ਬਗੈਰ ਫੌਜ ਦੇ ਵੱਡੀ ਲਡ਼ਾਈ ਲਈ ਡੰਡ ਬੈਠਕਾਂ ਮਾਰ ਰਿਹੈ ਵਿਭਾਗ

Thursday, Jun 21, 2018 - 07:56 AM (IST)

ਨਿਹਾਲ ਸਿੰਘ ਵਾਲਾ/ਬਿਲਾਸਪੁਰ (ਬਾਵਾ/ਜਗਸੀਰ) – ਪੰਜਾਬੀਆਂ ਦੀ ਕਹਾਵਤ ਹੈ ਕਿ ‘ਵਿਹਡ਼ੇ ਆਈ ਜੰਝ ਵਿਨੋ ਕੁਡ਼ੀ ਦੇ ਕੰਨ’ ਪਰ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਨੂੰ ਜੰਝ ਦੇ ਵਿਹਡ਼ੇ ’ਚ ਆਉਣ ’ਤੇ ਵੀ ਕੁਡ਼ੀ ਦੇ ਕੰਨ ਵਿੱਨਣ ਦਾ ਕੋਈ ਫਿਕਰ ਨਹੀਂ, ਕਿਉਂਕਿ ਪੰਜਾਬ ਅੰਦਰ ਪ੍ਰਮੁੱਖ ਫਸਲ ਝੋਨੇ ਦੀ ਲਵਾਈ ਕੱਲ 20 ਜੂਨ ਤੋਂ ਸ਼ੁਰੂ ਹੋ ਚੁੱਕੀ ਹੈ ਪਰ ਪਾਵਰਕਾਮ ਸਬ ਡਵੀਜ਼ਨ ਬਿਲਾਸਪੁਰ ਵਿਖੇ 57 ’ਚੋਂ 44 ਪੋਸਟਾਂ ਖਾਲੀ ਹਨ। ਅਜਿਹੇ ’ਚ ਵਿਭਾਗ ਬਗੈਰ ਫੌਜ ਅਤੇ ਬਗੈਰ ਹਥਿਆਰਾਂ ਦੇ ਵੱਡੀ ਲਡ਼ਾਈ ਲਡ਼ਨ ਲਈ ਡੰਡ ਬੈਠਕਾ ਕੱਢ ਰਿਹਾ ਹੈ। ਬੇਸ਼ਕ 20 ਸਾਲ ਪਹਿਲਾ ਇਸ ਸਬ ਡਵੀਜ਼ਨ ਦਫਤਰ ਦੀ ਸਥਾਪਣਾਂ ਸਮੇਂ ਲੋਕਾਂ ’ਚ ਭਾਰੀ ਖੁਸ਼ੀ ਪਾਈ ਗਈ ਸੀ ਕਿ ਪਰ ਅੱਜ ਇਹ ਦਫਤਰ ਲੋਕਾਂ ਲਈ ਸਹਾਰਾ ਬਣਨ ਦੀ ਬਜਾਏ ਚਿੱਟਾ ਹਾਥੀ ਬਣ ਕੇ ਖਪਤਕਾਰਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਚੁੱਕਾ ਹੈ। ਮੰਗਵੇ ਫਰਨੀਚਰ ’ਤੇ ਟੱਪਟੀਵਾਸ ਵਰਗੀ ਜੂਨ ਹੰਢਾ ਰਹੇ  ਇਸ ਦਫਤਰ ਕੋਲ  ਫਰਨੀਚਰ ਆਦਿ ਦੀ ਭਾਰੀ ਘਾਟ ਹੋਣ ਕਾਰਨ ਕੀਮਤੀ ਰਿਕਾਰਡ ਰਾਮ ਭਰੋਸੇ ਹੀ ਹੈ।
ਇਹ ਪੋਸਟਾਂ ਹਨ ਖਾਲੀ
 ਇਸ ਦਫਤਰ ਦੀਆਂ, ਕੈਸ਼ੀਅਰ ਆਰ. ਏ. ਵਰਗੀਆਂ ਅਹਿਮ ਪੋਸਟਾਂ ਸਮੇਤ, 9 ਲਾਇਨਮੈਨ, 25 ਸਹਾਇਕ ਲਾਇਨਮੈਨ, ਮਾਲ ਲੇਖਾਕਾਰ, 2 ਲੋਅਰ ਡਵੀਜ਼ਨਲ ਕਲਰਕ, 2 ਕੈਸ਼ੀਅਰ, ਚੌਂਕੀਦਾਰ, 2 ਬਿੱਲ ਵੰਡਕ, 2 ਮੀਟਰ ਰੀਡਰ, ਨਾਈਟ ਵਾਚਮੈਨ ਦੀਆਂ ਪੋਸਟਾਂ ਖਾਲੀ ਹਨ, ਜਿਨ੍ਹਾਂ ’ਚੋਂ ਕੁਝ ਕਰਮਚਾਰੀਆਂ ਦੇ ਛੁੱਟੀ ’ਤੇ ਜਾਣ ਨਾਲ ਹਾਲਤ ਹੋਰ ਵੀ ਖਰਾਬ ਹੋ ਜਾਂਦੇ ਹਨ। 11 ਪਿੰਡਾਂ ਨੂੰ 20 ਸਾਲ ਪਹਿਲਾਂ ਬਿਜਲੀ ਸਪਲਾਈ ਦੇਣ ਲਈ ਬਜਾਏ ਗਰਿੱਡ ’ਚ ਬੇਸ਼ਕ ਹੁਣ 60 ਗੁਣਾ ਲੋਡ਼੍ਹ ਵਧ ਗਿਆ ਹੈ, ਪਰ ਸਰਕਾਰ ਨੇ ਇਸ ਦੀ ਮਸ਼ੀਨਰੀ ਨੂੰ ਬਦਲਣ ਦੀ ਕੋਈ ਜਰੂਰਤ ਨਹੀਂ ਸਮਝੀ। ਇੱਥੋਂ ਤੱਕ ਕਿ ਪਹਿਲਾਂ ਦਫਤਰੀ ਅਤੇ ਫੀਡਰ ਚਲਾਉਣ ਲਈ 72 ਪੋਸਟਾਂ ਸਨ, ਜਿਨ੍ਹਾਂ ਨੂੰ ਘਟਾ ਕੇ 50 ਕਰ ਦਿੱਤਾ ਗਿਆ ਹੈ ਅਤੇ ਇਨ੍ਹਾਂ 50 ’ਚੋਂ 44 ਪੋਸਟਾਂ ਖਾਲੀ ਪਈਆਂ ਹਨ।
 ਝੋਨੇ ਦੇ ਸੀਜ਼ਨ ’ਚ ਕਿਸਾਨਾਂ ਲਈ ਭਾਰੀ ਪ੍ਰੇਸ਼ਾਨੀ
 ਸਟਾਫ ਦੀ ਘਾਟ ਕਾਰਨ 20 ਜੂਨ ਤੋਂ ਸ਼ੁਰੂ ਹੋਏ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਕਿਸੇ ਵੀ ਫੀਡਰ ’ਚ ਫਾਲਟ ਪੈਣ ’ਤੇ ਫੀਡਰ ’ਤੇ ਤਾਇਨਾਤ ਇਕ ਮੁਲਾਜ਼ਮ ਫਾਲਟ ਠੀਕ ਕਰਨ ਲਈ ਕੋਈ ਕਦਮ ਨਹੀਂ ਉਠਾ ਸਕਦਾ। ਬੇਸ਼ਕ ਵਿਭਾਗ ਦੇ ਆਪਣੇ ਨਿਯਮਾਂ ਮੁਤਾਬਕ ਇਕ ਫੀਡਰ ਦੀ ਦੇਖ-ਰੇਖ ਲਈ ਇਕ ਲਾਇਨਮੈਂਨ ਅਤੇ ਦੋ ਸਹਾਇਕ ਲਾਇਨਮੈਨ ਦਾ ਹੋਣਾ ਲਾਜਮੀ ਹੈ ਪਰ  ਸਬ-ਡਵੀਜ਼ਨ ਬਿਲਾਸਪੁਰ ਦੇ ਦਫਤਰ ਅਧੀਨ 11 ਪਿੰਡਾਂ ਦੇ 11 ਸ਼ਹਿਰੀ ਅਤੇ 18 ਦਿਹਾਤੀ ਫੀਡਰਾਂ ਲਈ  9 ਲਾਇਨਮੈਨ ਅਤੇ 25 ਸਹਾਇਕ ਲਾਇਨਮੈਨ ਹੀ ਕੰਮ ਕਰ ਰਹੇ ਹਨ।   ਪਾਵਰਕਾਮ ਦੇ ਮੁਲਾਜ਼ਮਾਂ ਨੇ ਆਪਣਾ ਨਾ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਕਈ ਵਾਰ ਤਾਂ ਫਾਲਟ ਠੀਕ ਕਰਨ ਲਈ ਮੁਲਾਜ਼ਮਾਂ ਦੀ ਘਾਟ ਕਾਰਨ ਲੰਬਾ ਸਮਾਂ ਲੱਗ ਜਾਂਦਾ ਹੈ ਪਰ ਉੱਚ ਅਧਿਕਾਰੀ ਵੀ ਆਪਣੀ ਚਮਡ਼ੀ ਬਚਾਉਣ ਤੱਕ ਹੀ ਸੀਮਤ ਹਨ।
 ਹਲਕਾ ਵਿਧਾਇਕ ਮਾਮਲਾ ਵਿਧਾਨ ਸਭਾ ’ਚ ਉਠਾਉਣਗੇ
 ਇਸ ਸਬੰਧੀ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ  ਨੇ ਕਿਹਾ ਕਿ ਪੰਜਾਬ ਰਾਜ ਬਿਜਲੀ ਬੋਰਡ ਵੇਲੇ ਵਿਭਾਗ ਦਾ ਸਿਰਫ ਇਕ ਚੀਫ ਹੁੰਦਾ ਸੀ ਪਰ ਹੁਣ ਪਾਵਰਕਾਰਪੋਰੇਸ਼ਨ ਨੇ ਲਗਭਗ 33 ਚੀਫ ਲਾ ਕੇ ਅਫਸਰਾਂ ਦੀ ਫੋਜ ਭਰਤੀ ਕਰ ਲਈ ਹੈ ਪਰ ਖਪਤਕਾਰਾਂ ਦੀਆਂ ਸਮੱਸਿਆਵਾਂ ਲਈ ਹੇਠਲੀ ਪੱਧਰ ਦੀ ਮੁਲਾਜ਼ਮਾਂ ਦੀ ਭਰਤੀ ਕਰਨ ਤੋਂ ਟਾਲਾ ਵੱਟਿਆ ਜਾ ਰਿਹਾ ਹੈ ਜੋ ਕਿ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਝੋਨੇ ਦੇ ਸੀਜ਼ਨ ਦੇ ਮੱਦੇਨਜ਼ਰ ਪੋਸਟਾਂ ਜਲਦ ਭਰੀਆਂ ਜਾਣ ਅਤੇ ਬਿਜਲੀ ਸਪਲਾਈ ਨਿਰਵਿਘਨ ਚਾਲੂ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਲੋਕਾਂ ਨੂੰ ਇਨਸਾਫ ਨਾ ਮਿਲਿਆ ਤਾਂ ਮਾਮਲਾ ਵਿਧਾਨ ਸਭਾ ’ਚ ਉਠਾਇਆ ਜਾਵੇਗਾ।

 


Related News