ਗਰਮੀਆਂ ''ਚ ਠੰਡ ਦਾ ਅਹਿਸਾਸ ਦਿਵਾਏਗੀ ਇਹ ਜੈਕੇਟ

Sunday, Jan 06, 2019 - 06:19 PM (IST)

ਗਰਮੀਆਂ ''ਚ ਠੰਡ ਦਾ ਅਹਿਸਾਸ ਦਿਵਾਏਗੀ ਇਹ ਜੈਕੇਟ

ਜਲੰਧਰ— ਗਰਮੀਆਂ 'ਚ ਅੱਗ ਵਰਾਉਣ ਵਾਲੀ ਗਰਮੀ ਲੋਕਾਂ ਦੇ ਪਸੀਨੇ ਛੁਡਾ ਦਿੰਦੀ ਹੈ। ਗਰਮੀ ਦੇ ਦਿਨਾਂ 'ਚ ਤਾਪਮਾਨ 48 ਡਿਗਰੀ ਸੈਲਸੀਅਸ ਦੇ ਕਰੀਬ ਪਹੁੰਚਣ ਨਾਲ ਲੋਕਾਂ 'ਤੇ 'ਸਨ ਸਟ੍ਰੋਕ' ਦਾ ਖਤਰਾ ਮੰਡਰਾਉਣ ਲੱਗ ਜਾਂਦਾ ਹੈ। ਗਰਮੀ 'ਚ ਸਰਦੀ ਦਾ ਅਹਿਸਾਸ ਦਿਵਾਉਣ ਲਈ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ਆਈ. ਸੀ. ਐੱਮ. ਆਰ) ਦੇ ਨੈਸ਼ਨਲ ਇੰਸਟੀਚਿਊਟ ਆਫ ਆਕਿਊਪੇਸ਼ਨਲ ਹੈਲਥ ਅਹਿਮਦਾਬਾਦ ਨੇ ਇਕ ਜੈਕੇਟ ਤਿਆਰ ਕੀਤੀ ਹੈ। 
ਐੱਲ. ਪੀ. ਯੂ. 'ਚ ਚੱਲ ਰਹੀ ਇੰਡੀਅਨ ਸਾਇੰਸ ਕਾਂਗਰਸ 'ਚ ਹਿੱਸਾ ਲੈਣ ਆਏ ਨੈਸ਼ਨਲ ਇੰਸਟੀਚਿਊਟ ਆਫ ਆਕਿਊਪੇਸ਼ਨਲ ਹੈਲਥ ਅਹਿਮਦਾਬਾਦ ਦੇ ਅਧਿਕਾਰੀ ਸੰਜੇ ਕੋਟਾਦੀਆ ਨੇ ਦੱਸਿਆ ਕਿ ਰਾਜਸਥਾਨ 'ਚ ਤਪਦੀ ਰੇਤ 'ਚ ਡਿਊਟੀ ਕਰਨ ਵਾਲੇ ਜਵਾਨਾਂ, ਖੇਤਾਂ, ਮਾਈਨਿੰਗ, ਆਇਰਨ ਅਤੇ ਸਟੀਲ ਪਾਊਂਡਰੀ, ਕੈਮੀਕਲ ਪਲਾਂਟ, ਇੱਟਾਂ ਦੇ ਭੱਠੇ, ਟੈਕਸਟਾਈਲ ਇੰਡਸਟਰੀ, ਪਾਵਰ ਪਲਾਂਟ, ਗਲਾਸ ਪ੍ਰੋਡਕਟਸ ਇੰਡਸਟਰੀ, ਬੈਕਰੀ ਤੋਂ ਇਲਾਵਾ ਤਪਦੀ ਗਰਮੀ ਤੋਂ ਪਰੇਸ਼ਾਨ ਲੋਕਾਂ ਦੀ ਪਰੇਸ਼ਾਨੀ ਨੂੰ ਮੱਦੇ ਨਜ਼ਰ ਰੱਖਦੇ ਹੋਏ ਇਹ ਜੈਕੇਟ ਤਿਆਰ ਕੀਤੀ ਗਈ ਹੈ। ਇਸ ਦੇ ਟ੍ਰਾਇਲ 'ਚ 100 ਫੀਸਦੀ ਕਾਮਯਾਬੀ ਮਿਲੀ ਹੈ। ਲੰਬੇ ਸਮੇਂ ਤੱਕ ਜਾਂਚ ਅਤੇ ਵਿਗਿਆਨੀਆਂ ਦੀ ਰਾਏ ਦੇ ਆਧਾਰ 'ਤੇ ਪਰਸਨਲ ਕੁਲਿੰਗ ਗਾਰਮੈਂਟ ਨੂੰ ਤਿਆਰ ਕੀਤਾ ਹੈ। ਇਸ ਨੂੰ 2012 'ਚ ਪੇਟੈਂਟ ਕਰਵਾ ਦਿੱਤਾ ਗਿਆ ਹੈ। ਸੰਸਥਾ ਇਸ ਨੂੰ ਕਿਸੇ ਕੰਪਨੀ ਨੂੰ ਦੇਣ ਦੀ ਤਿਆਰੀ ਕਰ ਰਹੀ ਹੈ। ਜੈਕੇਟ ਨੂੰ ਤਿਆਰ ਕਰਕੇ ਟੈਕਨਾਲੋਜੀ ਕੇਂਦਰ ਸਰਕਾਰ ਦੇ ਸਿਹਤ ਵਿਭਾਗ ਨੂੰ ਸੌਂਪੀ ਗਈ ਹੈ। ਸਰਕਾਰ ਵੱਲੋਂ ਇਸ ਨੂੰ ਮਾਰਕੀਟ 'ਚ ਉਤਾਰਨ ਲਈ ਵੱਡੀਆਂ ਕੰਪਨੀਆਂ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ। ਵਿਗਿਆਨੀ ਡਾ. ਕੇ. ਐੱਨ. ਪਾਂਡੇ ਨੇ ਦੱਸਿਆ ਕਿ ਗਰਮੀ ਵਧਾਉਣ ਦੇ ਨਾਲ ਸਰੀਰ ਦਾ ਤਾਪਮਾਨ ਵੀ ਵੱਧਣ ਕਰਕੇ ਚਮੜੀ ਖਰਾਬ ਹੋ ਜਾਂਦੀ ਹੈ। 

ਕੁਝ ਇਸ ਤਰ੍ਹਾਂ ਕੰਮ ਕਰਦੀ ਹੈ ਇਹ ਜੈਕੇਟ 
ਇਸ ਜੈਕੇਟ ਨੂੰ ਸੁਤੀ ਦੇ ਕੱਪੜੇ ਨਾਲ ਤਿਆਰ ਕੀਤਾ ਗਿਆ ਹੈ। ਉਸ 'ਚ ਸਿਲੀਕਾਨ ਦੀਆਂ ਪਾਈਪਾਂ ਦਾ ਜਾਲ ਵਿਛਾਇਆ ਗਿਆ ਹੈ। ਉਸ ਨੂੰ ਲਿਥੀਅਮ ਆਇਨ ਵਾਲੀ ਰਿਚਾਰਜਬਲ 12 ਬੋਲਟ ਦੀ ਬੈਟਰੀ ਨਾਲ ਜੋੜਿਆ ਗਿਆ ਹੈ। ਪੰਪ ਨੂੰ ਇਕ ਛੋਟੇ ਪਲਾਸਟਿਕ ਦੇ ਬੰਦ ਜੁਗਨੁਮਾ ਬਰਤਨ 'ਚ ਫਿਟ ਕੀਤਾ ਗਿਆ ਹੈ। ਉਸ 'ਚ 100 ਐੱਮ. ਐੱਲ. ਪਾਣੀ ਅਤੇ ਬਰਫ ਦੇ ਟੁਕੜੇ ਪਾ ਦਿੱਤੇ ਜਾਂਦੇ ਹਨ। ਜੈਕੇਟ ਪਾਉਣ ਤੋਂ ਬਾਅਦ ਇਸ ਨੂੰ ਸਟਾਰਟ ਕਰਨ 'ਤੇ ਠੰਡਾ ਪਾਣੀ ਟਿਊਬਾਂ 'ਚ ਘੁੰਮਦਾ ਹੈ, ਜੋ ਸਰੀਰ ਨੂੰ ਕੁਲਿੰਗ ਦਿੰਦਾ ਹੈ। ਇਸ ਦਾ ਭਾਰ 2.5 ਕਿਲੋਗ੍ਰਾਮ ਹੈ। ਇਹ ਜੈਕੇਟ 15 ਡਿਗਰੀ ਸੈਲਸੀਅਸ ਤੱਕ ਤਾਪਮਾਨ 'ਚ ਗਿਰਾਵਟ ਕਰਦੀ ਹੈ। ਇਸ ਨੂੰ ਤਿਆਰ ਕਰਨ 'ਚ ਕਰੀਬ 3 ਹਜ਼ਾਰ ਰੁਪਏ ਦਾ ਖਰਚਾ ਆਉਂਦਾ ਹੈ।


author

shivani attri

Content Editor

Related News