ਰੌਸ਼ਨ ਖ਼ਵਾਬਾਂ ਦੀ ਸਿੱਖਿਆ

Saturday, Jul 21, 2018 - 07:01 AM (IST)

ਰੌਸ਼ਨ ਖ਼ਵਾਬਾਂ ਦੀ ਸਿੱਖਿਆ

'ਸ' ਸਿੱਖਿਆ  
ਸਕੂਲ ਜਵਾਕ ਨੂੰ ਖਾ ਜਾਂਦਾ ਹੈ!

ਪਿੰਡ ਦੀ ਸੱਥ 'ਚ ਬੈਠੇ ਮਾਪਿਆਂ 'ਚੋਂ ਇਕ ਦੀ ਇਹ ਟਿੱਪਣੀ ਸੀ। ਸਿੱਖਿਆ ਨੂੰ ਲੈ ਕੇ ਪੰਜਾਬ 'ਚ ਵੱਖ-ਵੱਖ ਪਹਿਲੂਆਂ 'ਤੇ ਗੱਲ ਹੋ ਰਹੀ ਹੈ। ਸਿੱਖਿਆ 'ਚ ਪ੍ਰਾਈਵੇਟ ਬਨਾਮ ਸਰਕਾਰੀ ਸਕੂਲਾਂ ਦੀ ਬਹਿਸ ਹੈ। ਇਨ੍ਹਾਂ ਸਕੂਲਾਂ 'ਚ ਮਾਂ ਬੋਲੀ 'ਚ ਸਿੱਖਿਆ ਦੇਣ ਦੀ ਗੱਲ ਹੈ। ਇਸੇ ਸਿੱਖਿਆ ਤਹਿਤ ਬੱਚਿਆਂ ਨੂੰ ਵਿੱਦਿਆ ਨਿਖਾਰ ਨਹੀਂ ਰਹੀ ਸਗੋਂ ਉਨ੍ਹਾਂ ਨੂੰ ਬੋਝ ਮਹਿਸੂਸ ਹੁੰਦੀ ਹੈ। ਅਧਿਆਪਕ ਗੁਰੂ ਨਹੀਂ ਰਿਹਾ ਸਿਰਫ ਵਿੱਦਿਆ ਦਾ ਰਿਸੈਪਸ਼ਨਿਸਟ ਹੋ ਗਿਆ ਹੈ। ਸਿੱਖਿਆ ਨੂੰ ਪੇਸ਼ ਕਰਦੇ ਅਦਾਰਿਆਂ ਨੇ ਗੁਰੂ-ਚੇਲੇ ਦੇ ਇਸ ਰਿਸ਼ਤੇ ਨੂੰ ਪ੍ਰੋਡਿਊਸਰ-ਕੰਜ਼ਿਊਮਰ ਦੇ ਵਪਾਰਕ ਖਾਕੇ 'ਚ ਬਦਲ ਦਿੱਤਾ ਹੈ। ਇਸੇ ਸਿੱਖਿਆ 'ਚ ਇਹ ਲੱਭਿਆ ਜਾ ਰਿਹਾ ਹੈ ਕਿ ਸਿੱਖਿਆ ਦਾ ਮੂਲ ਕੀ ਹੈ? ਤੁਸੀਂ ਸਾਰੇ ਵੀ ਇਨ੍ਹਾਂ ਸਵਾਲਾਂ ਦੇ ਰੂ-ਬਰੂ ਹੋਏ ਹੋਵੋਗੇ। ਤੁਹਾਨੂੰ ਵੀ ਆਪਣੇ ਬੱਚਿਆਂ ਦੀ ਚਿੰਤਾ ਹੈ। ਕਿਸੇ ਸਮਾਜ ਦੀ ਤੰਦਰੁਸਤੀ ਉਸ ਸਮਾਜ ਦੀ ਸਿਹਤ ਅਤੇ ਸਿੱਖਿਆ 'ਤੇ ਨਿਰਭਰ ਕਰਦੀ ਹੈ ਪਰ ਪੰਜਾਬ 'ਚ ਸਿੱਖਿਆ ਮਹਿਕਮੇ ਦੇ ਨਤੀਜੇ ਸਾਨੂੰ ਚਿੰਤਾ 'ਚ ਪਾਉਂਦੇ ਹਨ। ਪਿਛਲੇ ਦਹਾਕਿਆਂ ਤੋਂ ਸਰਕਾਰੀ ਸਕੂਲ ਬੰਦ ਹੁੰਦੇ ਜਾ ਰਹੇ ਹਨ। ਜਿਹੜੇ ਸਕੂਲਾਂ ਦਾ ਜ਼ਿਕਰ ਵਡਿਆਈ ਸੰਗ ਅਕਸਰ ਛਿੜਦਾ ਹੈ, ਉਹ ਉਥੋਂ ਦੇ ਅਧਿਆਪਕਾਂ ਦੀ ਨਿੱਜੀ ਕੋਸ਼ਿਸ਼ ਦਾ ਨਤੀਜਾ ਹੁੰਦਾ ਹੈ। ਨਤੀਜਾ ਤਾਂ ਅਜਿਹਾ ਹੈ ਕਿ ਕਈ ਸਕੂਲਾਂ 'ਚ ਸਾਰੇ ਦੇ ਸਾਰੇ ਬੱਚੇ ਫੇਲ ਹੋ ਗਏ ਹਨ। ਬੱਚਿਆਂ ਨੂੰ ਫੇਲ ਨਾ ਕਹਿ ਕੇ ਗ੍ਰੇਡ 'ਚ ਗੱਲ ਕਰਨ ਨਾਲ ਹਾਲਾਤ ਨਹੀਂ ਬਦਲ ਜਾਣਗੇ।
 ਮਹਾਤਮਾ ਗਾਂਧੀ ਕਹਿੰਦੇ ਸਨ, ਉਹ ਵਿੱਦਿਅਕ ਅਦਾਰੇ ਮਰਿਆਂ ਵਰਗੇ ਹੀ ਹਨ, ਜਿਥੇ ਆਦਰਸ਼ਾਂ ਦੀ ਸਿੱਖਿਆ ਦਿੰਦੇ ਹੋਏ ਵਿਦਿਆਰਥੀਆਂ ਨੂੰ ਸੁਭਾਵਿਕ ਜ਼ਿੰਦਗੀ ਦੇ ਯਥਾਰਥ ਨਾਲ ਜੂਝਣਾ ਨਹੀਂ ਸਿਖਾਇਆ ਜਾਂਦਾ।
ਫਿਨਲੈਂਡ ਨੇ ਸੰਸਾਰ 'ਚ ਸਿੱਖਿਆ ਦੀ ਦਾਰਸ਼ਨਿਕ ਮਿਸਾਲ ਕਾਇਮ ਕੀਤੀ ਹੈ। ਇਸ ਦੇਸ਼ 'ਚ ਬੱਚੇ ਦੀ ਮੁੱਢਲੀ ਸਿੱਖਿਆ 7 ਸਾਲ ਦੀ ਉਮਰ ਤੋਂ ਸ਼ੁਰੂ ਕੀਤੀ ਜਾਂਦੀ ਹੈ। ਭਾਰਤ ਦੀ ਰਾਜਧਾਨੀ ਦਿੱਲੀ 'ਚ ਹੀ ਦਿੱਲੀ ਸਰਕਾਰ ਨੇ ਸਿੱਖਿਆ ਦੇ ਖੇਤਰ 'ਚ ਵੱਡੀ ਮਿਸਾਲ ਪੈਦਾ ਕੀਤੀ ਹੈ। ਸਰਕਾਰ ਦੇ ਸਾਲਾਨਾ ਬਜਟ ਦਾ 25 ਫੀਸਦੀ ਇਕੱਲਾ ਸਿੱਖਿਆ ਨੂੰ ਦਿੱਤਾ ਜਾਂਦਾ ਹੈ। ਬੁਨਿਆਦੀ ਢਾਂਚੇ 'ਚ ਸੁਧਾਰ ਇਕ ਹਿੱਸਾ ਸੀ ਪਰ ਬੱਚਿਆਂ ਦੀ ਸਿਹਤ ਲਈ ਚੱਲਦੇ ਪ੍ਰੋਗਰਾਮ 'ਚ ਸਕੂਲ ਹੈਲਥ ਅਧੀਨ ਹਰ ਹਫਤੇ ਸਿਹਤ ਦੀ ਮੁੱਢਲੀ ਜਾਂਚ ਵੀ ਯਕੀਨੀ ਬਣਾਈ। ਇਹ ਪ੍ਰੋਗਰਾਮ ਪੂਰੇ ਭਾਰਤ 'ਚ ਹਰ ਸੂਬੇ 'ਚ ਹੈ ਪਰ ਇਸ ਨੂੰ ਅਮਲੀ ਜਾਮਾ ਸਿਰਫ ਦਿੱਲੀ ਅਤੇ ਕੇਰਲ ਨੇ ਹੀ ਪਹਿਨਾਇਆ ਹੈ। ਵਿਦਿਆਰਥੀਆਂ ਲਈ ਬਿਨਾਂ ਵਿਆਜ ਤੋਂ ਲੋਨ ਲੈ ਕੇ ਰੋਜ਼ਾਨਾ ਸਫਾਈ ਨੂੰ ਯਕੀਨੀ ਬਣਾਇਆ ਗਿਆ ਹੈ। ਰੋਜ਼ਾਨਾ ਸਫਾਈ ਲਈ ਦਿੱਲੀ ਸਿੱਖਿਆ ਮਹਿਕਮੇ ਦੀ ਐਪ ਹੈ, ਜਿਸ 'ਚ ਵੀਡੀਓ ਰਾਹੀਂ ਹੋਈ ਸਫਾਈ ਦੀ ਜਾਣਕਾਰੀ ਦੇਣੀ ਪੈਂਦੀ ਹੈ।
  ਸਿੱਖਿਆ ਦਾ ਖੇਤਰ ਮਨੁੱਖ ਲਈ ਬਹੁਤ ਖਾਸ ਹੈ। ਇਸ 'ਤੇ ਸਾਡੇ ਸਮਾਜ ਅਤੇ ਸੱਭਿਆਚਾਰ ਦੀ ਬੁਨਿਆਦ ਵੱਸਦੀ ਹੈ। ਪੰਜਾਬ ਦੇ ਕਈ ਸਕੂਲ ਸਿੱਖਿਆ ਦੇ ਖੇਤਰ 'ਚ ਪਿਆਰੀ ਮਿਸਾਲ ਹਨ ਪਰ ਇਹ ਸਰਕਾਰਾਂ ਦਾ ਉੱਦਮ ਨਾ ਹੋ ਕੇ ਅਧਿਆਪਕਾਂ ਦਾ ਨਿੱਜੀ ਉੱਦਮ ਹੈ। ਤਿੰਨ ਸਕੂਲਾਂ ਦੀ ਮਿਸਾਲ ਖਾਸ ਹੈ।
 ਸਮਰਹਿੱਲ ਸਕੂਲ, ਇੰਗਲੈਂਡ : 1921 ਵਿਚ ਇਸ ਸਕੂਲ ਦੀ ਸਥਾਪਨਾ ਅਲੈਗਜ਼ੈਂਡਰ ਸ਼ਟਰਲੈਂਡ ਨੀਲ ਨੇ ਕੀਤੀ ਸੀ। ਇਸ ਬੋਰਡਿੰਗ ਸਕੂਲ ਦਾ ਫਲਸਫਾ ਹੈ ਕਿ ਸਿੱਖਿਆ ਦਾ ਮੂਲ ਬੰਦੇ ਦੀ ਖੁਸ਼ੀ ਹੈ। ਉਹ ਜੋ ਵਿੱਦਿਆ ਹਾਸਲ ਕਰਦਾ ਹੈ, ਉਸ ਵਿੱਦਿਆ ਤੋਂ ਜੋ ਉਹ ਸਿੱਖਦਾ ਹੈ ਅਤੇ ਸਿੱਖਣ ਤੋਂ ਬਾਅਦ ਉਹਦਾ ਰੁਜ਼ਗਾਰ ਉਹਦੀ ਜ਼ਿੰਦਗੀ ਨੂੰ ਜੇ ਖੂਬਸੂਰਤ ਬਣਾਵੇ ਅਤੇ ਜੇ ਉਹ ਖੁਸ਼ੀ ਪਾਵੇ, ਸਿੱਖਿਆ ਦਾ ਮੂਲ ਇਹੋ ਹੈ। ਬੰਦਾ ਮਸ਼ੀਨ ਨਹੀਂ ਹੈ। ਸਿੱਖਿਆ 'ਚ ਤੁਸੀਂ ਬੱਚੇ 'ਤੇ ਕੁਝ ਥੋਪ ਨਹੀਂ ਸਕਦੇ। ਉਸ ਨੂੰ ਉਹਦੇ ਕੁਦਰਤੀ ਵਿਹਾਰ ਮੁਤਾਬਕ ਹੀ ਖਿੜਨ ਦਿਓ। ਬੱਚੇ ਦਾ ਨੈਚੁਰਲ ਇੰਸਟਿਕਟ ਕਦੀ ਮਰਨਾ ਨਹੀਂ ਚਾਹੀਦਾ। ਇੰਝ ਸਮਰਹਿੱਲ ਆਪਣੇ ਬੱਚਿਆਂ ਨੂੰ ਸਹਿਜਤਾ 'ਚ ਸਿਖਾਉਂਦਾ ਹੈ। ਇਸ ਸਕੂਲ ਦੀ ਸਿੱਖਿਆ ਸੰਸਾਰ 'ਚ ਮਿਸਾਲ ਵਜੋਂ ਵੇਖੀ ਜਾਂਦੀ ਹੈ।
 ਬਾਬਾ ਆਇਆ ਸਿੰਘ ਰਿਆੜਕੀ ਕਾਲਜ, ਤੁਗਲਵਾੜਾ : 17 ਜੁਲਾਈ ਨੂੰ ਇਸ ਹਫਤੇ ਮੱਧ ਪ੍ਰਦੇਸ਼ ਦੇ ਖੁਜਰਾਹੋ 'ਚ 51ਵੇਂ ਦੀਕਸ਼ਾ ਦਿਹਾੜੇ 'ਤੇ ਇਸ ਕਾਲਜ ਨੂੰ ਪੂਰੇ ਭਾਰਤ ਦੇ ਸਨਮਾਨਿਤ ਕੀਤੇ ਜਾ ਰਹੇ ਸੱਤ ਰਤਨਾਂ 'ਚੋਂ ਇਕ ਮੰਨ ਕੇ ਸਨਮਾਨਿਤ ਕੀਤਾ ਗਿਆ ਹੈ। ਇਸ ਕਾਲਜ ਨੇ ਕੁੜੀਆਂ ਦੀ ਸਿੱਖਿਆ ਨੂੰ ਸਿੱਖਿਆ ਦੇ ਬਾਜ਼ਾਰੀਕਰਨ ਦੇ ਉਲਟ ਸਵਦੇਸ਼ੀ ਪ੍ਰਯੋਗ ਵਜੋਂ ਆਪਣੇ ਵਿੱਦਿਅਕ ਅਦਾਰੇ ਨੂੰ ਵਿਦਿਆਰਥੀਆਂ ਦਾ ਕਾਲਜ ਵਿਦਿਆਰਥੀਆਂ ਵਲੋਂ ਹੀ ਚਲਾ ਕੇ ਮਿਸਾਲ ਖੜ੍ਹੀ ਕੀਤੀ ਹੈ। ਗੱਲ 1975 ਦੀ ਹੈ। ਇਹ ਭਾਰਤ 'ਚ ਐਮਰਜੈਂਸੀ ਦਾ ਦੌਰ ਸੀ ਪਰ ਇਹ ਸਾਲ ਮਹਿਲਾ ਸਸ਼ਕਤੀਕਰਨ ਦਾ ਵੀ ਸੀ। ਗੁਰਦਾਸਪੁਰ ਦੇ ਰਿਆੜਕੀ ਦੇ ਇਲਾਕੇ 'ਚ ਕਾਂਗਰਸ ਦੀ ਰੈਲੀ 'ਚ ਕੁੜੀਆਂ ਦੀ ਤਰੱਕੀ ਦੇ ਭਾਸ਼ਣ ਦਿੱਤੇ ਜਾ ਰਹੇ ਸਨ। ਅਧਿਆਪਕ ਸਵਰਨ ਸਿੰਘ ਵਿਰਕ (ਹੁਣ ਤੁਗਲਵਾੜਾ ਦੇ ਇਸ ਕਾਲਜ ਦੇ ਪ੍ਰਿੰਸੀਪਲ ਹਨ) ਨੇ ਕਿਹਾ ਕਿ ਤਰੱਕੀ ਲਈ ਇਲਾਕੇ 'ਚ ਕੋਈ ਕਾਲਜ ਵੀ ਨਹੀਂ। ਭਾਸ਼ਣ ਦਿੰਦੇ ਆਗੂ ਨੇ ਖਿਝ ਕੇ ਕਿਹਾ ਕਿ ਉਹ ਆਪ ਕਾਲਜ ਕਿਉਂ ਨਹੀਂ ਬਣਾ ਲੈਂਦੇ। 1976 ਤੋਂ ਕਾਲਜ ਦੀ ਨੀਂਹ ਧਰੀ ਗਈ। ਇਸ ਕਾਲਜ 'ਚ 2000 ਵਿਦਿਆਰਥੀ ਹਨ। ਕਾਲਜ 'ਚ ਅਨੁਸ਼ਾਸਨ ਹੈ। ਵਿਦਿਆਰਥੀ ਦਫਤਰੀ ਮਹਿਕਮੇ ਦੇ ਕੰਮ ਤੋਂ ਲੈ ਕੇ ਲੰਗਰ, ਕਾਲਜ ਦੀਆਂ ਜਮਾਤਾਂ ਦਾ ਕੰਮ ਤੱਕ ਆਪ ਵੇਖਦੇ ਹਨ। ਕਾਲਜ 'ਚ ਸਿਰਫ 5 ਅਧਿਆਪਕ ਹਨ। ਇਥੇ ਗ੍ਰੈਜੂਏਸ਼ਨ ਭਾਗ ਪਹਿਲਾ ਨੂੰ ਭਾਗ ਦੋ ਦੇ ਵਿਦਿਆਰਥੀ ਅਤੇ ਭਾਗ ਦੋ ਨੂੰ ਭਾਗ ਤਿੰਨ ਦੇ ਵਿਦਿਆਰਥੀ ਹੀ ਪੜ੍ਹਾਉਂਦੇ ਹਨ ਯਾਨੀ ਪੜ੍ਹਨ-ਪੜ੍ਹਾਉਣ ਦਾ ਸਾਰਾ ਜ਼ਿੰਮਾ ਵਿਦਿਆਰਥੀਆਂ ਸਿਰ ਹੀ ਹੈ। ਪ੍ਰਿੰਸੀਪਲ ਸਵਰਨ ਸਿੰਘ ਵਿਰਕ ਦੱਸਦੇ ਹਨ ਕਿ ਡੇ ਸਕਾਲਰ ਇਥੇ ਮੁਫਤ ਪੜ੍ਹਦੇ ਹਨ ਅਤੇ ਹੋਸਟਲ ਵਾਲੇ ਬੱਚਿਆਂ ਲਈ ਸਿਰਫ 6500 ਰੁਪਏ ਸਾਲਾਨਾ ਫੀਸ ਹੈ।
ਸਰਕਾਰੀ ਮਿਡਲ ਸਕੂਲ ਕਿੰਗਰਾ : ਇਸ ਸਕੂਲ ਦੀ ਇਮਾਰਤ ਨੂੰ ਇਥੋਂ ਦੇ ਅਧਿਆਪਕ ਧਰਮਿੰਦਰ ਸਿੰਘ ਨੇ ਆਪਣੇ ਦਸਵੰਧ ਨਾਲ ਸ਼ਿੰਗਾਰਿਆ ਹੈ। ਧਰਮਿੰਦਰ ਸਿੰਘ ਦੀ ਕੋਸ਼ਿਸ਼ ਸੀ ਕਿ ਵਿਦਿਆਰਥੀਆਂ ਨੂੰ ਅਜਿਹਾ ਮਾਹੌਲ ਦਿੱਤਾ ਜਾਵੇ, ਜਿਸ 'ਚ ਉਨ੍ਹਾਂ ਨੂੰ ਵਿੱਦਿਆ ਹਾਸਲ ਕਰਦਿਆਂ ਖੁਸ਼ੀ ਮਿਲੇ। ਇਸੇ ਕੋਸ਼ਿਸ਼ ਲਈ ਧਰਮਿੰਦਰ ਸਿੰਘ ਨੂੰ 2015 'ਚ ਸਟੇਟ ਅਵਾਰਡ ਅਤੇ 2017 'ਚ ਜ਼ਿਲਾ, ਫਿਰ ਸੂਬਾ ਪੱਧਰ ਅਤੇ ਫਿਰ ਨੈਸ਼ਨਲ ਪੱਧਰ 'ਤੇ ਸਵੱਛ ਭਾਰਤ ਸਨਮਾਨ ਮਿਲਿਆ ਸੀ। ਧਰਮਿੰਦਰ ਸਿੰਘ ਨੇ ਇਥੇ ਆਪਣੇ ਨਿੱਜੀ ਵਿੱਤੀ ਸਾਧਨਾਂ 'ਚੋਂ ਹੁਣ ਤੱਕ 5 ਲੱਖ ਦੇ ਲਗਭਗ ਖਰਚ ਕਰ ਲਿਆ ਹੈ। ਸਾਫ-ਸਫਾਈ ਤੋਂ ਲੈ ਕੇ ਰੁੱਖ-ਬੂਟਿਆਂ ਤੱਕ ਸਕੂਲ ਦੇ ਹਰ ਖੇਤਰ ਨੂੰ ਬੱਚਿਆਂ ਲਈ ਰਹਿਣਯੋਗ ਬਣਾਇਆ ਹੈ। ਇਸ ਸਕੂਲ 'ਚ 50 ਦੇ ਲਗਭਗ ਵੱਡੇ ਰੁੱਖ ਅਤੇ 300 ਦੇ ਲਗਭਗ ਛੋਟੇ ਬੂਟੇ ਹਨ। ਧਰਮਿੰਦਰ ਸਿੰਘ ਕਹਿੰਦੇ ਹਨ ਕਿ ਬੱਚਿਆਂ ਨੂੰ ਸਿੱਖਿਆ ਦੇਣ ਵੇਲੇ ਸਾਨੂੰ ਅਧਿਆਪਕਾਂ ਨੂੰ ਬਹੁਤ ਪਹਿਲੂਆਂ ਤੋਂ ਸੋਚਣਾ ਪੈਂਦਾ ਹੈ। ਵਿਦਿਆਰਥੀ ਦੀ ਬੁਨਿਆਦ 'ਚ ਉਹਦੀ ਪੜ੍ਹਾਈ ਕਿੰਝ ਹੋ ਰਹੀ ਹੈ ਅਤੇ ਉਹ ਕੀ ਸਿੱਖ ਰਿਹਾ ਹੈ, ਇਹ ਬਹੁਤ ਖਾਸ ਹੈ।
 ਅਜਿਹੇ ਹੋਰ ਬਹੁਤ ਸਾਰੇ ਸਕੂਲ ਪੰਜਾਬ, ਦੇਸ਼ ਤੇ ਸੰਸਾਰ 'ਚ ਅਧਿਆਪਕਾਂ ਨੇ ਆਪਣੇ ਉੱਦਮ ਨਾਲ ਉਸਾਰੇ ਹਨ। ਸਾਡੀ ਕੋਸ਼ਿਸ਼ ਸੀ ਕਿ ਅਸੀਂ ਸਿਰਫ ਇਨ੍ਹਾਂ ਸਕੂਲਾਂ ਦੀਆਂ ਉਦਾਹਰਣਾਂ ਨਾਲ ਇਕ ਇਸ਼ਾਰਾ ਦੇ ਸਕੀਏ। ਸਰਕਾਰਾਂ ਚਾਹੁਣ ਤਾਂ ਪੰਜਾਬ ਦੇ ਨਤੀਜੇ ਵੀ ਸੁਧਰ ਸਕਦੇ ਹਨ। ਪੜ੍ਹਾਈ ਦੇ ਬਹੁਤ ਸਾਰੇ ਪਹਿਲੂਆਂ ਨੂੰ ਵਿਚਾਰਨ ਦੀ ਲੋੜ ਹੈ। ਜੋ ਇਸ਼ਾਰਾ ਸ਼ਾਂਤੀ ਨਿਕੇਤਨ 'ਚ ਹੈ, ਤੁਗਲਵਾੜਾ ਦੇ ਸਕੂਲ 'ਚ ਹੈ, ਸਮਰਹਿੱਲ 'ਚ ਹੈ, ਉਸ ਨੂੰ ਵੀ ਸਮਝਣ ਦੀ ਲੋੜ ਹੈ। ਇਸੇ ਹੀ ਪੰਜਾਬ 'ਚ ਇਸ ਸਾਲ ਦੀ ਇਕ ਖ਼ਬਰ ਇਹ ਵੀ ਸੀ, ਜਦੋਂ ਇਕ ਸਕੂਲ 'ਚ ਵਿਦਿਆਰਥਣ ਨਾਲ ਜਾਤੀ ਵਿਤਕਰਾ ਕੀਤਾ ਗਿਆ। ਬੇਸ਼ੱਕ ਉਸ ਵਿਦਿਆਰਥਣ ਨੇ ਇਮਤਿਹਾਨਾਂ 'ਚ ਆਪਣੇ ਨਤੀਜਿਆਂ ਨਾਲ ਇਹਦਾ ਜਵਾਬ ਦਿੱਤਾ ਪਰ ਸਿੱਖਿਆ ਦਾ ਮੂਲ ਸਮਝ ਆ ਜਾਵੇ ਤਾਂ ਹੱਲ ਹੀ ਹੱਲ ਹੈ। ਸਿੱਖਿਆ ਦੇ ਇਨ੍ਹਾਂ ਤਮਾਮ ਪਹਿਲੂਆਂ 'ਚ ਬੱਚਿਆਂ ਦੇ ਪਿਆਰੇ ਸੰਸਾਰ ਨੂੰ ਸਮਝਦਿਆਂ ਨਿਦਾ ਫਾਜ਼ਲੀ ਦਾ ਸ਼ੇਅਰ ਯਾਦ ਰੱਖਿਆ ਜਾਵੇ ਤਾਂ ਸਿੱਖਿਆ ਬੋਝ ਨਹੀਂ, ਗਿਆਨ ਦਾ ਸਾਗਰ ਬਣ ਜਾਵੇਗੀ-
ਬੱਚੋਂ ਕੇ ਛੋਟੇ ਹਾਥੋਂ ਕੋ ਚਾਂਦ ਸਿਤਾਰੇ ਛੂਨੇ ਦੋ,
ਚਾਰ ਕਿਤਾਬੇਂ ਪੜ੍ਹ ਕਰ ਯੇ ਭੀ ਹਮ ਜੈਸੇ ਹੋ ਜਾਏਂਗੇ।
ਪੰਜਾਬ ਦੇ ਫਲਸਫਿਆਂ ਨੂੰ ਪ੍ਰਣਾਏ ਹਰ ਮਹਿਕਮੇ ਦਾ ਮੂਲ ਮੰਤਰ ਗੁਰਬਾਣੀ ਤੋਂ ਸੇਧ ਲੈਂਦਾ ਹੈ। ਪੰਜਾਬ ਪੁਸਿ ਦਾ ਮੋਟੋ 'ਸ਼ੁਭ ਕਰਮਨ ਤੇ ਕਬਹੂੰ ਨ ਟਰੋ', ਪੀ. ਆਰ. ਟੀ. ਸੀ. ਦਾ 'ਜਹ ਜਾਈਏ ਤਹਾ ਸੁਹੇਲੇ' ਤੋਂ ਲੈ ਕੇ ਤਮਾਮ ਮਹਿਕਮਿਆਂ ਦਾ ਸਲੋਗਨ ਤੇਰਾ ਘਰ ਮੇਰਾ ਅਸੈ, ਵਿੱਦਿਆ ਵਿਚਾਰੀ ਤਾਂ ਪਰਉਪਕਾਰੀ, ਧੰਨ ਲੇਖਾਰੀ ਨਾਨਕਾ ਆਦਿ ਹੈ। ਮਹਿਕਮੇ ਜੇ ਇਨ੍ਹਾਂ ਫਲਸਫਿਆਂ ਦੀ ਸਿੱਖਿਆ ਦੇ ਮੂਲ ਨੂੰ ਸਮਝ ਜਾਣ ਤਾਂ ਰਾਮ-ਰਾਜ ਹੀ ਤਾਂ ਹੈ।


Related News