30 ਦੁਕਾਨਦਾਰਾਂ ਦੇ 200 ਵੱਟਿਆਂ ਤੇ ਤੋਲ ਕੰਡਿਆਂ ਦਾ ਨਿਰੀਖਣ
Tuesday, Mar 13, 2018 - 05:06 AM (IST)

ਲੁਧਿਆਣਾ(ਖੁਰਾਣਾ)-'ਜਗ ਬਾਣੀ' ਵਲੋਂ 10 ਮਾਰਚ ਨੂੰ ਪ੍ਰਕਾਸ਼ਿਤ ਸਮਾਚਾਰ 'ਨਾਪ-ਤੋਲ ਵਿਭਾਗ ਦੀ ਲਾਪ੍ਰਵਾਹੀ ਸ਼ਹਿਰ ਵਾਸੀਆਂ 'ਤੇ ਪੈ ਰਹੀ ਭਾਰੀ' ਦੇ ਮਾਰਫਤ ਵਿਭਾਗ ਦੀ ਕੁੰਭਕਰਨੀ ਨੀਂਦ ਤੋੜਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਕਿਵੇਂ ਸ਼ਹਿਰ ਭਰ 'ਚ ਰੇਹੜੀ-ਫੜ੍ਹੀ ਲਾਉਣ ਵਾਲੇ ਅਤੇ ਹੋਰ ਦੁਕਾਨਦਾਰ ਗਾਹਕਾਂ ਦੀਆਂ ਅੱਖਾਂ 'ਚ ਘੱਟਾ ਪਾ ਕੇ 1 ਕਿਲੋ ਸਾਮਾਨ ਦੀ ਖਰੀਦਦਾਰੀ ਦੇ ਬਦਲੇ 100 ਗ੍ਰਾਮ ਦੀ ਕੁੰਡੀ ਲਾ ਕੇ ਲੋਕਾਂ ਦੇ ਖੂਨ-ਪਸੀਨੇ ਦੀ ਕਮਾਈ ਲੁੱਟਣ ਲੱਗੇ ਹੋਏ ਹਨ। ਖਬਰ ਛਪਣ ਤੋਂ ਬਾਅਦ ਅੱਜ ਨਾਪ-ਤੋਲ ਵਿਭਾਗ ਦੇ ਕਰਮਚਾਰੀਆਂ ਦੀ ਕੁੰਭਕਰਨੀ ਨੀਂਦ ਕੁੱਝ ਹੱਦ ਤੱਕ ਟੁੱਟ ਗਈ ਹੈ ਅਤੇ ਉਹ ਲਾਮ-ਲਸ਼ਕਰ ਲੈ ਕੇ ਸਥਾਨਕ ਜਲੰਧਰ ਬਾਈਪਾਸ ਸਬਜ਼ੀ ਮੰਡੀ 'ਚ ਤੋਲ ਕੰਡੇ ਅਤੇ ਵੱਟਿਆਂ ਦੇ ਅਸਲ ਵਜ਼ਨ ਦੀ ਜਾਂਚ-ਪੜਤਾਲ ਕਰਨ ਪਹੁੰਚ ਗਏ। ਇਸ ਦੌਰਾਨ ਹੈਰਾਨ ਕਰਨ ਦੇਣ ਵਾਲੀ ਗੱਲ ਇਹ ਰਹੀ ਕਿ ਮੰਡੀ 'ਚ ਰੇਹੜੀ-ਫੜ੍ਹੀ ਲਾ ਕੇ ਫਲ ਸਬਜ਼ੀਆਂ ਆਦਿ ਵੇਚਣ ਵਾਲੇ ਲਗਭਗ ਹਰੇਕ ਦੁਕਾਨਦਾਰ ਦੇ ਤੋਲ ਕੰਡੇ ਅਤੇ ਲੋਹੇ ਦੇ ਵੱਟਿਆਂ 'ਚ 1 ਕਿਲੋ ਦੇ ਪਿੱਛੇ ਲਗਭਗ 60 ਤੋਂ 100 ਗ੍ਰਾਮ ਘੱਟ ਵਜ਼ਨ ਨਿਕਲਿਆ। ਮੌਕੇ 'ਤੇ ਵਿਭਾਗੀ ਕਰਮਚਾਰੀਆਂ ਦੀ ਟੀਮ ਨੇ ਘੱਟ ਵਜ਼ਨ ਦੇ ਬਰਾਬਰ ਲੋਹੇ ਦਾ ਸਿੱਕਾ ਪਾ ਕੇ ਵੱਟਿਆਂ ਦਾ ਅਸਲ ਵਜ਼ਨ ਬਰਾਬਰ ਕੀਤਾ। ਵਿਭਾਗੀ ਕਰਮਚਾਰੀਆਂ ਵਲੋਂ ਅੱਜ ਦੀ ਕੀਤੀ ਗਈ ਕਾਰਵਾਈ ਨਾਕਾਫੀ ਸਾਬਿਤ ਹੋ ਰਹੀ ਹੈ, ਕਿਉਂਕਿ ਉਕਤ ਦੁਕਾਨਦਾਰ ਪਿਛਲੇ ਲੰਮੇ ਸਮੇਂ ਤੋਂ ਖਰੀਦਦਾਰਾਂ ਦਾ ਖੂਨ ਚੂਸਣ ਦਾ ਗੋਰਖਧੰਦਾ ਚਲਾ ਰਹੇ ਹਨ। ਮੰਡੀ 'ਚ ਪਹੁੰਚੇ ਵਿਭਾਗੀ ਕਰਮਚਾਰੀਆਂ ਵੱਲੋਂ ਅੱਜ 30 ਦੁਕਾਨਾਂ ਦੇ 200 ਦੇ ਲਗਭਗ ਵੱਖ-ਵੱਖ ਤਰ੍ਹਾਂ ਦੇ ਭਾਰ ਵਾਲੇ ਵੱਟਿਆਂ ਅਤੇ ਤੋਲ ਕੰਡਿਆਂ ਦਾ ਨਿਰੀਖਣ ਕਰ ਕੇ ਜਿੱਥੇ ਵੱਟਿਆਂ ਦੀ ਪਾਸਿੰਗ ਦਾ ਕੰਮ ਕੀਤਾ ਗਿਆ, ਉਥੇ ਤੋਲ ਕੰਡੇ ਨੂੰ ਵੀ ਮਾਹਿਰ ਕਾਰੀਗਰ ਤੋਂ ਸੈੱਟ ਕਰਵਾਇਆ ਗਿਆ। ਮੌਕੇ 'ਤੇ ਮੌਜੂਦ ਕਾਰੀਗਰਾਂ ਨੇ ਦੱਸਿਆ ਕਿ ਲਗਭਗ ਸਾਰੇ ਰੇਹੜੀ-ਫੜ੍ਹੀ ਵਾਲੇ ਦੁਕਾਨਦਾਰਾਂ ਦੇ ਵੱਟਿਆਂ 'ਚ ਭਾਰ ਦਾ ਅੰਤਰ ਹੈ। ਉਨ੍ਹਾਂ ਦੱਸਿਆ ਕਿ ਮੰਡੀ 'ਚ ਲਗਭਗ 70 ਫੀਸਦੀ ਤੋਂ ਉੱਪਰ ਲੋਕਾਂ ਨੇ ਪਿਛਲੇ ਕਈ ਸਾਲਾਂ ਤੋਂ ਤੋਲ ਕੰਡਿਆਂ ਅਤੇ ਵੱਟਿਆਂ ਦੀ ਪਾਸਿੰਗ ਕਰਵਾਈ ਹੀ ਨਹੀਂ ਸੀ।
ਵੱਟਿਆਂ ਨੂੰ ਜ਼ਮੀਨ 'ਤੇ ਘਸਾ ਕੇ ਘੱਟ ਕਰਦੇ ਹਨ ਵਜ਼ਨ
ਜਾਣਕਾਰੀ ਮੁਤਾਬਕ ਜ਼ਿਆਦਾਤਰ ਰੇਹੜੀ-ਫੜ੍ਹੀ ਵਾਲੇ ਲੋਹੇ ਦੇ ਵੱਟਿਆਂ ਨੂੰ ਜ਼ਮੀਨ 'ਤੇ ਘਿਸਾ ਕੇ ਜਿੱਥੇ ਉਨ੍ਹਾਂ ਦਾ ਵਜ਼ਨ ਆਪਣੀ ਮਰਜ਼ੀ ਦੇ ਮੁਤਾਬਕ ਘੱਟ ਕਰ ਕੇ ਅਤੇ ਤੋਲ ਕੰਡੇ ਦੇ ਹੇਠਾਂ ਕੰਪਨੀ ਵੱਲੋਂ ਫਿਕਸ ਕੀਤੀ ਗਈ 200 ਗ੍ਰਾਮ ਦੀ ਚਾਬੀ ਨੂੰ ਚੁੱਕ ਕੇ ਹਰੇਕ ਤੋਲ 'ਤੇ 200 ਗ੍ਰਾਮ ਘੱਟ ਵਜ਼ਨ ਤੋਲ ਕੇ ਵੱਡਾ ਗੋਰਖਧੰਦਾ ਚਲਾ ਰਹੇ ਹਨ। ਇਨ੍ਹਾਂ 'ਚ ਜ਼ਿਆਦਾਤਰ ਗਿਣਤੀ ਪ੍ਰਵਾਸੀ ਲੋਕਾਂ ਦੀ ਹੈ। ਜੋ ਕਿ ਗਲੀ-ਮੁਹੱਲਿਆਂ ਦੇ ਨਾਲ ਹੀ ਮੰਡੀਆਂ 'ਚ ਵੀ ਰੇਹੜੀ-ਫੜ੍ਹੀ ਲਾ ਕੇ ਵੱਖ-ਵੱਖ ਤਰ੍ਹਾਂ ਦੇ ਖਾਧ ਪਦਾਰਥ ਵੇਚ ਕੇ ਲੋਕਾਂ ਨੂੰ ਠੱਗ ਰਹੇ ਹਨ।
ਵੱਡੇ ਪੱਧਰ 'ਤੇ ਚੱਲ ਰਿਹਾ ਕੁੰਡੀ ਲਾਉਣ ਦਾ ਗੋਰਖਧੰਦਾ
ਮੌਕੇ 'ਤੇ ਮੌਜੂਦ ਇਕ ਦੁਕਾਨਦਾਰ ਦੀ ਮੰਨੀਏ ਤਾਂ ਖਾਧ ਪਦਾਰਥਾਂ ਦੇ ਭਾਰ 'ਚ ਲਾਈ ਜਾ ਰਹੀ ਕੁੰਡੀ ਦੇ ਇਸ ਪੂਰੇ ਨੈੱਟਵਰਕ 'ਚ ਕਈ ਵੱਡੇ ਖਿਡਾਰੀ ਵੀ ਸ਼ਾਮਲ ਹਨ, ਜੋ ਸਬਜ਼ੀਆਂ ਅਤੇ ਫਲਾਂ ਆਦਿ ਦੀਆਂ ਬੰਦ ਬੋਰੀਆਂ ਜਾਂ ਪੇਟੀਆਂ ਆਦਿ 'ਚ ਵਜ਼ਨ ਦਾ ਹੇਰ-ਫੇਰ ਕਰ ਕੇ ਰੇਹੜੀ-ਫੜ੍ਹੀ ਵਾਲਿਆਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਉਂਦੇ ਹਨ। ਇਸ ਤੋਂ ਬਾਅਦ ਉਕਤ ਰੇਹੜੀ-ਫੜ੍ਹੀ ਵਾਲੇ ਆਮ ਲੋਕਾਂ ਨਾਲ ਤੋਲ 'ਚ ਹੇਰਾ-ਫੇਰੀ ਕਰ ਕੇ ਉਨ੍ਹਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਹਨ।
ਪਹਿਲੇ ਦਿਨ ਸਰਕਾਰ ਨੂੰ ਪ੍ਰਾਪਤ ਹੋਇਆ 5100 ਰੁਪਏ ਰੈਵੇਨਿਊ
ਵਿਭਾਗੀ ਇੰਸ. ਜਸਵਿੰਦਰ ਸਿੰਘ ਮੁਤਾਬਕ ਅੱਜ ਮੰਡੀ 'ਚ ਵੱਟਿਆਂ ਦੀ ਪਾਸਿੰਗ ਨੂੰ ਲੈ ਕੇ ਜਿੱਥੇ ਸਰਕਾਰ ਨੂੰ 5100 ਰੁਪਏ ਦਾ ਰੈਵੇਨਿਊ ਪ੍ਰਾਪਤ ਹੋਇਆ ਹੈ। ਉਥੇ ਵੱਟਿਆਂ ਦੀ ਮੁਰੰਮਤ ਅਤੇ ਸਿੱਕਾ ਪਾਉਣ ਵਾਲੇ ਕਾਰੀਗਰ ਨੂੰ ਵੀ ਲਗਭਗ 4000 ਰੁਪਏ ਦੀ ਕਮਾਈ ਹੋਈ ਹੈ। ਉਨ੍ਹਾਂ ਦੱਸਿਆ ਕਿ ਮੰਡੀ ਦੇ ਲਗਭਗ 20 ਦਿਨਾਂ ਤੱਕ ਵੱਟੇ ਅਤੇ ਤੋਲ ਕੰਡੇ ਦੀ ਜਾਂਚ ਦਾ ਕੰਮ ਕੀਤਾ ਜਾਵੇਗਾ। ਇਸ ਦੌਰਾਨ ਜੋ ਵੀ ਦੁਕਾਨਦਾਰ ਖੁਦ ਆ ਕੇ ਵੱਟਿਆਂ ਦੀ ਪਾਸਿੰਗ ਨਹੀਂ ਕਰਵਾਉਣਗੇ। ਉੁਨ੍ਹਾਂ ਖਿਲਾਫ ਸਖ਼ਤ ਵਿਭਾਗੀ ਕਾਰਵਾਈ ਅਤੇ ਜੁਰਮਾਨਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਲੋਕਾਂ ਦਾ ਜਾਗਰੂਕ ਹੋਣਾ ਵੀ ਜ਼ਰੂਰੀ ਹੈ। ਜਸਵਿੰਦਰ ਨੇ ਦੱਸਿਆ ਕਿ ਮੰਡੀ ਤੋਂ ਵਿਭਾਗ ਨੂੰ ਲਗਭਗ 2 ਲੱਖ ਤੋਂ ਉੱਪਰ ਰੈਵੇਨਿਊ ਪ੍ਰਾਪਤ ਹੋਣ ਦੀ ਸੰਭਾਵਨਾ ਹੈ।