ਆਈਸੋਲੇਸ਼ਨ ਵਾਰਡ ’ਚ ਮਨਾਇਆ ਕੋਵਿਡ-19 ਪਾਜ਼ੇਟਿਵ ਬੱਚੀ ਦਾ ਜਨਮ ਦਿਨ

Saturday, May 09, 2020 - 07:41 PM (IST)

ਸੰਗਰੂਰ,(ਸਿੰਗਲਾ) : ਕੋਵਿਡ -19 ਦੀ ਬਿਮਾਰੀ ਕਾਰਨ ਪੈਦਾ ਹੋਏ ਤਣਾਅ ਨੂੰ ਖਤਮ ਕਰਦਿਆਂ ਅੱਜ ਸਿਵਲ ਹਸਪਤਾਲ ਮਾਲੇਰਕੋਟਲਾ ਵਿਖੇ ਕੋਵਿਡ-19 ਪਾਜ਼ਿਟਿਵ ਇੱਕ ਬੱਚੀ ਦਾ ਜਨਮ ਦਿਨ ਪੂਰੇ ਉਤਸ਼ਾਹ ਅਤੇ ਜੋਸ਼ੋਖਰੋਸ਼ ਨਾਲ ਮਨਾਇਆ ਗਿਆ। ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫ਼ਸਰ ਡਾ. ਜਸਵਿੰਦਰ ਸਿੰਘ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਅਿਾਮ ਥੋਰੀ ਦੀਆਂ ਹਦਾਇਤਾਂ 'ਤੇ ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਸਾਡੇ ਕੋਲ ਦਾਖ਼ਲ ਕੋਵਿਡ-19 ਪਾਜ਼ੇਟਿਵ ਮਰੀਜ਼ ਕਿਸੇ ਤਣਾਅ ਵਿਚ ਨਾ ਆਉਣ ਤੇ ਉਨ੍ਹਾਂ ਨੂੰ ਘਰ ਵਰਗਾ ਮਹੌਲ ਮਿਲ ਸਕੇ। ਉਨ੍ਹਾਂ ਕਿਹਾ ਕਿ ਸਾਨੂੰ ਪਤਾ ਲੱਗਿਆ ਸੀ ਕਿ ਅੱਜ ਬੱਚੀ ਦਾ ਜਨਮ ਦਿਨ ਹੈ ਤਾਂ ਅਸੀਂ ਇਥੇ ਹੀ ਇਸਦਾ ਜਨਮ ਦਿਨ ਮਨਾਉਣ ਦੀ ਯੋਜਨਾ ਬਣਾਈ ਅਤੇ ਇਸ ਲਈ ਜਦ ਐਸ.ਪੀ. ਮਾਲੇਰਕੋਟਲਾ ਸ੍ਰੀ ਮਨਜੀਤ ਸਿੰਘ ਬਰਾੜ ਵੱਲੋਂ ਮਿਲੇ ਹੁੰਗਾਰੇ ਤੋਂ ਬਾਅਦ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਭਰਤੀ ਕੋਵਿਡ-19 ਪਾਜ਼ਿਟਿਵ 14 ਸਾਲ ਦੀ ਬੱਚੀ ਹਰਸ਼ਦੀਪ ਕੌਰ ਦਾ ਜਨਮ ਦਿਨ ਮਾਲੇਰਕੋਟਲੇ ਦੀਆਂ ਧਾਰਮਿਕ ਸੰਸਥਾਵਾਂ ਦੇ ਨੁਮਾਇੰਦਿਆਂ ਦੀ ਮਦਦ ਨਾਲ ਮਨਾਇਆ।

ਇਸ ਮੌਕੇ ਐਸ.ਪੀ. ਸ੍ਰੀ ਮਨਜੀਤ ਸਿੰਘ ਬਰਾੜ ਨੇ ਕਿਹਾ ਕਿ ਅਜਿਹਾ ਕਰਨ ਨਾਲ ਬੱਚੀ ਨੂੰ ਘਰ ਵਰਗਾ ਮਹੌਲ ਮਿਲਿਆ ਤੇ ਬੱਚੀ ਕਾਫ਼ੀ ਖ਼ੁਸ਼ ਵੀ ਹੋਈ ਤੇ ਹਸਪਤਾਲ ਦਾ ਮਹੌਲ ਵੀ ਖ਼ੁਸ਼ਨੁਮਾ ਹੋਇਆ। ਉਨ੍ਹਾਂ ਕਿਹਾ ਕਿ ਅਸੀਂ ਬੱਚੀ ਦਾ ਜਨਮ ਦਿਨ ਮਨਾਉਣ ਲਈ ਦੋ ਕੇਕ ਲਿਆਂਦੇ ਸਨ ਤਾਂ ਕਿ ਕੋਵਿਡ ਪਾਜ਼ਿਟਿਵ ਵਿਅਕਤੀ ਤੇ ਦੂਜੇ ਵਿਅਕਤੀ ਅਲੱਗ-ਅਲੱਗ ਕੇਕ ਖਾ ਸਕਣ। ਉਨ੍ਹਾਂ ਦਸਿਆ ਕਿ ਇਸ ਦੌਰਾਨ ਜੋ ਵੀ ਸਰਕਾਰ ਦੇ ਦਿਸ਼ਾ ਨਿਰਦੇਸ਼ ਹਨ ਉਨ੍ਹਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਗਈ। ਇਸ ਸਬੰਧੀ ਆਪਣੀ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਿਆਮ ਥੋਰੀ ਅਤੇ ਐਸ ਐਸ ਪੀ ਡਾ. ਸੰਦੀਪ ਗਰਗ ਨੇ ਕਿਹਾ ਕਿ ਉਹ ਬੱਚੀ ਦੇ ਜਲਦੀ ਸਿਹਤਯਾਬ ਹੋਣ ਦੀ ਅਰਦਾਸ ਕਰਦੇ ਹਨ।


Deepak Kumar

Content Editor

Related News