ਸਿੰਚਾਈ ਪ੍ਰਣਾਲੀ ਲਈ 13.52 ਕਰੋੜ ਨਾਲ ਸੁਹੇਲੇਵਾਲਾ ਮਾਈਨਰ ਦਾ ਹੋਵੇਗਾ ਵਿਸਥਾਰ: ਸਿੱਧੂ

07/11/2019 2:20:02 PM

ਜਲਾਲਾਬਾਦ (ਸੇਤੀਆ, ਬੰਟੀ) – ਸਿਹਤ ਅਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਜ਼ਿਲਾ ਫਾਜ਼ਿਲਕਾ 'ਚ ਸਿੰਚਾਈ ਵਿਵਸਥਾ ਨੂੰ ਮਜ਼ਬੂਤ ਤੇ ਨਹਿਰੀ ਪਾਣੀ ਦੀ ਖੇਤਾਂ ਤੱਕ ਪਹੁੰਚ ਯਕੀਨੀ ਬਣਾਉਣ ਲਈ ਸੁਹੇਲੇਵਾਲਾ ਮਾਈਨਰ ਦੇ ਵਿਸਥਾਰ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਮਾਈਨਰ ਦਾ ਵਿਸਥਾਰ 13.52 ਕਰੋੜ ਦੀ ਲਾਗਤ ਨਾਲ ਕੀਤਾ ਜਾਵੇਗਾ। ਜ਼ਿਲਾ ਸ਼ਿਕਾਇਤ ਨਿਵਾਰਣ ਕਮੇਟੀ ਦੀ ਮੀਟਿੰਗ ਦੌਰਾਨ ਉਨ੍ਹਾਂ ਦੱਸਿਆ ਕਿ 11.55 ਕਿਊਸਿਕ ਸਮਰੱਥਾ ਵਾਲੇ ਸੁਹੇਲੇਵਾਲੀ ਮਾਈਨਰ ਦੇ ਵਿਸਥਾਰ ਲਈ ਖਰਚ ਕੀਤੀ ਜਾਣ ਵਾਲੀ ਰਾਸ਼ੀ 'ਚੋਂ 6.42 ਕਰੋੜ ਰੁਪਏ ਨਿਰਮਾਣ ਕਾਰਜਾਂ ਅਤੇ 7.10 ਕਰੋੜ ਰੁਪਏ ਮਾਈਨਰ ਲਈ ਜ਼ਮੀਨ ਐਕਵਾਇਰ ਕਰਨ ਵਾਸਤੇ ਖਰਚ ਕੀਤੇ ਜਾਣਗੇ। 3.33 ਕਿਲੋਮੀਟਰ ਲੰਮੇ ਮਾਈਨਰ ਦੇ ਵਿਸਥਾਰ ਪਿਛੋਂ ਜਲਾਲਾਬਾਦ ਖੇਤਰ ਦੇ ਸੁਹੇਲੇਵਾਲਾ, ਚੱਕ ਢਾਬ, ਖੁਸ਼ਹਾਲ ਜੋਈਆਂ, ਚੱਕ ਪੰਜਕੋਹੀ, ਚੱਕ ਕਬਰਵਾਲਾ ਆਦਿ ਪਿੰਡਾਂ ਦੀ ਹਜ਼ਾਰਾਂ ਏਕੜ ਜ਼ਮੀਨ ਦੀ ਸਿੰਚਾਈ ਨਹਿਰੀ ਪਾਣੀ ਨਾਲ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਪਹਿਲੇ ਪਾਤਿਸ਼ਾਹ ਜੀ ਦੇ 550 ਪ੍ਰਕਾਸ਼ ਪੁਰਬ ਸਬੰਧੀ 435 ਪਿੰਡਾਂ 'ਚ 2,39,250 ਬੂਟੇ ਵੀ ਲੱਗਣਗੇ ਅਤੇ ਨਸ਼ਿਆਂ ਨਾਲ ਨਜਿੱਠਣ ਲਈ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਇਸ ਦੌਰਾਨ ਉਨ੍ਹਾਂ ਫਾਜ਼ਿਲਕਾ ਜ਼ਿਲੇ ਦੇ ਵਿਕਾਸ ਕਾਰਜਾਂ ਸਬੰਧੀ ਹਲਕਾ ਬੱਲੂਆਣਾ ਦੇ ਪਿੰਡਾਂ 'ਚ ਪੈਂਦੇ ਸੇਮ ਨਾਲਿਆਂ ਦੀ ਸਫਾਈ ਸਬੰਧੀ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸਫਾਈ ਦਾ ਕਾਰਜ ਬਰਸਾਤਾਂ ਤੋਂ ਪਹਿਲਾਂ-ਪਹਿਲਾਂ ਮੁਕੰਮਲ ਕਰਨ। ਅਧਿਕਾਰੀਆਂ ਵਲੋਂ ਠੇਕੇਦਾਰ ਦੇ ਪੱਧਰ 'ਤੇ ਅਣਗਹਿਲੀ ਬਾਰੇ ਦੱਸਣ 'ਤੇ ਮੰਤਰੀ ਨੇ ਨਿਰਦੇਸ਼ ਦਿੱਤੇ ਕਿ ਠੇਕੇਦਾਰ ਨੂੰ ਸਰਕਾਰੀ ਤੰਤਰ 'ਚੋਂ ਬਲੈਕ ਲਿਸਟ ਕਰਕੇ ਦੂਜੇ ਠੇਕੇਦਾਰ ਤੋਂ ਇਹ ਕੰਮ ਤਰਜੀਹੀ ਆਧਾਰ 'ਤੇ ਕਰਵਾਇਆ ਜਾਵੇ। ਸਿੱਧੂ ਨੇ ਨਹਿਰੀ ਵਿਭਾਗ ਦੇ ਸੁਪਰਡੈਂਟਿੰਗ ਇੰਜੀਨੀਅਰ ਨੂੰ ਨਿਰਦੇਸ਼ ਦਿੱਤੇ ਕਿ ਉਹ ਝੋਨੇ ਦੇ ਸੀਜ਼ਨ ਦੇ ਮੱਦੇਨਜ਼ਰ ਨਹਿਰਾਂ ਅਤੇ ਮਾਈਨਰਾਂ 'ਚ ਪੂਰਾ ਅਤੇ ਨਿਯਮਾਂ ਮੁਤਾਬਕ ਪਾਣੀ ਛੱਡਣਾ ਯਕੀਨੀ ਬਣਾਉਣ।ਬਿਜਲੀ ਮੁਆਫੀ ਸਕੀਮ ਦੀ ਮੁੜ ਬਹਾਲੀ ਪਿਛੋਂ ਜ਼ਿਲੇ ਦੇ 5946 ਗਰੀਬ ਪਰਿਵਾਰਾਂ ਦੇ ਬਿਜਲੀ ਦੇ ਬਿੱਲਾਂ ਦੇ 5.05 ਕਰੋੜ ਰੁਪਏ ਉਨ੍ਹਾਂ ਦੇ ਬਿੱਲਾਂ 'ਚ ਐਡਜਸਟ ਕੀਤੇ ਜਾ ਚੁੱਕੇ ਹਨ। ਫਾਜ਼ਿਲਕਾ ਬਲਾਕ ਦੇ 1908, ਜਲਾਲਾਬਾਦ ਦੇ 1874 ਅਤੇ ਅਬੋਹਰ ਦੇ 2164 ਪਰਿਵਾਰਾਂ ਨੂੰ ਕ੍ਰਮਵਾਰ 1.86 ਕਰੋੜ, 1.49 ਕਰੋੜ ਅਤੇ 1.70 ਕਰੋੜ ਰੁਪਏ ਦੀ ਰਾਹਤ ਮਿਲੀ ਹੈ। ਦੱਸ ਦੇਈਏ ਕਿ ਪਿਛਲੀ ਮੀਟਿੰਗ 'ਚ ਸਿੱਧੂ ਨੇ ਇਹ ਮੁੱਦਾ ਚੁੱਕ ਕੇ ਸਬੰਧਤ ਵਿਭਾਗਾਂ ਨੂੰ ਰਿਪੋਰਟ ਪੇਸ਼ ਕਰਨ ਦੀ ਹਦਾਇਤ ਕੀਤੀ ਸੀ।

ਡੀ.ਸੀ. ਮਨਪ੍ਰੀਤ ਸਿੰਘ ਛੱਤਵਾਲ ਨੇ ਦੱਸਿਆ ਕਿ ਫਾਜ਼ਿਲਕਾ ਸ਼ਹਿਰ 'ਚ ਰੋਜ਼ਾਨਾ 12 ਮਿਲੀਅਨ ਲਿਟਰ (ਐੱਮ. ਐੱਲ. ਡੀ.) ਪਾਣੀ ਸੀਵਰੇਜ 'ਚ ਅਜਾਈ ਚਲਾ ਜਾਂਦਾ ਹੈ। ਫਾਜ਼ਿਲਕਾ ਵਿਖੇ ਚਲ ਰਿਹਾ 8 ਐੱਮ. ਐੱਲ. ਡੀ. ਦਾ ਸੀਵਰੇਜ ਟਰੀਟਮੈਂਟ ਪਲਾਂਟ ਪੁਰਾਣੀ ਟੈਕਨਾਲੋਜੀ ਦਾ ਹੋਣ ਕਾਰਨ ਕਿਸੇ ਅਮਲ 'ਚ ਨਹੀਂ ਆ ਰਿਹਾ, ਜਿਸ ਕਰਕੇ 12 ਐੱਮ. ਐੱਲ. ਡੀ. ਸਮਰੱਥਾ ਵਾਲਾ ਸੀਵਰੇਜ ਟਰੀਟਮੈਂਟ ਪਲਾਂਟ ਲਾਉਣ ਦੀ ਲੋੜ ਹੈ। 

ਅਬੋਹਰ ਸਬ-ਡਵੀਜ਼ਨ ਦੇ ਪਿੰਡਾਂ 'ਚ ਵਾਟਰ ਵਰਕਸ ਦੀ ਸਥਾਪਤੀ
ਸ਼ਿਕਾਇਤ ਨਿਵਾਰਣ ਕਮੇਟੀ ਵਲੋਂ ਚੁੱਕੇ ਗਏ ਮੁੱਦੇ 'ਤੇ ਮੰਤਰੀ ਨੇ ਦੱਸਿਆ ਕਿ ਅਬੋਹਰ ਸਬ-ਡਵੀਜ਼ਨ ਦੇ 20 ਪਿੰਡਾਂ 'ਚ ਵਾਟਰ ਵਰਕਸ ਦੀ ਸਥਾਪਤੀ ਕਰਕੇ ਪਾਣੀ ਦੀ ਸਪਲਾਈ ਯਕੀਨੀ ਬਣਾਈ ਜਾ ਚੁੱਕੀ ਹੈ।29 ਹੋਰ ਸਕੀਮਾਂ ਦੀ ਤਜਵੀਜ ਸਰਕਾਰ ਨੂੰ ਭੇਜੀ ਜਾ ਚੁੱਕੀ ਹੈ, ਜਿਸ 'ਚੋਂ 6 ਦੀ ਪ੍ਰਵਾਨਗੀ ਹੋ ਚੁੱਕੀ ਹੈ ਅਤੇ ਟੈਂਡਰ ਮੰਗ ਲਏ ਗਏ ਹਨ, ਜਦਕਿ 15 ਹੋਰਨਾਂ ਸਕੀਮਾਂ ਦੇ ਐਸਟੀਮੇਟ ਜਮ੍ਹਾ ਕਰਵਾ ਦਿੱਤੇ ਗਏ ਹਨ। ਇਹ 29 ਸਕੀਮਾਂ ਅਗਲੇ ਡੇਢ ਸਾਲ 'ਚ ਤਿਆਰ ਕਰ ਦਿੱਤੀਆਂ ਜਾਣਗੀਆਂ।

ਜ਼ਿਲੇ ਨੂੰ ਛੇਤੀ ਮਿਲੇਗੀ ਖਪਤਕਾਰ ਅਦਾਲਤ
ਜ਼ਿਲੇ 'ਚ ਖਪਤਕਾਰ ਅਦਾਲਤ ਦੀ ਅਣਹੋਂਦ ਸਬੰਧੀ ਉੱਠੇ ਮੁੱਦੇ 'ਤੇ ਡੀ.ਸੀ. ਨੇ ਸਿਹਤ ਮੰਤਰੀ ਨੂੰ ਜਾਣੂ ਕਰਵਾਇਆ ਕਿ ਡੀ.ਸੀ. ਦਫਤਰ ਤੇ ਜ਼ਿਲਾ ਸੈਸ਼ਨ ਕੋਰਟ ਵਲੋਂ ਪਹਿਲਾਂ ਹੀ ਇਸ ਸਬੰਧੀ ਕੇਸ ਫੂਡ ਸਪਲਾਈ ਵਿਭਾਗ ਪੰਜਾਬ ਨੂੰ ਭੇਜਿਆ ਜਾ ਚੁੱਕਾ ਹੈ, ਜਿਥੋਂ ਇਸ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਕੋਲ ਪ੍ਰਵਾਨਗੀ ਲਈ ਭੇਜਿਆ ਜਾਵੇਗਾ। ਇਸ ਮੌਕੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ, ਡਿਪਟੀ ਕਮਿਸ਼ਨਰ ਮਨਪ੍ਰੀਤ ਸਿੰਘ ਛੱਤਵਾਲ, ਐੱਸ. ਐੱਸ. ਪੀ. ਦੀਪਕ ਹਿਲੌਰੀ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਡਾ. ਆਰ. ਪੀ. ਸਿੰਘ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸਤੀਸ਼ ਚੰਦਰ ਆਦਿ ਹਾਜ਼ਰ ਸਨ।


rajwinder kaur

Content Editor

Related News