Festival Alert : ਤਿਉਹਾਰਾਂ 'ਚ Train ਦਾ ਸਫ਼ਰ ਕਰਨ ਵਾਲੇ ਹੋ ਤਾਂ ਸੌਖਾ ਨਹੀਂ ਹੋਵੇਗਾ, ਜ਼ਰਾ ਇਹ ਪੜ੍ਹ ਲਓ

Wednesday, Oct 18, 2023 - 12:33 PM (IST)

Festival Alert : ਤਿਉਹਾਰਾਂ 'ਚ Train ਦਾ ਸਫ਼ਰ ਕਰਨ ਵਾਲੇ ਹੋ ਤਾਂ ਸੌਖਾ ਨਹੀਂ ਹੋਵੇਗਾ, ਜ਼ਰਾ ਇਹ ਪੜ੍ਹ ਲਓ

ਲੁਧਿਆਣਾ (ਗੌਤਮ) : ਫੈਸਟਿਵ ਸੀਜ਼ਨ ਸ਼ੁਰੂ ਹੁੰਦੇ ਹੀ ਰੇਲਵੇ ਦਾ ਆਫ ਸੀਜ਼ਨ ਖ਼ਤਮ ਹੋ ਗਿਆ। ਨਰਾਤਿਆਂ ਤੋਂ ਲੈ ਕੇ ਛਠ ਪੂਜਾ ਤੱਕ ਟਰੇਨਾਂ 'ਚ ਮਾਰੋ-ਮਾਰੀ ਚੱਲ ਰਹੀ ਹੈ। ਆਲਮ ਇਹ ਹੈ ਕਿ ਤਤਕਾਲ ’ਚ ਵੀ ਲੋਕਾਂ ਨੂੰ ਟਿਕਟ ਬੁੱਕ ਕਰਵਾਉਣ ਲਈ ਕਾਫੀ ਮੁਸ਼ੱਕਤ ਕਰਨੀ ਪੈ ਰਹੀ ਹੈ। ਟਰੇਨਾਂ ਦੇ ਰੱਦ ਹੋਣ ਕਾਰਨ ਵੀ ਯਾਤਰੀਆਂ ਨੂੰ ਕਾਫੀ ਪਰੇਸ਼ਾਨੀ ਝੱਲਣੀ ਪੈ ਰਹੀ ਹੈ। ਟਰੇਨਾਂ ’ਚ ਬੁਕਿੰਗ ਦੀ ਹਾਲਤ ਨੂੰ ਦੇਖ ਕੇ ਅਜਿਹਾ ਲੱਗਦਾ ਹੈ ਕਿ ਦੁਸਹਿਰਾ, ਦੀਵਾਲੀ ਅਤੇ ਛਠ ਪੂਜਾ ਤੱਕ ਘਰਾਂ ਨੂੰ ਵਾਪਸ ਜਾਣ ਵਾਲੇ ਲੋਕਾਂ ਨੂੰ ਸਫ਼ਰ ਕਰਨ ਲਈ ਸਖ਼ਤ ਮੁਸ਼ੱਕਤ ਕਰਨੀ ਪਵੇਗੀ। ਲੁਧਿਆਣਾ ਸਟੇਸ਼ਨ ਤੋਂ ਅੰਮ੍ਰਿਤਸਰ ਅਤੇ ਜੰਮੂ ਤੋਂ ਟਾਉਣ ਵਾਲੀਆਂ ਟਰੇਨਾਂ ’ਚ ਭਾਰੀ ਰਸ਼ ਹੋਣ ਕਾਰਨ ਟਰੇਨਾਂ ’ਚ ਸੀਟ ਨਹੀਂ ਮਿਲ ਰਹੀ। ਰੇਲਵੇ ਵਿਭਾਗ ਵੱਲੋਂ ਯਾਤਰੀਆਂ ਦੀ ਸਹੂਲਤ ਲਈ ਕਈ ਸਪੈਸ਼ਲ ਟਰੇਨਾਂ ਵੀ ਚਲਾਈਆਂ ਗਈਆਂ ਹਨ ਪਰ ਉਹ ਟਰੇਨਾਂ ਵੀ ਪੂਰੀ ਤਰ੍ਹਾਂ ਫੁੱਲ ਚੱਲ ਰਹੀਆਂ ਹਨ। ਹੁਣ ਤਾਂ ਅੱਧਾ ਦਰਜਨ ਦੇ ਕਰੀਬ ਟਰੇਨਾਂ ਵਿਚ ‘ਨੋ ਰੂਮ’ ਦੀ ਸਥਿਤੀ ਬਣੀ ਹੋਈ ਹੈ, ਜਦੋਂਕਿ ਜ਼ਿਆਦਾਤਰ ਟਰੇਨਾਂ 'ਚ 200 ਤੋਂ ਵੱਧ ਦੀ ਵੇਟਿੰਗ ਚੱਲ ਰਹੀ ਹੈ, ਜਿਸ ਕਾਰਨ ਰੇਲਵੇ ਵਿਭਾਗ ਵੀ ਇਸ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਦੇ ਸਮਰੱਥ ਦਿਖਾਈ ਨਹੀਂ ਦੇ ਰਿਹਾ। ਭੀੜ ਕਾਰਨ ਟਰੇਨਾਂ ਦੇ ਸਲਿੱਪਰ ਕਲਾਸ ਅਤੇ ਜਨਰਲ ਕੋਚਾਂ ’ਚ ਖੜ੍ਹੇ ਹੋ ਕੇ ਸਫ਼ਰ ਕਰਨ ਦੀ ਸਥਿਤੀ ਵੀ ਨਹੀਂ ਹੈ।

ਇਹ ਵੀ ਪੜ੍ਹੋ : ਕਾਂਗਰਸ ਦੀ ਟਿਕਟ 'ਤੇ ਨਿਗਮ ਚੋਣਾਂ ਲੜਨ ਦੇ ਇੱਛੁਕ ਉਮੀਦਵਾਰਾਂ ਲਈ ਅਹਿਮ ਖ਼ਬਰ

ਬਿਹਾਰ, ਯੂ. ਪੀ., ਗੋਹਾਟੀ ਅਤੇ ਮੁੰਬਈ ਵੱਲ ਜਾਣ ਵਾਲੀਆਂ ਟਰੇਨਾਂ ’ਚ ਹੁਣ ਤੋਂ ਰਸ਼ ਹੋਣਾ ਸ਼ੁਰੂ ਹੋ ਗਿਆ, ਜਦੋਂਕਿ ਨਰਾਤਿਆਂ ਕਾਰਨ ਸ੍ਰੀ ਮਾਤਾ ਵੈਸ਼ਣੋ ਦੇਵੀ ਜਾਣ ਵਾਲੀਆਂ ਟਰੇਨਾਂ ਓਵਰਲੋਡ ਚੱਲ ਰਹੀਆਂ ਹਨ। ਕਾਰਨ ਇਹ ਹੈ ਕਿ ਨਰਾਤਿਆਂ ਕਾਰਨ ਸਥਾਨਕ ਲੋਕ ਸ੍ਰੀ ਮਾਤਾ ਵੈਸ਼ਣੋ ਦੇਵੀ ਜਾਣ ਲਈ ਉਤਸੁਕ ਰਹਿੰਦੇ ਹਨ। ਜੰਮੂ ਵੱਲ ਜਾਣ ਵਾਲੀਆਂ ਟਰੇਨਾਂ ਪਿੱਛੋਂ ਹੀ ਪੈਕ ਹੋ ਕੇ ਆ ਰਹੀਆਂ ਹਨ, ਜਿਸ ਕਾਰਨ ਲੁਧਿਆਣਾ ਤੋਂ ਯਾਤਰੀਆਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਮੁਤਾਬਕ ਗੰਗਾ ਸਤਲੁਜ ਐਕਸਪ੍ਰੈੱਸ, ਮੋਰ ਧਵਜ, ਸਿਆਲਦਾਹ ਐਕਸਪ੍ਰੈੱਸ, ਅਮਰਪਾਲੀ ਐਕਸਪ੍ਰੈੱਸ ’ਚ ਹੁਣ ਤੋਂ ‘ਨੋ-ਰੂਮ’ ਦੀ ਸਥਿਤੀ ਬਣੀ ਹੋਈ ਹੈ, ਜਦੋਂਕਿ ਹਾਵੜਾ ਮੇਲ ਐਕਸਪ੍ਰੈੱਸ, ਬੇਗਮਪੁਰਾ ਐਕਸਪ੍ਰੈੱਸ, ਟਾਟਾ ਮੂਰੀ ਐਕਸਪ੍ਰੈੱਸ, ਅੰਮ੍ਰਿਤਸਰ ਜੈਪੁਰ ਐਕਸਪ੍ਰੈੱਸ, ਅਮਰਨਾਥ ਐਕਸਪ੍ਰੈੱਸ, ਹਿਮਗਿਰੀ ਐਕਸਪ੍ਰੈੱਸ, ਅਕਾਲ ਤਖਤ ਐਕਸਪ੍ਰੈੱਸ, ਦੁਰਗਿਆਣਾ ਐਕਸਪ੍ਰੈੱਸ ਅਤੇ ਹਫਤਾਵਾਰੀ ਦੁਰਗਿਆਣਾ ਐਕਸਪ੍ਰੈੱਸ, ਕਮਾਖਿਆ ਐਕਸਪ੍ਰੈੱਸ, ਲੋਹਿਤ ਐਕਸਪ੍ਰੈੱਸ, ਡਿਬਰੂਗੜ੍ਹ ਐਕਸਪ੍ਰੈੱਸ, ਪੱਛਮੀ ਐਕਸਪ੍ਰੈੱਸ, ਪੂਜਾ ਐਕਸਪ੍ਰੈੱਸ ਤੋਂ ਇਲਾਵਾ ਟਰੇਨਾਂ ’ਚ 150 ਤੋਂ ਲੈ ਕੇ 300 ਤੱਕ ਦੀ ਵੇਟਿੰਗ ਚੱਲ ਰਹੀ ਹੈ। ਇਹ ਟਰੇਨਾਂ ਵੀ ‘ਨੋ-ਰੂਮ’ ਟਰੇਨ ਦੀ ਸਥਿਤੀ 'ਚ ਹਨ, ਜਦੋਂਕਿ ਢੰਡਾਰੀ ਕਲਾਂ ਰੇਲਵੇ ਸਟੇਸ਼ਨ ਤੋਂ ਚੱਲਣ ਵਾਲੀਆਂ ਟਰੇਨਾਂ ਜਨਨਾਇਕ, ਜਨਸਾਧਾਰ ਐਕਸਪ੍ਰੈੱਸ, ਕਰਮਭੂਮੀ ਅਤੇ ਹੋਰ ਜਨਰਲ ਟਰੇਨਾਂ 'ਚ ਵੀ ਭਾਰੀ ਰਸ਼ ਚੱਲ ਰਿਹਾ ਹੈ। ਰੇਲਵੇ ਸੁਰੱਖਿਆ ਏਜੰਸੀਆਂ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਰਸ਼ ਨੂੰ ਦੇਖਦੇ ਹੋਏ ਉਨ੍ਹਾਂ ਵੱਲੋਂ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਹਲਕਾ ਇੰਚਾਰਜਾਂ ਨੂੰ ਲੈ ਕੇ 'ਆਪ' ਦਾ ਵੱਡਾ ਐਲਾਨ, ਪੜ੍ਹੋ ਪੂਰੀ ਖ਼ਬਰ
ਤਤਕਾਲ ਨੂੰ ਲੈ ਕੇ ਦਲਾਲਾਂ ਦੀ ਚਾਂਦੀ
ਟਰੇਨਾਂ ’ਚ ਰਸ਼ ਹੋਣ ਕਾਰਨ ਰੇਲਵੇ ਸਟੇਸ਼ਨ ਦੇ ਆਸ-ਪਾਸ ਸਰਗਰਮ ਦਲਾਲਾਂ ਦੀ ਚਾਂਦੀ ਹੋ ਰਹੀ ਹੈ। ਲੋਕ ਤਤਕਾਲ ਬੁਕਿੰਗ ਕਰਨ ਲਈ ਤੜਕੇ ਹੀ ਲਾਈਨਾਂ ’ਚ ਲੱਗ ਜਾਂਦੇ ਹਨ ਪਰ ਖੁੱਲ੍ਹਦੇ ਹੀ ਕੁੱਝ ਹੀ ਮਿੰਟਾਂ 'ਚ ਬੰਦ ਹੋ ਜਾਂਦੀ ਹੈ, ਜਿਸ ਦੌਰਾਨ ਦਲਾਲ ਜ਼ਿਆਦਾ ਵਸੂਲੀ ਕਰ ਕੇ ਲੋਕਾਂ ਨੂੰ ਤਤਕਾਲ ਕਰਵਾਉਣ ਦਾ ਝਾਂਸਾ ਦੇ ਰਹੇ ਹਨ। ਇਹ ਦਲਾਲ ਸੈਟਿੰਗ ਜਾਂ ਫਿਰ ਆਨਲਾਈਨ ਐਪ ਜ਼ਰੀਏ ਟਿਕਟਾਂ ਬੁੱਕ ਕਰਵਾ ਕੇ ਸੀਜ਼ਨ ਦੇ ਦਿਨਾਂ ’ਚ ਕਮਾਈ ਕਰ ਰਹੇ ਹਨ, ਜਿੱਥੇ ਲੋਕ ਲੰਬੀਆਂ ਲਾਈਨਾਂ ’ਚ ਲੱਗ ਕੇ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ ਹਨ, ਉੱਥੇ ਇਹ ਲੋਕ ਆਸਾਨੀ ਨਾਲ ਟਿਕਟ ਬੁੱਕ ਕਰਵਾ ਦਿੰਦੇ ਹਨ। ਇਹ ਲੋਕ ਆਸ-ਪਾਸ ਸਥਿਤ ਛੋਟੇ ਸਟੇਸ਼ਨਾਂ ’ਤੇ ਜਾ ਕੇ ਵੀ ਤਤਕਾਲ ਟਿਕਟ ਬੁੱਕ ਕਰਵਾ ਦਿੰਦੇ ਹਨ।
ਨਿਜੀ ਬੱਸ ਆਪਰੇਟਰ ਵੀ ਹੋਏ ਸਰਗਰਮ
ਟਰੇਨਾਂ ’ਚ ਵੱਧ ਰਹੇ ਰਸ਼ ਅਤੇ ਵੇਟਿੰਗ ਨੂੰ ਦੇਖਦੇ ਹੋਏ ਨਿੱਜੀ ਸਬ ਆਪਰੇਟਰ ਵੀ ਸਰਗਰਮ ਹੋਣੇ ਸ਼ੁਰੂ ਹੋ ਗਏ ਹਨ, ਜਿਨ੍ਹਾਂ ਨੇ ਹੁਣ ਤੋਂ ਆਪਣੇ ਬੁਕਿੰਗ ਕਾਊਂਟਰ ਰੇਲਵੇ ਸਟੇਸ਼ਨ, ਲੇਬਰ ਵਾਲੇ ਏਰੀਆ ਅਤੇ ਜਿੱਥੇ ਪਰਵਾਸੀ ਲੋਕਾਂ ਦੀ ਆਬਾਦੀ ਜ਼ਿਆਦਾ ਹੈ, ਉੱਥੇ ਆਪਣੇ ਕਾਊਂਟਰ ਖੋਲ੍ਹਣੇ ਸ਼ੁਰੂ ਕਰ ਦਿੱਤੇ ਹਨ। ਇਹ ਨਿੱਜੀ ਬੱਸ ਆਪਰੇਟਰ ਲੋਕਾਂ ਦੀ ਸੁਵਿਧਾ ਦੇ ਨਾਂ ’ਤੇ ਲੁੱਟ-ਖਸੁੱਟ ਕਰਦੇ ਹਨ। ਯਾਤਰੀਆਂ ਨੂੰ ਆਰਾਮ ਨਾਲ ਸਫ਼ਰ ਕਰਨ ਦੀ ਗੱਲ ਕਹਿੰਦੇ ਹਨ। ਉੱਧਰ, ਟਰੇਨ ’ਚ ਟਿਕਟ ਨਾ ਮਿਲਣ ਕਾਰਨ ਯਾਤਰੀਆਂ ਕੋਲ ਕੋਈ ਵੀ ਬਦਲ ਨਹੀਂ ਹੁੰਦਾ। ਆਪਰੇਟਰ ਆਟੋ ਚਾਲਕਾਂ ਨੂੰ ਵੀ ਸਵਾਰੀਆਂ ਲੈ ਕੇ ਆਉਣ ਬਦਲੇ ਕਮੀਸ਼ਨ ਦਿੰਦੇ ਹਨ ਅਤੇ ਰੇਲਵੇ ਕੰਪਲੈਕਸ ਵਿਚ ਵੀ ਆਪਣੇ ਦਲਾਲ ਸਰਗਰਮ ਕਰ ਦਿੰਦੇ ਹਨ, ਜੋ ਟਰੇਨਾਂ ਦਾ ਇੰਤਜ਼ਾਰ ਕਰ ਰਹੇ ਲੋਕਾਂ ਨੂੰ ਬੱਸਾਂ ’ਚ ਸਫ਼ਰ ਕਰਨ ਲਈ ਉਕਸਾਉਂਦੇ ਹਨ। ਆਰ. ਪੀ. ਐੱਫ. ਅਤੇ ਜੀ. ਆਰ. ਪੀ. ਵੱਲੋਂ ਅਜਿਹੇ ਲੋਕਾਂ ’ਤੇ ਨਜ਼ਰ ਵੀ ਰੱਖੀ ਜਾਂਦੀ ਹੈ ਪਰ ਇਹ ਲੋਕ ਫਿਰ ਵੀ ਚੋਰੀ-ਛਿੱਪੇ ਆਪਣਾ ਕੰਮ ਕਰਦੇ ਹਨ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News