ ਟਾਈਟਲਰ ਦੀ ਸਟਿੰਗ ਵੀਡੀਓ ਨਾਲ ਸਿੱਖ ਸਿਆਸਤ ਵਿਚ ਹਲਚਲ ਮਚੀ ਹੋਈ ਹੈ। ਇਸ ਬਾਰੇ ਅੱਜ ਮਹਿਲਾ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਇਕ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਕਿ ਅੱਜ ਤੱਕ ਟਾਈਟਲਰ ਤੇ ਸੱਜਣ ਕੁਮਾਰ ਜਿਹੇ ਸਿੱਖਾਂ ਦੇ ਕਾਤਲਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਸੀ ਕਿ ਕੋਈ ਸਬੂਤ ਨਹੀਂ ਹੈ ਪਰ ਹੁਣ ਤਾਂ ਟਾਈਟਲਰ ਦਾ ਸਟਿੰਗ ਸਾਹਮਣੇ ਆ ਗਿਆ ਹੈ ਜਿਸ ਵਿਚ ਉਹ ਮੰਨ ਰਿਹਾ ਹੈ ਕਿ ਕਿਵੇਂ ਉਸਨੇ 100 ਤੋਂ ਵੱਧ ਸਿੱਖਾਂ ਦਾ ਕਤਲ ਕੀਤਾ ਤੇ ਖੁਦ ਰਾਜੀਵ ਗਾਂਧੀ ਨੂੰ ਆਪਣੀ ਕਾਰ ਵਿਚ ਬਿਠਾ ਕੇ ਦਿੱਲੀ ਵਿਚ ਘੁਮਾਇਆ ਤੇ ਦਿਖਾਇਆ ਕਿ ਕਿਵੇਂ ਸਿੱਖਾਂ ਦੀ ਨਸਲਕੁਸ਼ੀ ਕੀਤੀ ਹੈ। ਇਸ ਬਾਰੇ ਬੀਬੀ ਜਗੀਰ ਕੌਰ ਨੇ ਕਿਹਾ ਕਿ ਹੁਣ ਕੇਂਦਰ ਸਰਕਾਰ ਨੂੰ ਤੁਰੰਤ ਟਾਈਟਲਰ ਦੇ ਸਾਰੇ ਕੇਸ ਖੋਲ੍ਹ ਕੇ ਉਸਨੂੰ ਗ੍ਰਿਫਤਾਰ ਕਰ ਲੈਣਾ ਚਾਹੀਦਾ ਹੈ ਤੇ ਉਸ 'ਤੇ 100 ਸਿੱਖਾਂ ਦੇ ਕਤਲ ਦਾ ਕੇਸ ਚਲਾਉਣਾ ਚਾਹੀਦਾ ਹੈ। ਬੀਬੀ ਨੇ ਕਿਹਾ ਕਿ ਗਾਂਧੀ ਪਰਿਵਾਰ ਸ਼ੁਰੂ ਤੋਂ ਹੀ ਟਾਈਟਲਰ ਨੂੰ ਬਚਾਉਂਦਾ ਆਇਆ ਹੈ ਤੇ ਇਸੇ ਕਾਰਨ ਉਸਨੂੰ ਵੱਡੇ ਅਹੁਦਿਆਂ 'ਤੇ ਬਿਠਾਈ ਰੱਖਿਆ। ਉਨ੍ਹਾਂ ਮੰਗ ਕੀਤੀ ਕਿ ਇਸ ਗੱਲ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ ਕਿ ਕਿਵੇਂ ਗਾਂਧੀ ਪਰਿਵਾਰ ਨੇ ਸਿੱਖਾਂ ਦਾ ਕਤਲ ਕਰਵਾਇਆ, ਕੌਣ-ਕੌਣ ਇਸ ਸਾਜ਼ਿਸ਼ ਵਿਚ ਸ਼ਾਮਲ ਸੀ, ਕਿਸ ਤਰ੍ਹਾਂ ਤਤਕਾਲੀਨ ਸਰਕਾਰਾਂ ਨੇ ਸਿੱਖਾਂ ਦੇ ਕਤਲੇਆਮ ਦੇ ਸਬੂਤਾਂ ਨੂੰ ਮਿਟਾਇਆ। ਬੀਬੀ ਨੇ ਕਿਹਾ ਕਿ 1984 ਤੋਂ ਲੈ ਕੇ ਅੱਜ ਤੱਕ ਜਿੰਨੀਆਂ ਵੀ ਕੇਂਦਰੀ ਸਰਕਾਰਾਂ ਆਈਆਂ। ਕਿਸੇ ਨੇ ਵੀ ਸਿੱਖਾਂ ਦੇ ਕਤਲੇਆਮ ਬਾਰੇ ਕੋਈ ਜਾਂਚ ਨਹੀਂ ਕਰਵਾਈ। ਪੱਤਰਕਾਰਾਂ ਨੇ ਪੁੱਛਿਆ ਕਿ ਜਦੋਂ ਕੇਂਦਰ ਵਿਚ ਭਾਜਪਾ ਦੀ ਤੇ ਪੰਜਾਬ ਵਿਚ ਅਕਾਲੀਆਂ ਦੀ ਸਰਕਾਰ ਸੀ ਤਾਂ ਕਿਓਂ ਕਿਸੇ ਨੇ ਟਾਈਟਲਰ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਨਹੀਂ ਕੀਤੀ ਤਾਂ ਬੀਬੀ ਨੇ ਕਿਹਾ ਕਿ ਅਸੀਂ ਸ਼ੁਰੂ ਤੋਂ ਹੀ ਸਿੱਖਾਂ ਨੂੰ ਇਨਸਾਫ ਦਿਵਾਉਣ ਦੀ ਮੰਗ ਕਰਦੇ ਰਹੇ ਹਾਂ। ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਦੀ ਹਾਈਕਮਾਨ ਨੇ ਕੇਂਦਰੀ ਗ੍ਰਹਿ ਮੰਤਰੀ ਨਾਲ ਮਿਲ ਕੇ ਟਾਈਟਲਰ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਟਾਈਟਲਰ ਦੇ ਖਿਲਾਫ ਕਾਰਵਾਈ ਨਹੀਂ ਕਰਦੀ ਤਾਂ ਉਸਨੂੰ ਸਿੱਖਾਂ ਦਾ ਦੁਸ਼ਮਣ ਮੰਨਿਆ ਜਾਵੇਗਾ। ਜਦੋਂ ਉਨ੍ਹਾਂ ਕੋਲੋਂ ਪੁੱਛਿਆ ਗਿਆ ਕਿ ਜੇਕਰ ਕੇਂਦਰ ਸਰਕਾਰ ਟਾਈਟਲਰ ਨੂੰ ਗ੍ਰਿਫਤਾਰ ਨਹੀਂ ਕਰਦੀ ਤਾਂ ਕੀ ਅਕਾਲੀ ਦਲ ਭਾਜਪਾ ਨਾਲੋਂ ਆਪਣਾ ਗੱਠਜੋੜ ਤੋੜੇਗਾ ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਫੈਸਲਾ ਹਾਈਕਮਾਨ ਲਵੇਗੀ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰੀ ਗ੍ਰਹਿ ਮੰਤਰੀ ਅਕਾਲੀ ਦਲ ਦੀ ਮੰਗ ਨੂੰ ਨਹੀਂ ਮੰਨਦੇ ਤਾਂ ਅਗਲੇ ਸੰਘਰਸ਼ ਬਾਰੇ ਜਲਦੀ ਐਲਾਨ ਕੀਤਾ ਜਾਵੇਗਾ ਪਰ ਟਾਈਟਲਰ ਦੇ ਖਿਲਾਫ ਸੰਘਰਸ਼ ਬੰਦ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਜੇਕਰ ਹੁਣ ਵੀ ਕੇਂਦਰ ਸਰਕਾਰ ਦੇ ਕੰਨ ਨਹੀਂ ਖੁੱਲ੍ਹਦੇ ਤਾਂ ਇਸਦਾ ਮਤਲਬ ਕੇਂਦਰ ਵਿਚ ਬੈਠੀ ਹਰ ਸਰਕਾਰ ਸਿੱਖਾਂ ਦੀ ਦੁਸ਼ਮਣ ਹੈ ਤੇ ਸਿੱਖਾਂ ਨੂੰ ਇਸ ਦੇਸ਼ ਵਿਚ ਇਨਸਾਫ ਨਹੀਂ ਮਿਲੇਗਾ ਤੇ ਫਿਰ ਸਿੱਖ ਆਪਣੇ ਤਰੀਕੇ ਨਾਲ ਇਨਸਾਫ ਲੈਣਗੇ।