'ਜਗ ਬਾਣੀ' ਦੀ ਖਬਰ ਦਾ ਵੱਡਾ ਅਸਰ, ਸਰਕਾਰ ਭਰੇਗੀ ਕਰੋਨਾ ਰੋਗੀ ਦੇ ਹਸਪਤਾਲ ਦਾ ਬਿੱਲ

04/22/2020 12:51:16 AM

ਜਲੰਧਰ,(ਵਿਕਰਮ) : ਕੋਰੋਨਾ ਵਾਇਰਸ ਦਾ ਜਿਥੇ ਕਹਿਰ ਵਧਦਾ ਜਾ ਰਿਹਾ ਹੈ, ਉਥੇ ਹੀ ਕਈ ਰਾਹਤ ਭਰੀਆਂ ਖਬਰਾਂ ਸਾਹਮਣੇ ਆਉਣ ਨਾਲ ਕੋਰੋਨਾ ਮਰੀਜ਼ਾਂ ਤੇ ਲੋਕਾਂ ਨੂੰ ਰਾਹਤ ਮਿਲ ਰਹੀ ਹੈ। ਅਜਿਹਾ ਹੀ ਇਕ ਮਾਮਲਾ ਜਲੰਧਰ ਦੀ ਰਹਿਣ ਵਾਲੀ ਕੋਰੋਨਾ ਮਰੀਜ਼ ਸਵਰਣ ਕਾਂਤਾ ਛਾਬੜਾ ਦਾ ਹੈ, ਜਿਸ ਦੀ ਰਿਪੋਰਟ ਹੁਣ ਨੈਗੇਟਿਵ ਆਈ ਹੈ। ਉਥੇ ਹੀ ਉਨ੍ਹਾਂ ਦਾ ਇਲਾਜ ਪਿਛਲੇ ਇਕ ਮਹੀਨੇ ਤੋਂ ਲੁਧਿਆਣਾ ਦੇ ਸੀ. ਐਮ. ਸੀ. ਹਸਪਤਾਲ 'ਚ ਚੱਲ ਰਿਹਾ ਹੈ, ਜਿਸ ਦੌਰਾਨ ਹਸਪਤਾਲ ਵਲੋਂ 5 ਲੱਖ ਤੋਂ ਜ਼ਿਆਦਾ ਦਾ ਬਿੱਲ ਬਣਾ ਦਿੱਤਾ ਗਿਆ ਹੈ।

'ਜਗ ਬਾਣੀ' ਵਲੋਂ ਖਬਰ ਜ਼ਰੀਏ ਇਹ ਗੱਲ ਸਰਕਾਰ ਤਕ ਪਹੁੰਚਾਈ ਗਈ, ਜਿਸ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਤਾ ਛਾਬੜਾ ਦੇ ਪੁੱਤਰ ਰਵੀ ਛਾਬੜਾ ਜੋ ਕਿ ਕੋਰੋਨਾ ਪਾਜ਼ੇਟਿਵ ਮਰੀਜ਼ ਹੈ ਅਤੇ ਸਿਵਲ ਹਸਪਤਾਲ ਜਲੰਧਰ 'ਚ ਇਲਾਜ ਲਈ ਦਾਖਲ ਹੈ, ਨਾਲ ਵੀਡੀਓ ਕਾਲ ਰਾਹੀਂ ਗੱਲ ਕੀਤੀ ਅਤੇ ਉਸ ਦਾ ਹਾਲ-ਚਾਲ ਪੁੱਛਿਆ। ਇਸ ਦੌਰਾਨ ਰਵੀ ਛਾਬੜਾ ਨੇ ਮੁੱਖ ਮੰਤਰੀ ਨੂੰ ਉਕਤ ਘਟਨਾ ਬਾਰੇ ਦੱਸਿਆ ਅਤੇ ਉਨ੍ਹਾਂ ਦੀ ਮਦਦ ਕਰਨ ਦੀ ਅਪੀਲ ਕੀਤੀ, ਜਿਸ ਤੋਂ ਬਾਅਦ ਮੁੱਖ ਮੰਤਰੀ ਨੇ ਰਵੀ ਛਾਬੜਾ ਨੂੰ ਉਨ੍ਹਾਂ ਦੀ ਮਦਦ ਕਰਨ ਦਾ ਭਰੋਸਾ ਦਿਵਾਇਆ।

ਦੱਸਣਯੋਗ ਹੈ ਕਿ 'ਜਗ ਬਾਣੀ' ਵਲੋਂ ਮੰਗਲਵਾਰ ਨੂੰ ਇਸ ਸਬੰਧੀ ਸਵਰਣ ਕਾਂਤਾ ਛਾਬੜਾ ਦੇ ਪੋਤੇ ਨਾਲ ਲਾਈਵ ਗੱਲਬਾਤ ਕਰ ਇਹ ਮਾਮਲਾ ਸਰਕਾਰ ਸਾਹਮਣੇ ਲਿਆਇਆ ਗਿਆ, ਜਿਸ ਤੋਂ ਕੁੱਝ ਘੰਟਿਆਂ ਬਾਅਦ ਹੀ ਸਰਕਾਰ ਵਲੋਂ ਉਕਤ ਮਰੀਜ਼ ਦੀ ਮਦਦ ਕਰਨ ਦਾ ਭਰੋਸਾ ਦਿਵਾਇਆ ਗਿਆ।

 

 


Deepak Kumar

Content Editor

Related News