ਅਸੁਰੱਖਿਅਤ ਇਮਾਰਤਾਂ ''ਤੇ ਕਾਰਵਾਈ ਸ਼ੁਰੂ, ਸੁੰਦਰ ਨਗਰ ''ਚ ਹੋਈ ਪਹਿਲੀ ਸੀਲਿੰਗ
Friday, Nov 24, 2017 - 04:50 AM (IST)

ਲੁਧਿਆਣਾ(ਹਿਤੇਸ਼)-ਜਿਵੇਂ ਕਿ 'ਜਗ ਬਾਣੀ' ਨੇ ਪਹਿਲਾਂ ਹੀ ਸਾਫ ਕਰ ਦਿੱਤਾ ਸੀ ਕਿ ਸੂਫੀਆ ਚੌਕ ਸਥਿਤ ਐਮਰਸਨ ਪੋਲੀਮਰਸ ਵਿਚ ਅੱਗ ਲੱਗਣ ਤੋਂ ਬਾਅਦ ਫੈਕਟਰੀ ਦੇ ਮਲਬੇ ਵਿਚ ਤਬਦੀਲ ਹੋਣ ਕਾਰਨ 13 ਲੋਕਾਂ ਦੀਆਂ ਜਾਨਾਂ ਜਾਣ ਦੇ ਮਾਮਲੇ ਨੂੰ ਲੈ ਕੇ ਸ਼ਹਿਰ ਦੇ ਬਾਕੀ ਹਿੱਸਿਆਂ ਵਿਚ ਨਾਜਾਇਜ਼ ਢੰਗ ਨਾਲ ਬਣੀਆਂ ਅਜਿਹੀਆਂ ਹੀ ਅਣਸੁਰੱਖਿਅਤ ਇਮਾਰਤਾਂ ਨਗਰ ਨਿਗਮ ਦੀ ਰਾਡਾਰ 'ਤੇ ਆ ਗਈਆਂ ਹਨ। ਇਸ ਤਹਿਤ ਵੀਰਵਾਰ ਨੂੰ ਕਾਰਵਾਈ ਦਾ ਆਗਾਜ਼ ਹੋ ਗਿਆ ਹੈ, ਜਿਸ ਦੀ ਸ਼ੁਰੂਆਤ ਛੁੱਟੀ ਹੋਣ ਦੇ ਬਾਵਜੂਦ ਸੁੰਦਰ ਨਗਰ ਤੋਂ ਕੀਤੀ ਗਈ, ਜਿਥੇ ਰਿਹਾਇਸ਼ੀ ਇਲਾਕੇ 'ਚ ਬਣੀ 7 ਮੰਜ਼ਿਲਾ ਇਮਾਰਤ ਨੂੰ ਸੀਲ ਕਰ ਦਿੱਤਾ ਗਿਆ।
ਨਿਗਮ ਦੀਆਂ ਅੱਖਾਂ 'ਚ ਘੱਟਾ ਪਾਉਣ ਲਈ ਪਾਸ ਕਰਵਾਇਆ ਸੀ ਰਿਹਾਇਸ਼ੀ ਨਕਸ਼ਾ, ਦਰਜ ਹੋਵੇਗਾ ਪੁਲਸ ਕੇਸ
ਂਿÂਸ ਕੇਸ ਦੀ ਜਾਂਚ 'ਚ ਇਹ ਗੱਲ ਸਾਹਮਣੇ ਆਈ ਕਿ ਫੈਕਟਰੀ ਮਾਲਕ ਨੇ ਉਸਾਰੀ ਲਈ ਨਿਗਮ ਤੋਂ ਰਿਹਾਇਸ਼ੀ ਨਕਸ਼ਾ ਪਾਸ ਕਰਵਾਇਆ ਸੀ ਪਰ ਉਸ ਦੀ ਜਗ੍ਹਾ ਮੌਕੇ 'ਤੇ ਮਲਟੀ ਸਟੋਰੀ ਵਪਾਰਕ ਇਮਾਰਤ ਬਣਾ ਲਈ ਗਈ। ਅਜਿਹੇ 'ਚ ਇਮਾਰਤ ਮਾਲਕ ਨੇ ਆਪਣੀ ਹੀ ਦਿੱਤੀ ਗਈ ਰਿਹਾਇਸ਼ੀ ਉਸਾਰੀ ਕਰਨ ਦੀ ਅੰਡਰਟੇਕਿੰਗ ਦਾ ਪਾਲਣ ਨਹੀਂ ਕੀਤਾ, ਜਿਸ ਨਾਲ ਰਿਹਾਇਸ਼ੀ ਇਲਾਕੇ 'ਚ ਬਣੀ ਫੈਕਟਰੀ ਵਿਚ ਕੋਈ ਹਾਦਸਾ ਹੋਣ 'ਤੇ ਆਲੇ-ਦੁਆਲੇ ਦੇ ਲੋਕਾਂ ਨੂੰ ਜਾਨ-ਮਾਲ ਦਾ ਨੁਕਸਾਨ ਹੋਣ ਦਾ ਖਤਰਾ ਹੈ। ਇਸ ਦੋਸ਼ 'ਚ ਨਿਗਮ ਵੱਲੋਂ ਫੈਕਟਰੀ ਮਾਲਕ 'ਤੇ ਪੁਲਸ ਕੇਸ ਦਰਜ ਕਰਵਾਉਣ ਦੀ ਕਾਰਵਾਈ ਹੋਵੇਗੀ, ਜਿਸ ਸਬੰਧੀ ਐਕਟ ਵਿਚ ਦਰਜ ਵਿਵਸਥਾਵਾਂ 'ਤੇ ਅਮਲ ਦੇ ਹੁਕਮ ਲੋਕਲ ਬਾਡੀਜ਼ ਵਿਭਾਗ ਦੇ ਵਧੀਕ ਮੁੱਖ ਸਕੱਤਰ ਨੇ ਹਾਲ ਹੀ ਵਿਚ ਜਾਰੀ ਕੀਤੇ ਹਨ।
ਚਲਾਨ ਪਾਉਣ ਤੋਂ ਬਾਅਦ ਕਿਵੇਂ ਪੂਰੀ ਹੋ ਗਈ ਇਮਾਰਤ, ਇੰਸਪੈਕਟਰ ਹੋਵੇਗਾ ਮੁਅੱਤਲ
ਨਗਰ ਨਿਗਮ ਦੇ ਜ਼ੋਨ-ਬੀ ਦੀ ਇਮਾਰਤੀ ਸ਼ਾਖਾ ਦੇ ਅਫਸਰਾਂ ਦੀ ਮੰਨੀਏ ਤਾਂ ਉਸਾਰੀ 'ਚ ਨਿਯਮਾਂ ਦੀ ਉਲੰਘਣਾ ਸਾਹਮਣੇ ਆਉਣ 'ਤੇ ਬਕਾਇਦਾ ਚਲਾਨ ਪਾਇਆ ਗਿਆ ਸੀ। ਉਸ ਤੋਂ ਬਾਅਦ ਇਮਾਰਤ ਬਣ ਕੇ ਤਿਆਰ ਹੋ ਗਈ ਅਤੇ ਹੁਣ ਵੀ ਅਫਸਰਾਂ ਨੇ ਆਪ ਕਦਮ ਚੁੱਕਣ ਦੀ ਜਗ੍ਹਾ ਇਕ ਸ਼ਿਕਾਇਤ ਦੇ ਆਧਾਰ 'ਤੇ ਇਹ ਕਾਰਵਾਈ ਕੀਤੀ ਹੈ। ਜਦੋਂ ਨਿਯਮਾਂ ਮੁਤਾਬਕ ਨਾਜਾਇਜ਼ ਉਸਾਰੀ ਦਾ ਚਲਾਨ ਪਾਉਣ ਤੋਂ ਬਾਅਦ ਅੱਗੇ ਕੰਮ ਨਾ ਹੋਣ ਦੇਣ ਦੀ ਜ਼ਿੰਮੇਵਾਰੀ ਇਲਾਕਾ ਇੰਸਪੈਕਟਰ ਦੀ ਹੁੰਦੀ ਹੈ। ਜੇਕਰ ਫਿਰ ਵੀ ਉਸਾਰੀ ਨਾ ਰੁਕੇ ਤਾਂ ਮੌਕੇ 'ਤੇ ਪੁਲਸ ਤਾਇਨਾਤ ਕਰਨ ਸਮੇਤ ਉਸ ਮਾਲਕ ਖਿਲਾਫ ਪੁਲਸ ਕੇਸ ਦਰਜ ਕਰਵਾਇਆ ਜਾ ਸਕਦਾ ਹੈ ਪਰ ਇਥੇ ਅਜਿਹਾ ਕੁੱਝ ਨਹੀਂ ਹੋਇਆ ਅਤੇ ਜਨਵਰੀ ਵਿਚ ਚਲਾਨ ਜਾਰੀ ਕਰਨ ਤੋਂ ਬਾਅਦ 10 ਮਹੀਨਿਆਂ ਵਿਚ ਇਮਾਰਤ ਬਣ ਕੇ ਤਿਆਰ ਹੋ ਗਈ, ਜਿਸ ਨੂੰ ਲੈ ਕੇ ਇਲਾਕਾ ਇੰਸਪੈਕਟਰ ਨੂੰ ਮੁਅੱਤਲ ਕਰਨ ਦੀ ਤਿਆਰੀ ਚੱਲ ਰਹੀ ਹੈ।
ਬਾਕੀ ਇਲਾਕਿਆਂ ਵਿਚ ਵੀ ਹੋਵੇਗਾ ਨਾਜਾਇਜ਼ ਉਸਾਰੀਆਂ ਦਾ ਸਰਵੇਖਣ
ਨਗਰ ਨਿਗਮ ਨੇ ਸ਼ਹਿਰ ਦੇ ਬਾਕੀ ਇਲਾਕਿਆਂ ਵਿਚ ਵੀ ਅਜਿਹੀਆਂ ਮਲਟੀਸਟੋਰੀ ਇਮਾਰਤਾਂ ਦਾ ਸਰਵੇਖਣ ਕਰਵਾਉਣ ਦੀ ਯੋਜਨਾ ਬਣਾਈ ਹੈ, ਜੋ ਭੀੜ ਵਾਲੇ ਜਾਂ ਰਿਹਾਇਸ਼ੀ ਇਲਾਕਿਆਂ ਵਿਚ ਬਣੀਆਂ ਹੋਈਆਂ ਹਨ। ਜਿਥੇ ਕੋਈ ਹਾਦਸਾ ਹੋਣ 'ਤੇ ਬਚਾਅ ਕਾਰਜਾਂ ਵਿਚ ਕਾਫੀ ਮੁਸ਼ਕਲ ਆ ਸਕਦੀ ਹੈ। ਇਸ ਤੋਂ ਇਲਾਵਾ ਜ਼ਿਆਦਾਤਰ ਇਮਾਰਤਾਂ ਵਿਚ ਤੈਅ ਨਿਯਮਾਂ ਤੋਂ ਕਾਫੀ ਜ਼ਿਆਦਾ ਓਵਰ ਕਵਰੇਜ ਕੀਤੀ ਹੋਈ ਹੈ, ਜਦੋਂਕਿ ਉਨ੍ਹਾਂ ਦਾ ਢਾਂਚਾ ਇੰਨਾ ਲੋਡ ਸਹਿਣ ਦੇ ਕਾਬਿਲ ਨਹੀਂ ਹੈ, ਜਿਸ ਕਾਰਨ ਉਹ ਇਮਾਰਤਾਂ ਅਣਸੁਰੱਖਿਅਤ ਕੈਟਾਗਰੀ ਵਿਚ ਆਉਂਦੀਆਂ ਹਨ। ਸਭ ਤੋਂ ਵੱਡੀ ਗੱਲ ਇਹ ਇਮਾਰਤਾਂ ਬਣਾਉਣ ਲਈ ਨਗਰ ਨਿਗਮ ਤੋਂ ਕੋਈ ਮਨਜ਼ੂਰੀ ਨਹੀਂ ਲਈ ਗਈ, ਜਿਸ ਬਾਰੇ ਰਿਪੋਰਟ ਤਿਆਰ ਕਰ ਕੇ ਉੱਚ ਅਫਸਰਾਂ ਨੂੰ ਭੇਜੀ ਜਾਵੇਗੀ।