ਜਗਬਾਣੀ ਕਹਾਣੀਨਾਮਾ 5 : ਐ ਮੇਰੇ ਲੋਕੋ ਮੈਂ ਮਕਾਨ ਨਹੀਂ ਬਣਨਾ !

Thursday, Apr 23, 2020 - 04:02 PM (IST)

ਗੁਰਪ੍ਰੀਤ ਸਿੰਘ ਜਖਵਾਲੀ

ਮੋਬਾਇਲ...98550 36444

ਪਿਆਰੇ ਦੋਸਤੋਂ ਵੈਸੇ ਤਾਂ ਚੰਗੇ ਲੋਕਾਂ ਲਈ ਮੈਂ ਹਮੇਸ਼ਾਂ ਇਕ ਘਰ ਬਣਿਆ ਸੀ ,ਜਿਸ ਵਿਚ ਉਹ ਲੋਕ ਰਹਿਕੇ ਵੀ ਮੇਰੇ ਨਾਲ ਆਪਣੇ ਦੁੱਖ-ਸੁੱਖ ਸਭ ਸਾਂਝੇ ਕਰਦੇ ਸੀ। ਉਹ ਮੈਨੂੰ ਕੱਚਾ ਜਿਹੇ ਵੇਖਕੇ ਬਹੁਤ ਖੁਸ਼ ਹੋਇਆ ਕਰਦੇ ਸੀ। ਬੇਸ਼ੱਕ ਮੈਂ ਉਸ ਸਮੇਂ ਮਿੱਟੀ ਦਾ ਬਣਿਆ ਹੋਇਆ ਹੁੰਦਾ ਸੀ। ਮੇਰੀ ਤੀਲੇਆ ਤੇ ਕਾਨਿਆ ਵਾਲੀ ਛੱਤ ਹੁੰਦੀ ਸੀ ਪਰ ਮੇਰੇ ਨਾਲ ਮੇਰੇ ਵਿਚ ਰਹਿਣ ਵਾਲੇ ਲੋਕ ਕਿਸੇ ਹੀਰੇ ਸੋਨੇ ਨਾਲੋਂ ਘੱਟ ਨਹੀਂ ਸੀ ਹੁੰਦੇ, ਮੈਂ ਉਨ੍ਹਾਂ ਲੋਕਾਂ ਨੂੰ ਕੱਚਾ ਹੋਕੇ ਵੀ ਕਿਸੇ ਮਹਿਲ ਨਾਲੋਂ ਘੱਟ ਨਹੀਂ ਸੀ ਲੱਗਦਾ, ਮੇਰੇ ਲਈ ਬਹੁਤ ਸਾਰੇ ਕਵੀਆਂ ਨੇ ਗੀਤ ਲਿਖੇ ਅਤੇ ਗਾਏ ।

ਮੈਨੂੰ ਉਦੋਂ ਬਹੁਤ ਚੰਗਾ ਲੱਗਦਾ ਹੁੰਦਾ ਸੀ, ਜਦ ਉਹ ਸੀ ਗਾਉਂਦੇ ਹੁੰਦੇ "ਕੱਚਿਆ ਘਰਾਂ ਚ ਰੱਬ ਵੱਸਦਾ, ਅਸੀਂ ਪੱਕਿਆ ਤੋਂ ਕੀ ਲੈਣਾ," ਬਹੁਤੇ ਮੇਰੇ ਚਾਉਂਣ ਵਾਲੇ ਮੈਂਨੂੰ ਇਉ ਵੀ ਗਾ ਦਿੰਦੇ, "ਕੁੱਲੀ ਯਾਰ ਦੀ, ਸੁਰਗ ਦਾ ਝੂਟਾ, ਜਦੋਂ ਉਹ ਲੋਕ ਮੇਰੀ ਤਾਰੀਫ਼ ਕਰਦੇ ਸੀ, ਤਾਂ ਮੈਂ ਵੀ ਮਿੱਟੀ ਤੋਂ ਸੋਨਾ ਬਣ ਜਾਂਦਾ ਸੀ। ਮੈਂ ਫੇਰ ਆਖਣਾ ਮੈਂ ਸੋਨੇ ਨਾਲੋਂ ਮਿੱਟੀ ਹੀ ਚੰਗਾ ਹਾਂ, ਘੱਟੋਂ-ਘੱਟ ਕੋਈ ਮਿਲਾਵਟ ਤਾਂ ਨਹੀਂ ਹੁੰਦੀ, ਮੇਰੀ ਮਿੱਟੀ ਨਾਲ ਬਹੁਤ ਗੂੜੀ ਸਾਂਝ ਸੀ। ਉਹ ਆਪਣਾ ਰੂਪ ਛੱਡਕੇ ਮਿੱਟੀ ਤੋਂ ਮੈਨੂੰ ਘਰ ਬਣਾ ਦਿੰਦੀ ਸੀ ਪਰ ਜਦੋਂ ਮਿੱਟੀ ਨੇ ਹਲਕੀ ਹਲਕੀ ਮਿੱਟੀ ਬਣ ਬਣ ਖ਼ੁਰਨਾ, ਕਦੇ ਡਿਗ ਜਾਣਾ ਪਰ ਉੱਥੇ ਵੱਸਦੇ ਉਹਨਾਂ ਲੋਕਾਂ ਦੇ ਹੌਂਸਲੇ ਦਾ ਤੇ ਪਿਆਰ ਦਾ ਮੈਂ ਬਹੁਤ ਹੀ ਜ਼ਿਆਦਾ ਮੁਰੀਦ ਸੀ।

ਉਨ੍ਹਾਂ ਨੇ ਫ਼ੇਰ ਮੇਰੀ ਮਿੱਟੀ ਇਕੱਠੀ ਕਰਕੇ ਮੈਨੂੰ ਫ਼ੇਰ ਨਵੀਂ ਮਿੱਟੀ ਨਾਲ ਮਿਲਾ ਕੇ ਮੈਨੂੰ ਫੇਰ ਨਵਾਂ ਨਕੋਰ ਰੂਪ ਦੇ ਦੇਣਾ ਪਰ ਜਦ ਉਹ ਲੋਕਾਂ ਦੀਆਂ ਸੁਹਾਣੀਆ ਮੈਨੂੰ ਆਪਣੇ ਪੋਲੇ-ਪੋਲੇ ਹੱਥਾਂ ਨਾਲ ਸਜਾ-ਸਜਾ ਕੇ ਵੇਲ ਬੂਟੀਆਂ ਤੇ ਘੁਗੀਆਂ ,ਗਟਾਰਾਂ ,ਮੋਰ ਆਦਿ ਬਣਾਉਂਦੀਆਂ ਸੀ ਤਾਂ ਮੇਰੀ ਉਮਰ ਹੋਰ ਲੰਮੇਰੀ ਹੋ ਜਾਂਦੀ ਸੀ। ਉਦੋਂ ਮੈਂ ਇਕ ਘਰ ਸੀ ਬੰਦਿਆਂ ਦਾ ਵੀ ਅਤੇ ਔਰਤਾਂ ਲਈ ਵੀ। ਅਸਲ ਵਿਚ ਮੈਂ ਘਰ ਉਦੋਂ ਤੱਕ ਸੀ, ਜਦੋਂ ਤੱਕ ਮੈਂ ਕੱਚਾ ਸੀ ਤੇ ਮੇਰੇ ਲੋਕਾਂ ਦਾ ਵਿਸ਼ਵਾਸ ਪੱਕਾ ਸੀ, ਜਿੱਥੇ ਉਹ ਮੇਰੇ ਵਿਚ ਰਹਿੰਦੇ ਸੀ ਤੇ ਉਹ ਘਰ ਦੇ ਨਾਲ ਨਾਲ ਅਸਲੀਅਤ ਵਿਚ ਉਹ ਮੈਨੂੰ ਆਪਣੀ ਸਾਰੀ ਜ਼ਿੰਦਗੀ ਦੀ ਕਮਾਈ ਸਮਝਦੇ ਹੁੰਦੇ ਸੀ।

ਪਰ ਨਿਰਮੋਹੇ ਸਮੇਂ ਨੇ ਆਪਣਾ ਇਹੋ ਜਿਹਾ ਰੰਗ ਵਿਖਾਇਆ ਕੀ ਮੇਰੇ ਹੀ ਲੋਕਾਂ ਨੇ ਮੈਨੂੰ ਕੱਚੇ ਤੋਂ ਪੱਕਾ ਬਣਾਉਣ ਵਿਚ ਕੋਈ ਬਹੁਤੀ ਦੇਰ ਨਾ ਲਾਈ, ਪੱਕੇ ਹੋਣ ਤੱਕ ਦੀ ਗੱਲ ਹੁੰਦੀ। ਮੈਂ ਉੱਥੇ ਵੀ ਬਹੁਤ ਖੁਸ਼ ਸੀ ਪਰ ਮੇਰੇ ਲੋਕਾਂ ਨੇ ਕਦੋਂ ਮੈਂਨੂੰ ਇਕ ਘਰ ਤੋਂ ਮਕਾਨ ਦਾ ਰੂਪ ਦੇ ਦਿੱਤਾ, ਮੈਨੂੰ ਖ਼ੁਦ ਨੂੰ ਹੈਰਾਨ ਕਰ ਦਿੱਤਾ, ਜਦ ਮੈਂ ਇਕ ਪਿਆਰੇ ਜਿਹੇ ਘਰ ਤੋਂ ਮਕਾਨ ਬਣਿਆ। ਮੈਂਨੂੰ ਹੀ ਪਤਾ ਹੈ, ਮੇਰੇ ਨਾਲ ਕੀ-ਕੀ ਹੋਇਆ ਤੇ ਮੇਰੇ ਆਪਣਿਆਂ ਨੇ ਕਿੰਨਾ ਅਤੇ ਕਿੱਥੇ ਕਿੱਥੇ ਜ਼ਲੀਲ ਕੀਤਾ ਇਹ ਮੈਨੂੰ ਪਤਾ ਜਾਂ ਮੇਰਾ ਰੱਬ ਜਾਣਦਾ।

PunjabKesari

ਅਸਲ ਵਿਚ ਮੇਰੇ ਲੋਕਾਂ ਨੇ ਬਹੁਤ ਤੱਰਕੀ ਕੀਤੀ। ਬਹੁਤ ਸਾਰੀਆਂ ਵਿਗਿਆਨ ਵਿਚ ਮੱਲ੍ਹਾ ਵੀ ਮਾਰੀਆਂ, ਬਹੁਤ ਸਾਰੇ ਵਧਾ ਚੜ੍ਹਾ ਕੀਤੇ। ਬਹੁਤ ਕੁਝ ਜੋੜਿਆ ਅਤੇ ਤੋੜਿਆ ਪਰ ਬਹੁਤ ਨੇ ਇਸ ਦੁਨੀਆਂ ਵਿਚ ਮਕਾਨ ਬਣਾਉਣ ਦੀ ਦੌੜ ਵਿਚ ਆਪਣੇ ਬਣੇ ਹੋਏ ਘਰਾਂ ਦੇ ਜੀਅ ਤੋੜ ਦਿੱਤੇ। ਇਨ੍ਹਾਂ ਪੱਕਿਆ ਨੇ ਰੇਸ਼ਮ ਦੀਆਂ ਡੋਰਾ ਜਿਹੇ ਰਿਸ਼ਤੇ ਨਾਤੇ ਤੋੜ ਦਿੱਤੇ। ਇਨ੍ਹਾਂ ਲੋਕਾਂ ਨਾਲੋਂ ਮੇਰੇ ਪਹਿਲੇ ਲੋਕ ਚੰਗੇ ਸੀ, ਜਿਨ੍ਹਾਂ ਦੇ ਘਰ ਬੇਸ਼ੱਕ ਕੱਚੇ ਸੀ, ਮਿੱਟੀ ਦੇ ਬਣੇ ਹੋਏ ਸੀ ਪਰ ਵਿਚ ਰਹਿਣ ਵਾਲੇ ਲੋਕ ਬਹੁਤ ਪੱਕੇ ਸੀ। ਉਨ੍ਹਾਂ ਦੀ ਸਾਂਝ ਬਹੁਤ ਪੱਕੀ ਸੀ, ਦੁਨੀਆਵੀ ਰਿਸ਼ਤੇ ਬਹੁਤ ਮਜ਼ਬੂਤ ਸੀ।

ਪਰ ਮੈਂ ਭਾਵੇ ਅੱਜ ਕੱਚੇ ਤੋਂ ਪੱਕਾ ਬਣ ਗਿਆ ਹਾਂ, ਘਰ ਤੋਂ ਮਕਾਨ ਤੱਕ ਆ ਗਿਆ ਹਾਂ। ਬੜੇ-ਬੜੇ ਮਹਿਲਾਂ ਤੱਕ ਮੇਰੀ ਪਹੁੰਚ ਹੋ ਗਈ ਹੈ, ਪਰ ਮੈਂ ਫ਼ੇਰ ਵੀ ਉਦਾਸੇ ਮਨ ਨਾਲ ਆਖ ਰਿਹਾ, ਮੈਂ ਆਪਣੇ ਲੋਕ ਗਵਾ ਲਏ ਨੇ,ਮੈਂ ਆਪਣਾਪਣ ਗਵਾ ਲਿਆ ਹੈ, ਜ਼ੋ ਇੱਕ ਘਰਦੇ ਮੈਂਬਰ ਨਾਲ ਮੇਰਾ ਵਜ਼ੂਦ ਹੁੰਦਾ ਹੈ, ਅੱਜ ਮੈਂ ਉਹ ਗਵਾਕੇ ਬੈਠਾ ਹਾਂ, ਮੇਰੇ ਆਪਣਿਆਂ ਨੇ ਮੇਰੇ ਆਪਣੇ ਹੀ ਪਰਾਏ ਕਰ ਦਿੱਤੇ,ਅੱਜ ਮੇਰੇ ਆਪਣੇ ਲੋਕਾਂ ਨੇ ਮੇਰੇ ਆਪਸੀ ਭਾਈਚਾਰਕ ਸਾਂਝ ਤੇ ਪਿਆਰ ਨੂੰ ਝਗੜੇ ਦੇ ਰੂਪ ਵਿੱਚ ਸੜਕਾਂ ਤੇ ਥਾਣੇ ਕਚਿਹਰੀਆਂ ਤੱਕ ਲੈ ਆਏ।ਉਹਨਾਂ ਨੇ ਮੇਰੀਆਂ ਵੰਡੀਆਂ ਪਾ ਲਈਆਂ ਨੇ।

ਪਰ ਮੈਂ ਤਾਂ ਇੱਕ ਘਰ ਸੀ ਵਿਸ਼ਵਾਸ ਦਾ,ਪਿਆਰ ਦਾ ਪ੍ਰਤੀਕ ਸੀ,ਪਰ ਹੋਇਆ ਕੀ ਮੇਰੇ ਨਾਲ ?ਮੈਂਨੂੰ ਜੇ ਮਕਾਨ ਬਣਾ ਵੀ ਦਿੱਤਾ ਸੀ,ਤਾਂ ਤੁਸੀਂ ਮੇਰੇ ਅਪਣੇ ਲੋਕ ਮੇਰੇ ਆਪਣੇ ਤਾਂ ਬਣਕੇ ਰਹਿੰਦੇ,ਅੱਜ ਸੋਡੋ ਮਕਾਨ ਦੀਆਂ ਬਣਾਈਆਂ ਹੋਈਆਂ ਕੰਧਾਂ ਨੇ ਮੇਰਾ ਦਮ ਘੁੱਟਣ ਲਾ ਦਿੱਤਾ ਹੈ, ਤੁਸੀਂ ਲੋਕਾਂ ਨੇ ਮੈਨੂੰ ਇੱਕ ਮੁਰਗੀ ਖਾਨਾ ਬਣਾ ਰੱਖਿਆ ਏ ,ਲੋਕ ਰਹਿੰਦੇ ਜ਼ਰੂਰ ਨੇ ,ਪਰ ਆਪਣੇ ਆਪਣੇ ਖੁਡਿਆ ਵਿੱਚ, ਜੋ ਕਦੇ ਬੋਲਦੇ ਹਨ,ਕਦੇ ਬੋਲਦੇ ਵੀ ਨਹੀਂ,ਪਰ ਜੇ ਬੋਲਣਗੇ ਵੀ ਤਾਂ ਸਿਰਫ਼ ਉਧਾਰ ਜਿਨ੍ਹਾਂ ..!

ਮੈਂ ਘਰ ਹਾਂ ਮੈਨੂੰ ਮੇਰੇ ਲੋਕਾਂ ਨਾਲ ਪਿਆਰ ਹੈ, ਹਮਦਰਦੀ ਹੈ, ਪਰ ਮੇਰੇ ਲੋਕਾਂ ਵਿੱਚ ਹੁਣ ਇੱਕ ਲਾਲਚਪੁਣੇ ਨੇ ,ਝੂਠੀ ਹਉਮੈ ਨੇ ਥਾਂ ਬਣਾ ਲਈ ਹੈ, ਇਹਨਾਂ ਲੋਕਾਂ ਨੇ ਘਰ ਤੋਂ ਮਕਾਨ ਤੱਕ ਮੇਰੀਆਂ ਵੰਡੀਆਂ ਪਵਾ ਦਿੱਤੀਆਂ ਹਨ,ਕਤਲ ਕਰਵਾ ਦਿੱਤੇ ਹਨ,ਖ਼ੂਨ ਦੇ ਰਿਸ਼ਤੇ ਹੀ ਖ਼ੂਨ ਦੇ ਪਿਆਸੇ ਬਣ ਗਏ ਹਨ,ਪਰ ਮੈਂ ਇਹਨਾਂ ਲੋਕਾਂ ਨਾਲ ਹੁਣ ਮਕਾਨ ਬਣਕੇ ਵੀ ਨਹੀਂ ਰਹਿਣਾ ਚਾਹੁੰਦਾ, ਮੈਂ ਕੋਈ ਮਾਰਬਲ਼ ਤੇ ਸਿਸਿਆ ਦਾ ਭੁੱਖ ਨਹੀਂ,ਮੇਰੀ ਪੱਥਰਾਂ ਨਾਲ ਨਹੀਂ,ਮੇਰੇ ਲੋਕਾਂ ਦੇ ਪਿਆਰ ਨਾਲ ਸਰਦਾਰੀ ਹੈ, ਮੇਰੇ ਲੋਕਾਂ ਦੀ ਭਾਈਚਾਰਕ ਸਾਂਝ ਨਾਲ ਮੈਨੂੰ ਆਪਣੇ ਆਪ ਤੇ ਫ਼ਕਰ ਹੈ,ਕੀ ਮੇਰੇ ਲੋਕੋਂ ਤੁਸੀਂ ਮੈਂਨੂੰ ਚਾਹੇ ਪੱਕਾ ਹੀ ਸਹੀ ,ਪਰ ਮੈਂਨੂੰ ਘਰ ਬਣਾ ਕੇ ਰੱਖੋਂ, ਮੈਂ ਮਕਾਨ ਨਹੀਂ ਬਣਨਾ।


rajwinder kaur

Content Editor

Related News